ਕੈਨੇਡਾ ਨੂੰ ਆਪਣੀ ਕਰਮ ਭੂਮੀ ਬਣਾ ਚੁੱਕਿਆ ਸੁਖਿੰਦਰ ਪੰਜਾਬੀ ਦਾ ਇਕ ਚਰਚਿਤ ਸਾਹਿਤਕਾਰ ਹੈ। ਵਿਗਿਆਨਕ ਵਿਸ਼ਿਆਂ, 24 ਕਾਵਿ ਪੁਸਤਕਾਂ, ਆਲੋਚਨਾ, ਵਾਰਤਕ, ਸੰਪਾਦਨ, ਨਾਵਲ, ਬੱਚਿਆਂ ਆਦਿ ਤੋਂ ਇਲਾਵਾ ਉਸ ਦੀਆਂ ਅੰਗਰੇਜ਼ੀ ਦੀਆਂ ਕਵਿਤਾਵਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਅੰਗਰੇਜ਼ੀ ਵਿਚ ਉਸਦਾ ਇਕ ਨਾਵਲ ਵੀ ਹੁਣੇ ਜਿਹੇ ਐਮੇਜੋਨ ਵਾਲਿਆਂ ਨੇ ਪ੍ਰਕਾਸ਼ਿਤ ਕੀਤਾ ਹੈ। ਪ੍ਰਸਤੁਤ ਪੁਸਤਕ ‘ਪੰਜਾਬੀ ਗ਼ਜ਼ਲ ਦੇ ਨਕਸ਼’ ਉਸਦਾ ਸੰਪਾਦਿਤ ਕੀਤਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿਚ ਪੰਜਾਬੀ ਦੇ ਕੁਝ ਨਾਮਵਰ ਗ਼ਜ਼ਲਗੋਆਂ ਅਤੇ ਕੁਝ ਨਵੇਂ ਲੇਖਕਾਂ ਦੀਆਂ ਗ਼ਜ਼ਲਾਂ ਦਰਜ ਕੀਤੀਆਂ ਹਨ। ਕਿਤਾਬ ਦੀ ਭੂਮਿਕਾ ਵਿਚ ਸੰਪਾਦਕ ਨੇ ਸਪੱਸ਼ਟ ਲਿਖਿਆ ਹੈ ਕਿ ਉਹ ਆਪ ਗ਼ਜ਼ਲ ਨਹੀਂ ਲਿਖਦਾ, ਪਰ ਪੜ੍ਹਦਾ ਅਤੇ ਸੁਣਦਾ ਹੈ ਅਤੇ ਉਹ ਗ਼ਜ਼ਲ ਕਾਵਿ ਵਿਧਾ ਦਾ ਵਿਦਵਾਨ ਨਹੀਂ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਲਿਖਿਆ ਹੈ ਕਿ “ਉਸ ਕੋਲ ਗ਼ਜ਼ਲ ਨੂੰ ਤਕਨੀਕੀ ਪੱਖ ਤੋਂ ਪਰਖਣ ਵਾਲਾ ਗਿਆਨ” ਵੀ ਨਹੀਂ ਹੈ।” ਬਕੌਲ ਸੁਖਿੰਦਰ ਉਸ ਨੂੰ ਸਮਾਜਿਕ, ਨੈਤਿਕ, ਸਭਿਆਚਾਰਕ, ਨੈਤਿਕ, ਰਾਜਨੀਤਿਕ ਪੱਖ ਤੋਂ ਚੰਗੀ ਸ਼ਬਦਾਵਲੀ ਦੀ ਵਰਤੋਂ ਕਰਕੇ ਸਮਾਜ ਨੂੰ ਨਰੋਈ ਸੇਧ ਦੇਣ ਵਾਲੀ ਗੱਲ ਕਰਦੀਆਂ ਗ਼ਜ਼ਲਾਂ ਪੜ੍ਹਨੀਆਂ ਅਤੇ ਸੁਣਨੀਆਂ ਚੰਗੀਆਂ ਲੱਗਦੀਆਂ ਹਨ। ਉਸ ਨੂੰ ਤਕਨੀਕੀ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਹੋਈਆਂ ਗ਼ਜ਼ਲਾਂ, ਪਰ ਵਿਚਾਰ ਪੱਖੋਂ ਖੋਖਲੀਆਂ ਗ਼ਜ਼ਲਾਂ ਪਸੰਦ ਨਹੀਂ। ਪ੍ਰਸਤੁਤ ਗ਼ਜ਼ਲ ਸੰਗ੍ਰਹਿ ਵਿਚ ਗ਼ਜ਼ਲਾਂ ਦੀ ਚੋਣ ਵੇਲੇ ਤਕਨੀਕੀ ਨੁਕਤਿਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਇਕ ਗੱਲ ਉਸ ਨੇ ਹੋਰ ਵਧੀਆ ਕੀਤੀ ਹੈ ਕਿ ਗ਼ਜ਼ਲਾਂ ਨੂੰ ਨਾਮਵਰ ਗ਼ਜ਼ਲ ਕਾਰਾਂ ਅਨੁਸਾਰ ਦਰਜ ਨਾ ਕਰ ਕੇ ਪੰਜਾਬੀ ਵਰਣਮਾਲਾ ਦੇ ਕ੍ਰਮ ਅਨੁਸਾਰ ਦਰਜ ਕੀਤਾ ਹੈ, ਜਿਸ ਨਾਲ ਹੇਠਲੇ ਕ੍ਰਮ ਵਿਚ ਦਿੱਤੀਆਂ ਗ਼ਜ਼ਲਾਂ ਦੇ ਲੇਖਕਾਂ ਨੂੰ ਕਿਸੇ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋਣ ਦਿੱਤਾ। ਚਰਚਾ ਅਧੀਨ ਪੁਸਤਕ ‘ਪੰਜਾਬੀ ਗ਼ਜ਼ਲ ਦੇ ਨਕਸ਼’ ਵਿਚ 73 ਪੰਜਾਬੀ ਗ਼ਜ਼ਲਕਾਰਾਂ ਦੀਆਂ ਸੌ ਗ਼ਜ਼ਲਾਂ ਸ਼ਾਮਿਲ ਹਨ। ਰੁਖ਼ਸਤ ਹੋ ਚੁੱਕੇ ਗ਼ਜ਼ਲਕਾਰਾਂ ਦੀਆਂ ਗ਼ਜ਼ਲਾਂ ਦੀ ਚੋਣ ਉਸਨੇ ਆਪ ਕੀਤੀ ਹੈ ਜਾਂ ਆਪਣੇ ਸਾਹਿਤਕ ਮਿੱਤਰਾਂ ਦੀ ਸਲਾਹ ਨਾਲ। ਬਾਕੀ ਗ਼ਜ਼ਲਕਾਰਾਂ(ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਰਹਿੰਦੇ) ਨੂੰ ਉਸਨੇ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਆਪਣੀਆਂ ਗ਼ਜ਼ਲਾਂ ਭੇਜਣ। ਸ਼ਰਤ ਇਹ ਰੱਖੀ ਸੀ ਕਿ ਪੁਸਤਕ ਵਿਚ ਕਿਸੇ ਵੀ ਲੇਖਕ ਦੀਆਂ ਦੋ ਤੋਂ ਵੱਧ ਗ਼ਜ਼ਲਾਂ ਸ਼ਾਮਿਲ ਨਹੀਂ ਕੀਤੀਆਂ ਜਾਣਗੀਆਂ। ਕੁਝ ਕੁ ਲੇਖਕਾਂ ਦੀਆਂ ਦੋ ਗ਼ਜ਼ਲਾਂ ਹਨ, ਬਾਕੀ ਸਭ ਦੀ ਇਕ-ਇਕ। ਇਸਦਾ ਇਹ ਫਾਇਦਾ ਹੋਇਆ ਹੈ ਕਿ ਪਾਠਕਾਂ ਨੂੰ ਇਕ ਹੀ ਪੁਸਤਕ ਵਿਚੋਂ ਨਾਮਵਰ ਅਤੇ ਨਵੇਂ ਪੁੰਗਰ ਰਹੇ ਲੇਖਕਾਂ ਦੀਆਂ ਵਧੀਆ ਗ਼ਜ਼ਲਾਂ ਪੜ੍ਹਨ ਦਾ ਮੌਕਾ ਮਿਲਿਆ ਹੈ। ਇਸ ਪੁਸਤਕ ਵਿਚ ਉਲਫ਼ਤ ਬਾਜਵਾ, ਅਫ਼ਜ਼ਲ ਸਾਹਿਰ, ਅਰਤਿੰਦਰ ਸੰਧੂ, ਇਰਸ਼ਾਦ ਸੰਧੂ, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਸੁਖਵਿੰਦਰ ਅੰਮ੍ਰਿਤ, ਸੋਹਣ ਸਿੰਘ ਮਿਸ਼ਾ, ਸੁਰਿੰਦਰ ਗੀਤ, ਡਾ. ਸੁਖਪਾਲ ਸੰਘੇੜਾ, ਡਾ. ਹਰਭਜਨ ਸਿੰਘ, ਕ੍ਰਿਸ਼ਨ ਭਨੋਟ, ਗੁਰਭਜਨ ਗਿੱਲ, ਗੁਰਦਿਆਲ ਰੌਸ਼ਨ, ਜਗਤਾਰ, ਜਸਪਾਲ ਘਈ, ਤ੍ਰੈਲੋਚਨ ਲੋਚੀ, ਤਖ਼ਤ ਸਿੰਘ, ਤਾਹਿਰਾ ਸਰਾ, ਦੀਪਕ ਜੈਤੋਈ, ਨਵ ਸੰਗੀਤ, ਨਿਰੰਜਣ ਬੋਹਾ, ਪਾਸ਼, ਬਾਬਾ ਨਜ਼ਮੀ, ਮਹਿੰਦਰ ਸਾਥੀ, ਰਵਿੰਦਰ ਸਿੰਘ ਸੋਢੀ, ਲਾਲ ਸਿੰਘ ਦਿਲ, ਵਿਜੇ ਵਿਵੇਕ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਦੀਆਂ ਗ਼ਜ਼ਲਾਂ ਹਨ। ਇਹ ਸਾਰੇ ਲੇਖਕ ਇੰਡੀਆ, ਪਾਕਿਸਤਾਨ, ਕੈਨੇਡਾ, ਅਮਰੀਕਾ, ਯੁ ਕੇ, ਆਸਟ੍ਰੇਲੀਆ, ਇਟਲੀ ਆਦਿ ਵਿਚ ਰਹਿਣ ਵਾਲੇ ਹਨ। ਇਸ ਸੰਪਾਦਿਤ ਗ਼ਜ਼ਲ ਸੰਗ੍ਰਹਿ ਨੂੰ ਪੜ੍ਹਨ ਬਾਅਦ ਪਤਾ ਲੱਗਦਾ ਹੈ ਕਿ ਸੰਪਾਦਕ ਨੇ ਗ਼ਜ਼ਲਾਂ ਦੀ ਚੋਣ ਵੇਲੇ ਗ਼ਜ਼ਲਾਂ ਦੇ ਵਿਸ਼ੇ ਪੱਖ ਨੂੰ ਧਿਆਨ ਵਿਚ ਤਾਂ ਰੱਖਿਆ ਹੀ ਹੈ, ਇਸ ਦੇ ਨਾਲ-ਨਾਲ ਇਹ ਵੀ ਦੇਖਿਆ ਹੈ ਕਿ ਗ਼ਜ਼ਲ ਦਾ ਸਮੁੱਚਾ ਪ੍ਰਭਾਵ ਕੀ ਹੈ, ਗ਼ਜ਼ਲਾਂ ਦੇ ਸ਼ੇਅਰ ਪੜ੍ਹਨ ਵਾਲਿਆਂ ਨੂੰ ਆਪਣੇ ਰੰਗ ਵਿਚ ਵੀ ਰੰਗ ਜਾਣ ਅਤੇ ਲੰਮੇ ਸਮੇਂ ਤੱਕ ਯਾਦ ਵੀ ਰਹਿਣ। ਗ਼ਜ਼ਲਾਂ ਵੱਖ-ਵੱਖ ਬਹਿਰ ਵਾਲੀਆਂ ਹਨ। ਛੋਟੇ ਬਹਿਰ ਦੀ ਗ਼ਜ਼ਲ ਲਿਖਣੀ ਕੁਝ ਮੁਸ਼ਕਿਲ ਹੁੰਦੀ ਹੈ, ਪਰ ਪਾਕਿਸਤਾਨ ਦੇ ਜਿਆਦਾ ਗ਼ਜ਼ਲਗੋ ਛੋਟੇ ਬਹਿਰ ਦੀ ਗ਼ਜ਼ਲ ਹੀ ਲਿਖਦੇ ਹਨ। ਓਂਕਾਰਪਰੀਤ, ਡਾ. ਹਰਭਜਨ ਸਿੰਘ, ਸੋਹਣ ਸਿੰਘ ਮਿਸ਼ਾ, ਕੁਲਵਿੰਦਰ ਚਾਂਦ, ਖਿਤਾਬ ਖਜੂਰੀਆ, ਜੈਮਲ ਪੱਡਾ, ਤਰਲੋਚਨ ਮੀਰ ਆਦਿ ਦੀਆਂ ਛੋਟੇ ਬਹਿਰ ਦੀਆਂ ਗ਼ਜ਼ਲਾਂ ਵੀ ਪ੍ਰਭਾਵਿਤ ਕਰਦੀਆਂ ਹਨ। ਗਲਤ ਸਮਾਜਿਕ ਵਰਤਾਰਿਆਂ ਨੂੰ ਵੀ ਕਵੀਆਂ ਨੇ ਆਪਣੀਆਂ ਗ਼ਜ਼ਲਾਂ ਵਿਚ ਖ਼ੂਬਸੂਰਤੀ ਨਾਲ ਪ੍ਰਗਟਾਇਆ ਹੈ, ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਪੇਸ਼ ਕੀਤਾ ਗਿਆ ਹੈ, ਮਾਂ ਬੋਲੀ ਲਈ ਵੀ ਹਾ ਦਾ ਨਾਹਰਾ ਮਾਰਿਆ ਹੈ, ਨਸ਼ਿਆਂ ਦੀ ਦਲਦਲ ਦੀ ਵੀ ਗੱਲ ਕੀਤੀ ਗਈ ਹੈ, ਜੁਲਮਾਂ ਅਤੇ ਘਪਲਿਆਂ ਦੀ ਵੀ ਚਰਚਾ ਕੀਤੀ ਹੈ। ਕਹਿਣ ਤੋਂ ਭਾਵ ਤਕਰੀਬਨ ਹਰ ਰਚਨਾ ਵਿਚ ਹੀ ਅਲੱਗ-ਅਲੱਗ ਵਿਸ਼ਿਆਂ ਦੀ ਭਰਮਾਰ ਹੈ। ਕੁਝ ਵਿਸ਼ੇ ਸਥਾਨਕ ਹੀ ਨਹੀਂ ਸਗੋਂ ਅੰਤਰ-ਰਾਸ਼ਟਰੀ ਪੱਧਰ ਦੇ ਵੀ ਹਨ। ਸੁਖਿੰਦਰ ਨੇ ਉਰਦੂ, ਫਾਰਸੀ ਦੀ ਪਿਆਰ-ਮੁਹੱਬਤ, ਜਾਮ-ਸੁਰਾਹੀ ਦੀ ਪਰੰਪਰਾਗਤ ਗ਼ਜ਼ਲ ਨਾਲੋਂ ਅਜੋਕੇ ਜੀਵਨ ਦੇ ਅਨੇਕ ਪੱਖਾਂ ਨੂੰ ਪੇਸ਼ ਕਰਦੀਆਂ ਗ਼ਜ਼ਲਾਂ ਦੀ ਚੋਣ ਕੀਤੀ ਹੈ। ਨਾਮਵਾਰ ਗ਼ਜ਼ਲ ਲੇਖਕ ਗੁਰਦਿਆਲ ਰੌਸ਼ਨ ਦਾ ਇਹ ਸ਼ੇਅਰ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ: ਫ਼ੈਸਲਾ ਮੁਸ਼ਕਿਲ ਬੜਾ ਹੈ ਇਕ ਗ਼ਜ਼ਲ ਹੁਣ ਕੀ ਕਰੇ ਹੇਠ ਲਿਖੇ ਕੁਝ ਸ਼ੇਅਰਾਂ ਤੋਂ ਇਸ ਗ਼ਜ਼ਲ ਸੰਗ੍ਰਹਿ ਦੀ ਸਾਹਿਤਕ ਕਸਵੱਟੀ ਦਾ ਵੀ ਪਤਾ ਲੱਗਦਾ ਹੈ: *ਲੈ ਪਾਨ ਤੇ ਸੁਪਾਰੀ ਨਨਕਾਣਾ ਜਾਣ ਵਾਲੇ *ਸੂਰਜ ਦੇ ਸੇਕ ‘ਚ ਕੀ ਕੀ ਟੰਗ ਲਵਾਂ *ਸਤਲੁਜ ਉਦਾਸ ਅੱਜਕੱਲ੍ਹ ਗੁਮਸੁਮ ਚਨਾਬ ਅੱਜਕੱਲ੍ਹ *ਅਕਸਰ ਧੋਖਾ ਦੇ ਜਾਂਦੇ ਨੇ ਜਾਣੇ ਵੇਖੇ ਜਾਚੇ ਲੋਕ *ਪੰਜਾਬੀ ਮਾਤਾ ਕਿੰਨੀ ਕਰਮਾਂ ਵਾਲੀ ਹੋ ਗਈ ਹੈ *ਹਵਾ ਨੂੰ ਗੱਲ ਨਾ ਆਈ, ਹਵਾ ਤੋਂ ਮੈਂ ਜਦੋਂ ਪੁੱਛਿਆ *ਘਸਦੇ-ਘਸਾਉਂਦੇ ਕਲਮਾਂ, ਬੀਤੇ ਨੇ ਸਾਲ ਸੱਤਰ *ਹੈ ਅਫ਼ਸੋਸ ਕਿ ਕੁੱਖ ‘ਚ ਸੂਲੀ, ਚੜ੍ਹ ਜਾਵਣ ਉਹ ਧੀਆਂ *ਸ਼ੀਸ਼ੇ ਉੱਤੇ ਧੂੜਾ ਜੰਮੀਆਂ, ਕੰਧਾ ਝਾੜੀ ਜਾਂਦੇ ਨੇ *ਸੁੰਨੀ ਕੁੱਖ ਤੋਂ ਜਾ ਕੇ ਪੁੱਛੋ, ਬਾਲ ਦੀ ਚਾਹਤ ਕੀ ਹੁੰਦੀ ਹੈ ਸੁਖਿੰਦਰ ਵੱਲੋਂ ਸੰਪਾਦਿਤ ‘ਪੰਜਾਬੀ ਗ਼ਜ਼ਲ ਦੇ ਨਕਸ਼’ ਪੜ੍ਹ ਕੇ ਵਿਸ਼ਵ ਪੱਧਰ ਤੇ ਰਚੀ ਜਾ ਰਹੀ ਪੰਜਾਬੀ ਗ਼ਜ਼ਲ ਦੇ ਨਕਸ਼ ਹੀ ਨਹੀਂ, ਪੂਰਾ ਮੁਹਾਂਦਰਾ ਝਲਕਦਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |