15 September 2025

ਲਖਬੀਰ ਲੱਖਾ ਦੀ ਕਹਾਣੀ `ਰੇਸ਼ਮੀ` ਗੱਡੀਆਂ ਵਾਲਿਆਂ ਦਾ ਸੁੱਚਾ ਕਿਰਦਾਰ ਸਾਕਾਰ ਕਰ ਗਈ — ਸਤਨਾਮ ਸਿੰਘ ਢਾਅ

ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ 9 ਅਗਸਤ ਨੂੰ ਕੋਸੋਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ ਅਤੇ ਜਸਵੰਤ ਸਿੰਘ ਸੇਖੋਂ ਨੇ ਕੀਤੀ। ਦੀਪਕ ਜੈਤੋਈ ਮੰਚ ਦੇ ਪ੍ਰਧਾਨ ਦਰਸ਼ਨ ਬਰਾੜ ਨੇ ਸਕੱਤਰ ਵਜੋਂ ਸੇਵਾ ਨਿਭਾਉਂਦਿਆਂ ਰੱਖੜ-ਪੁੰਨਿਆਂ ਦੀ ਵਧਾਈ ਦਿੱਤੀ, ਅੰਮ੍ਰਿਤਾ ਪ੍ਰੀਤਮ ਅਤੇ ਬਾਬੂ ਰਜਬ ਅਲੀ ਖਾਨ ਨੂੰ ਇਸੇ ਮਹੀਨੇ ਜਨਮਦਿਨ ਹੋਣ ਕਰ ਕੇ ਯਾਦ ਕੀਤਾ।

ਡਾ. ਮਨਮੋਹਨ ਬਾਠ ਨੇ ਹਿੰਦੀ ਗੀਤ – ਮੁਝੇ ਕਿਤਨਾ ਪਿਆਰ ਹੈ ਤੁਮ ਸੇ ਅਪਨੇ ਹੀ ਦਿਲ ਸੇ ਪੂਛੋ ਤੁਮ / ਜਿਸੇ ਦਿਲ ਦੀਆ ਹੈ ਵੋਹ ਤੁਮ ਹੋ ਮੇਰੀ ਜ਼ਿੰਦਗੀ ਤੁਮਹਾਰੀ ਹੈ – ਗਾਕੇ ਸੰਗੀਤਕ ਮਾਹੌਲ ਸਿਰਜਿਆ ਜਿਸ ਨੂੰ ਹਰਮਿੰਦਰਪਾਲ ਸਿੰਘ ਨੇ ਸ਼ਿਵ ਦੀ ਕਵਿਤਾ – ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ / ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ,  ਗਿੱਲ ਸੁਖਮੰਦਰ ਨੇ ਆਪਣਾ ਨਵਾਂ ਗੀਤ – ਲੋਗੜੀ ਦੇ ਫੁੱਲ ਲਾ ਕੇ ਮੀਢੀਆਂ ਸੀ ਗੁੰਦੀਆਂ, ਕਿੰਨਾਂ ਸੋਹਣਾ ਹੁੰਦਾ ਸੀ ਸ਼ਿੰਗਾਰ, ਡਾ. ਜੋਗਾ ਸਿੰਘ ਸਹੋਤਾ ਨੇ ਦੋ ਗੀਤ  – ਰੱਬ ਦੇ ਬੰਦਿਆਂ ਤੋਂ ਰੱਬ ਕੋਈ ਵੱਖ ਨਈਂ ਅਤੇ ਦੁਨੀਆਂ ਕਿਸੀ ਕੇ ਪਿਆਰ ਮੇਂ ਜ਼ੱਨਤ ਸੇ ਕਮ ਨਹੀਂ,  ਗਾ ਕੇ ਆਪੋ ਆਪਣੇੀ ਪਰਪੱਕ ਗਾਇਕੀ ਰਾਹੀਂ ਸਿਖਰ `ਤੇ ਪੁਚਾ ਦਿੱਤਾ। ਜਸਵੰਤ ਸਿੰਘ ਸੇਖੋਂ ਨੇ ਦੇਸ਼ ਦੀ ਵੰਡ ਦਾ ਦੁਖਾਂਤ ਕਵੀਸ਼ਰੀ ਰਾਹੀਂ ਉਜਾਗਰ ਕੀਤਾ  – ਕਾਹਦੀ ਐ ਆਜ਼ਾਦੀ ਬਰਬਾਦੀ ਆਈ ਜੀ, ਝੱਲਦੇ ਖੁਆਰੀ ਐ (ਡਿਊਢਾ ਛੰਦ), ਸਤਨਾਮ ਢਾਅ ਨੇ ਗੁਰਦਾਸ ਰਾਮ ਆਲਮ ਦੀ ਆਜ਼ਾਦੀ ਬਾਰੇ ਲਿਖੀ ਵਿਅੰਗਮਈ ਕਵਿਤਾ ਸੁਣਾ ਕੇ ਹਾਸਰਸ ਪਰੋਸਿਆ। ਨਾਲ਼ ਹੀ ਸੋਹਣ ਸਿੰਘ ਭਕਨਾ ਅਤੇ ਕਰਤਾਰ ਸਿੰਘ ਸਰਾਭਾ ਦਰਮਿਆਨ ਵਾਰਤਾਲਾਪ ਨੂੰ ਕਵੀਸ਼ਰੀ ਦੀ ਰੰਗਣ ਚਾੜ੍ਹ ਕੇ ਉੱਚੀ ਸੁਰ ਵਿਚ ਪੇਸ਼ ਕਰ ਕੇ ਦਰਸ਼ਕਾਂ ਵਿਚ ਜੋਸ਼ ਦਾ ਸੰਚਾਰ ਕਰ ਦਿੱਤਾ।

ਸੁਰਿੰਦਰ ਢਿੱਲੋਂ ਨੇ ਚੋਣਵੇਂ ਸ਼ੇਅਰ ਸੁਣਾਏ ਅਤੇ ਕਿਹਾ ਕਿ ਮਹਾਨ ਆਗੂਆਂ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਪੁਸਤਕਾਂ ਅਤੇ ਗ੍ਰੰਥਾਂ ਵਿਚ ਪਈਆਂ ਰਹਿ ਜਾਂਦੀਆਂ ਹਨ, ਅਮਲਾਂ ਵਿਚ ਨਹੀਂ ਲਿਆਂਦੀਆਂ ਜਾਂਦੀਆਂ। ਜਸਵੀਰ ਸਿਹੋਤਾ, ਲਖਵਿੰਦਰ ਜੌਹਲ, ਜਰਨੈਲ ਤੱਗੜ, ਸਰਬਜੀਤ ਕੌਰ ਉੱਪਲ ਅਤੇ ਜਸਵੰਤ ਸਿੰਘ ਵਿਰਕ ਨੇ ਕਵਿਤਾਵਾਂ ਸੁਣਾਈਆਂ। ਬੀਬਾ ਰਾਵਿੰਦਰ ਕੌਰ ਦਾ ਮੰਨਣਾ ਸੀ ਕਿ ਇਸ ਸਭਾ ਵਿਚ ਆਕੇ ਦਿਮਾਗ ਤੋਂ ਭਾਰ ਜਿਹਾ ਉੱਤਰ ਜਾਂਦਾ ਹੈ, ਗਿਆਨ ਵੀ ਮਿਲਦਾ ਹੈ। ਜ਼ੀਰ ਸਿੰਘ ਬਰਾੜ ਨੇ ਨਿੱਜੀ ਜ਼ਿਦਗੀ ਦੇ ਅਨੁਭਵ ਸਾਂਝੇ ਕੀਤੇ। ਸਰਦੂਲ ਲੱਖਾ ਨੇ ਆਪਣੀ ਤਾਜ਼ਾ ਲਿਖੀ ਕਹਾਣੀ `ਰੇਸ਼ਮੀ` ਸੁਣਾਈ ਜੋ ਗੱਡੀਆਂ ਆਲ਼ੇ ਤੇ ਸਿਕਲੀਗਰਾਂ ਦੇ ਸੁੱਚੇ ਕਿਰਦਾਰ ਨੂੰ ਰੁਪਮਾਨ ਕਰਦੀ ਹੈ। ਇਹ ਸਾਡੇ ਮਹਾਨ ਪੰਜਾਬੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ , ਕਹਾਣੀਕਾਰ ਨੇ ਦ੍ਰਿਸ਼ ਨੂੰ ਜਿਸ ਮੁਹਾਰਤ ਨਾਲ਼ ਸਾਕਾਰ ਕੀਤਾ ਹੈ ਅਤੇ ਕਹਾਣੀ ਨੂੰ ਜਿਸ ਕਾਰੀਗਰੀ ਨਾਲ਼ ਗੁੰਦਿਆ ਹੈ, ਉਸ ਸਦਕਾ ਇਸ ਕਹਾਣੀ ਦੀ ਦਰਸ਼ਕਾਂ ਨੇ ਰੱਜ ਕੇ ਤਾਰੀਫ਼ ਕੀਤੀ। ਮਸ਼ਹੂਰ ਨਾਟਕਕਾਰ ਅਤੇ ਫਿਲਮਕਾਰ ਸੁਰਿੰਦਰ ਸ਼ਰਮਾ ਨੇ  ਭਗਤ ਸਿੰਘ ਹੁਰਾਂ ਦੇ ਵਿਚਾਰਾਂ ਦੀ ਤਰਕਸੰਗਤ ਵਿਆਖਿਆ ਕੀਤੀ। ਨਾਲ਼ ਹੀ 16 ਅਗਸਤ ਨੂੰ ਹੋ ਰਹੋ ਤਰਕਸ਼ੀਲ ਨਾਟਕ ਮੇਲੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬਲਦੇਵ ਸਿੰਘ ਦੁੱਲਟ, ਚਰਨਜੀਤ ਸਿੰਘ ਅਤੇ ਸਤਨਾਮ ਸ਼ੇਰਗਿੱਲ ਨੇ ਵਿਚਾਰਾਂ ਦੀ ਸਾਂਝ ਪਾਈ।

ਦਰਸ਼ਨ ਬਰਾੜ ਨੇ ਆਪਣੇ ਨਵੇਂ ਆ ਰਹੇ ਕਾਵਿ-ਸੰਗ੍ਰਹਿ `ਸਫਰ` ਵਿੱਚੋਂ `ਪੈਸਾ` ਨਾਂ ਦੀ ਲੰਮੀ ਕਵਿਤਾ ਤਰੰਨਮ ਵਿਚ ਸੁਣਾਈ। ਜਗਦੇਵ ਸਿੱਧੂ ਨੇ ਕਵੀਸ਼ਰੀ ਦੇ ਧਰੂ ਤਾਰੇ ਬਾਬੂ ਰਜਬਲੀ ਖਾਨ ਨੂੰ ਆਪਣੀ ਨਜ਼ਮ ਰਾਹੀਂ ਬਾਬੂ ਜੀ ਦੀ 131ਵੀਂ ਵਰ੍ਹੇਗੰਢ `ਤੇ ਅਕੀਦਾ ਪੇਸ਼ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1587
****

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →