7 December 2024

ਚਾਰ ਗ਼ਜ਼ਲਾਂ—ਗੁਰਸ਼ਰਨ ਸਿੰਘ ਅਜੀਬ

ਕਿਸ   ਤਰਾਂ  ਦਾ  ਹੋ   ਗਿਆ   ਸੰਸਾਰ  ਏ।

੦ ਗ਼ਜ਼ਲ-1

ਕਿਸ   ਤਰਾਂ  ਦਾ  ਹੋ   ਗਿਆ   ਸੰਸਾਰ  ਏ।
ਹਰ  ਕੁਈ   ਅਪਣੇ    ਤੋਂ  ਹੀ   ਬੇਜ਼ਾਰ  ਏ।

ਫੈਲਿਆ    ਕੁਹਰਾਮ    ਹੈ    ਚਾਰੋਂ    ਤਰਫ਼,
ਡਰ   ਰਹੀ   ਖ਼ੁਦ  ਤੋਂ   ਖ਼ੁਦਾਈ   ਯਾਰ  ਏ।

ਖ਼ੌਫ਼ ਦਿਲ ਵਿੱਚ  ਬਹਿ  ਗਿਆ ਹੈ  ਮੌਤ ਦਾ,
ਲਟਕਦੀ  ਸਿਰ ‘ਤੇ  ਜਿਉਂ   ਤਲਵਾਰ  ਏ।

ਮੱਚ  ਜੀਵਨ  ਦਾ  ਜਿਵੇਂ   ਹੈ  ਮਰ  ਗਿਆ,
ਭੁੱਲਿਆ   ਮਾਨਵ  ਮੁਹੱਬਤ   ਪਿਆਰ  ਏ।

ਲੌਕ-ਡਾਊਨਾਂ  ਡਾਊਨ   ਕੀਤੈ  ਹਰ  ਬਸ਼ਰ,
ਬੰਦ  ਮਾਅਲ   ਬੰਦ   ਹਰ   ਬਾਜ਼ਾਰ   ਏ॥

ਮਰਗ ਬਿਨ ਘਟ ਹੀ  ਕੁਈ  ਆਵੇ  ਖ਼ਬਰ,
ਹੋ   ਰਿਹਾ   •ਕੋਰੋਨਿਆਂ   ਦਾ   ਵਾਰ    ਏ।

ਨਾ  ਕੁਈ ਮੰਗਣੀ ਨਾ ਸ਼ਾਦੀ  ਜਨਮ-ਦਿਨ,
ਗੁਰਦੁਆਰੇ    ਬੰਦ    ਰੱਬ   ਲਾਚਾਰ   ਏ।

ਸੌਂ  ਲਿਆ  ਤੇ  ਖਾ  ਲਿਆ  ਜਾਂ  ਪੀ ਲਿਆ,
ਚਲ   ਰਿਹਾ   ਏਹੋ    ਹੀ   ਕਾਰੋਬਾਰ   ਏ।

ਪਾਸ   ਰਹਿੰਦੇ  ਦੀ  ਖ਼ਬਰ  ਲੈਣੀ   ਕਠਨ,
ਲੈ   ਸਕੇ    ਜਾ  ਕੇ   ਨਾ  ਕੋਈ  ਸਾਰ   ਏ।

ਬੁੱਤ ਬਣ ਕੇ ਰਹਿ  ਗਿਆ  ਇਨਸਾਨ  ਹੁਣ,
ਚੁੱਪ   ਦੀ    ਚਾਰੋਂ   ਤਰਫ਼   ਭਰਮਾਰ   ਏ।

ਏਸ  ਜੀਣੇ  ਤੋਂ   ਹੈ  ਕੀ  ਥੁੜਿਐ  ‘ਅਜੀਬ’,
ਜ਼ਿੰਦਗੀ   ਜੀਣੀ     ਬੜੀ   ਦੁਸ਼ਵਾਰ   ਏ।

ਔਣਗੇ ਇਕ ਦਿਨ ਭਲੇ ‘ਗੁਰਸ਼ਰਨ ਸਿੰਘ’,
ਉਸ   ਘੜੀ   ਦਾ   ਦੋਸਤੋ   ਇੰਤਜ਼ਾਰ  ਏ।

•ਕੋਰੋਨਿਆਂ: ਘਾਤਕ ਫ਼ਲੂਅ

(SISS.SISS.SIS)
14.01.2021

ਸਾੜੇ ਦਾ ਸ਼ਾਹ ਸਿਕੰਦਰ  ਬਣ  ਕੇ  ਹਬੀਬ  ਮਿਲਿਆ

੦ ਗ਼ ਜ਼ ਲ -2

ਸਾੜੇ ਦਾ ਸ਼ਾਹ ਸਿਕੰਦਰ  ਬਣ  ਕੇ  ਹਬੀਬ  ਮਿਲਿਆ।
ਮਿੱਠਾ  ਜ਼ੁਬਾਨ  ਦਾ  ਇਕ  ਯਾਰੋ  ਰਕੀਬ   ਮਿਲਿਆ।

ਬਣਿਆਂ ਕਦੇ  ਨਾ ਮੇਰਾ ਜਿਸ  ਨੂੰ  ਦਿਲੋਂ  ਮੈੰ  ਚਾਹਿਐ,
ਪਰ  ਅਜਨਬੀ  ਹਰਿਕ  ਹੀ ਹੋ  ਕੇ  ਕਰੀਬ  ਮਿਲਿਆ।

ਮਾਇਆ ਦੀ ਦੌੜ ਦੇ ਵਿਚ ਮਿਲਿਆ ਨਾ ਕੁਝ ਵੀ ਯਾਰੋ,
ਜੋ   ਜੋ  ਵੀ  ਮੈਨੂੰ  ਮਿਲਿਆ  ਮੇਰਾ  ਨਸੀਬ  ਮਿਲਿਆ।

ਯਾਰਾਂ   ਦੇ  ਵਿੱਚ  ਅਜ  ਕਲ   ਬਹੁ-ਰੂਪੀਏ   ਛੁਪੇ   ਨੇ,
ਯਾਰੀ ਦੇ ਰੂਪ ਵਿਚ ਅਜ  ਦੁਸ਼ਮਨ ਅਜੀਬ  ਮਿਲਿਆ।

ਹੈ   ਦਿਲ  ਦਾ  ਰੋਗ   ਐਸਾ   ਕਿ   ਬੇਇਲਾਜ਼   ਯਾਰੋ,
ਇਸ ਦੀ  ਸ਼ਫਾ ਨਾ  ਕੋਈ  ਕਰਦਾ  ਤਬੀਬ  ਮਿਲਿਆ।

ਢੂੰਡਣ ਗਿਆ ਮੈਂ  ਜਦ ਕੋਈ  ਦਿਲ  ਦਾ  ਧਨਾਡ ਯਾਰੋ,
ਲੱਭਿਆ ਧਨਾਡ ਮੈਂ  ਪਰ  ਦਿਲ ਦਾ ਗ਼ਰੀਬ  ਮਿਲਿਆ।

ਕਰ   ਮਾਨ  ਨਾ ‘ਅਜੀਬਾ’  ਅਪਣੀ  ਗ਼ਜ਼ਲ  ਦੇ  ਉੱਤੇ,
ਤੇਰੇ  ਤੋਂ  ਵੱਧ ਕਾਬਲ ਨਿਸ ਦਿਨ ਅਦੀਬ   ਮਿਲਿਆ। 

੦ 

ਮੇਰੀ ਗ਼ਜ਼ਲ ‘ਚ ਮੇਰੇ ਜੀਵਨ ਦੀ ਹੈ ਕਹਾਣੀ।

੦ ਗ਼ ਜ਼ ਲ–3

ਮੇਰੀ   ਗ਼ਜ਼ਲ  ‘ਚ   ਮੇਰੇ   ਜੀਵਨ   ਦੀ   ਹੈ   ਕਹਾਣੀ।
ਮੈਂ  ਪੇਸ਼  ਕਰ  ਰਿਹਾ   ਹਾਂ  ਕੋਸ਼ਿਸ਼  ਹੈ  ਇਕ   ਨਿਮਾਣੀ।

ਬਚਪਨ ਜਵਾਨੀ  ਇਸ  ਵਿਚ ਮੇਰਾ ਅਤੀਤ ਇਸ  ਵਿਚ,
ਸਚ  ਸਚ  ਹੀ   ਮੈਂ  ਕਹਾਂਗਾ  ਹਕੀਕਤ ਨਾ  ਮੈਂ ਛੁਪਾਣੀ।

ਇਹ ਤੰਗੀਆਂ  ਤੇ  ਤੁਰਸ਼ੀਆਂ   ਦੀ  ਦਾਸਤਾਂ  ਹੈ  ਪੂਰਨ,
ਮੇਰੀ   ਗ਼ਜ਼ਲ  ਹੈ   ਭਾਂਵੇਂ  ਕਾਵਿਕ-ਕਲਾ   ਦੀ   ਰਾਣੀ।

ਹੈ   ਵਾਟ  ਇਹ  ਲਮੇਰੀ  ਮੁਕਦੀ   ਨਜ਼ਰ   ਨਾ   ਆਵੇ,
ਮੇਰੀ   ਗ਼ਜ਼ਲ   ਨੇ  ਹਾਲੇ   ਇਹ  ਵਾਟ   ਹੈ   ਮੁਕਾਣੀ।

ਨਖ਼ਰਾ  ਅਦਾ   ਹਕੀਕਤ  ਮੇਰੀ   ਗ਼ਜ਼ਲ  ਦੇ   ਗਹਿਣੇ,
ਜੀਵਨ  ਦੀ  ਇਹ  ਹਕੀਕਤ  ਮੇਰੀ  ਗ਼ਜ਼ਲ  ਨੇ  ਮਾਣੀ।

ਸਾਥਣ ਇਹ  ਲੋਕਤਾ  ਦੀ   ਹੈ  ਗ਼ੁਰਬਤਾਂ  ਦੀ  ਹਾਣਨ,
ਮੇਰੀ   ਗ਼ਜ਼ਲ  ਨੇ   ਲੋਕਾਂ    ਦੀ  ਨਬਜ਼  ਹੈ   ਪਛਾਣੀ।

ਨਿਸ  ਦਿਨ ਕਰੇ ‘ਅਜੀਬਾ’  ਰਾਖੀ  ਅਵਾਮ  ਦੀ ਇਹ,
ਮੇਰੀ  ਗ਼ਜ਼ਲ  ਖੜੀ   ਹੈ   ਲੋਕਾਂ   ਲਈ   ਹਿੱਕ  ਤਾਣੀ।

ਆਖੇ   ਨਵੀਨ  ਮਤਲੇ  ਨਿਸਦਿਨ  ‘ਅਜੀਬ’   ਉਮਦਾ,
ਮੇਰੀ  ਗ਼ਜ਼ਲ  ਦੀ  ਮੁਢ  ਤੋਂ ਆਦਤ  ਹੈ  ਇਹ ਪੁਰਾਣੀ।

ਮੇਰੀ   ਗ਼ਜ਼ਲ  ਹੈ  ਰਖਦੀ  ਨਿਤ  ਬਰਕਰਾਰ  ਬੰਦਿਸ਼,
ਇਸ ਨੇ ‘ਅਜੀਬ’ ਇਸ ਵਿਚ ਪਿੰਗਲ-ਕਲਾ ਨਿਭਾਣੀ।
*
(SSI+SISSx2)

ਮੈਂ ਸ਼ਾਇਰ ਹਾਂ ਵਿਸਾਖੀ ਈਦ ਹੋਲੀ ਵੀ ਮਨਾਉਂਦਾ ਹਾਂ।
(ISSSx4)

੦ ਗ਼ ਜ਼ ਲ-4

ਮੈਂ  ਸ਼ਾਇਰ  ਹਾਂ  ਵਿਸਾਖੀ   ਈਦ   ਹੋਲੀ  ਵੀ  ਮਨਾਉਂਦਾ  ਹਾਂ।
ਇਸੇ  ਖ਼ਾਤਰ   ਗ਼ਜ਼ਲਗੋ   ਲੋਕਤਾ   ਦਾ  ਹੀ   ਕਹਾਉਂਦਾ  ਹਾਂ।

ਰਜ਼ਾ ਉਸ  ਦੀ ਦੇ ਵਿਚ  ਰਹਿਣਾ  ਅਕੀਦਤ  ਹੈ  ਮਿਰੀ  ਵੀਰੋ,
ਜਿਵੇਂ  ਰੱਖੇ  ਜਿਧਰ  ਰੱਖੇ  ਉਹ  ਸਾਈਂ  ਸਿਰ  ਝੁਕਾਉਂਦਾ  ਹਾਂ।

ਸਦਾ   ਖ਼ੁਸ਼  ਰਹਿਵਣਾ  ਹੀ  ਗੁਡ  ਜੀਵਨ  ਦੀ  ਨਿਸ਼ਾਨੀ  ਹੈ,
ਗ਼ਮਾਂ ਵਿਚ ਮੁਸਕਰਾਂਦਾ  ਹਾਂ ਖ਼ੁਸ਼ੀ  ਵਿਚ ਨਚ ਨਚਾਉਂਦਾ  ਹਾਂ।

ਘੜੀ ਖ਼ੁਸ਼ੀਆਂ ਦੀ  ਜਦ  ਆਵੇ  ਮੈਂ  ਲੈਂਦਾ  ਬੋਚ  ਹਾਂ  ਉਸ  ਨੂੰ,
ਕਿਸੇ  ਕੀਮਤ  ‘ਤੇ  ਨਾ   ਐਸਾ   ਸਮਾਂ  ਹੱਥੋਂ  ਗੁਆਉਂਦਾ  ਹਾਂ।

ਹਨੇਰੇ ਵਿਚ  ਕਰਾਂ  ਚਾਨਣ  ਤੇ  ਚਾਨਣ  ਵਿਚ  ਭਰਾਂ  ਕਿਰਨਾਂ,
ਹਨੇਰੇ   ਨੂੰ  ਮਿਟਾਵਾਂ  ਮੈਂ  ਤੇ   ਚਾਨਣ  ਵਿਚ  ਨਹਾਉਂਦਾ   ਹਾਂ।

ਕਿਤਾਬੇ-ਇਸ਼ਕ ਦਾ ਆਸ਼ਕ  ਕਰਾਂ   ਮੈਂ  ਪਿਆਰ  ਗ਼ਜ਼ਲਾਂ  ਨੂੰ,
ਮੈਂ ਕਹਿ  ਕਹਿ ਕੇ ਗ਼ਜ਼ਲ-ਮਤਲੇ ਗ਼ਜ਼ਲ-ਮੰਦਰ ਬਣਾਉਂਦਾ ਹਾਂ।

ਮਿਰੀ  ਤਰਬੀਅਤ  ਵਿਚ  ਨਗ਼ਮੇ ਸਦਾ  ਹੀ  ਉਗਮਦੇ  ਰਹਿੰਦੇ,
ਖੜੀ ਸ਼ਬਦਾਂ ਦੀ ਕਰ  ਦੀਵਾਰ  ਸ਼ਿਅਰਾਂ  ਸੰਗ  ਸਜਾਉਂਦਾ  ਹਾਂ।

ਕਿਸੇ  ਮਹਿਫ਼ਲ  ਜਾਂ  ਟੀ.ਵੀ. ‘ਤੇ ਲਵਾਂ ਸੁਣ  ਸ਼ਬਦ  ਸੁੰਦਰ  ਜੋ,
ਗ਼ਜ਼ਲ ਦੇ ਮਿਸਰਿਆਂ ਵਿਚ ਸ਼ਬਦ ਅਤਿ ਅਨਮੋਲ  ਪਾਉਂਦਾ ਹਾਂ।

ਨਾ  ਕੰਨਾਂ   ਦਾ  ਮੈਂ   ਕੱਚਾ   ਹਾਂ  ਪਰੰਤੂ  ਸੁਣਦਾਂ  ਹਾਂ  ਸਭ  ਦੀ,
ਸਦਾ ਮਸਤੀ ‘ਚ ਰਹਿ ਕੇ  ਹੀ  ਗ਼ਜ਼ਲ-ਰਚਨਾ  ਰਚਾਉਂਦਾ  ਹਾਂ।

ਕਰਾਂ ਮਨ ਦੀ ਕਹਾਂ ਮਨ ਦੀ ਸਦਾ ‘ਗੁਰਸ਼ਰਨ’  ਗ਼ਜ਼ਲਾਂ  ਵਿਚ,
ਸਦਾ  ਇਨਸਾਨੀਅਤ  ਪੂਜਾਂ  ਸਦਾ  ਇਸ  ਨੂੰ  ਧਿਆਉਂਦਾ  ਹਾਂ।

ਗ਼ਜ਼ਲ ਬੰਦਸ਼ ਦਾ  ਮਦਰੱਸਾ ਜੇ  ਕਹਿਣੀ ਤਾਂ  ਰਹੋ  ਇਸ  ਵਿਚ,
ਮੈਂ ਰਹਿ ਕੇ  ਏਸ ਵਿਚ ‘ਗੁਰਸ਼ਰਨ’ ਬਹਿਰਾਂ ਨੂੰ  ਨਿਭਾਉਂਦਾ ਹਾਂ।
*
(ISSSx4)

 

ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →