ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ਰਾਹੀਂ ਸ਼ੁਰੂਆਤ ਕੀਤੀ ‘ਦੋਸਤਾ ਤੂੰ ਦੋਸਤੀ ਦੀ ਸ਼ਾਨ ਵਰਗਾ ਖ਼ਤ ਲਿਖੀਂ’। ਲਖਵਿੰਦਰ ਜੌਹਲ ਨੇ ਕਰਨੈਲ ਸਿੰਘ ਪਾਰਸ ਦੀ ਲਿਖੀ ਛੋਟੇ ਸਾਹਿਬਜ਼ਾਦਿਆਂ ਬਾਰੇ ਕਵੀਸ਼ਰੀ ‘ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ’ ਸੁਣਾ ਕੇ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪਰਪੱਕ ਗਾਇਕ ਡਾ. ਹਰਮਿੰਦਰਪਾਲ ਸਿੰਘ ਨੇ ਫ਼ਿਲਮੀ ਗੀਤ ਤੋਂ ਇਲਾਵਾ ਵਿਅੰਗ ਤੇ ਹਾਸਰਸ ਦੀ ਕਵਿਤਾ ‘ਪੰਡਿਤ ਜੀ ਕੀ ਇਹ ਲਾਲ ਮੇਰਾ’ ਦੋਗਾਣਾ ਉਸੇ ਅੰਦਾਜ਼ ਵਿਚ ਗਾ ਕੇ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀ ਯਾਦ ਨੂੰ ਸਾਕਾਰ ਕਰ ਦਿੱਤਾ। ਡਾ. ਜੋਗਾ ਸਿੰਘ ਸਹੋਤਾ ਨੇ ਸਾਹਿਰ ਲੁਧਿਆਣਵੀ ਦੀ ਗ਼ਜ਼ਲ ‘ਨ ਝਟਕੋ ਜ਼ੁਲਫ਼ ਸੇ ਪਾਨੀ, ਯੇਹ ਮੋਤੀ ਫੂਟ ਜਾਏਂਗੇ’, ਇਕ ਗੀਤ ਕੈਫ਼ੀ ਆਜ਼ਮੀ ਦਾ ਗੀਤ ‘ਮਿਲੇ ਨ ਫੂਲ ਤੋ ਕਾਂਟੋਂ ਸੇ ਦੋਸਤੀ ਕਰ ਲੀ’ ਤੋਂ ਇਲਾਵਾ ਹੀਰ ਵਾਰਿਸ ਸ਼ਾਹ ਦੀ ਬੈਂਤ ‘ਹੀਰ ਆਖਦੀ ਜੋਗੀਆ ਝੂਠ ਬੋਲੇਂ, ਕੌਣ ਰੁੱਠੜੇ ਯਾਰ ਮਨਾਂਵਦਾ ਈ’ ਨੂੰ ਆਪਣੀ ਪੁਰਖਲੂਸ ਆਵਾਜ਼ ਨਾਲ ਇਉਂ ਪੇਸ਼ ਕੀਤਾ ਕਿ ਸਰੋਤੇ ਮੰਤਰ-ਮੁਗਧ ਹੋਏ ਰਹੇ। ਜਸਵੀਰ ਸਿਹੋਤਾ ਨੇ ਆਪਣੀ ਤਾਜ਼ਾ ਲਿਖੀ ਕਵਿਤਾ ‘ਛੱਡਿਓ ਨਾ ਹੱਥਾਂ ਵਿੱਚੋਂ, ਰੰਬੇ, ਕਹੀਆਂ, ਦਾਤੀਆਂ’ ਰਾਹੀਂ ਕਿਸਾਨ ਪੁੱਤਰਾਂ ਨੂੰ ਖੇਤੀ ਦਾ ਧੰਦਾ ਜਾਰੀ ਰੱਖਣ ਦਾ ਸੁਨੇਹਾ ਦਿੱਤਾ।ਮਾਸਟਰ ਹਰਭਜਨ ਸਿੰਘ ਆਪਣੇ ਸਫ਼ਰਨਾਮੇ ਦਾ ਇਕ ਚੈਪਟਰ ਪੜ੍ਹ ਕੇ ਸੁਣਾਉਦਿਆਂ ਸਰੋਤਿਆਂ ਨੂੰ ਪੈਰਿਸ ਦੇ ਆਈਫਲ-ਟਾਵਰ ਤੱਕ ਲੈ ਗਿਆ। ਕੁਲਦੀਪ ਕੌਰ ਘਟੌੜਾ ਨੇ ਰੁੱਖਾਂ ਨਾਲ ਸਾਂਝ ਪਾਉਂਦੀ ਕਵਿਤਾ ਸੁਣਾਈ। ਜਨਾਬ ਸਬਾਹ ਸਾਦੀਕ ਦੇ ਉਮਦਾ ਸ਼ੇਅਰਾਂ ਵਿੱਚੋਂ ਇੱਕ ਨਮੂਨਾ ਗ਼ੌਰ-ਏ-ਜ਼ਿਕਰ ਹੈ ‘ਆਈਨੇ ਕੇ ਸੌ ਟੁਕੜੇ ਕਰ ਕੇ ਹਮ ਨੇ ਦੇਖੇ ਹੈਂ, ਏਕ ਮੇਂ ਭੀ ਤਨਹਾ ਥੇ ਸੌ ਮੇਂ ਭੀ ਤਨਹਾ ਹੈਂ’ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਸਤਨਾਮ ਢਾਅ ਨੇ ਚਰਨ ਸਿੰਘ ਸਫ਼ਰੀ ਦੀ ਬਹੁਤ ਹੀ ਮਕਬੂਲ ਕਵਿਤਾ ‘ਮਾਤਾ ਭਾਗੋ ਜੀ ਦੀ ਵੰਗਾਰ’ ਚਾਲ਼ੀ ਮੁਕਤਿਆਂ ਦਾ ਪ੍ਰਸੰਗ ਲੰਮੀ ਭਾਵਪੂਰਤ ਕਵਿਤਾ ਰਾਹੀਂ ਪੇਸ਼ ਕਰ ਕੇ ਖਿਦਰਾਣੇ ਦੀ ਢਾਬ ਦੀ ਜੰਗ ਦਾ ਦ੍ਰਿਸ਼ ਰੂਪਮਾਨ ਕਰ ਦਿੱਤਾ। ਬਹੁ-ਵਿਧਾਈ ਲੇਖਕ ਸਰਦੂਲ ਸਿੰਘ ਲੱਖਾ ਨੇ ਆਪਣੀਆਂ ਲਿਖੀਆਂ ਪੰਜਾਬੀ ਅਤੇ ਅੰਗ੍ਰੇਜ਼ੀ ਦੀਆਂ ਦੋ ਕਵਿਤਾਵਾਂ ਦਾ ਉਚਾਰਨ ਕੀਤਾ।ਪ੍ਰੋ. ਬਲਦੇਵ ਸਿੰਘ ਦੁੱਲਟ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੇ ਜੀਵਨ, ਪ੍ਰਾਪਤੀਆਂ ਅਤੇ ਯੋਗਦਾਨ ਉਪਰ ਭਰਪੂਰ ਰੌਸ਼ਨੀ ਪਾਈ।ਜਗਦੇਵ ਸਿੱਧੂ ਨੇ ਲੋਹੜੀ ਦੀ ਵਿਰਾਸਤੀ ਅਹਿਮੀਅਤ ਨਾਲ ਜੋੜ ਕੇ ਦੁੱਲਾ ਭੱਟੀ ਦੇ ਨਾਬਰੀ, ਦਲੇਰੀ ਅਤੇ ਗ਼ੈਰਤ ਵਾਲ਼ੇ ਕਿਰਦਾਰ ਨੂੰ ਪੰਜਾਬੀ ਸੁਭਾਅ ਦਾ ਪ੍ਰਤੀਕ ਦੱਸਿਆ। ਜਗਦੇਵ ਸਿੰਘ ਸਿੱਧੂ ਨੇ ਅੱਜ ਦੇ ਵਿਚਾਰ ਵਟਾਂਦਰੇ ਬਾਰੇ ਗੱਲ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਅੱਜ ਦੀ ਮੀਟਿੰਗ ਵਿਚ ਸਾਹਿਤ ਦੇ ਵੰਨ-ਸੁਵੰਨੇ ਰੰਗ ਜਿਵੇਂ ਕਵਿਤਾਵਾਂ, ਗੀਤ, ਲੇਖ, ਕਵੀਸ਼ਰੀ, ਸਫਰਨਾਮਾ, ਗ਼ਜ਼ਲਾਂ ਅਤੇ ਸ਼ੇਅਰ ਸ਼ਾਮਲ ਹੋਣਾ ਸਲਾਹੁਣਯੋਗ ਪ੍ਰਾਪਤੀ ਹੈ। ਜਰਨੈਲ ਤੱਗੜ ਸਲੀਕੇ ਨਾਲ ਕਾਰਵਾਈ ਚਲਾਉਂਦਿਆਂ ਸ਼ੇਅਰ ਵੀ ਪਰੋਸਦਾ ਰਿਹਾ, ਜਿਨ੍ਹਾਂ ਵਿੱਚੋਂ ਜ਼ਿਕਰਯੋਗ ਇੱਕ ਇਹ ਸੀ ‘ਭਾਵੇਂ ਸਿਫ਼ਰਾ ਕੱਖ ਨਹੀਂ ਹੁੰਦਾ, ਸਿਫ਼ਰੇ ਬਾਝੋਂ ਲੱਖ ਨਹੀਂ ਹੁੰਦਾ ਤੇਰੇ ਨਾਲ਼ ਹੈ ਕੀਮਤ ਮੇਰੀ, ਇਹ ਸੋਚ ਕੇ ਵੱਖ ਨਹੀਂ ਹੁੰਦਾ’। ਇਨ੍ਹਾਂ ਤੋਂ ਇਲਾਵਾ ਇਸ ਸਾਹਿਤਕ ਵਿਚਾਰ ਚਰਚਾ ਵਿਚ ਮਹਿੰਦਰ ਕੌਰ ਕਾਲੀ ਰਾਏ, ਅਵਤਾਰ ਕੌਰ ਤੱਗੜ, ਰਾਵਿੰਦਰ ਕੌਰ ਅਤੇ ਗੁਰਦੀਪ ਸਿੰਘ ਗਹੀਰ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ। ਅਖ਼ੀਰ ਵਿਚ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ, ਮੀਟਿੰਗ ਨੂੰ ਯਾਦਗਾਰੀ ਦੱਸਿਆ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com