21 January 2025

ਯਾਦਾਂ ਵਿੱਚ ਪਿਤਾ —ਪ੍ਰੋ. ਨਵ ਸੰਗੀਤ ਸਿੰਘ

ਪਿਤਾ ਜੀ ਸਾਲ 2002 ਵਿੱਚ ਆਪਣੀ ਸਭ ਤੋਂ ਛੋਟੀ ਪੋਤੀ ਤੇ ਸਭ ਤੋਂ ਛੋਟੀ ਨੂੰਹ ਨਾਲ ਇੱਕ ਸਮਾਗਮ ਸਮੇਂ।

ਪਿਤਾ ਜੀ (8.1.1921-22.5.2013) ਨੂੰ ਗਿਆਂ 11 ਵਰ੍ਹੇ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਛਾਪ ਮੇਰੇ ਮਨ-ਮਸਤਕ ਵਿੱਚ ਅਜੇ ਵੀ ਸੱਜਰੀ ਹੈ। ਉਨ੍ਹਾਂ ਨੇ ਇੱਕ ਸਾਧਾਰਨ ਕਿਰਤੀ ਪਰਿਵਾਰ ‘ਚੋਂ ਉੱਠ ਕੇ ਸਕੂਲ-ਮਾਸਟਰੀ ਕਰਦਿਆਂ ਨੌਂ ਜੀਆਂ ਦੇ ਵੱਡੇ ਪਰਿਵਾਰ ਨੂੰ ਬੜੀ ਸੁਚੱਜੀ ਤਰ੍ਹਾਂ ਪਾਲਿਆ। ਉਨ੍ਹਾਂ ਕੋਲ਼ ਮਾਮੂਲੀ ਨੌਕਰੀ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਜ਼ਰੀਆ ਨਹੀਂ ਸੀ- ਨਾ ਜ਼ਮੀਨ-ਜਾਇਦਾਦ, ਨਾ ਘਰ-ਬਾਰ। ਆਪਣੀ ਤੀਹ ਵਰ੍ਹਿਆਂ ਦੀ ਨੌਕਰੀ ਅਤੇ ਪਿੱਛੋਂ ਮਿਲਣ ਵਾਲੀ ਪੈਨਸ਼ਨ ਵਿੱਚ ਹੀ ਉਹ ਸੰਤੁਸ਼ਟ ਰਹੇ। ਆਪਣੀ ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਆਪਣਾ ਘਰ ਬਣਾਉਣ ਦਾ ਕਦੇ ਖਿਆਲ ਤੱਕ ਵੀ ਜ਼ਿਹਨ ਵਿੱਚ ਨਹੀਂ ਲਿਆਂਦਾ ਤੇ ਪੂਰੀ ਉਮਰ ਕਿਰਾਏ ਦੇ ਘਰਾਂ ਵਿਚ ਬਿਤਾ ਦਿੱਤੀ।

ਉਹ ਆਪਣੀ ਪੌਸ਼ਾਕ ਬਾਰੇ ਵੀ ਬਹੁਤ ਸੁਚੇਤ ਰਹੇ। ਸਕੂਲ ਵਿੱਚ ਸਿਰਫ਼ ਸਾਧਾਰਨ ਕਮੀਜ਼-ਪਜਾਮਾ ਅਤੇ ਇੱਕੋ ਰੰਗ ਦੀ ਪਗੜੀ ਹੀ ਉਨ੍ਹਾਂ ਦਾ ਪਹਿਰਾਵਾ ਰਿਹਾ। ਕਿਸੇ ਵੀ ਸਮਾਗਮ ਜਾਂ ਤਿਉਹਾਰ ਦੇ ਮੌਕੇ ਵੀ ਉਨ੍ਹਾਂ ਨੇ ਕਦੇ ਪੈਂਟ-ਸ਼ਰਟ ਨਹੀਂ ਪਹਿਨੀ। ਹਾਂ, ਸਰਦੀਆਂ ਵਿਚ ਉਨ੍ਹਾਂ ਕੋਲ ਕੋਟ ਜ਼ਰੂਰ ਹੁੰਦਾ ਸੀ। ਬੂਟ ਵੀ ਇੱਕੋ ਕਿਸਮ ਦੇ, ਕਾਲੇ ਰੰਗ ਦੇ, ਫੀਤਿਆਂ ਤੋਂ ਬਗ਼ੈਰ।

ਸਵਾਰੀ ਲਈ ਪਿਤਾ ਜੀ ਕੋਲ ਸਾਰੀ ਉਮਰ ਸਾਈਕਲ ਹੀ ਰਿਹਾ। ਸਕੂਟਰ/ ਮੋਟਰ ਸਾਈਕਲ ਖ਼ਰੀਦਣ ਦੀ ਨਾ ਉਨ੍ਹਾਂ ਵਿਚ ਸਮਰੱਥਾ ਸੀ, ਨਾ ਹੀ ਸ਼ੌਕ। ਜਿੱਥੋਂ ਤਕ ਸੰਭਵ ਹੋ ਸਕਿਆ, ਉਨ੍ਹਾਂ ਨੇ ਸਾਈਕਲ ਦੀ ਸਵਾਰੀ ਹੀ ਕੀਤੀ। ਆਪਣੀ ਨੌਕਰੀ ਦੌਰਾਨ ਪੰਦਰਾਂ-ਸੋਲ਼ਾਂ ਕਿਲੋਮੀਟਰ ਤੱਕ ਦਾ ਸਫਰ ਉਨ੍ਹਾਂ ਨੇ ਸਾਈਕਲ ਤੇ ਹੀ ਕੀਤਾ। ਸਾਨੂੰ ਛੋਟੇ ਤਿੰਨ ਬੱਚਿਆਂ ਨੂੰ ਉਹ ਸਾਈਕਲ ਤੇ ਲੈ ਕੇ ਬਾਜ਼ਾਰ ਜਾਂਦੇ। ਸਾਈਕਲ ਦੀ ਟੋਕਰੀ ਅਤੇ ਪਿਛਲੇ ਪਾਸੇ ਕੈਰੀਅਰ ਵੀ ਜ਼ਰੂਰ ਹੁੰਦਾ।

ਵਿਸਾਖੀ/ ਦੀਵਾਲੀ ਦੇ ਤਿਉਹਾਰਾਂ ਤੇ ਘਰ ਵਿਚ ਫਲ਼ ਤਾਂ  ਆਉਂਦੇ, ਮਿਠਾਈ ਬਿਲਕੁਲ ਨਹੀਂ। ਬੱਚਿਆਂ ਦੇ ਜਨਮ-ਦਿਨਾਂ ਤੇ ਘਰ ਵਿਚ ਖੀਰ ਬਣਦੀ, ਹੋਰ ਕੁਝ ਨਹੀਂ।

ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਰਿਹਾ। ਘਰ ਵਿੱਚ ਉਨ੍ਹਾਂ ਕੋਲ ਆਪਣੀਆਂ ਕਾਫ਼ੀ ਕਿਤਾਬਾਂ ਤੇ ਮੈਗਜ਼ੀਨ ਸਨ, ਖਾਸ ਤੌਰ ਤੇ ਧਾਰਮਕ ਜਾਂ ਸਿਹਤ ਸੰਬੰਧੀ ਵਿਸ਼ਿਆਂ ਤੇ। ਅਖ਼ਬਾਰਾਂ ਵਿੱਚੋਂ ਵੀ ਉਹ ਸਿਹਤ ਸੰਬੰਧੀ ਕਤਰਨਾਂ ਨੂੰ ਫਾਈਲਾਂ ਵਿੱਚ ਸੰਭਾਲ ਕੇ ਰੱਖਿਆ ਕਰਦੇ ਤੇ ਫਿਰ ਲੋੜ ਪੈਣ ਤੇ ਅਜਿਹੀਆਂ ਲਿਖਤਾਂ ਨੂੰ ਪੜ੍ਹਦੇ ਰਹਿੰਦੇ।  

ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਤਾਂ ਉਹ ਜਾਗਰੂਕ ਸਨ ਹੀ, ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਉਹ ਵਿਸ਼ੇਸ਼ ਰੁਚੀ ਲੈਂਦੇ ਸਨ। ਪਿਤਾ ਜੀ ਅਧਿਆਪਕ ਤਾਂ ਭਾਵੇਂ ਪੰਜਾਬੀ ਦੇ (ਸੀ ਐਂਡ ਵੀ ਟੀਚਰ) ਸਨ, ਪਰ ਉਨ੍ਹਾਂ ਨੂੰ ਗਣਿਤ ਉੱਤੇ ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਨੇ ਗਣਿਤ ਨੂੰ ਉਰਦੂ ਮਾਧਿਅਮ ਵਿੱਚ ਪੜ੍ਹਿਆ ਹੋਇਆ ਸੀ। ਬਿਨਾਂ ਟਿਊਸ਼ਨ ਤੋਂ ਘਰ ਵਿੱਚ ਸੱਦ ਕੇ ਕਮਜ਼ੋਰ ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਉਨ੍ਹਾਂ ਦੇ ਰੁਟੀਨ ਵਿਚ ਸ਼ਾਮਲ ਰਿਹਾ। ਗੋਨਿਆਣਾ ਮੰਡੀ ਦੀ ਇੱਕ ਘਟਨਾ ਮੈਨੂੰ ਅਜੇ ਤੱਕ ਯਾਦ ਹੈ। ਮਨਜੀਤ ਸਿੰਘ ਗਣਿਤ ਵਿੱਚ  ਕਮਜ਼ੋਰ ਸੀ ਦਸਵੀਂ ਜਮਾਤ ਵਿੱਚ। ਪਿਤਾ ਜੀ ਫਰਸ਼ ਤੇ ਗਦੈਲੇ ਵਿਛਾ ਕੇ ਪੇਪਰਾਂ ਦੇ ਦਿਨਾਂ ਵਿੱਚ ਤਿਆਰੀ ਕਰਵਾਉਂਦੇ ਸਨ ਤੇ ਅਕਸਰ ਵਿਦਿਆਰਥੀਆਂ ਨੂੰ ਘਰੇ ਹੀ ਰੱਖ ਕੇ ਪੜ੍ਹਾਉਂਦੇ ਤੇ ਭੋਜਨ ਕਰਵਾਉਂਦੇ। ਉਦੋਂ ਹੀ ਮਨਜੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ। ਪਰ ਪਿਤਾ ਜੀ ਨੇ ਵਿਦਿਆਰਥੀ ਨੂੰ ਇਸ ਗੱਲ ਦੀ ਭਿਣਕ ਤੱਕ ਨਾ ਲੱਗਣ ਦਿੱਤੀ ਮਤੇ ਉਸ ਦੇ ਪੇਪਰ ਤੇ ਕੋਈ ਪ੍ਰਭਾਵ ਪਵੇ।   

ਉਨ੍ਹਾਂ ਦਾ ਦਾਇਰਾ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਰਿਹਾ। ਟਾਈਮ ਬਿਤਾਉਣ ਲਈ ਉਹ ਕਦੇ ਘਰੋਂ ਬਾਹਰ ਨਹੀਂ ਗਏ। ਨਾ ਉਨ੍ਹਾਂ ਨੇ ਕੋਈ ਨਸ਼ਾ ਕੀਤਾ ਤੇ ਨਾ ਕਦੇ ਤਾਸ਼/ ਜੂਆ ਖੇਡਣ ਵਿੱਚ ਕੋਈ ਦਿਲਚਸਪੀ ਲਈ। ਸਕੂਲ ਵਿੱਚ ਅਧਿਆਪਨ ਤੋਂ ਬਿਨਾਂ ਉਨ੍ਹਾਂ ਕੋਲ ਲਾਇਬਰੇਰੀ ਦਾ ਵਾਧੂ ਚਾਰਜ ਵੀ ਸੀ, ਜਿਸ ਲਈ ਉਹ ਵਧੀਆ-ਵਧੀਆ ਕਿਤਾਬਾਂ ਖਰੀਦਦੇ ਤੇ ਹਰੇਕ ਵਿਦਿਆਰਥੀ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ। ਸਾਨੂੰ ਬੱਚਿਆਂ ਨੂੰ ਵੀ ਸਿਲੇਬਸ ਦੀਆਂ ਕਿਤਾਬਾਂ ਤੋਂ ਬਿਨਾਂ ਹੋਰ ਕਿਤਾਬਾਂ ਪੜ੍ਹਨ ਦੀ ਚੇਟਕ ਸਕੂਲ ਲਾਇਬਰੇਰੀ ਤੋਂ ਹੀ ਲੱਗੀ। ‘ਬਾਲੋ ਟੂਟੀ ਟੈਣੋ’, ‘ਗੁਲੀਵਰ ਦੀਆਂ ਯਾਤਰਾਵਾਂ’, ਨਾਨਕ ਸਿੰਘ ਦੇ ਨਾਵਲ ਅਤੇ ਬਾਲ ਸੰਦੇਸ਼ ਵਰਗੇ ਮੈਗਜ਼ੀਨ ਮੈਂ ਸਕੂਲ ਲਾਇਬ੍ਰੇਰੀ ‘ਚੋਂ ਹੀ ਲੈ ਕੇ ਪੜ੍ਹੇ ਸਨ।

ਘਰ ਵਿੱਚ ਉਨ੍ਹਾਂ ਦਾ ਬਹੁਤ ਸਖ਼ਤ ਅਨੁਸ਼ਾਸਨ ਹੁੰਦਾ ਸੀ। ਬੱਚਿਆਂ ਵੱਲੋਂ ਕੀਤੀਆਂ ਛੋਟੀਆਂ-ਛੋਟੀਆਂ ਸ਼ਰਾਰਤਾਂ ਲਈ ਉਹ ਸਖ਼ਤ ਸਜ਼ਾਵਾਂ ਦਿੰਦੇ ਸਨ, ਤਾਂ ਕਿ ਦੁਬਾਰਾ ਉਹ ਗਲਤੀ ਨਾ ਹੋਵੇ। ਅਜਿਹੀ ਇੱਕ ਘਟਨਾ ਹੈ- ਅਸੀਂ ਗੋਨਿਆਣਾ ਮੰਡੀ ਵਿੱਚ ਕਿਰਾਏ ਦੇ ਘਰ ਵਿੱਚ ਚੁਬਾਰੇ ਤੇ ਰਹਿੰਦੇ ਸਾਂ। ਹੇਠਾਂ ਉਤਰ ਕੇ ਮਕਾਨ-ਮਾਲਕ ਦੇ ਘਰੋਂ ਤੇ ਦੂਜੇ ਪਾਸਿਓਂ ਵੀ ਬਾਹਰ ਜਾਇਆ ਜਾ ਸਕਦਾ ਸੀ। ਮਕਾਨ-ਮਾਲਕ ਦੇ ਘਰ ਦੀਆਂ ਪੌੜੀਆਂ ਦੇ ਇੱਕ ਪਾਸੇ ਤਾਂ ਵੱਡੀ ਉੱਚੀ ਕੰਧ ਸੀ ਤੇ ਦੂਜੇ ਪਾਸੇ ਦੋ ਤਿੰਨ ਫੁੱਟ ਉੱਚੀ ਕੰਧ। ਮੈਂ ਛੋਟਾ ਸਾਂ ਤੇ ਕਦੇ-ਕਦੇ ਪਿਤਾ ਦੀ ਗ਼ੈਰਹਾਜ਼ਰੀ ਵਿੱਚ ਨਿੱਕੀ-ਮੋਟੀ ਸ਼ਰਾਰਤ ਕਰ ਲੈਂਦਾ ਸਾਂ। ਪਿਤਾ ਜੀ ਉਸ ਦਿਨ ਘਰ ਨਹੀਂ ਸਨ। ਮੈਂ ਤਿੰਨ ਫੁੱਟੀ ਕੰਧ ਤੇ ਚੜ੍ਹ ਗਿਆ ਤੇ ਪਤਲੀ ਕੰਧ ਤੇ ਤੁਰਦਾ ਹੋਇਆ ਚਹਿਲਕਦਮੀ ਕਰਦਾ ਅਤੇ ਫਿਰ ਉਤਰ ਕੇ ਦੁਬਾਰਾ ਚੜ੍ਹ ਜਾਂਦਾ। ਮਾਤਾ ਜੀ ਨੇ ਅਜਿਹਾ ਕਰਨ ਤੋਂ ਵਰਜਿਆ ਤੇ ਸੱਟ-ਫੇਟ ਲੱਗਣ ਤੋਂ ਖ਼ਬਰਦਾਰ ਕੀਤਾ। ਸ਼ਾਮੀਂ ਜਦੋਂ ਪਿਤਾ ਜੀ ਆਏ, ਤਾਂ ਮੇਰੀ ਸ਼ਰਾਰਤ ਬਾਰੇ ਦੱਸਿਆ। ਜਿਸ ਤੋਂ ਗੁੱਸੇ ਹੋ ਕੇ ਪਿਤਾ ਜੀ ਨੇ ਮੈਨੂੰ ਵੱਟ ਕੇ ਚਪੇੜ ਮਾਰੀ ਤਾਂ ਕਿ ਮੈਨੂੰ ਇਹ ਗ਼ਲਤੀ ਯਾਦ ਰਹੇ। ਮੈਂ ਅਗਲੇ ਹੀ ਦਿਨ ਚਾਕ ਨਾਲ ਕੰਧ ਉੱਤੇ ਲਿਖ ਦਿੱਤਾ- “ਇਸ ਕੰਧ ਉੱਤੇ ਚੜ੍ਹਨ ਵਾਲੇ ਦੇ ਥੱਪੜ ਵੱਜਦੇ ਹਨ…।” ਮੁੜ ਕੇ ਉਹ ਗ਼ਲਤੀ ਮੈਂ ਕਦੇ ਨਹੀਂ ਦੁਹਰਾਈ।  

ਬੱਚੇ ਕੀ ਪੜ੍ਹਦੇ ਹਨ- ਇਸ ਬਾਰੇ ਵੀ ਪਿਤਾ ਜੀ ਪੂਰੀ ਤਰ੍ਹਾਂ ਸੁਚੇਤ ਰਹਿੰਦੇ। ਮੈਨੂੰ ਜੋ ਅਧਿਆਪਕ ਪੰਜਾਬੀ ਤੇ ਅੰਗਰੇਜ਼ੀ ਪੜ੍ਹਾਉਂਦੇ ਹਨ, ਉਨ੍ਹਾਂ ਦੀਆਂ ਗਲਤੀਆਂ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਂਦੇ ਰਹਿੰਦੇ। ਮੈਨੂੰ ਛੇਵੀਂ ਜਮਾਤ ਵਿੱਚ ਅੰਗਰੇਜ਼ੀ ਦੇ ਅਧਿਆਪਕ ਵੱਲੋਂ ‘ਥ੍ਰਸਟੀ ਕ੍ਰੋਅ’ ਕਹਾਣੀ ਵਿਚ ਲਿਖਵਾਇਆ ਗਿਆ- “ਹੀ ਸਕੁਐਂਚਡ ਹਿਜ਼ ਥ੍ਰੱਸਟ ਐਂਡ ਫਲੂ ਅਵੇਅ।” ਪਿਤਾ ਜੀ ਨੇ ਪਹਿਲਾਂ ਤਾਂ ਮੇਰੀ ਗਲਤੀ ਠੀਕ ਕੀਤੀ ਫਿਰ ਅਧਿਆਪਕ ਨੂੰ ਸਮਝਾਇਆ ਕਿ ‘ਸਕੁਐੰਚਡ’ ਸ਼ਬਦ ਨਹੀਂ ਹੁੰਦਾ, ‘ਕੁਐਂਚਡ’ ਹੁੰਦਾ ਹੈ। ਇਵੇਂ ਹੀ ਪੰਜਾਬੀ ਦੇ ਅਧਿਆਪਕ ਨੇ ਪ੍ਰੋ ਮੋਹਨ ਸਿੰਘ ਦੀ ਕਵਿਤਾ ਪੜ੍ਹਾਉਂਦਿਆਂ ਉਸ ਵਿਚਲੀ ਇਕ ਪੰਕਤੀ “ਅਸੀਂ ਕੁਣਕੇ ਖਾਧੇ ਰੱਜ ਕੇ” ਦੀ ਥਾਂ “ਅਸਾਂ ਕਣਕਾਂ ਖਾਧੀਆਂ ਰੱਜ ਕੇ” ਪੜ੍ਹਾਇਆ, ਤਾਂ ਪਿਤਾ ਜੀ ਨੇ ਉਹਨੂੰ ਸਮਝਾਇਆ ਕਿ ਇਹ ਸ਼ਬਦ “ਕੁਣਕੇ” ਹੀ ਹੈ, ਜਿਸ ਦਾ ਅਰਥ ਪ੍ਰਸ਼ਾਦ ਹੁੰਦਾ ਹੈ।  

ਉਨ੍ਹਾਂ ਦਿਨਾਂ ਵਿਚ ਦੁਕਾਨਦਾਰਾਂ ਵੱਲੋਂ ਸਬਜ਼ੀ ਜਾਂ ਫਲ ਲਈ ਖਾਕੀ ਲਿਫਾਫੇ ਦਿੱਤੇ ਜਾਂਦੇ ਸਨ, ਅੱਜ ਵਾਂਗ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਸੀ ਹੁੰਦੀ। ਪਿਤਾ ਜੀ ਉਹ ਖ਼ਾਕੀ ਲਿਫ਼ਾਫ਼ੇ ਠੀਕ ਤਰਾਂ ਸਿੱਧੇ ਕਰਦੇ ਤੇ ਸਾਡੀਆਂ ਕਿਤਾਬਾਂ/ ਕਾਪੀਆਂ ਉੱਤੇ ਕਵਰ ਵਜੋਂ ਚੜ੍ਹਾਉਂਦੇ। ਉਨ੍ਹਾਂ ਦੇ ਚੜ੍ਹਾਏ ਕਵਰ ਵੱਖਰੀ ਕਿਸਮ ਦੇ ਹੁੰਦੇ ਸਨ, ਜਿਸ ਦੀ ਨਕਲ ਕਰਕੇ ਮੈਂ ਵੀ ਆਪਣੀ ਬੇਟੀ ਦੀਆਂ ਕਿਤਾਬਾਂ/ ਕਾਪੀਆਂ ਤੇ ਉਹੋ ਜਿਹੇ ਕਵਰ ਚੜ੍ਹਾਉਂਦਾ ਰਿਹਾ ਹਾਂ।  

ਇਹ ਸਹੀ ਹੈ ਕਿ ਕਿਸੇ ਵਿਅਕਤੀ/ ਚੀਜ਼ ਦੀ ਮਹੱਤਤਾ ਦਾ ਗਿਆਨ ਸਾਨੂੰ ਉਦੋਂ ਹੀ ਹੁੰਦਾ ਹੈ, ਜਦੋਂ ਉਹ ਸਾਡੇ ਕੋਲ ਨਾ ਰਹੇ। ਇਵੇਂ ਹੀ ਬਚਪਨ ਤੋਂ ਜੀਵਨ ਦੇ ਅੰਤ ਤਕ ਸਖ਼ਤ ਮਿਹਨਤ, ਸੰਘਰਸ਼ ਤੇ ਹਮੇਸ਼ਾ ਕੁਝ ਨਾ ਕੁਝ ਸਾਰਥਕ/ ਉਪਯੋਗੀ ਕਰਦੇ ਰਹਿਣ ਵਾਲੇ ਪਿਤਾ ਜੀ ਦੇ ਗਿਆਨ, ਸਿਆਣਪ, ਸਾਦਗੀ ਤੋਂ ਮਹਿਰੂਮ ਹੋ ਕੇ ਮੈਂ ਖ਼ੁਦ ਨੂੰ ਅੱਜ ਬੇਸਹਾਰਾ ਮਹਿਸੂਸ ਕਰ ਰਿਹਾ ਹਾਂ। ਪਰ ਉਨ੍ਹਾਂ ਦਾ ਗਿਆਨ/ ਉਪਦੇਸ਼ ਸਦਾ ਮੇਰੇ ਅੰਗਸੰਗ ਹੈ, ਜਿਸ ਕਰਕੇ ਕਾਲੇ ਹਨੇਰਿਆਂ ਵਿਚ ਵੀ ਪਿਤਾ ਜੀ ਦੇ ਗਿਆਨ- ਚਿਰਾਗ ਦੀ ਲੋਅ ਮੇਰਾ ਮਾਰਗ ਰੁਸ਼ਨਾਉਂਦੀ ਰਹਿੰਦੀ ਹੈ।
****
# 1, ਲਤਾ ਗਰੀਨ ਐਨਕਲੇਵ,
ਪਟਿਆਲਾ-147002
9417692015. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1453
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →