29 May 2026

ਗੰਦੀ ਨਾਲੀ ਦੇ ਕਾਕਰੋਚ — ਰਵਿੰਦਰ ਸਿੰਘ ਸੋਢੀ

ਗੰਦੀ ਨਾਲੀ ਦੇ ਕਾਕਰੋਚ

ਤੁਸੀਂ ਸੱਚ ਬੋਲਣ ਤੋਂ ਕੋਹਾਂ ਦੂਰ
ਲਾਰੇ ਲਾਉਣ ‘ਚ ਮੋਹਰੀ
ਅਸੀਂ ਸੱਚ-ਝੂਠ ਦਾ
ਨਾ ਸਮਝ ਸਕੇ ਫਰਕ
ਚੰਗੇ ਦਿਨਾਂ ਦੀ ਆਸ ‘ਚ
ਮਾੜੇ ਦਿਨ ਲਘਾਉਂਦੇ ਰਹੇ।

ਤੁਹਾਡੇ ਵੱਲੋਂ ਧਰਮ ਦਾ ਜੋਸ਼ ਭਰਿਆ
ਭਾਸ਼ਣ ਸੁਣ-ਸੁਣ
ਧਰਮ ਦੀਆਂ ਸੌੜੀਆ ਵਲਗਨਾ ‘ਚ
ਆਪਣੇ-ਆਪ ਨੂੰ ਫਸਾਉਂਦੇ ਰਹੇ।

ਤੁਸੀਂ ਸਾਡੀ ਗਰੀਬੀ ਦਾ ਫਾਇਦਾ ਉਠਾ
ਆਟੇ-ਚੌਲ ਦੀ ਮੁੱਠੀ ਭਰ
ਸਾਡੀ ਝੋਲੀ ਪਾਈ
ਅਸੀਂ ਤੁਹਾਨੂੰ ਮਾਈ-ਬਾਪ ਸਮਝ
ਸਿਰ ‘ਤੇ ਬਿਠਾਇਆ 
ਤੁਸੀਂ ਬੋਟੀਆਂ ਚੂਸ-ਚੂਸ
ਸਾਡੇ ਵੱਲ ਹੱਡੀਆਂ ਦਾ ਮੀਂਹ ਵਰਾਉਂਦੇ ਰਹੇ।

ਤੁਹਾਡੇ ਬੱਚੇ
ਬਿਨਾ ਇਮਤਿਹਾਨ ਪਾਸ ਕੀਤੇ
ਉੱਚੀਆਂ ਕੁਰਸੀਆਂ ਨੂੰ ਲਾਏ ਭਾਗ
ਝੰਡੀ ਵਾਲੀ ਕਾਰ ‘ਚ ਬੈਠ
ਲੋਕਰਾਜ ਦਾ ਮੂੰਹ ਚਿੜਾਉਂਦੇ ਰਹੇ।

ਸਾਡੇ ਬੱਚੇ
ਡਿਗਰੀਆਂ ਦਾ ਭਾਰ ਚੁੱਕ
ਸਰਕਾਰੀ, ਗੈਰ-ਸਰਕਾਰੀ ਦਫ਼ਤਰਾਂ ਦੇ
ਚੱਕਰ ਲਾਉਂਦੇ ਰਹੇ
ਮਿਹਨਤ ਨਾਲ ਲਈਆਂ ਡਿਗਰੀਆਂ ਨੂੰ
ਦੇਖ-ਦੇਖ
ਚਿੱਤ ਪਰਚਾਉਂਦੇ ਰਹੇ।

ਗੰਦੀ ਨਾਲੀ ਦੇ ‘ਕਾਕਰੋਚਾ’ ਵਾਂਗ
ਨਰਕ ਵਰਗੀ ਜਿੰਦਗੀ
ਬਿਤਾਉੰਦੇ ਰਹੇ
ਬਿਤਾਉਂਦੇ ਰਹੇ।
***
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1841
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ