ਪ੍ਰਸਤੁਤ ਪੁਸਤਕ ਦੇ ਮੁੱਢ (ਦੋ ਸ਼ਬਦ) ਵਿਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੇ ਇਕ ਜਮਾਤੀ ਨੇ, ਜੋ ਉਹਨਾਂ ਦੇ ਪਿੰਡ ਦਾ ਹੀ ਸੀ, ਉਹਨਾਂ ਦਾ ਇਕ ਲੇਖ ਪੜ੍ਹ ਕੇ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਪਿੰਡ ਸੰਬੰਧੀ ਵੀ ਕੋਈ ਲੇਖ ਲਿਖੋ। ਉਹਨਾਂ ਨੇ ਜਦੋਂ ਅਮਰੀਕਾ ਰਹਿੰਦੇ ਆਪਣੇ ਇਕ ਹੋਰ ਮਿੱਤਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਲੇਖ ਦੇ ਨਾਲ-ਨਾਲ ਪਿੰਡ ਸੰਬੰਧੀ ਕਿਤਾਬ ਲਿਖਣ ਦੀ ਹੀ ਸਲਾਹ ਦਿੱਤੀ ਤਾਂ ਜੋ “ਪਿੰਡ ਦਾ ਯੋਗਦਾਨ” ਇਤਿਹਾਸ ਵਿਚ ਦਰਜ ਹੋ ਸਕੇ। ਇਸ ਕੰਮ ਦੀ ਸ਼ੁਰੂਆਤ ਉਹਨਾਂ ਨੇ ਪਿੰਡ ਦੇ ‘ਕਲਾਕਾਰਾਂ ਅਤੇ ਸਾਹਿਤਕਾਰਾਂ ਦਾ ਪਿੰਡ ਕੱਦੋ’ ਲੇਖ ਲਿਖ ਕੇ ਸ਼ੁਰੂ ਕੀਤੀ ਅਤੇ ਬਾਅਦ ਵਿਚ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਣੇ ਪਿੰਡ ਦੇ ਸਾਹਿਤਕਾਰਾਂ, ਕਲਾਕਾਰਾਂ, ਗੀਤਕਾਰਾਂ, ਵਿਦਿਆ ਸ਼ਾਸਤਰੀਆਂ, ਉਦਮੀਆਂ, ਖਿਡਾਰੀਆਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਬਾਰੇ ਵੀ ਲੇਖ ਲਿਖੇ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਉਹਨਾਂ ਨੇ ਕੁਝ ਹੋਰ ਪਿੰਡਾ ਸੰਬੰਧੀ ਲਿਖੀਆਂ ਕਿਤਾਬਾ ਪੜ੍ਹੀਆਂ ਤਾਂ ਉਹਨਾਂ ਦੇ ਦਿਲ ਵਿਚ ਆਪਣੇ ਪਿੰਡ ਸੰਬੰਧੀ ਲਿਖਣ ਦਾ ਖਿਆਲ ਜੋ ਬੀਜ ਰੂਪ ਵਿਚ ਲੁਕਿਆ ਬੈਠਾ ਸੀ, ਉਹ ਪੁੰਗਰਨਾ ਸ਼ੁਰੂ ਹੋ ਗਿਆ। ਉਹਨਾਂ ਨੇ ਜਦੋਂ ਇਸ ਕੰਮ ਵੱਲ ਨਿੱਠ ਕੇ ਅਗੇ ਵਧਣ ਦੀ ਸੋਚੀ ਤਾਂ ਸਭ ਤੋਂ ਵੱਡੀ ਸਮੱਸਿਆ ਪੁਖਤਾ ਜਾਣਕਾਰੀ ਇਕੱਠੀ ਕਰਨ ਦੀ ਸੀ। ਕਈਆਂ ਨੇ ਇਸ ਕੰਮ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ, ਪਰ ਤੋੜ ਨਾ ਨਿਭਾਇਆ। ਕੁਝ ਨੇ ਸਹਾਇਤਾ ਕੀਤੀ ਵੀ। ਸਭ ਤੋਂ ਵੱਡੀ ਸਮੱਸਿਆ ਸੀ ਪਿੰਡ ਦੇ ਇਤਿਹਾਸ, ਪਿਛੋਕੜ ਬਾਰੇ ਸਹੀ ਜਾਣਕਾਰੀ ਦੀ। ਉਹਨਾਂ ਨੇ ਇਸ ਸੰਬੰਧੀ ਕੋਈ ਲੁਕੋ-ਛਪੋ ਨਹੀਂ ਰੱਖਿਆ ਸਗੋਂ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ, “ਕੱਦੋ ਪਿੰਡ ਦਾ ਇਤਿਹਾਸ ਵੀ ਸੁਣੀਆਂ ਸੁਣਾਈਆਂ ਗੱਲਾਂ ਰਾਹੀਂ ਹੀ ਚਲਿਆ ਆ ਰਿਹਾ ਹੈ।” ਅੱਗੇ ਚੱਲ ਕੇ ਇਹ ਵੀ ਦਰਜ ਕਰ ਦਿੱਤਾ ਹੈ ਕਿ “ਕੱਦੋ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆ ਕੇ ਲੋਕ ਇਥੇ ਵਸੇ ਇਸ ਦੀ ਤੱਥਾਂ ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ।” ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਸੁਣੀਆਂ ਸੁਣਾਈਆਂ ਗੱਲਾਂ ਨੂੰ ਅਧਾਰ ਬਣਾਉਣਾ ਪਿਆ। ਇਹ ਠੀਕ ਹੈ ਕਿ ਕਿਸੇ ਵਿਸ਼ੇਸ਼ ਸਥਾਨ ਸੰਬੰਧੀ ਲਿਖਣ ਸਮੇਂ ਉਸ ਸਥਾਨ ਦੇ ਇਤਿਹਾਸ ਸੰਬੰਧੀ ਮੁਢਲੀ ਜਾਣਕਾਰੀ ਦੇਣ ਨਾਲ ਲਿਖਤ ਵਿਚ ਪਕਿਆਈ ਆਉਂਦੀ ਹੈ, ਪੜ੍ਹਨ ਵਾਲਿਆਂ ਨੂੰ ਉਸ ਲਿਖਤ ਦੀ ਭਰੋਸੇਯੋਗਤਾ ਤੇ ਵਿਸ਼ਵਾਸ ਹੁੰਦਾ ਹੈ। ਪਰ ਸਾਡੇ ਦੇਸ਼ ਵਿਚ ਪਿੰਡਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਾਨੂੰ ਆਪਣੇ ਦੇਸ਼ ਦੇ ਵੱਡੇ ਸ਼ਹਿਰਾਂ, ਮੁੱਖ ਧਰਮਾਂ ਦੇ ਆਗੂਆਂ, ਉਹਨਾਂ ਦੇ ਜੀਵਨ ਸੰਬੰਧੀ ਸਹੀ ਵੇਰਵਿਆਂ ਨਾਲੋਂ ਮਨਘੜਤ ਘਟਨਾਵਾਂ ਨੂੰ ਹੀ ਮੰਨਣਾ ਪੈਂਦਾ ਹੈ। ਲੇਖਕ ਦੀ ਸਾਫਗੋਈ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਪਾਠਕਾਂ ਨੂੰ ਸ਼ਬਦਾਂ ਦੇ ਮੱਕੜਜਾਲ ਵਿਚ ਫਸਾਉਣ ਨਾਲੋਂ ਅਸਲ ਗੱਲ ਲਿਖ ਦਿੱਤੀ ਹੈ। ਇਸ ਪੱਖ ਨੂੰ ਜੇ ਇਕ ਪਾਸੇ ਰੱਖ ਕੇ ਪੁਸਤਕ ਵਿਚ ਦਰਜ ਕੀਤੀ ਦੂਜੀ ਜਾਣਕਾਰੀ ਨੂੰ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੂਝਵਾਨ ਲੇਖਕ ਨੇ ਬੜੀ ਮਿਹਨਤ ਨਾਲ ਬਾਕੀ ਸਮੱਗਰੀ ਇਕੱਠੀ ਕਰਕੇ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਇਕ ਅਜਿਹੀ ਸੰਗਲੀ ਬਣਾਈ ਹੈ ਜਿਸ ਦੀਆਂ ਸਾਰੀਆਂ ਕੁੰਡੀਆਂ ਇਕ ਦੂਜੇ ਵਿਚ ਇਕ ਮਿਕ ਹੋ ਕੇ ਮਜਬੂਤ ਜੰਜੀਰ ਦੀ ਬੁਨਿਆਦ ਰੱਖ ਰਹੀਆਂ ਹਨ। ਇਸ ਪੁਸਤਕ ਦੇ 180 ਪੰਨੇ ਹਨ ਅਤੇ ਵੀਹ ਕਾਂਡ ਹਨ। ਇਹਨਾਂ ਕਾਂਡਾਂ ਦੇ ਸਿਰਲੇਖਾਂ ਤੇ ਉੱਡਦੀ ਉੱਡਦੀ ਨਜ਼ਰ ਮਾਰੇ ਤੇ ਪਤਾ ਲੱਗਦਾ ਹੈ ਕਿ ਲੇਖਕ ਨੇ ਆਪਣੇ ਪਿੰਡ ਸੰਬੰਧੀ ਹਰ ਜਰੂਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ, ਜਿਵੇਂ; ਪਿੰਡ ਦੀ ਭੂਗੋਲਿਕ ਇਤਿਹਾਸਿਕਤਾ, ਪਿੰਡ ਬੱਝਣਾ (ਇਸ ਕਾਂਡ ਵਿਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਹਨਾਂ ਸੰਬੰਧੀ ਪ੍ਰਚਲਤ ਦੰਦ ਕਥਾਵਾਂ ਨੂੰ ਵੀ ਕਲਮਬਧ ਕੀਤਾ ਹੈ) ਅਤੇ ਪਿੰਡ ਦੀਆਂ ਪੱਤੀਆਂ, ਲਾਣਿਆਂ, ਅੱਲਾਂ ਦਾ ਵੀ ਜਿਕਰ ਕਰ ਦਿੱਤਾ ਹੈ। ਪਿੰਡਾਂ ਦੇ ਸਭਿਆਚਾਰ ਨੂੰ ਜਾਣਨ ਵਾਲਿਆਂ ਨੂੰ ਇਹ ਪਤਾ ਹੈ ਕਿ ਪੰਜਾਬ ਦਾ ਕੋਈ ਵੀ ਪਿੰਡ ਇਹਨਾਂ ਤੋਂ ਅਛੋਹ ਨਹੀਂ। ਆਰ ਪਰਿਵਾਰ ਵਾਲੇ ਕਾਂਡ ਵਿਚ ਪਿੰਡ ਦੇ ਛੋਟੇ ਵਿਹੜੇ, ਵੱਡੇ ਵਿਹੜੇ, ਬਾਲਮੀਕ ਬਸਤੀ ਸੰਬੰਧੀ ਲਿਖਦੇ ਹੋਏ ਇਹਨਾਂ ਵਿਹੜਿਆਂ ਵਾਲਿਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜਿਕਰ ਵੀ ਕੀਤਾ ਹੈ (ਵੱਡੇ ਵਿਹੜੇ ਦੇ ਫੌਜੀ ਚੰਨਣ ਸਿੰਘ ਦੀ ਕਾਰਗਿਲ ਜੰਗ ਵਿਚ ਸ਼ਹੀਦੀ), ਰੋਜ਼ਾਨਾ ਦੀ ਜਿੰਦਗੀ ਵਿਚ ਕੰਮ ਆਉਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਵੀ ਲੇਖਕ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਈਆਂ ਅਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ, ਹੋਰ ਸੰਸਥਾਵਾਂ, ਧਾਰਮਿਕ ਸਥਾਨਾਂ ਸੰਬੰਧੀ ਜ਼ਰੂਰੀ ਜਾਣਕਰੀ ਦੇਣੀ ਭੁੱਲਿਆ ਹੈ। ਅਜੋਕੇ ਸਮੇਂ ਦੀਆਂ ਜ਼ਰੂਰਤ ਵਾਲੀਆਂ ਮੁੱਖ ਚੀਜ਼ਾਂ ਪਿੰਡ ਵਿਚ ਕਿਥੋਂ ਮਿਲਦੀਆਂ ਹਨ, ਇਹ ਵੀ ਦੱਸਿਆ ਹੈ। ਲੇਖਕ ਨੇ ਬੜੀ ਮਿਹਨਤ ਨਾਲ ਆਪਣੀ ਜਾਣ-ਪਛਾਣ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਿੰਡ ਦੇ ਉਹਨਾਂ ਲੋਕਾਂ ਦੇ ਨਾਂ ਵੀ ਦਰਜ ਕੀਤੇ ਹਨ ਜੋ ਬਾਹਰਲੇ ਮੁਲਕਾਂ ਵਿਚ ਪਰਵਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੱਦੋ ਪਿੰਡ ਨਾਲ ਸੰਬੰਧਤ ਕਿਹੜੇ ਕਿਹੜੇ ਲੋਕ ਫੌਜ, ਆਰਮੀ ਵਿਚ ਨੌਕਰੀ ਕਰਦੇ ਸਨ ਜਾਂ ਹੁਣ ਵੀ ਕਰ ਰਹੇ ਹਨ, ਉਹਨਾਂ ਦਾ ਵੇਰਵਾ ਦਿੱਤਾ ਹੈ। ਜਿੰਨਾ ਨੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ, ਉਹਨਾਂ ਦੇ ਨਾਂ ਵੀ ਦਰਜ ਹਨ। ਪਿੰਡ ਵਿਚ ਪ੍ਰਚਲਿਤ ਰਸਮਾਂ, ਰਿਵਾਜਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। ਉਜਾਗਰ ਸਿੰਘ ਦੀ ਪੈਣੀ ਦ੍ਰਿਸ਼ਟੀ ਅਤੇ ਖੋਜੀ ਬਿਰਤੀ ਤੋਂ ਵੀ ਪਤਾ ਚੱਲਦਾ ਹੈ ਜਦੋਂ ਉਹ ‘ਸਮਕਾਲੀਨ ਪਰਿਪੇਖ’ ਕਾਂਡ ਵਿਚ ਇਹ ਦਿਲਚਸਪ ਜਾਣਕਾਰੀ ਦਿੰਦੇ ਹਨ ਕਿ ਪਿੰਡ ਵਿਚ ਪਹਿਲਾ ਟਰਾਂਜ਼ਿਸਟਰ 1942 ਵਿਚ ਠੇਕੇਦਾਰ ਸਾਧੂ ਸਿੰਘ ਲਿਆਇਆ ਸੀ, ਗਰਾਮੋਫੋਨ ਦੇ ਗੀਤ ਸਰਵਣ ਸਿੰਘ ਦੇ ਸਾਂਝੀ ਘੋਟੇ ਦੇ ਵਿਹੜੇ ਵਿਚ ਗੂੰਜੇ ਸੀ, ਟੀ ਵੀ ਦੀਆਂ ਚਲਦੀਆਂ ਫਿਰਦੀਆਂ ਮੂਰਤਾਂ ਨੇ ਹਰਭਜਨ ਸਿੰਘ ਦੇ ਘਰ ਪਹਿਲੀ ਵਾਰ ਰੌਣਕ ਲਾਈ ਸੀ। ਕਾਰ, ਬਸ, ਟਰੱਕ, ਟਰੈਕਟਰ, ਆਦਿ ਨੇ ਕਿਸ ਕਿਸ ਦੇ ਵਿਹੜਿਆਂ ਵਿਚ ਖੌਰੂ ਪਾਇਆ ਸੀ, ਪਿੰਡ ਵਿਚ ਸਭ ਤੋਂ ਪਹਿਲਾਂ ਬਿਜਲੀ ਦੇ ਲਾਟੂਆਂ ਨੇ ਕਿਸ ਦੇ ਘਰ ਜਗ ਮਗ ਕੀਤੀ ਸੀ ਅਤੇ ਟਿਊਬਵੈੱਲ ਕਿਸ ਦੇ ਖੇਤਾਂ ਦੀ ਸ਼ਾਨ ਬਣਿਆ ਸੀ।ਅਜਿਹੀ ਤੱਥਾਂ ਭਰਭੂਰ ਜਾਣਕਾਰੀ ਪਾਠਕਾਂ ਦਾ ਮਨੋਰੰਜਨ ਕਰਦੀ ਹੈ। ‘ਵਿਸ਼ੇਸ਼ ਯੋਗਦਾਨ’ ਵਾਲੇ ਕਾਂਡ ਵਿਚ ਪਿੰਡ ਦੀ ਤਕਰੀਬਨ ਹਰ ਉਸ ਸਖਸ਼ੀਅਤ ਸੰਬੰਧੀ ਕੁਝ ਨਾ ਕੁਝ ਲਿਖਿਆ ਹੈ ਜਿਸ ਨੇ ਪਿੰਡ ਦਾ ਨਾਂ ਚਮਕਾਇਆ ਹੈ। ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਅਜਿਹੀ ਸਮੱਗਰੀ ਇਕੱਠੀ ਕਰਕੇ, ਉਸ ਨੂੰ ਇਕ ਵਿਉਂਤ ਵਿਚ ਪ੍ਰੋ ਕੇ ਕਲਮਬਧ ਕਰਨਾ ਕਿਸੇ ਲਗਨ ਵਾਲੇ ਇਨਸਾਨ ਦਾ ਹੀ ਕੰਮ ਹੋ ਸਕਦਾ ਹੈ। ਅਜਿਹਾ ਉੱਦਮ ਕਰ ਕੇ ਜਿੱਥੇ ਉਜਾਗਰ ਸਿੰਘ ਜੀ ਨੇ ਆਪਣੇ ਪਿੰਡ ਦੀ ਇਤਿਹਾਸਕ ਪੈੜ ਚਾਲ ਨੱਪੀ ਹੈ, ਉਥੇ ਆਪਣਾ ਨਾਂ ਵੀ ਅਮਰ ਕਰ ਲਿਆ ਹੈ। ਇਹ ਪੁਸਤਕ ਪਿੰਡ ‘ਕੱਦੋ’ ਵਾਲਿਆਂ ਲਈ ਤਾਂ ਮਹੱਤਵਪੂਰਨ ਹੈ ਹੀ, ਉਹਨਾਂ ਲੇਖਕਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਜੋ ਆਪਣੇ ਪਿੰਡ ਸੰਬੰਧੀ ਅਜਿਹਾ ਉੱਦਮ ਕਰਨਾ ਚਾਹੁੰਦੇ ਹਨ। ਹਰ ਇਕ ਨੂੰ ਸਮਝ ਆ ਜਾਣ ਵਾਲੀ ਭਾਸ਼ਾ ਵਿਚ ਇਹ ਪੁਸਤਕ ਲਿਖ ਕੇ ਲੇਖਕ ਨੇ ਪਾਠਕਾਂ ਨੂੰ ਵੱਡੀ ਗਿਣਤੀ ਵਿਚ ਆਪਣੇ ਨਾਲ ਜੋੜਿਆ ਹੈ। ਜਿਸ ਹਲੀਮੀ ਨਾਲ ਉਹਨਾਂ ਨੇ ਆਪਣੀ ਜਾਣ-ਪਛਾਣ ਦਰਜ ਕੀਤੀ ਹੈ, ਉਹ ਵਿਸ਼ੇਸ਼ ਪ੍ਰਸੰਸਾਯੋਗ ਹੈ। |