ਗ਼ਾਲਿਬ ਸਾਹਿਬ ਨੇ ਇਹ ਤਾਂ ਸਮਝ ਲਿਆ ਸੀ ਕਿ ਦਰਦ ਦਾ ਹੱਦ ਤੋਂ ਗੁਜ਼ਰ ਜਾਣਾ ਦਵਾਈ ਬਣ ਜਾਂਦਾ ਹੈ, ਪਰ ਉਹ ਇਹ ਨਹੀਂ ਸਮਝ ਸਕੇ ਕਿ ਦਵਾਈ ਦੀ ਕੀਮਤ ਦਾ ਹੱਦ ਤੋਂ ਗੁਜ਼ਰ ਜਾਣਾ ਦਰਦ ਬਣ ਜਾਂਦਾ ਹੈ। ਹੁਣ ਤਾਂ ਬੀਮਾਰ ਹੋਣ ਲਈ ਵੀ ਹੈਸੀਅਤ ਵਾਲਾ ਹੋਣਾ ਬਹੁਤ ਜ਼ਰੂਰੀ ਹੈ। ਨਬਜ਼ ਵੇਖਦੇ ਹੋਏ ਡਾਕਟਰ ਸਾਹਿਬ ਜੋ ਇਹ ਪੁੱਛਦੇ ਹਨ ਕਿ ਨਾਸ਼ਤੇ ਵਿੱਚ ਕੀ ਖਾਧਾ ਸੀ? ਤਾਂ ਇਸ ਸੁਆਲ ਦਾ ਬੀਮਾਰੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਗੱਲ ਪੁੱਛ ਕੇ ਡਾਕਟਰ ਆਪਣੇ ਮਰੀਜ਼ ਦੀ ਹੈਸੀਅਤ ਦਾ ਅੰਦਾਜ਼ਾ ਲਾਉਂਦੇ ਹਨ। ਸਰੀਰ ਬੀਮਾਰ ਹੋਵੇ, ਇਹਦੇ ਲਈ ਜੇਬ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਹੋ ਕਾਰਨ ਹੈ ਕਿ ਗਰੀਬਾਂ ਵਿੱਚ ਬੀਮਾਰ ਹੋਣ ਦਾ ਰਿਵਾਜ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਹੈ। ਹੁਣ ਅਮੀਰ ਦੇ ਬੀਮਾਰ ਹੋਣ ਦੀ ਅਤੇ ਗਰੀਬ ਦੇ ਮਰਨ ਦੀ ਖਬਰ ਆਉਂਦੀ ਹੈ। ਗਰੀਬ ਬਹੁਤ ਦਿਨਾਂ ਤੱਕ ਜਿਉਂਦਾ ਹੈ ਫਿਰ ਇੱਕ ਦਿਨ ਮਰ ਜਾਂਦਾ ਹੈ, ਜੀਣ ਅਤੇ ਮਰਨ ਦੇ ਵਿਚਾਲੇ ਉਹ ਬੀਮਾਰ ਨਹੀਂ ਹੁੰਦਾ। ਬੀਮਾਰ ਉਹੀ ਅਖਵਾਉਂਦੇ ਹਨ ਜੋ ਬੀਮਾਰੀ ਨੂੰ ਸਵੀਕਾਰ ਕਰਦੇ ਹਨ, ਗਰੀਬ ਇਹਨੂੰ ਬਰਦਾਸ਼ਤ ਕਰਦਾ ਹੈ। ਜਦੋਂ ਤੋਂ ਇਲਾਜ ਮਹਿੰਗਾ ਹੋਇਆ ਹੈ, ਪੈਸੇ ਵਾਲਿਆਂ ਨੂੰ ਬੀਮਾਰ ਹੋਣ ਦੀ ਬੀਮਾਰੀ ਲੱਗ ਗਈ ਹੈ। ਬੀਮਾਰ ਰਹਿਣ ਵਿੱਚ ਹੀ ਉਹ ਆਪਣੀ ਸ਼ਾਨ ਸਮਝਦੇ ਹਨ। ਵਿਖਾਵੇ ਦੀ ਇਸ ਖੇਡ ਵਿੱਚ ਨਾ ਦਰਦ ਹੈ ਨਾ ਦਵਾਈ ਹੈ, ਬਸ ਬੀਮਾਰੀ ਹੈ। ਅੱਜ ਕੱਲ੍ਹ ਮੇਰੀ ਤਬੀਅਤ ਠੀਕ ਨਹੀਂ ਰਹਿੰਦੀ, ਚਾਰ ਲੋਕਾਂ ਵਿੱਚ ਇਹ ਕਹਿਣ ਵਿੱਚ ਜੋ ਸੁਖ ਮਿਲਦਾ ਹੈ, ਉਹ ਅਦਭੁਤ ਹੈ। ਜਿਵੇਂ ਕਿਸੇ ਨੂੰ ਸ਼ਰਾਬ ਅਤੇ ਕਿਸੇ ਨੂੰ ਜੂਏ ਦੀ ਭੈੜੀ ਵਾਦੀ ਹੁੰਦੀ ਹੈ, ਉਸੇ ਤਰ੍ਹਾਂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਬੀਮਾਰ ਹੋਣ ਦੀ ਲਤ ਲੱਗ ਗਈ ਹੈ। ਹਾਲਾਂਕਿ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ, ਫਿਰ ਵੀ ਡਾਕਟਰ ਇਨ੍ਹਾਂ ਨੂੰ ਦਵਾਈਆਂ ਦਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਇਹ ਦਵਾਈ ਲਏ ਬਿਨਾਂ ਮੰਨਣਗੇ ਨਹੀਂ। ਇਨ੍ਹਾਂ ਨੂੰ ਦਵਾਈਆਂ ਦਿੱਤੀਆਂ ਹੀ ਨਹੀਂ ਜਾਂਦੀਆਂ ਸਗੋਂ ਬਦਲ-ਬਦਲ ਕੇ ਦਿੱਤੀਆਂ ਜਾਂਦੀਆਂ ਹਨ, ਵੱਖ-ਵੱਖ ਰੰਗਾਂ ਦੀਆਂ ਦਿੱਤੀਆਂ ਜਾਂਦੀਆਂ ਹਨ। ਉਸ ਡਾਕਟਰ ਨੂੰ ਇਹ ਡਾਕਟਰ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ, ਜੋ ਇੰਜੈਕਸ਼ਨ ਨਹੀਂ ਲਾਉਂਦਾ ਗੁਲੂਕੋਜ਼ ਨਹੀਂ ਚੜ੍ਹਾਉਂਦਾ। ਇਹ ਜੋ ਸ਼ੌਕੀਆ ਬੀਮਾਰ ਹੁੰਦੇ ਹਨ, ਬਹੁਤ ਦਿਲਚਸਪ ਬੀਮਾਰ ਹੁੰਦੇ ਹਨ। ਖਾਣ-ਪੀਣ ਤੇ ਇਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੁੰਦਾ। ਹੱਸਦੇ ਕੀ ਹਨ, ਠਹਾਕੇ ਲਾਉਂਦੇ ਹਨ ਪਰ ਜਿਵੇਂ ਹੀ ਕੋਈ ਮੁਲਾਕਾਤੀ ਆਉਂਦਾ ਹੈ ਸੀਰੀਅਸ ਹੋ ਜਾਂਦੇ ਹਨ, ਸ਼ਾਲ ਲੈ ਲੈਂਦੇ ਹਨ ਅਤੇ ਹੌਲੀ-ਹੌਲੀ ਬੋਲਦੇ ਹਨ। ਬੈਠੇ ਹਨ ਤਾਂ ਮੁਸ਼ਕਿਲ ਨਾਲ ਖੜ੍ਹੇ ਹੁੰਦੇ ਹਨ ਅਤੇ ਖੜ੍ਹੇ ਹਨ ਤਾਂ ਬੈਠਣ ਵਿੱਚ ‘ਆ’, ‘ਊ’ ਕਰਦੇ ਹਨ। ਮੁਲਾਕਾਤੀ ਪੁੱਛਦਾ ਹੈ – ਹੋਇਆ ਕੀ ਹੈ ਤਾਂ ਕਹਿੰਦੇ ਹਨ ਇਹੋ ਤਾਂ ਸਮਝ ਨਹੀਂ ਆ ਰਿਹਾ, ਡਾਕਟਰ ਖੁਦ ਪ੍ਰੇਸ਼ਾਨ ਹੈ ਕਿ ਹੋਇਆ ਕੀ ਹੈ? ਜਿਸਮ ਟੁੱਟ ਰਿਹਾ ਹੈ, ਜਿਸਮ ਵਿੱਚ ਹਰਾਰਤ ਹੈ, ਬੁਖ਼ਾਰ ਚੜ੍ਹ ਰਿਹਾ ਹੈ ਉੱਤਰ ਰਿਹਾ ਹੈ। ਮੁਲਾਕਾਤੀ ਮੱਥਾ ਛੋਹ ਕੇ ਕਹਿੰਦਾ ਹੈ – ਸਰੀਰ ਗਰਮ ਤਾਂ ਨਹੀਂ ਹੈ ਤਾਂ ਕਹਿੰਦੇ ਹਨ – ਅੰਦਰੂਨੀ ਬੁਖ਼ਾਰ ਹੈ। ਹੁਣ ਉਹਨੂੰ ਕਿਵੇਂ ਸਮਝਾਉਣ ਕਿ ਖਿਆਲੀ ਬੁਖ਼ਾਰ ਵਿੱਚ ਟੈਂਪਰੇਚਰ ਨਹੀਂ ਹੁੰਦਾ। ਜਿਸਮ ਟੁੱਟ ਰਿਹਾ ਹੈ ਅਤੇ ਸਰੀਰ ਵਿੱਚ ਹਰਾਰਤ ਹੈ। ਇਹ ਅਜਿਹੀ ਬੀਮਾਰੀ ਹੈ ਜਿਸ ਵਿੱਚ ਐਕਸ-ਰੇ ਵਰਗੀ ਤਕਨੀਕ ਦਾ ਵੀ ਇਸਤੇਮਾਲ ਨਹੀਂ ਹੋ ਸਕਦਾ। ਇਨ੍ਹਾਂ ਦੀ ਜੋ ਹਰਾਰਤ ਹੈ, ਉਹ ਇਨ੍ਹਾਂ ਦੀ ਸ਼ਰਾਰਤ ਹੈ। ਜਿਸਮ ਦਾ ਟੁੱਟਣਾ ਕਿਸੇ ਟਹਿਣੀ ਦਾ ਟੁੱਟਣਾ ਤਾਂ ਹੈ ਨਹੀਂ ਜੋ ਵਿਖਾਈ ਦੇਵੇ। ਇਨ੍ਹਾਂ ਅੱਖਾਂ ਨੇ ਬੀਮਾਰੀ ਦੇ ਐਸੇ-ਐਸੇ ਸ਼ੌਕੀਨ ਵੇਖੇ ਹਨ ਜੋ ਕਿਸੇ ਇੱਕ ਬੀਮਾਰੀ ਤੋਂ ਕਦੇ ਸੰਤੁਸ਼ਟ ਨਹੀਂ ਹੁੰਦੇ। ਇਨ੍ਹਾਂ ਨੂੰ ਰੋਜ਼ ਸਵੇਰੇ ਚਾਹ ਅਤੇ ਬਿਸਕੁਟ ਦੇ ਨਾਲ ਰੋਗ ਦਾ ਇੱਕ ਨਵਾਂ ਨਾਂ ਚਾਹੀਦਾ ਹੈ। ਇਨ੍ਹਾਂ ਨੇ ਇਸ ਕੰਮ ਲਈ ਇੱਕ ਮੈਨੇਜਰ-ਨੁਮਾ ਬੰਦਾ ਵੀ ਰੱਖਿਆ ਹੁੰਦਾ ਹੈ ਜੋ ਇਨ੍ਹਾਂ ਦੀ ਬੀਮਾਰੀ ਨੂੰ ਮੈਨੇਜ ਕਰਦਾ ਹੈ, ਉਹਦਾ ਚੰਗੀ ਤਰ੍ਹਾਂ ਪ੍ਰਚਾਰ ਕਰਦਾ ਹੈ। ਜੇ ਠੀਕ ਤਰ੍ਹਾਂ ਪ੍ਰਚਾਰ ਹੀ ਨਾ ਹੋਵੇ ਤਾਂ ਬੀਮਾਰ ਹੋਣ ਦਾ ਕੋਈ ਫ਼ਾਇਦਾ ਹੀ ਨਹੀਂ ਹੈ। ਇੱਕ ਬੀਮਾਰ ਸੇਠ ਨੇ ਆਪਣੇ ਨੌਕਰ ਨੂੰ ਸਿਰਫ਼ ਇਸੇ ਲਈ ਕੱਢ ਦਿੱਤਾ ਕਿਉਂਕਿ ਉਹ ਬੀਮਾਰ ਹੋ ਗਿਆ ਸੀ। ਸੇਠ ਦਾ ਕਹਿਣਾ ਸੀ – ਕਮਬਖ਼ਤ ਨੌਕਰ ਹੋ ਕੇ ਮਾਲਕ ਦੀ ਬਰਾਬਰੀ ਕਰਦਾ ਹੈ! ਬੀਮਾਰੀ ਦਾ ਸ਼ੌਕ ਵੀ ਬਹੁਤ ਮਹਿੰਗਾ ਸ਼ੌਕ ਹੈ ਅਤੇ ਇਸ ਵਿੱਚ ਪ੍ਰਤਿਯੋਗਤਾ ਵੀ ਬਹੁਤ ਹੈ। ਖ਼ੁਦ ਦੀ ਬੀਮਾਰੀ ਮੈਨੇਜ ਕਰਨ ਦੇ ਨਾਲ-ਨਾਲ ਦੂਜੇ ਦੀ ਬੀਮਾਰੀ ਤੇ ਵੀ ਨਜ਼ਰ ਰੱਖਣੀ ਹੁੰਦੀ ਹੈ। ਇੱਕ ਕਾਲਪਨਿਕ ਬੀਮਾਰ ਕਦੇ ਨਹੀਂ ਚਾਹੇਗਾ ਕਿ ਕੋਈ ਦੂਜਾ ਕਾਲਪਨਿਕ ਬੀਮਾਰ ਬੀਮਾਰੀ ਵਿੱਚ ਉਸ ਤੋਂ ਅੱਗੇ ਨਿਕਲ ਜਾਵੇ। ਜੋ ਜਿੰਨਾਂ ਵੱਡਾ ਪੂੰਜੀਪਤੀ ਉਹ ਉਨੀ ਹੀ ਸ਼ਾਨ ਨਾਲ ਬੀਮਾਰ ਹੁੰਦਾ ਹੈ। ਬੀਮਾਰ ਹੋਣ ਦੀ ਇਹ ਆਪਸ ਵਿੱਚ ਇੱਕ-ਦੂਜੇ ਨੂੰ ਵਧਾਈ ਵੀ ਦਿੰਦੇ ਹਨ। ਇਹ ਸਭ ਪੁਰਾਣੇ ਖਾਨਦਾਨੀ ਰਈਸ ਹੁੰਦੇ ਹਨ, ਜੋ ਨਵੇਂ ਰਈਸ ਨੂੰ ਕਦੇ ਸਵੀਕਾਰ ਹੀ ਨਹੀਂ ਕਰਦੇ। ਇੱਕ ਬੀਮਾਰ ਨੂੰ ਉਸ ਵੇਲੇ ਸੱਪ ਸੁੰਘ ਗਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਉਹਦਾ ਇੱਕ ਪ੍ਰਤਿਯੋਗੀ ਸਿਹਤ ਵਿੱਚ ਸੁਧਾਰ ਲਈ ਮਸੂਰੀ ਗਿਆ ਹੈ ਤਾਂ ਉਨ੍ਹਾਂ ਨੇ ਫ਼ੌਰਨ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਪਰ ਉਸ ਵੇਲੇ ਉਨ੍ਹਾਂ ਦੀ ਤਬੀਅਤ ਸੱਚਮੁੱਚ ਖਰਾਬ ਹੋ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਗੁਆਂਢੀ ਹਵਾ-ਪਾਣੀ ਬਦਲਣ ਲਈ ਸਵਿਟਜ਼ਰਲੈਂਡ ਚਲਾ ਗਿਆ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015