17 September 2024
kisan sangharsh

ਪੰਜ ਗ਼ਜ਼ਲਾਂ— ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ ਤਾਂ ਸੰਪੂਰਨ ਰੂਪ ਵਿੱਚ ਗ਼ਜ਼ਲ ਨੂੰ ਹੀ ਸਮਰਪਿਤ ਚਿਤੇਰਾ ਹੈ ਜਿਸਦੇ ਦੋ ਗ਼ਜ਼ਲ ਸੰਗ੍ਰਹਿ ਬਹੁਤ ਚਰਚਾ ਦਾ ਵਿਸ਼ਾ ਬਣੇ ਹਨ।  ਗ਼ਜ਼ਲਕਾਰ ਅਜੀਬ ਨੇ ਜੀਵਨ ਸਾਹਮਣੇ ਆਈਆਂ ਸਾਰੀਆਂ ਹੀ ਅਸੰਗਤੀਆਂ ਨੂੰ ਘੋਖਿਆ, ਨਿਹਾਰਿਆ ਅਤੇ ਸੁੰਦਰ ਭਾਸ਼ਾ ਵਰਤਦਿਆਂ ਬਿੰਬਾਂ-ਅਲੰਕਾਰਾਂ ਦੀ ਵਰਤੋਂ ਕੀਤੀ। ਡਾ. ਪ੍ਰੀਤਮ ਸਿੰਘ ਕੈਂਬੋ

੦ ਗ਼ਜ਼ਲ ੧

ਗੁਰਸ਼ਰਨ ਸਿੰਘ ਅਜੀਬ (ਲੰਡਨ)

ਜਾਗ   ਉਠਿਆ    ਦੋਸਤੋ   ਕਿਰਸਾਨ   ਮੇਰੇ   ਦੇਸ   ਦਾ॥
ਫੇਰ     ਵੀ    ਖ਼ਾਮੋਸ਼   ਹੈ   ਸੁਲਤਾਨ    ਮੇਰੇ   ਦੇਸ   ਦਾ॥

ਵੇਚਦਾ ਜੋ  ਚਾਹ ਗਰਮ  ਉਹ  ਬਣ  ਗਿਆ ਹੈ  ਬਾਦਸ਼ਾਹ,
ਜਾਪਦੈ   ਪੜਿਆ ਨਾ   ਉਸ  ਸੰਵਿਧਾਨ  ਮੇਰੇ   ਦੇਸ  ਦਾ॥

ਲੋਕ-ਤੰਤਰ  ਦੇ  ਮੁਤਾਬਕ  ਬਿਲ  ਨਾ   ਕਰਦਾ   ਪਾਸ   ਜੋ,
ਜੋ  ਜੀ   ਆਏ   ਕਰ   ਰਿਹੈ   ਪਰਧਾਨ  ਮੇਰੇ   ਦੇਸ  ਦਾ॥

ਖ਼ੁਦਕੁਸ਼ੀ  ਜੋ  ਕਰ  ਰਿਹਾ ਪਹਿਲੋਂ  ਹੀ   ਗ਼ੁਰਬਤ  ਦੇ ਖੁਣੋਂ,
ਉਸ ਦਾ ਹੀ  ਮੱਕੂ  ਬੰਨ੍ਹ ਰਿਹੈ  *ਦਰਬਾਨ  ਮੇਰੇ ਦੇਸ  ਦਾ॥

ਤੋੜ   ਕੇ   ਕਿਰਸਾਨ  ਨਾਕੇ   ਦਰ  ਤਿਰੇ  ‘ਤੇ   ਆ  ਗਿਐ,
ਦੇ  ਦਿਓ    ਇਨਸਾਫ਼  ਇਸਨੂੰ   ਮਾਨ   ਮੇਰੇ   ਦੇਸ   ਦਾ॥

ਬਿੱਲ  ਕਾਲਾ  ਹਾਕਮਾ  ਵਾਪਸ  ਤੂੰ  ਲੈ  ਲੈ  ਝਿਜਕ  ਬਿਨ,
ਕਹਿ   ਰਿਹਾ   ਹਰ   ਭਾਰਤੀ   ਈਮਾਨ  ਮੇਰੇ   ਦੇਸ  ਦਾ॥

ਦੇ  ਦਿਓ  “ਮੋਦੀ”   ਮਹੋਦੇ   ਹੱਕ   ਸਭ    ਕਿਰਸਾਨ   ਨੂੰ,
ਨਾ  ਜੇ    ਦਿੱਤੇ    ਹੋਵੇਗਾ   ਨੁਕਸਾਨ   ਮੇਰੇ   ਦੇਸ   ਦਾ॥

ਕਰ   ਲਵੋ  ਜਿੰਨੀ  ਵੀ  ਛੇਤੀ  ਹੱਲ  ਇਸ  ਨੂੰ  ਕਰ  ਸਕੋ,
ਛਿੜ   ਪਵੇ  ਨਾ  ਯੁਧ  ਕਿਤੇ  ਘਮਸਾਨ  ਮੇਰੇ  ਦੇਸ  ਦਾ॥

ਜੇ  ਨਾ  ਹੋਇਆ  ਬਿੱਲ   ਵਾਪਸ  ਡੋਲਸੀ   ਦਿੱਲੀ-ਸਦਨ,
ਫਟ ਵੀ  ਸਕਦੀ  ਹੈ   ਜ਼ਮੀਂ  ਅਸਮਾਨ   ਮੇਰੇ  ਦੇਸ  ਦਾ॥

ਹੁਣ ਨਾ ਮਸਲਾ ਸਿਰਫ਼ ਇਹ ਪੰਜਾਬ ਦਾ ਹੀ ਰਹਿ ਗਿਆ,
ਆਖਦੈ  ‘ਗੁਰਸ਼ਰਨ’  ਹਰ   ਇਨਸਾਨ  ਮੇਰੇ  ਦੇਸ   ਦਾ॥

ਕਹਿ ਰਿਹਾ ‘ਗੁਰਸ਼ਰਨ’  ਹੈ  ਨਾਰਾਜ਼  ਨਾ  ਇਸ  ਨੂੰ ਕਰੋ,
ਦੇ  ਦਿਓ   ਜੋ    ਮੰਗਦਾ   ਕਿਰਸਾਨ   ਮੇਰੇ   ਦੇਸ   ਦਾ॥
*ਦਰਬਾਨ = ਚੌਕੀਦਾਰ

(SISSx3+SIS)
***

ਮਿਰੇ ਪਰਮਾਤਮਾ ਦੇ ਦੇ ਕੋਈ ਵਰਦਾਨ ਗੁਲਸ਼ਨ ਨੂੰ।
(ISSSx4)

੦ ਗ਼ਜ਼ਲ ੨

ਮਿਰੇ ਪਰਮਾਤਮਾ  ਦੇ  ਦੇ ਕੋਈ  ਵਰਦਾਨ  ਗੁਲਸ਼ਨ  ਨੂੰ।
ਬਣਾ ਸੁੰਦਰ  ਹਸੀਂ ਰਮਣੀਕ ਗੁਲਿਸਤਾਨ  ਗੁਲਸ਼ਨ ਨੂੰ। 

ਦੁਆਵਾਂ  ਹੀ  ਦੁਆਵਾਂ  ਦੇ  ਮਿਰੇ  ਮੌਲਾ  ਸਦਾ ਇਸ  ਨੂੰ,
ਕਰੀਂ ਨਾ ਕਿਰਸ ਜਦ ਚਾੜ੍ਹੇਂ ਕਦੇ ਅਸਮਾਨ ਗੁਲਸ਼ਨ ਨੂੰ। 

ਰਿਝਾਵੇ  ਲੋਕਤਾ  ਵੰਡੇ  ਜੋ  ਮਹਿਕਾਂ  ਮੁਫ਼ਤ   ਲੋਕਾਂ  ਤੱਕ,
ਦਿਓ ਕੁਝ ਦੋਸਤੋ ਸਤਿਕਾਰ  ਤੇ ਸਨਮਾਨ  ਗੁਲਸ਼ਨ  ਨੂੰ। 

ਕਿ ਕਿੰਨੇ ਲੋਕ  ਆ  ਕੇ  ਟੁਰ  ਗਏ  ਨੇ   ਏਸ  ਦੇ  ਵਿੱਚੋਂ,
ਨਾ ਲੱਗਾ ਅੱਜ ਤੱਕ ਕੋਈ ਭੀ ਹੈ ਅਨੁਮਾਨ ਗੁਲਸ਼ਨ ਨੂੰ। 

ਨਾ   ਲੱਗੇ  ਦੋਸਤੋ  ਮਾੜੀ  ਨਜ਼ਰ  ਜਾਂ  ‘ਵਾ  ਕੁਈ  ਤੱਤੀ,
ਕਰੋ ਸਜਦੇ ਸਲਾਮਾਂ ਭੀ ਦਿਓ ਜਿੰਦ ਜਾਨ ਗੁਲਸ਼ਨ ਨੂੰ॥

ਦਿਖੇ ਨਾ ਉਜੜਿਆ ਗੁਲਸ਼ਨ ਕਦੇ ਵੀ ਏਸ ਜਗ ਅੰਦਰ,
ਅਜੇੇਹੇ ਹਾਲ ਵਿਚ ਗੁਲਸ਼ਨ ਨਹੀਂ ਪਰਵਾਨ ਗੁਲਸ਼ਨ ਨੂੰ। 

ਅਹੂਤੀ  ਪ੍ਰੇਮ  ਦੀ ਦੇ  ਕੇ  ਬਣਾਉਣੈਂ  ਸੁਰਗ ਇਹ ਆਪਾਂ,
‘ਅਜੀਬਾ’ ਰਲ ਮੁਹੱਬਤ ਨਿਹੁੰ ਕਰੋ ਪਰਦਾਨ ਗੁਲਸ਼ਨ ਨੂੰ। 

**

ਮੈਂ ਅਪਣਾ ਆਪ ਰੂਹ ਅਪਣੀ ਤੇ ਦਿਲ ਨੂੰ ਮਾਰ ਆਇਆ ਸਾਂ

੦ ਗ਼ ਜ਼ ਲ ੩

ਮੈਂ ਅਪਣਾ ਆਪ ਰੂਹ ਅਪਣੀ ਤੇ ਦਿਲ ਨੂੰ ਮਾਰ  ਆਇਆ  ਸਾਂ।
ਵਤਨ ਛਡ ਜਾਣ ਵੇਲੇ  ਲਾਹ  ਕੇ  ਕੁੰਜ  ਉੱਤਾਰ  ਆਇਆ  ਸਾਂ।

ਸਰ੍ਹੋਂ   ਦੇ   ਫੁੱਲ   ਵਾਂਗੂੰ   ਜੋ   ਸਦਾ   ਸੀ  ਟਹਿਕਦਾ   ਰਹਿੰਦਾ,
ਹਸੀਂ ਚਿਹਰੇ ਦੇ ਫੁੱਲ ਸਤਲੁਜ ‘ਚ ਅਪਣੇ  ਤਾਰ  ਆਇਆ  ਸਾਂ।

ਪਿਤਾ   ਮਾਤਾ   ਭਰਾ    ਭੈਣਾਂ   ਨੂੰ    ਰੋਂਦੇ   ਧੋਂਦਿਆਂ    ਛੱਡ  ਕੇ,
ਬਿਗਾਨੇ  ਦੇਸ  ਵਿੱਚ  ਢੂੰਡਣ   ਕੋਈ   ਰੁਜ਼ਗਾਰ  ਆਇਆ ਸਾਂ।

ਅਨੇਕਾਂ  ਮਿੱਠੀਆਂ   ਯਾਦਾਂ  ਦੀ   ਲੈ   ਕੇ   ਪੰਡ  ਅਪਣੇ  ਨਾਲ,
ਮੈਂ   ਹਉਮੇ  ਆਪਣੀ  ਦਾ ਕਰ  ਓਥੇ  ਸੰਸਕਾਰ  ਆਇਆ  ਸਾਂ।

ਨਹੀਂ   ਉਹ  ਭੁੱਲਦਾ   ਮੈਨੂੰ   ਸਮਾਂ  ਅਪਣੀ   ਵਿਦਾਇਗੀ   ਦਾ,
ਜਦੋਂ  ਛੱਡ  ਸਾਰਿਆਂ  ਨੂੰ  ਸੱਤ   ਸਮੁੰਦਰ  ਪਾਰ  ਆਇਆ  ਸਾਂ।

ਸਿਵਾਏ  ਇਕ  ਦੋ  ਮਿੱਤਰਾਂ  ਦੇ  ਨਹੀਂ  ਕੋਈ  ਵੇਖਿਆ  ਮੁੜ  ਕੇ,
ਬੜੇ  ਮਿੱਤਰ-ਪਿਆਰੇ  ਜੋ  ਮੈਂ  ਛੱਡ   ਦਿਲਦਾਰ  ਆਇਆ  ਸਾਂ।

ਵਲੈਤੀ   ਧਰਤ   ਨੇ    ਵਲਿਆ  ਇਵੇਂ   ਮੈਨੂੰ   ਜਿਵੇਂ   ਸੱਪ   ਨੇ,
ਮੈਂ ਇਕ  ਦੋ  ਸਾਲ  ਲਾ  ਕੇ  ਮੁੜਣ  ਨੂੰ  ਸਰਕਾਰ  ਆਇਆ ਸਾਂ।

ਨਿਮੋਹੀ   ਧਰਤ  ‘ਤੇ   ਜ਼ਿੰਦਾ   ਰਹੇ   ਬਣ   ਬੈਲ   ਕੋਹਲੂ    ਦਾ,
ਬਣੇ   ਨਾ  ਪਰ   ਬਨਾਵਣ  ਰੋਕੜੇ   ਮੈਂ  ਯਾਰ    ਆਇਆ  ਸਾਂ।

ਉਡੀਕਾਂ   ਤੇਰੀਆਂ   ਕਰਦੀ   ‘ਅਜੀਬਾ’   ਟੁਰ   ਗਈ   ਅੰਮੜੀ,
ਨਾ ਮੁੜ ਸਕਿਆ ਮਗਰ ਮੁੜਣੇ ਦਾ ਕਰ ਇਕਰਾਰ ਆਇਆ ਸਾਂ।

(ISSSx4)

ਵੈਸੇ ਗੁਜ਼ਰ ਰਹੇ ਨੇ ਦਿਨ ਤਾਂ ਖ਼ੁਸ਼ੀ ਦੇ ਨਾਲ। 

੦ ਗ਼ ਜ਼ ਲ ੪

ਵੈਸੇ  ਗੁਜ਼ਰ   ਰਹੇ  ਨੇ   ਦਿਨ  ਤਾਂ   ਖ਼ੁਸ਼ੀ   ਦੇ  ਨਾਲ।
ਫਿਰ ਭੀ ਗ਼ਮੀ ਹੈ ਚੱਲਦੀ  ਮਿਰੀ  ਜ਼ਿੰਦਗੀ  ਦੇ  ਨਾਲ। 

“ਬੇਟੀ ਬਚਾਓ”  ਨਾਹਰਾ  ਸੁਣ ਸੁਣ ਕੇ ਥਕ ਗਿਆ ਮੈਂ,
ਫਿਰ ਹੋ ਰਿਹਾ ਕਿਉਂ   ਸ਼ੋਸ਼ਨ  ਕੰਜਕ-ਕਲੀ  ਦੇ  ਨਾਲ। 

ਸੀ   ਪੁਸ਼ਪ-ਸੇਜ   ਜੀਵਨ  .ਬਣਿਆ    ਹੈ  ਖ਼ਾਰ-ਸੇਜ,
ਫਿਰ  ਭੀ  ਮੈਂ ਜੀ  ਰਿਹਾ ਹਾਂ  ਜ਼ਿੰਦਾ-ਦਿਲੀ  ਦੇ  ਨਾਲ। 

ਪਰਵਰਦਿਗਾਰ   ਮੇਰੇ   ਮੇਰੇ  ‘ਤੇ   ਮਿਹਰ   ਕਰ   ਦੇ,
ਜੀਣਾ  ਨਹੀਂ   ਮੈਂ  ਸਿੱਖਿਆ ਹੈ  ਬੁਜ਼ਦਿਲੀ  ਦੇ  ਨਾਲ। 

ਔਕੜ  ਮੁਸੀਬਤਾਂ   ਗ਼ਮ   ਨਿਤ   ਟੁਰਨ   ਸੰਗ-ਸੰਗ,
ਹੁਣ ਸਿੱਖ  ਲਿਆ ਹੈ ਜੀਣਾ ਮੈਂ  ਹਰ  ਘੜੀ ਦੇ  ਨਾਲ। 

ਕਿਰਸਾਨ ਮਰ ਰਿਹਾ  ਨਿਤ  ਫਾਹੇ ਹੈ ਲੈ ਲੈ  ਗਲ ‘ਚ,
ਸ਼ਾਲਾ ਮਰੇ  ਨਾ  ਕਿਰਤੀ  ਕੋਈ  ਖ਼ੁਦਕੁਸ਼ੀ  ਦੇ  ਨਾਲ। 

ਸਭ ਕੁਝ ਮੈਂ ਸਹਿਨ ਕਰ ਲਾਂ, ਹੋਵੇ ਨਾ ਮੈਥੋਂ  ਇਕ  ਸ਼ੈ,
ਫਲਦੀ  ਜਦੋਂ   ਬਦੀ  ਹੈ  ਹਰ  ਸ਼ੁਭਦਿਲੀ  ਦੇ  ਨਾਲ। 

ਰੌਸ਼ਨ ਬਨੇਰੇ  ਕਰਨੇ  ਘਰ-ਘਰ ‘ਚ  ਜਾ   ਕੇ  ਯਾਰੋ,
ਹਰ   ਘਰ  ਨੂੰ   ਰੌਸ਼ਨਾਣੈ  ਚੁੱਲ੍ਹੇ  ਤੇ  ਬਿਜਲੀ  ਨਾਲ। 

ਛੋਟੀ   ਹੈ   ਜ਼ਿੰਦਗਾਨੀ   ਸ਼ਿਕਵੇ-ਗਿਲੇ  ਨਾ ਕਰ  ਤੂੰ,
ਮਿਲਦੀ  ਖ਼ੁਸ਼ੀ   ਕਦੇ   ਨਾ    ਨਾਰਾਜ਼ਗੀ  ਦੇ  ਨਾਲ। 

ਰਬ ਤੋਂ  ਬਿਨਾਂ ਨਾ  ਪੂਰਨ ਕੋਈ  ਬਸ਼ਰ  ਹੈ ਜਗ  ‘ਤੇ,
ਜੀਂਦਾ  ਹੈ  ਹਰ   ਪਰਾਣੀ   ਖ਼ਾਮੀ-ਕਮੀ    ਦੇ  ਨਾਲ। 

ਰਲ ਕੇ ‘ਅਜੀਬ’ ਸਭ ਸੰਗ ਦੁਨੀਆ ‘ਚ ਪਿਆਰ ਵੰਡ,
ਮਸਲੇ   ਨਾ  ਹੱਲ  ਹੁੰਦੇ  ਜੰਗ   ਜਾਂ  ਲੜਾਈ   ਨਾਲ। 

ਲੋਚੇ ‘ਅਜੀਬ’  ਸਭ ਦੀ  ਨਿਤ  ਖ਼ੈਰ  ਹੀ  ਇਹ  ਖ਼ੈਰ,
ਇਸ ਦੀ ਖ਼ੁਸ਼ੀ  ਖ਼ੁਸ਼ੀ  ਹੈ  ਸਭ  ਦੀ  ਖ਼ੁਸ਼ੀ  ਦੇ  ਨਾਲ। 

ਵਧੀਆ  ਹੁਸੀਨ  ਜੀਵਨ   ਜੀਣਾ  ਅਗਰ  ‘ਅਜੀਬ’,
ਜੀ  ਲੈ  ਖ਼ੁਸ਼ੀ  ਖ਼ੁਸ਼ੀ   ਤੂੰ  ਨਿਤ  ਸਾਦਗੀ  ਦੇ  ਨਾਲ। 

ਤੇਰੀ ਗ਼ਜ਼ਲ ‘ਚ  ਖ਼ਾਮੀ  ‘ਗੁਰਸ਼ਰਨ’  ਰਹਿ  ਗਈ ਜੇ,
ਕਿੱਦਾਂ   ਗੁਜ਼ਰ   ਕਰੇਂਗਾ   ਖ਼ਾਮੀ-ਕਮੀ ਦੇ   ਨਾਲ॥

ਤੇਰੀ   ਗ਼ਜ਼ਲ  ‘ਅਜੀਬਾ’   ਮੰਦਰ   ਹੈ   ਜਾਂ  ਮਸੀਤ,
ਇਸ   ਦਾ  ਸੰਬੰਧ  ਗੂੜ੍ਹਾ  ਤੇਰੀ   ਬੰਦਗੀ  ਦੇ  ਨਾਲ।  

**

ਜੀਵਨ ਸੁਰੱਖਿਅਤ ਨਾ ਰਿਹਾ ਤਨ ਮਨ ਬੜਾ ਬੇਜ਼ਾਰ ਹੈ॥
(SSISX4)

੦ ਗ਼ ਜ਼ ਲ ੫

ਜੀਵਨ  ਸੁਰੱਖਿਅਤ  ਨਾ  ਰਿਹਾ  ਤਨਮਨ  ਬੜਾ  ਬੇਜ਼ਾਰ  ਹੈ॥
ਗ਼ਾਇਬ ਹੈ ਇਸ ‘ਚੋਂ ਹਰ ਖ਼ੁਸ਼ੀ ਭੀ ਗੁੰਮ  ਗੁਲੋ-ਗੁਲਜ਼ਾਰ  ਹੈ॥

ਕਦਰਾਂ   ਦਾ  ਹੋਇਆ   ਘਾਣ  ਨਾਲੇੇ  ਕੀਮਤਾਂ  ਵੀ   ਲਾ-ਪਤਾ,
ਦਿਸਦੀ  ਕਿਰਨ  ਨਾ  ਆਸ  ਦੀ  ਜੀਣਾ  ਬੜਾ  ਦੁਸ਼ਵਾਰ  ਹੈ॥

ਖ਼ੁਦਗ਼ਰਜ਼ੀਆਂ   ਬਈਮਾਨੀਆਂਂ  ਚਾਲਾਕੀਆਂ   ਪਰਧਾਨ   ਨੇ,
ਕਰਦਾ  ਮੁਹੱਬਤ  ਨਾ  ਕੋਈ  ਪੈਸੇ  ਦਾ  ਹਰ  ਕੋਈ  ਯਾਰ ਹੈ॥

ਚਾਰੋਂ  ਤਰਫ਼  ਪੱਸਰੀ  ਹੈ  ਚਾਦਰ  ਝੂਠ  ਦੀ  ਹਿੱਕ  ਤਾਣ  ਕੇ,
ਲਭਦੇ  ਨਾ   ਸੱਚੇ    ਲੋਕ   ਬਣਿਆਂ   ਝੂਠ   ਲੰਬਦਾਰ   ਹੈ॥

ਨਾਦਾਨੀਆਂ    ਮਾਸੂਮੀਆਂ  ਸਭ  ਚਿਹਰਿਆਂ   ਤੋਂ   ਗੁੰਮ  ਨੇ,
ਪਰਦੇ  ਮੁਹੱਬਤ  ਹੇਠ  ਲੇਕਿਨ  ਪਲ  ਰਿਹਾ  ਵਿਉਪਾਰ  ਹੈ॥

ਚੁੱਕੀ  ਚਿਖ਼ਾ ਫ਼ਿਕਰਾਂ  ਦੀ  ਸਿਰ ‘ਤੇ  ਹਰ  ਕੋਈ  ਦੌੜੇ ਪਿਆ,
ਬੁਖ਼ਲਾ ਗਿਆ ਹਰ  ਸ਼ਖ਼ਸ  ਸਭਨਾਂ  ਦੇ ਸਿਰਾਂ  ‘ਤੇ  ਭਾਰ ਹੈ॥

ਬਣਕੇ  ਕਮਲ   ਦਾ   ਫੁੱਲ  ਚਿੱਟਾ  ਆਪਣਾ  ਜੀਵਨ  ਬਿਤਾ,
ਗੰਦਲਾ ਗਿਆ ‘ਗੁਰਸ਼ਰਨ’ ਬਿਲਕੁਲ ਅੱਜ ਦਾ ਸੰਸਾਰ  ਹੈ॥

ਗੁਰਸ਼ਰਨ ਸਿੰਘ ਅਜੀਬ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →