ਮੀਤ ਮਿਰਾ ਦਿਲਦਾਰ ਗ਼ਜ਼ਲ ਹੈ
(SSx4)
੦ 1. ਗ਼ ਜ਼ ਲ
ਮੀਤ ਮਿਰਾ ਦਿਲਦਾਰ ਗ਼ਜ਼ਲ ਹੈ॥
ਇਸ਼ਕ ਇਬਾਦਤ ਯਾਰ ਗ਼ਜ਼ਲ ਹੈ॥
ਹਰ ਮਹਿਫ਼ਲ ਦੀ ਜ਼ੀਨਤ ਹੈ ਇਹ,
ਪਰੇਮ-ਮੁਹੱਬਤ ਪਿਆਰ ਗ਼ਜ਼ਲ ਹੈ॥
ਘਰ ਘਰ ਵਿਚ ਹੈ ਪਿਆਰੀ ਜਾਂਦੀ,
ਹੁਸਨਾਂ ਦੀ ਸਰਕਾਰ ਗ਼ਜ਼ਲ ਹੈ॥
ਪੰਜਾਬਣ ਹੁਣ ਬਣ ਗਈ ਇਹ,
ਬਹੂ-ਬੇਟੀ ਮੁਟਿਆਰ ਗ਼ਜ਼ਲ ਹੈ॥
ਨਾਲ ਨਜ਼ਾਕਤ ਪੈਲਾਂ ਪਾਉ`ਦੀ,
ਟੁਰਦੀ ਪੱਬਾਂ ਭਾਰ ਗ਼ਜ਼ਲ ਹੈ॥
ਨੈਣਾਂ ਰਾਹੀਂ ਤੀਰ ਚਲਾਉਂਦੀ,
ਕਾਤਲ ਸ਼ੋਖ਼ ਕਟਾਰ ਗ਼ਜ਼ਲ ਹੈ॥
ਦਰਦ-ਕਹਾਣੀ ਲੋਕਾਂ ਦੀ ਵੀ,
ਹੱਕਾਂ ਦੀ ਤਲਵਾਰ ਗ਼ਜ਼ਲ ਹੈ॥
ਖੜ ਜਾਵੇ ਜਦ ਥੰਮ ਇਹ ਬਣ ਕੇ,
ਜ਼ਾਲਮ ਲਈ ਲਲਕਾਰ ਗ਼ਜ਼ਲ ਹੈ॥
ਰੱਬ ਕਰੇ ਇਹ ਜੁਗ-ਜੁਗ ਜੀਵੇ,
ਸੋਚ ਜੋ ਪੂਜਣਹਾਰ ਗ਼ਜ਼ਲ ਹੈ॥
ਮੇਰੇ ਦਿਲ ਨੂੰ ਯਾਰੋ ਭਾਉਂਦੀ,
ਜੀਵਨ ਦਾ ਗੁਲਜ਼ਾਰ ਗ਼ਜ਼ਲ ਹੈ॥
ਜੋ ਜੋ ਸੋਚਾਂ ਇਸ ਵਿਚ ਆਖਾਂ,
ਸੋਚ ਮਿਰੀ ਕਿਰਦਾਰ ਗ਼ਜ਼ਲ ਹੈ॥
ਔਰਤ ਦੀ ਪ੍ਰਤੀਕ ਵੀ ਏਹੋ,
ਪੂਰਨ ਹਾਰ-ਸ਼ਿੰਗਾਰ ਗ਼ਜ਼ਲ ਹੈ॥
ਘਰ ਘਰ ਦੇ ਵਿਚ ਪੁੱਜੀ ਯਾਰੋ,
ਇਕ ਅਦਬੀ ਅਖ਼ਬਾਰ ਗ਼ਜ਼ਲ ਹੈ॥
ਸਭ ਵਿਧੀਆਂ ਤੋਂ ਸੋਹਣੀ ਮਿੱਠੀ,
ਗੱਚਕ-ਲੱਚਕਦਾਰ ਗ਼ਜ਼ਲ ਹੈ॥
ਪਤਨੀ ਬੱਚਿਆਂ ‘ਤੇ ਮੈਂ ਆਖੀ,
ਮੇਰਾ ਘਰ-ਪਰਵਾਰ ਗ਼ਜ਼ਲ ਹੈ॥
ਹਰ ਥਾਂ ਇਹ ਸਤਿਕਾਰੀ ਜਾਂਦੀ,
“ਪਦਮਸ਼੍ਰੀ” ਸਤਿਕਾਰ ਗ਼ਜ਼ਲ ਹੈ॥
ਏਸ ਬਿਨਾਂ ਮੇਰਾ ਜੀਣਾ ਮੁਸ਼ਕਲ,
‘ਗੁਰਸ਼ਰਨਾ’ ਸੰਸਾਰ ਗ਼ਜ਼ਲ ਹੈ॥
ਯਾਰ ‘ਅਜੀਬਾ’ ਸਭ ਦੀ ਚਾਹਤ,
ਮਹਿਕਾਂ ਦਾ ਗੁਲਜ਼ਾਰ ਗ਼ਜ਼ਲ ਹੈ॥
ਕਾਵਿ-ਵਿੱਧ ‘ਅਜੀਬਾ’ ਸੁੰਦਰ,
ਤੋਲ-ਤੁਕਾਂਤ ਵਿਚਾਰ ਗ਼ਜ਼ਲ ਹੈ॥
ਯਾਰ `ਅਜੀਬਾ´ ਤੇਰਾ ਸਿਮਰਨ,
ਭਗਤੀ ਪੂੂਜਣਹਾਰ ਗ਼ਜ਼ਲ ਹੈ॥
੦
ਚੰਦਾ ਹੋ ਜਾਂ ਚੰਦਾ ਦਾ ਰੁਖ਼ਸਾਰ ਤੁਸੀਂ॥
(SSx5+S)
੦ 2. ਗ਼ ਜ਼ ਲ
ਚੰਦਾ ਹੋ ਜਾਂ ਚੰਦਾ ਦਾ ਰੁਖ਼ਸਾਰ ਤੁਸੀਂ॥
ਪਿਆਰੇ ਪਿਆਰੇ ਲਗਦੇ ਹੋ ਸਰਕਾਰ ਤੁਸੀਂ॥
ਦਿਲ ਕਰਦਾ ਏ ਤੱਕੀ ਜਾਵਾਂ ਹੁਸਨ ਤਿਰਾ,
ਚੰਦਰ-ਮੁੱਖੀ ਪੁਸ਼ਪ ਹੋ ਖ਼ੁਸ਼ਬੂਦਾਰ ਤੁਸੀਂ॥
ਸੁੰਦਰ ਆਪ ਜਿਹਾ ਕੋਈ ਜਗ ‘ਤੇ ਡਿੱਠਾ ਨਾ,
ਹੁਸਨਾਂ ਦਾ ਹੋ ਮੰਦਰ ਰੂਪ ਸ਼ਿੰਗਾਰ ਤੁਸੀਂ॥
ਦਿਲ ਮੋਹ ਲੈਂਦੈ ਸ਼ਖ਼ਸ ਜੋ ਹਰ ਇਕ ਮਾਨਵ ਦਾ,
ਦਿਲ-ਮੋਹਣੇ ਕਿਰਦਾਰ, ਮਿਰੇ ਦਿਲਦਾਰ ਤੁਸੀਂ॥
ਹੋਂਦ ਤੁਹਾਡੀ ਮਹਿਕ ਖਲੇਰੇ ਹਰ ਪਾਸੇ,
ਇਉਂ ਲਗਦੈ ਜਿਉਂ ਇਤਰ ਜਾਂ ਹੋ ਨਸਵਾਰ ਤੁਸੀਂ॥
ਦਿਲ ਦੇਣਾ ਦਿਲ ਲੈਣਾ ਕੰਮ ਅਸਾਨ ਨਹੀਂਂ,
ਕਰ ਜਾਂਦੇ ਹੋ ਇਸ ਵਿੱਚ ਵੀ ਉੱਧਾਰ ਤੁਸੀਂ॥
ਰੂਪ ਸਿਲੋਨਾ ਬਿਖ਼ਰੇ ਵਾਲ ਕਮਰ ਪਤਲੀ,
ਚੁੱਪ-ਚੁਪੀਤੇ ਕਰ ਜਾਂਦੇ ਹੋ ਵਾਰ ਤੁਸੀਂ॥
ਸਾਥ ਤੁਹਾਡਾ ਜੀਵਨ ਭਰ ਦਾ ਸਾਥ ਰਹੇ,
ਜੀਵਨ-ਨਾਵ ਮਿਰੀ ਦੇ ਹੋ ਪਤਵਾਰ ਤੁਸੀਂ॥
‘ਗੁਰਸ਼ਰਨ’ ਤੁਹਾਡਾ ਹੈ ਰਹੇਗਾ ਪਰਲੋ ਤਕ,
ਸੰਗ ਇਦ੍ਹੇ ਨਾ ਕਰਨੀ ਜੰਗ ਤਕਰਾਰ ਤੁਸੀਂ॥
੦
ਕਿਸੇ ਤਰਕਸ਼ ਦੇ ਵਿੱਚੋਂ ਨਿਕਲਿਆ ਹੈ ਤੀਰ ਪਰਵਾਨਾ਼
(ISSSx4)
੦ 3. ਗ਼ ਜ਼ ਲ
ਕਿਸੇ ਤਰਕਸ਼ ਦੇ ਵਿੱਚੋਂ ਨਿਕਲਿਆ ਹੈ ਤੀਰ ਪਰਵਾਨਾ਼॥
ਬੜਾ ਹੀ ਤੇਜ਼ ਫ਼ੁਰਤੀਲਾ ਹੈ ਸਿੰਘ ਬਲਬੀਰ ਪਰਵਾਨਾ॥
ਕਿਸੇ ਨਾਰੀ ਦਾ ਸਿਰ-ਸਾਈਂ ਕਿਸੇ ਧੀ ਜਾਈ ਦਾ ਬਾਬਲ,
ਹਲਾਤਾਂ ਸੰਗ ਜੋ ਲੜਦੈ ਨਿਰਾ ਸ਼ਮਸ਼ੀਰ ਪਰਵਾਨਾ॥
ਇਹ ਪੱਬਾਂ ਭਾਰ ਹੈ ਤੁਰਦਾ ਤੇ ਦੌੜੇ ਵਾਂਗ ਘੋੜੇ ਦੇ,
ਹਠੀਲਾ ਹੈ ਵੀ ਸ਼ਰਮੀਲਾ ਸੁਘੜ-ਦਿਲਚੀਰ ਪਰਵਾਨਾ॥
ਬੜਾ ਦੁਬਲਾ ਬੜਾ ਪਤਲਾ ਬੜਾ ਨਾਜ਼ਕ ਪਰਾਣੀਂ ਏਂ,
ਬੜਾ ਸੁੰਦਰ ਦਿਲੋਂ ਮੁੱਖ ਤੋਂ ਹੈ ਉੱਚ-ਤਦਬੀਰ ਪਰਵਾਨਾ॥
ਇਦ੍ਹੇ ਪਹਿਰਾਵੇ ਦੀ ਤੁਲਨਾ ਕਰਾਂ ਸ਼ਾਹੀ ਲਿਬਾਸਾਂ ਨਾਲ,
ਜਿਵੇ ਰਾਜਾ ਸੀ ਜੱਸਾ ਸਿੰਘ ਬੜਾ ਦਿਲਗੀਰ ਪਰਵਾਨਾ॥
ਹਲੀਮੀ ਨਿਮਰਤਾ ਨੇਕੀ ਇਨੂੰ ਮਿਲੀਆਂ ਵਿਰਾਸਤ ਵਿਚ,
ਨਿਰੀ ਇਨਸਾਨੀਅਤ ਦੀ ਹੈ ਹਸੀਂ ਤਸਵੀਰ ਪਰਵਾਨਾ॥
ਧਨੀ ਇਹ ਕਲਮ ਦਾ ਰਚਦੈ ਦਿਨੇ ਤੇ ਰਾਤ ਕਵਿਤਾਵਾਂ,
ਅਦਬ ਸੰਸਾਰ ਦੀ ਸਾਹਿਤਕ ਅਸਲ ਤਾਸੀਰ ਪਰਵਾਨਾ॥
ਗਗਨ ਵਿਚ ਤਾਰੀਆਂ ਲਾਉਂਦੀ ਬੁਲੰਦਤ ਸੋਚ ਹੈ ਇਸਦੀ,
ਬੜੀ ਉੱਚੀ ਬੜੀ ਸੁੱਚੀ ਜਿਹੀ ਤਹਿਰੀਰ ਪਰਵਾਨਾ॥
ਰਚੇਤਾ ਮੂਲ-ਮੰਤਰ ਦੀ ਮਹਾਂਕਾਵਿਕ ਇਹ ਪੁਸਤਕ ਦਾ,
ਪੜ੍ਹੇ ਨਾਨਕ ਦੀ ਬਾਣੀ ਨੂੰ ਹੋ ਕੇ ਗੰਭੀਰ ਪਰਵਾਨਾ॥
ਹੈ ਭਾਵੇਂ ਉਮਰ ਵਿੱਚ ਮੈਥੋਂ ਦਹਾਕਾ ਇੱਕ ਹੈ ਵੱਡਾ,
ਮਗਰ ਇੱਜ਼ਤ ਮਿਰੀ ਕਰਦੈ ਜਿਵੇਂ ਯੰਗ ਵੀਰ ਪਰਵਾਨਾ॥
‘ਅਜੀਬਾ’ ਕਰ ਸਲਾਮਾਂ ਸਜਦੇ ਅਪਣੇ ਮੀਤ ਪਿਆਰੇ ਨੂੰ,
ਹਨੇਰੇ ਦੂਰ ਜੋ ਕਰਦੈ ਅਦਬ-ਤਨਵੀਰ ਪਰਵਾਨਾ॥
‘ਅਜੀਬਾ’ ਜੁੱਗ-ਜੁੱਗ ਜੀਵੇ ਮਿਰਾ ਇਹ ਮੀਤ ਜਗ ਅੰਦਰ,
ਅਦਬ ਦਾ ਲਾਲ ਇਹ ਅਨਮੋਲ ਹੈ ਬਲਬੀਰ ਪਰਵਾਨਾ॥
***
(101) |