|
ਪ੍ਰਸਤੁਤ ਅਨੁਵਾਦ ਦੀ ਪੁਸਤਕ ‘ਖ਼ਜ਼ਾਨੇ ਦੀ ਭਾਲ’ ਪ੍ਰਸਿੱਧ ਹਿੰਦੀ ਲੇਖਿਕਾ ਊਸ਼ਾ ਯਾਦਵ ਦੇ ਹਿੰਦੀ ਨਾਵਲ ‘ਸੋਨੇ ਕੀ ਖਾਨ’ ਦਾ ਪੰਜਾਬੀ ਅਨੁਵਾਦ ਹੈ। ਡਾ. ਊਸ਼ਾ ਯਾਦਵ ਕੇਂਦਰੀ ਹਿੰਦੀ ਸੰਸਥਾਨ, ਆਗਰਾ ਦੀ ਸਾਬਕਾ ਪ੍ਰੋਫੈਸਰ ਹੈ, ਜਿਸ ਦੇ ਹਿੰਦੀ ਵਿਚ 15 ਬਾਲ ਕਹਾਣੀ ਸੰਗ੍ਰਹਿ, 8 ਨਾਵਲ, 6 ਕਾਵਿ ਸੰਗ੍ਰਹਿ ਤੋਂ ਇਲਾਵਾ ਕੁਝ ਸੰਪਾਦਿਤ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਕਈ ਮਾਨ-ਸਨਮਾਨ ਵੀ ਪ੍ਰਾਪਤ ਹੋਏ ਹਨ। ਪ੍ਰਸਤੁਤ ਨਾਵਲ ਦਾ ਪਲਾਟ ਘਟਨਾਵਾਂ ਭਰਪੂਰ ਹੈ। ਇੱਕ ਘਟਨਾ ਵਿਚੋਂ ਹੀ ਦੂਜੀ ਘਟਨਾ ਪੈਦਾ ਹੁੰਦੀ ਹੈ। ਸਾਰੀਆਂ ਘਟਨਾਵਾਂ ਨਾਵਲ ਦੀ ਕਹਾਣੀ ਨੂੰ ਤੇਜ਼ੀ ਨਾਲ ਅੱਗੇ ਤੋਰਦੀਆਂ ਹਨ, ਕੋਈ ਘਟਨਾ ਵੀ ਅਕੇਵਾਂ ਪੈਦਾ ਨਹੀਂ ਕਰਦੀ। ਨਾਵਲ ਦੀ ਕਹਾਣੀ ਰਜਤ ਅਤੇ ਅਮਨ (ਦੋਵੇਂ ਹੀ 15-16 ਸਾਲ ਦੇ ਹਨ) ਦੀ ਟਰੇਨ-ਸਫ਼ਰ ਦੌਰਾਨ ਹੋਈ ਮੁਲਾਕਾਤ ਨਾਲ ਸ਼ਰੂ ਹੁੰਦੀ ਹੈ। ਅਸਲ ਵਿਚ ਅਮਨ ਕਿਸੇ ਗੈਂਗ ਰਾਹੀਂ ਵਿਛਾਏ ਇੱਕ ਜਾਲ ਦਾ ਹਿੱਸਾ ਹੈ, ਜਿਨ੍ਹਾਂ ਦਾ ਅਸਲੀ ਮਕਸਦ ਰਜਤ ਨੂੰ ਅਗਵਾ ਕਰਕੇ, ਉਸਦੀ ਬਲੀ ਚੜਾ ਕੇ ਕਿਸੇ ਖਜ਼ਾਨੇ ਦੀ ਪ੍ਰਾਪਤੀ ਕਰਨਾ ਹੈ। ਅਮਨ, ਗੱਲਾਂ-ਗੱਲਾਂ ਵਿਚ ਹੀ ਰਜਤ ਦੇ ਦਿਲ ਵਿਚ ਇੱਕ ਹੋਰ ਭਰਮ ਪੈਦਾ ਕਰ ਦਿੰਦਾ ਹੈ ਕਿ ਬੰਦੇ ਕੋਲ ਪੈਸਾ ਕਮਾਉਣ ਦਾ ਹੁਨਰ ਹੋਣਾ ਚਾਹੀਦਾ ਹੈ, ਮਿਹਨਤ ਕਰਨੀ ਬੇਕਾਰ ਜਿਹੀ ਗੱਲ ਹੈ। ਅਮਨ ਬੜੀ ਚਲਾਕੀ ਨਾਲ ਉਸ ਨੂੰ ਨਸ਼ੇ ਵਾਲਾ ਪ੍ਰਸ਼ਾਦ ਖੁਆ ਦਿੰਦਾ ਹੈ, ਜਿਸ ਕਾਰਨ ਰਜਤ ਬੇਹੋਸ਼ ਹੋ ਜਾਂਦਾ ਹੈ। ਫੇਰ ਉਹ ਰੌਲਾ ਪਾ ਦਿੰਦਾ ਹੈ ਕਿ ਉਸਦਾ ਦੋਸਤ ਬੇਹੋਸ਼ ਹੋ ਗਿਆ। ਉਹਨਾਂ ਤੋਂ ਥੋੜ੍ਹੀ ਦੂਰ ਬੇਠੇ ਦੋ ਮੁਸਾਫ਼ਰਾਂ ਨੇ ਕਿਹਾ ਕਿ ਉਹਨਾਂ ਨੇ ਆਗਰਾ ਉਤਰਨਾ ਹੈ, ਉਥੇ ਉਹ ਅਮਨ ਦੀ ਸਹਾਇਤਾ ਕਰਕੇ ਉਸਦੇ ਦੋਸਤ ਰਜਤ ਨੂੰ ਗੱਡੀ ਤੋਂ ਉਤਾਰ ਦੇਣਗੇ, ਜਿਥੇ ਉਹ ਉਸਦਾ ਇਲਾਜ ਕਰਵਾ ਲਏ। ਇਸ ਬਹਾਨੇ ਉਹ ਰਜਤ ਨੂੰ ਅਗਵਾ ਕਰ ਲੈਂਦੇ ਹਨ। ਮੱਸਿਆ ਦੀ ਰਾਤ ਨੂੰ ਜਦੋਂ ਇਕ ਟਿੱਲੇ ਤੇ ਬਣੀ ਦੇਵੀ ਦੀ ਮੂਰਤੀ ਦੇ ਸਾਹਮਣੇ ਹਵਨ ਕੀਤਾ ਜਾ ਰਿਹਾ ਹੁੰਦਾ ਹੈ, ਤਾਂ ਦੂਰੋਂ ਪੁਲਿਸ ਨੂੰ ਹਵਨ ਦੀ ਅਗਨੀ ਵਿਚੋਂ ਧੂੰਆਂ ਉਡਦਾ ਵੇਖ ਕੁਝ ਸ਼ੱਕ ਪੈਂਦਾ ਹੈ। ਪੁਲਿਸ ਦੇ ਪਹੁੰਚਣ ਕਰਕੇ ਰਜਤ ਦੀ ਜਾਨ ਬਚ ਗਈ। ਪੁਲਿਸ ਨੇ ਉਹਨਾਂ ਬਦਮਾਸ਼ਾਂ ਨਾਲ ਗੰਢ-ਤੁਪ ਕਰਕੇ ਉਹਨਾਂ ਨੂੰ ਛੱਡ ਦਿੱਤਾ। ਇਕ ਪੁਲਿਸ ਵਾਲੇ ਨੇ ਰਜਤ ਨੂੰ ਧਮਕਾਇਆ ਕਿ ਇਸ ਘਟਨਾ ਦਾ ਕਿਸੇ ਕੋਲ ਕੋਈ ਜ਼ਿਕਰ ਨਾ ਕਰੇ ਅਤੇ ਉਸ ਨੂੰ ਦਿੱਲੀ ਦੀ ਟਿਕਟ ਲੈ ਕੇ ਦਿੱਲੀ ਜਾ ਰਹੀ ਬਸ ਵਿਚ ਬਿਠਾ ਦਿੱਤਾ। ਰਜਤ ਗੰਦੇ ਕੱਪੜਿਆਂ ਅਤੇ ਪੈਰੋਂ ਨੰਗਾ ਹੀ ਘਰ ਪਹੁੰਚ ਜਾਂਦਾ ਹੈ। ਨੌਕਰਾਣੀ ਰਜਤ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਘਰ ਬੁਲਾ ਲੈਂਦੀ ਹੈ। ਉਸ ਤੋਂ ਬਾਅਦ ਕਹਾਣੀ ਕਈ ਨਵੇਂ ਮੋੜ ਲੈਂਦੀ ਹੈ। ਰਜਤ ਦੇ ਘਰ ਆਉਣ ਦੀ ਖੁਸ਼ੀ ਵਿਚ ਪਾਰਟੀ, ਪਾਰਟੀ ਵਿਚ ਹਰ ਕੋਈ ਰਜਤ ਨੂੰ ਆਪਣੇ ਮੁਤਾਬਕ ਸਲਾਹ ਦਿੰਦਾ ਹੈ ਕਿ ਉਹ ਪੜ੍ਹਾਈ ਲਈ ਕਿਹੜੀ ਲਾਈਨ ਚੁਣੇ, ਪਰ ਰਜਤ ਦੀ ਕੀ ਇੱਛਾ ਹੈ, ਇਹ ਕੋਈ ਨਹੀਂ ਪੁੱਛਦਾ। ਰਜਤ ਦਾ ਆਪਣੇ ਮਾਤਾ-ਪਿਤਾ ਨੂੰ ਮਨਾਉਣਾ ਕਿ ਟਿੱਲੇ (ਜਿਥੇ ਰਜਤ ਨੂੰ ਬਲੀ ਲਈ ਲੈ ਕੇ ਗਏ ਸੀ) ਨੇੜੇ ਦੇ ਪਿੰਡ ਵਿਚ ਲੈ ਕੇ ਜਾਇਆ ਜਾਵੇ, ਰਜਤ ਦੀ ਬਲੀ ਅਤੇ ਹਵਨ ਕਰਵਾਉਣ ਵਾਲੇ ਪੰਡਤ ਦੇ ਘਰ ਜਾਣਾ ਉਸ ਦਾ ਮੁਬਾਇਲ ਨੰਬਰ ਲੈਣਾ, ਪੰਡਤ ਵੱਲੋਂ ਰਜਤ ਤੋਂ ਖਜ਼ਾਨਾ ਲੱਭਣ ਦੇ ਨਾਂ ਤੇ ਪੈਸੇ ਬਟੋਰਨਾ, ਫ਼ਤਿਹਪੁਰੀ ਸੜਕ ਤੇ ਭਾਲੂਆਂ ਦਾ ਤਮਾਸ਼ਾ ਦਿਖਾਉਣ ਵਾਲਿਆਂ ਦੇ ਪਿੰਡ ਜਾਣਾ, ਉਸ ਪਿੰਡ ਵਿਚੋਂ ਚੰਦਨ ਨਾਂ ਦੇ ਮੁੰਡੇ ਨੂੰ ਆਪਣੇ ਘਰ ਲੈ ਆਉਣਾ, ਪੰਡਤ ਦੀ ਪੈਸਿਆਂ ਦੀ ਮੰਗ ਪੂਰੀ ਕਰਨ ਲਈ ਰਜਤ ਵੱਲੋਂ ਘਰੋਂ ਇੱਕ ਵੱਡੀ ਰਕਮ ਚੋਰੀ ਕਰਨਾ, ਇਸ ਚੋਰੀ ਦਾ ਇਲਜ਼ਾਮ ਚੰਦਨ ਨੇ ਆਪਣੇ ਸਿਰ ਲੈਣਾ, ਚੰਦਨ ਵੱਲੋਂ ਰਜਤ ਨੂੰ ਸਿੱਧੇ ਰਾਹ ਪਾਉਣਾ, ਪੜ੍ਹਾਈ ਨੂੰ ਜ਼ਿੰਦਗੀ ਦਾ ਅਸਲੀ ਖ਼ਜ਼ਾਨਾ ਦੱਸਣਾ, ਰਜਤ ਵੱਲੋਂ ਅੱਗੇ ਤੋਂ ਪੜ੍ਹਾਈ ਕਰਕੇ ਡਾਕਟਰ ਬਣਨ ਦਾ ਪ੍ਰਣ ਕਰਨਾ। ਇਸ ਨਾਵਲ ਨੂੰ ਅਨੁਵਾਦ ਕਰਦੇ ਸਮੇਂ ਅਨੁਵਾਦਕ ਨਵ ਸੰਗੀਤ ਨੇ ਕਰੜੀ ਮਿਹਨਤ ਕੀਤੀ ਹੈ। ਉਸਦੀ ਪੰਜਾਬੀ ਭਾਸ਼ਾ ਤੇ ਕਿਉਂਕਿ ਪੀਡੀ ਪਕੜ ਹੈ, ਇਸ ਲਈ ਪ੍ਰਸਤੁਤ ਨਾਵਲ ਅਨੁਵਾਦ ਨਾਲੋਂ ਪੰਜਾਬੀ ਦਾ ਮੌਲਿਕ ਨਾਵਲ ਹੀ ਲੱਗਦਾ ਹੈ। 151 ਪੰਨਿਆਂ ਦੇ ਨਾਵਲ ਨੂੰ ਪੜ੍ਹਦੇ ਹੋਏ ਮੈਨੂੰ ਇੱਕ ਵਾਰ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਕੋਈ ਅਨੁਵਾਦ ਪੜ੍ਹ ਰਿਹਾ ਰਿਹਾ ਹਾਂ। ਇਹੋ ਜਿਹੇ ਉੱਚ ਕੋਟੀ ਦੇ ਸਾਹਿਤਕ ਅਨੁਵਾਦ ਪੰਜਾਬੀ ਸਾਹਿਤ ਦਾ ਖਜ਼ਾਨਾ ਹੋਰ ਅਮੀਰ ਕਰ ਸਕਦੇ ਹਨ। ਮੈਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਨਵ ਸੰਗੀਤ ਸਿੰਘ ਕਿਸੇ ਵੱਡ-ਆਕਾਰੀ ਸ਼ਾਹਕਾਰ ਰਚਨਾ ਦਾ ਅਨੁਵਾਦ ਪੰਜਾਬੀ ਸਾਹਿਤ ਦੀ ਝੋਲੀ ਪਾਏਗਾ। ਇਹ ਪੁਸਤਕ ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸਦਾ ਮੁੱਲ 350/- ਰੁਪਏ ਹੈ।
ਰਵਿੰਦਰ ਸਿੰਘ ਸੋਢੀ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਮੈਂ ਆਪਣੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਅਨੁਵਾਦ ਦਾ ਕਾਰਜ ਇਕ ਔਖੀ ਘਾਟੀ ਚੜ੍ਹਨ ਵਾਲਾ ਕਾਰਜ ਹੈ। ਪਰ ਜਿਵੇਂ ਪਹਾੜਾਂ ਤੇ ਚੜ੍ਹਨ ਵਾਲੇ ਸਿਰ-ਧੜ ਦੀ ਬਾਜ਼ੀ ਲਾ ਕੇ ਵੀ ਪਹਾੜ- ਦਰ-ਪਹਾੜ ਦੇ ਭ੍ਰਮਣ ਵਿਚ ਲੱਗੇ ਰਹਿੰਦੇ ਹਨ, ਉਸੇ ਤਰ੍ਹਾਂ ਅਨੁਵਾਦਕ ਵੀ ਆਪਣੇ ਅਨੁਵਾਦ ਦੇ ਕਾਰਜ ਵਿਚ ਲੱਗੇ ਹੀ ਰਹਿੰਦੇ ਹਨ। ਵਰਤਮਾਨ ਸਮੇਂ ਵਿਚ ਵੀ ਪੰਜਾਬੀ ਸਾਹਿਤ ਕੋਲ ਇਕ ਅਜਿਹਾ ਵਿਦਵਾਨ ਅਨੁਵਾਦਕ ਹੈ, ਜਿਸ ਦੀ ਰੋਜ਼ਾਨਾ ਹੀ ਕੋਈ ਨਾ ਕੋਈ ਅਨੁਵਾਦਿਤ ਰਚਨਾ ਕਿਸੇ ਨਾ ਕਿਸੇ ਅਖਬਾਰ ਜਾਂ ਮੈਗਜ਼ੀਨ ਦਾ ਸ਼ਿੰਗਾਰ ਬਣੀ ਹੁੰਦੀ ਹੈ। ਇਸ ਦਾ ਭਾਵ ਹੈ ਕਿ ਉਹ ਜਿੰਨਾ ਸਮਾਂ ਅਨੁਵਾਦ ਕਰਨ ਤੇ ਲਾਉਂਦਾ ਹੈ, ਉਸ ਤੋਂ ਵੱਧ ਸਮਾਂ ਅਨੁਵਾਦ ਕਰਨ ਵਾਲੀਆਂ ਰਚਨਾਵਾਂ ਦੀ ਭਾਲ ਵਿਚ ਲਾਉਂਦਾ ਹੈ। ਇਹ ਮੈਂ ਇਸ ਕਰਕੇ ਲਿਖ ਰਿਹਾ ਹਾਂ ਕਿ ਮੈਂ ਤਕਰੀਬਨ ਉਸਦੀ ਹਰ ਅਨੁਵਾਦਿਤ ਲਿਖਤ ਹੀ ਪੜ੍ਹਦਾ ਹਾਂ ਅਤੇ ਉਸਦੀ ਅਨੁਵਾਦ ਕੀਤੀ ਕੋਈ ਵੀ ਮੂਲ ਰਚਨਾ ਹਲਕੇ ਪੱਧਰ ਦੀ ਨਹੀਂ ਹੁੰਦੀ। ਉਸਦੀ ਜਿੰਨੀ ਪਕੜ ਪੰਜਾਬੀ ਭਾਸ਼ਾ ਤੇ ਹੈ, ਉਨੀ ਪਕੜ ਹੀ ਹਿੰਦੀ ਭਾਸ਼ਾ ਤੇ ਵੀ ਹੈ। ਉਹ ਇਸ ਤੋਂ ਪਹਿਲਾਂ (1989 ਤੋਂ 2025 ਤੱਕ) 14 ਪੁਸਤਕਾਂ ਦਾ ਅਨੁਵਾਦ ਕਰ ਚੁੱਕਾ ਹੈ, ਇੱਕ ਦਾ ਲਿਪੀਆਂਤਰ। ਵਿਚਾਰ ਅਧੀਨ ਨਾਵਲ ਉਹਦੀ 15ਵੀਂ ਅਨੁਵਾਦਿਤ ਪੁਸਤਕ ਹੈ। ਇਹਨਾਂ ਵਿਚੋ ਦੋ ਪੁਸਤਕਾਂ ਦਾ ਅਨੁਵਾਦ ਉਹ ਨੈਸ਼ਨਲ ਬੁੱਕ ਟਰੱਸਟ, ਇੰਡੀਆ ਲਈ ਵੀ ਕਰ ਚੁੱਕਿਆ ਹੈ, ਜਿਸ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਸਦਾ ਅਨੁਵਾਦ-ਕਾਰਜ ਮਿਆਰੀ ਤੇ ਗੁਣਾਤਮਕ ਹੈ। ਉਸਦੀ ਆਲੋਚਨਾ ਦੀ ਵੀ ਇੱਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ। ਉਸਦੀਆਂ ਮੌਲਿਕ ਕਵਿਤਾਵਾਂ, ਮਿੰਨੀ ਕਹਾਣੀਆਂ ਅਤੇ ਵੱਖ-ਵੱਖ ਸਾਹਿਤਕ ਵਿਸ਼ਿਆਂ ਤੇ ਲਿਖੇ ਆਲੋਚਨਾਤਮਕ ਲੇਖ ਅਤੇ ਪੁਸਤਕਾਂ ਦੇ ਰਿਵਿਊ ਵੀ ਅਕਸਰ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ।
