16 October 2025

ਅਰਪਨ ਲਿਖਾਰੀ ਸਭਾ ਵੱਲੋਂ ਸਵ. ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੇ ਨਮਿੱਤ ਸ਼ਰਧਾਂਜਲੀ ਸਮਾਗਮ— ਸਤਨਾਮ ਸਿੰਘ ਢਾਅ/ ਜਸਵੰਤ ਸਿੰਘ ਸੇਖੋਂ

ਕੈਲਗਰੀ (ਸਤਨਾਮ ਸਿੰਘ ਢਾਅ/ ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਵੱਲੋਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਸ੍ਰ. ਕੇਸਰ ਸਿੰਘ ਨੀਰ ਨਮਿੱਤ ਸ਼ਰਧਾਂਜਲੀ ਸਮਾਗਮ 26 ਜੁਲਾਈ ਨੂੰ ਟੈਂਪਲ ਕਮਿਊਨਿਟੀ ਹਾਲ ਵਿਖੇ ਕੀਤਾ ਗਿਆ। ਡਾ. ਜੋਗਾ ਸਿੰਘਸਹੋਤਾ, ਸ਼੍ਰੀਮਤੀ ਕੁਲਦੀਪ ਕੌਰ ਘਟੌੜਾ ਅਤੇ ਡਾ. ਸੇਵਾ ਸਿੰਘ ਪ੍ਰੇਮੀ ਨੇ ਸਦਾਰਤ ਕੀਤੀ। ਖੱਚਾ ਖੱਚ ਭਰੇ ਹਾਲ ਵਿਚ ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਨਜ਼ਮਾਂ ਦੀ ਪੇਸ਼ਕਾਰੀ ਰਾਹੀਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਜਗਦੇਵ ਸਿੱਧੂ ਨੇ ਕਾਰਵਾਈ ਸ਼ੁਰੂ ਕਰਦਿਆਂ ਹੀ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ਨਾਲ਼ ਸਮਾਗਮ ਦੀ ਦਿਸ਼ਾ ਨਿਰਧਾਰਤ ਕਰ ਦਿੱਤੀ ‘ਜਦੋਂ ਤੱਕ ਲਫ਼ਜ਼ ਜਿਉਂਦੇ ਨੇ ਸੁਖਨਵਰ ਜਿਉਣ ਮਰ ਕੇ ਵੀ, ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ’।

ਜਸਵੰਤ ਸਿੰਘ ਸੇਖੋਂ ਨੇ ਆਪਣੀ ਲਿਖੀ ਕਵਿਤਾ ਕਵੀਸ਼ਰੀ ਰੰਗ ਵਿਚ ਸ਼ਰਧਾਂਜਲੀ ਦਿੱਤੀ। ਡਾ. ਮਨਮੋਹਨ ਬਾਠ, ਸੁਖਵਿੰਦਰ ਤੂਰ, ਜਰਨੈਲ ਤੱਗੜ, ਸੁਖਮੰਦਰ ਗਿੱਲ, ਹਰਮਿੰਦਰ ਪਾਲ ਸਿੰਘ ਅਤੇ ਡਾ. ਜੋਗਾ ਸਿੰਘ ਸਹੋਤਾ ਨੇ ਨੀਰ ਦੀਆਂ ਗ਼ਜ਼ਲਾਂ ਦੀ ਗਾਇਕੀ ਨਾਲ਼ ਦਰਸ਼ਕਾਂ ਨੂੰ ਸੰਮੋਹਿਤ ਕੀਤਾ। ਹਰੇਕ ਨੇ ਗ਼ਜ਼ਲਾਂ ਨੂੰ ਆਪਣੇ ਨਿਵੇਕਲੇ ਲਹਿਜੇ ਅਤੇ ਕਮਾਲ ਦੇ ਅੰਦਾਜ਼ ਵਿਚ ਪੇਸ਼ ਕੀਤਾ ਅਤੇ ਹਰੇਕ ਵੰਨਗੀ ਨੇ ਦਰਸ਼ਕਾਂ ਨੂੰ ਵੱਖਰਾ ਸਰੂਰ ਦਿੱਤਾ। ਤਰਲੋਚਨ ਸੈਂਹਬੀ ਦੀ ਬੁਲੰਦ ਆਵਾਜ਼ ਨੇ ਗਾਇਕੀ ਦਾ ਜਾਦੂ ਬਿਖੇਰ ਦਿੱਤਾ। ਸੈਂਹਬੀ ਨੇ ਆਖਿਆ ਕਿ ਉਹ ਨਵੇਂ ਲਿਖਣ ਵਾਲ਼ਿਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਸਨ, ਜਿੰਨ੍ਹਾ ਵਿਚੋਂ ਮੈਂ ਵੀ ਇਕ ਹਾਂ। ਸਰਦੂਲ ਸਿੰਘ ਲੱਖਾ ਨੇ ਕਿਹਾ ਕਿ ਨੀਰ ਸਾਹਿਬ ਜਗਰਾਉਂ ਸਾਹਿਤ ਸਭਾ ਦੀ ਬਗੀਚੀ ਦਾ ਟੀਸੀ ਦਾ ਬੇਰ ਸੀ। ਜਗਰਾਉਂ ਸਾਹਿਤ ਸਭਾ ਲਈ ਨੀਰ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜਸਵੀਰ ਸਿਹੋਤਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਨੀਰ ਦੀ ਸ਼ਖ਼ਸੀਅਤ ਨੂੰ ਉਜਾਗਰ ਕੀਤਾ। ਸੁਰਜੀਤ ਸਿੰਘ ਹੇਅਰ, ਡਾ. ਸੇਵਾ ਸਿੰਘ ਪ੍ਰੇਮੀ, ਸਵਰਨ ਸਿੰਘ ਧਾਲ਼ੀਵਾਲ਼ ਅਤੇ ਗੁਰਚਰਨ ਕੌਰ ਥਿੰਦ ਨੇ ਨੀਰ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਅਦੁਤੀ ਸ਼ਖ਼ਸੀਅਤ ਸਨ ਜੋ ਆਪਣੀਆਂ ਲਿਖਤਾਂ ਰਾਹੀਂ ਅਮਰ ਰਹਿਣਗੇ। ਉਨ੍ਹਾਂ ਨੇ ਨੀਰ ਦੁਆਰਾ ਸਮਾਜ ਸੇਵਾ, ਅਧਿਆਪਨ, ਜਨਤਕ ਘੋਲ਼ਾਂ ਅਤੇ ਸਾਹਿਤਕ ਖੇਤਰ ਵਿਚ ਪਾਏ ਮਹੱਤਵਪੂਰਨ ਯੋਗਦਾਨ
ਬਾਰੇ ਖੁੱਲ੍ਹ ਕੇ ਵਿਚਾਰ ਰੱਖੇ।

ਸਤਨਾਮ ਢਾਅ ਨੇ ਨੀਰ ਸਾਹਿਬ ਬਾਰੇ ਵਿਚਾਰ ਪੇਸ਼ ਕਰਦਿਆਂ ਆਖਿਆ ਉਹ ਅਰਪਨ ਲਿਖਾਰੀ ਸਭਾ ਦੇ ਮੋਢੀ ਸਨ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਕੈਲਗਰੀ ਦੇ ਸਾਹਿਤਕ ਭਾਈਚਾਰੇ ਵਿਚੋਂ ਇਕੱਲੇ ਹੀ ਅਜਿਹੇ ਸਾਹਿਤਕਾਰ ਸਨ ਜਿਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਭਾਸ਼ਾ ਵਿਭਾਗ ਪੰਜਾਬ ਦਾ ਪੁਰਸਕਾਰ ਮਿਲ਼ਿਆ। ਉਨ੍ਹਾਂ ਪਿਛਲੇ ਉਣੱਤੀ ਸਾਲ ਤੋਂ ਇਕੱਠੇ ਵਿਚਰਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਨੀਰ ਸਾਹਿਬ ਅੰਦਰੋਂ ਬਾਹਰੋਂ ਇਕੋ ਸਨ ਅਤੇ ਬੜੇ ਦਰਿਆ-ਦਿਲ ਇਨਸਾਨ ਸਨ। ਕਿਸੇ ਨੇ ਕਿਹਾ ਹੈ ਕਿ ਜੇਕਰ ਮਰਨ ਤੋਂ ਬਾਅਦ ਜਿਉਂਣਾ ਚਾਹੁੰਦੇ ਹੋ ਤਾਂ ਕੋਈ ਕੰਮ ਅਜਿਹਾ ਕਰ ਜਾਉ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਜਾਂ ਫੇਰ ਲਿਖ ਅਜਿਹਾ ਜਾਉ ਕਿ ਲੋਕ ਤੁਹਾਨੂੰ ਯਾਦ ਰੱਖਣ। ਸੋ ਨੀਰ ਸਾਹਿਬ ਨੇ ਦੋਵੇਂ ਕੰਮ ਕੀਤੇ ਹਨ। ਇਨ੍ਹਾਂ ਦੇ ਅਧਿਆਪਨ ਸਮੇਂ ਕੀਤੇ ਕਾਰਜ ਅਤੇ ਸ਼ਾਇਰੀ ਅੱਜ ਦੇ ਹਨੇਰਿਆਂ ਵਿਚ ਇਕ ਰੋਸ਼ਨੀ ਦੀ ਕਿਰਨ ਵਾਂਗ ਚਮਕਦੀ ਰਹੇਗੀ ਲੋਕ ਹਮੇਸ਼ਾ ਉਨ੍ਹਾਂ ਨੂੰ ਯਾਦ ਰੱਖਗੇ।

ਅਡਮਿੰਟਨ ਤੋਂ ਆਈ ਕੇਸਰ ਸਿੰਘ ਨੀਰ ਦੀ ਸਪੁੱਤਰੀ ਜਸਜੀਤ ਕੌਰ ਭੰਵਰਾ ਅਤੇ ਕੈਲਗਰੀ ਤੋਂ ਬੇਟੇ ਅਰਸ਼ਦੀਪ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਜੀਆਂ ਦੀ ਕਾਮਯਾਬੀ ਵਿਚ ਸਾਡੇ ਪਿਤਾ ਜੀ ਦੀ ਬਹੁਤ ਵੱਡੀ ਦੇਣ ਹੈ। ਭੰਵਰਾ ਨੇ ਆਖਿਆ ਕਿ ਜਿਥੇ ਨੀਰ ਸਾਹਿਬ ਦੇ ਅਧਿਆਪਕ ਯੂਨੀਆਨ ਸਮੇਂ ਘਰੋਂ ਬਾਹਰ ਰਹਿ ਕੇ ਲੋਕ-ਹਿਤਾਂ ਲਈ ਸੰਘਰਸ਼ ਕਰਨ ਅਤੇ ਜੇਲ਼੍ਹ ਯਾਤਰਾਵਾਂ ਸਮੇਂ ਆਪਣੀ ਮਾਤਾ ਕੁਲਦੀਪ ਕੌਰ ਘਟੌੜਾ ਦੇ ਦਿੱਤੇ ਸਹਿਯੋਗ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਦੇ ਯੋਗਦਾਨ ਦੀ ਵੀ ਗੱਲ ਕੀਤੀ। ਬੱਚੇ ਅਰਮਾਨ, ਵਾਣੀ ਅਤੇ ਇਸ਼ਟਪ੍ਰੀਤ ਨੇ ਨੀਰ ਦੇ ਲਿਖੇ ਬਾਲ- ਸਾਹਿਤ ਵਿਚੋਂ ਬਾਲ-ਕਵਿਤਾਵਾਂ, ਜੋ ਬੱਚਿਆਂ ਨੂੰ ਚੰਗੀ ਸੇਧ ਅਤੇ ਪੜ੍ਹਨ ਲਈ ਉਤਸ਼ਾਹਿਤ ਕਰਦੀਆਂ ਹਨ, ਸੁਣਾਈਆਂ। ਸਰੋਤਿਆਂ ਵੱਲੋਂ ਤਾਂਲ਼ੀਆਂ ਨਾਲ ਬੱਚਿਆਂ ਨੂੰ ਸ਼ਾਬਾਸ਼ੇ ਨਾਲ ਨਿਵਾਜਿਆ। ਕੁਲਦੀਪ ਕੌਰ ਘਟੌੜਾ ਨੇ ਨੀਰ ਸਾਹਿਬ ਨਾਲ ਬਿਤਾਈ ਸ਼ਾਨਦਾਰ ਜ਼ਿੰਦਗੀ ਦੀਆਂ ਕੁਝ ਤਫਸੀਲਾਂ ਸਾਂਝੀਆਂ ਕੀਤੀਆਂ। ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਸਰੋਤਿਆਂ/ ਦਰਸ਼ਕਾਂ ਦੁਆਰਾ ਇਕ-ਮਨ ਇਕ-ਚਿੱਤ ਹੋ ਕੇ ਸੁਨਣਾ ਅਤੇ ਤਾੜੀਆਂ ਨਾਲ਼ ਭਰਪੂਰ ਹੁੰਗਾਰਾ ਭਰਨਾ ਸਮਾਗਮ ਦੀ ਸ਼ੋਭਾ ਵਿਚ ਵਾਧਾ ਕਰ ਗਿਆ।

ਅਖੀਰ ਵਿਚ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਵੱਖ ਵੱਖ ਸਾਹਿਤਕ, ਸਮਾਜਿਕ ਅਤੇ ਭਾਈਚਾਰਕ ਜਥੇਬੰਦੀਆਂ ਦੇ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਸ਼ਹਿਰ ਵਿਚ ਬਹੁਤ ਸਾਰੇ ਸਮਾਗਮ ਹੋਣ ਦੇ ਵਾਬਜੂਦ ਵਿਚ ਏਨੀ ਵੱਡੀ ਗਿਣਤੀ ਵਿਚ ਹਾਜ਼ਰ ਹੋਣਾ ਇਹ ਦਰਸਾਉਂਦਾ ਹੈ ਕਿ ਕੇਸਰ ਸਿੰਘ ਨੀਰ ਦਾ ਸਾਡੇ ਭਾਈਚਾਰੇ ਵਿਚ ਕਿੰਨਾ ਸਤਿਕਾਰ ਸੀ। ਪ੍ਰਧਾਨ ਡਾ. ਜੋਗਾ ਸਿੰਘ ਨੇ ਚਾਹ ਪਾਣੀ ਦੀ ਸੇਵਾ ਲਈ ਬੀਬੀ ਸੁਖਦੇਵ ਕੌਰ ਢਾਅ ਅਤੇ ਫ਼ੋਟੋਗ੍ਰਾਫ਼ੀ ਦੀਆਂ ਸੇਵਾਵਾਂ ਲਈ ਪੰਜਾਬੀ ਅਖ਼ਬਾਰ ਦੇ ਐਡੀਟਰ ਹਰਬੰਸ ਸਿੰਘ ਬੁੱਟਰ, ਬਲਦੇਵ ਸਿੰਘ ਢਾਅ ਅਤੇ ਦਲਜੀਤ ਸਿੰਘ ਹੂੰਝਣ ਦਾ ਸਪੈਸ਼ਲ ਧੰਨਵਾਦ ਕਰਦਿਆਂ ਇਹ ਆਖਿਆ ਕਿ ਅੱਜ ਦੇ ਇਸ ਸਮਾਗਮ ਦੀ ਕਾਮਯਾਬੀ ਦਾ ਸਿਹਰਾ ਸਭਾ ਦੇ ਨਿਰਸੁਆਰਥ ਵਲੰਟੀਅਰਾਂ ਦੇ ਸਿਰ ਹੈ, ਖ਼ਾਸ ਕਰਕੇ ਸ੍ਰ. ਜਗਦੇਵ ਸਿੰਘ ਸਿੱਧੂ ਅਤੇ ਲਖਵਿੰਦਰ ਸਿੰਘ ਜੌਹਲ ਦੇ ਸਿਰ ਹੈ, ਜਿਨ੍ਹਾਂ ਨੇ ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਅਣਥਕ ਮਿਹਨਤ ਕੀਤੀ। ਜਗਦੇਵ ਸਿੰਘ ਸਿੱਧੂ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੁਬੀ ਨਿਭਾਉਂਦਿਆਂ ਨੀਰ ਦੀਆਂ ਯਾਦਾਂ ਅਤੇ ਗ਼ਜ਼ਲਾਂ ਦੇ ਸ਼ੇਅਰਾਂ ਨਾਲ ਸਰੋਤਿਆਂ ਨੂੰ ਆਪਣੀ ਮਿਕਨਾਤੀਸੀ ਕਲਾ ਨਾਲ ਕੀਲੀ ਰੱਖਿਆ, ਇਹ ਸਮਾਗਮ ਯਾਦਗਾਰੀ ਸਮਾਗਮ ਹੋ ਨਿਬੜਿਆ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1572
****

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →