ਹੁਣ ਗੱਲ ਕਰਦੇ ਹਾਂ ਕੈਨੇਡਾ ਰਹਿੰਦੇ ਚਰਚਿਤ ਪੰਜਾਬੀ ਸਾਹਿਤਕਾਰ ਸੁਖਿੰਦਰ ਦੀ। ਗਿਣਾਤਮਕ ਅਤੇ ਗੁਣਾਤਮਕ ਪੱਖੋਂ ਉਸ ਦੀਆਂ ਪਰਾਪਤੀਆਂ ਸਲਾਹੁਣਯੋਗ ਹਨ। ਉਹ ਆਪਣੀ ਧੁਨ ਵਿਚ ਲਿਖਣ ਵਾਲਾ ਲੇਖਕ ਹੈ। ਉਸ ਨੇ ਜਿਹੜੀ ਵੀ ਗੱਲ ਕਰਨੀ ਹੈ, ਉਹ ਬੇਬਾਕੀ ਨਾਲ ਕਰਦਾ ਹੈ। ਉਸਦੇ ਨਵ-ਪ੍ਰਕਾਸ਼ਿਤ ਨਾਵਲ ‘ਹੜ੍ਹ’ ਦੇ ਅਧਿਐਨ ਤੋਂ ਇਹ ਗੱਲ ਸਪਸਟ ਹੋ ਜਾਂਦੀ ਹੈ ਕਿ ਬੇਬਾਕੀ ਉਸ ਦੀਆਂ ਸਾਹਿਤਕ ਰਚਨਾਵਾਂ ਦਾ ਅਟੁੱਟ ਹਿੱਸਾ ਹੈ। ਇਹ ਵਿਸ਼ੇਸ਼ ਪਹਿਲੂ ਉਸਦੇ ਸਾਹਿਤਕ ਵਿਅਕਤਿਤਵ ਦਾ ਹਾਂ-ਪੱਖੀ ਪਹਿਲੂ ਵੀ ਹੈ ਅਤੇ ਨਾਂਹ-ਪੱਖੀ ਵੀ। ਅੱਜ ਕੱਲ ਕੈਨੇਡਾ ਵੱਲੋਂ ਅੰਤਰ-ਰਾਸਟਰੀ ਵਿਦਿਆਰਥੀਆਂ ‘ਤੇ ਲਾਈਆਂ ਜਾ ਰਹੀਆਂ ਨਿਤ ਨਵੀਆਂ ਪਾਬੰਦੀਆਂ ਦੀ ਚਰਚਾ ਜੋਰਾਂ ‘ਤੇ ਹੈ। ਸੁਖਿੰਦਰ ਨੇ ਚਰਚਾ ਅਧੀਨ ਨਾਵਲ ‘ਹੜ੍ਹ’ ਵਿਚ ਕੈਨੇਡਾ ਸਰਕਾਰ ਵੱਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਿਰੁਧ ਸਖ਼ਤ ਰਵਈਆ ਅਪਣਾਉਣ ਅਤੇ ਇਹਨਾਂ ਵਿਦਿਆਰਥੀਆਂ, ਖਾਸ ਤੌਰ ਤੇ ਪੰਜਾਬੀ ਵਿਦਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਖੁਰਾਫਾਤਾਂ ਦਾ ਜ਼ਿਕਰ ਹੈ। ਲੇਖਕ ਬਹੁਤ ਦੇਰ ਤੋਂ ਕੈਨੇਡਾ ਦਾ ਵਾਸੀ ਹੈ। ਸਾਹਿਤਕਾਰ ਹੋਣ ਦੇ ਨਾਤੇ ਉਸਦਾ ਤੀਜਾ ਨੇਤਰ ਖੁਲ੍ਹ ਚੁੱਕਿਆ ਹੈ। ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਉਹ ਦੇਖਦਾ ਹੀ ਨਹੀਂ ਸਗੋਂ ਉਹਨਾਂ ਦੇ ਪਿਛੋਕੜ ਨੂੰ ਵੀ ਜਾਣਨ ਦਾ ਉਪਰਾਲਾ ਕਰਦਾ ਹੈ ਅਤੇ ਉਹਨਾਂ ਸੰਬੰਧੀ ਕਲਮ ਵੀ ਚਲਾਉਂਦਾ ਹੈ।
ਉਪਰੋਕਤ ਸਾਰਾ ਵਰਤਾਰਾ ਹੀ ਸੁਖਿੰਦਰ ਨੇ ਆਪਣੇ ਨਾਵਲ ‘ਹੜ੍ਹ’ ਵਿਚ ਕਲਮ ਬਧ ਕੀਤਾ ਹੈ ਅਤੇ ਅਜਿਹਾ ਕਰਦੇ ਸਮੇਂ ਉਹ ਨਾ ਤਾਂ ਉਲਾਰ ਹੋਇਆ ਹੈ ਅਤੇ ਨਾ ਹੀ ਉਸ ਨੇ ਕਿਸੇ ਗੱਲ ਨੂੰ ਵਧਾ-ਚੜ੍ਹਾ ਕੇ ਬਿਆਨਿਆ ਹੈ। ਅਸਲ ਵਿਚ ਅਜਿਹੀਆਂ ਘਟਨਾਵਾਂ ਸਥਾਨਕ ਅਤੇ ਪੰਜਾਬ ਦੇ ਮੀਡੀਆ ਵਿਚ ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਕੁਝ ਘਟਨਾਵਾਂ ਦੀਆਂ ਵੀਡੀਉ ਯੂ ਟਿਊਬ ਤੇ ਦੇਖੀਆਂ ਜਾ ਸਕਦੀਆਂ ਹਨ। ਨਾਵਲ ਦੀ ਕਹਾਣੀ ਵਿਚ ਕੁਝ ਬਦਲਾਅ ਲਿਆਉਣ ਲਈ ਨਾਵਲਕਾਰ ਨੇ ਨੀਲੂ ਸ਼ਰਮਾ ਅਤੇ ਰਾਜੇਸ਼ ਵਰਮਾ ਦੀ ਕਹਾਣੀ ਨੂੰ ਵੀ ਪੇਸ਼ ਕੀਤਾ ਹੈ ਜਿਸ ਨਾਲ ਆਈ ਲੈਟਸ ਪਾਸ ਕੁੜੀਆਂ ਨਾਲ ਕੀਤੇ ਜਾਂਦੇ ਵਿਹਾਵਾਂ ਦੀ ਅਸਲੀਅਤ ਜਾਹਿਰ ਕਰ ਦਿੱਤੀ ਹੈ ਅਤੇ ਦੋਹਾਂ ਦੇ ਆਪਸੀ ਝਗੜੇ ਕਾਰਨ ਸਥਾਨਕ ਵਕੀਲਾਂ ਦੀ ਲੁੱਟ ਅਤੇ ਧਾਰਮਿਕ ਪਖੰਡੀਆਂ ਦੇ ਲਾਲਚੀ ਸੁਭਾ ਨੂੰ ਨੰਗਾ ਕਰ ਦਿੱਤਾ ਹੈ। ਇਸੇ ਕਹਾਣੀ ਨੇ ਲੜਕੀਆਂ ਵੱਲੋਂ ਮਜ਼ਬੂਰੀ ਜਾਂ ਬਦਲਦੇ ਹਾਲਾਤ ਅਨੁਸਾਰ ਨਸ਼ਿਆਂ ਦੀ ਦਲਦਲ ਵਿਚ ਫਸਣ ਤੋਂ ਲੈ ਕੇ ਨਸ਼ੇ ਵੇਚਣ ਦੇ ਕੰਮ ਵਿਚ ਪੈਣਾ ਅਤੇ ਹੌਲੀ-ਹੌਲੀ ਦੇਹ ਵਪਾਰ ਤੱਕ ਪੁੱਜ ਜਾਣਾ ਵੀ ਸ਼ਾਮਿਲ ਹੈ। ਜਿਥੋਂ ਤੱਕ ਪ੍ਰਸਤੁਤ ਨਾਵਲ ਦੇ ਕਹਾਣੀ ਪੱਖ ਦਾ ਸੰਬੰਧ ਹੈ, ਸੁਖਿੰਦਰ ਦੀ ਤਾਰੀਫ਼ ਕਰਨੀ ਪਵੇਗੀ ਕਿ ਉਸ ਨੇ ਕੈਨੇਡਾ ਸਰਕਾਰ ਦੀਆਂ ਨਿਤੀਆਂ ਤੋਂ ਲੈ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਅਜਿਹੇ ਵਿਦਿਆਰਥੀਆਂ ਵਿਚ ਰਲੇ ਮਾੜੇ ਅਨਸਰਾਂ, ਗੈਂਗਸਟਰ ਰੁਚੀਆਂ ਵਾਲਿਆਂ, ਸਥਾਨਕ ਪੰਜਾਬੀਆਂ ਵੱਲੋਂ ਇਹਨਾਂ ਤੋਂ ਦੁਖੀ ਹੋਣਾ ਜਾਂ ਮਜਬੂਰ ਵਿਦਿਆਰਥੀਆਂ ਦਾ ਸ਼ੋਸ਼ਣ ਕਰਨਾ ਆਦਿ ਨੂੰ ਬਾ-ਖੂਬੀ ਪ੍ਰਗਟਾਇਆ ਹੈ। ਭਾਵੇਂ ਕਿਤੇ-ਕਿਤੇ ਅਜਿਹਾ ਬਿਆਨ ਪੱਤਰਕਾਰੀ ਦੇ ਪੱਧਰ ਦਾ ਜਾਪਦਾ ਹੈ। ਜੇ ਸਾਰੇ ਘਟਨਾਕ੍ਰਮ ਵਿਚੋਂ ਮੈਨੂੰ ਕੋਈ ਗੱਲ ਓਪਰੀ ਲੱਗੀ ਹੈ, ਉਹ ਇਹ ਹੈ ਕਿ ਕੁਝ ਲੜਕੀਆਂ ਵੱਲੋਂ ਦੇਹ ਵਪਾਰ ਸੰਬੰਧੀ ਵੈਬਸਾਈਟ ਬਣਾ ਕੇ ਆਪਣੀਆਂ ਤਸਵੀਰਾਂ ਲਾ ਕੇ ਕੁੜੀਆਂ ਨੂੰ ਇਸ ਕੰਮ ਵਿਚ ਪੈਣ ਦਾ ਸੱਦਾ ਦੇਣਾ। ਕੈਨੇਡਾ ਦੇ ਕਾਨੂੰਨ ਅਨੁਸਾਰ ਦੇਹ ਵਪਾਰ ਜਾਂ ਸੈਕਸ ਵਰਕਰ ਦੇ ਤੌਰ ‘ਤੇ ਵਿਚਰਨਾ ਜਾਇਜ਼ ਹੈ, ਪਰ ਇਸ ਕੰਮ ਲਈ ਪੱਕਾ ਅੱਡਾ ਸਥਾਪਤ ਕਰਨਾ ਕਾਨੂੰਨ ਦੇ ਵਿਰੁਧ ਹੈ। ਲੇਖਕ ਵੱਲੋਂ ਬਾਰ-ਬਾਰ ਇੰਟਰਨੈਸ਼ਨਲ ਸਟੂਡੈਂਟਸ ਲਿਖਣਾ ਵੀ ਗਲਤ ਹੈ, ਜਦੋਂ ਕਿ ਇਸ ਲਈ ਅੰਤਰ-ਰਾਸ਼ਟਰੀ ਵਿਦਿਆਰਥੀ ਵਰਤਿਆ ਜਾ ਸਕਦਾ ਹੈ। ਨਾਵਲਕਾਰ ਨੇ ਨਾਵਲ ਦੀ ਕਹਾਣੀ ਨੂੰ ਬਹੁਤ ਹੀ ਸਧਾਰਨ ਢੰਗ ਨਾਲ ਪੇਸ਼ ਕੀਤਾ ਹੈ। ਕਹਾਣੀ ਬਹੁਤੇ ਉਤਰਾ-ਚੜ੍ਹਾ ਤੋਂ ਬਿਨਾਂ ਹੀ ਅਗੇ ਵੱਧਦੀ ਹੈ। ਇਸ ਪੱਖ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਨਾਵਲ ਦੇ ਪਹਿਲੇ ਕਈ ਪੰਨਿਆਂ ‘ਤੇ ਵਿਸ਼ਰਾਮ ਚਿੰਨ੍ਹਾਂ ਦੀਆਂ ਗਲਤੀਆਂ ਹਨ। ਇਸੇ ਤਰਾਂ ਪੰਨਾ 40, 42 ਅਤੇ ਕੁਝ ਹੋਰ ਪੰਨਿਆਂ ‘ਤੇ ਵੀ ਵਾਕ ਬਣਤਰ ਦੋਸ਼ ਪੂਰਨ ਹੈ, ਪਰ ਮੈਂ ਸਮਝਦਾ ਹਾਂ ਕਿ ਅਜਿਹੀਆਂ ਗਲਤੀਆਂ ਲਈ ਲੇਖਕ ਨਾਲੋਂ ਪ੍ਰਕਾਸ਼ਕ ਜਿਆਦਾ ਜਿੰਮੇਵਾਰ ਹੈ। ਪੰਜਾਬੀ ਦੇ ਸ਼ਾਇਦ ਕਿਸੇ ਵੀ ਪ੍ਰਕਾਸ਼ਕ ਨੇ ਆਪਣੇ ਕੋਲ ਪ੍ਰੂਫ਼ ਰੀਡਰ ਪੱਕੇ ਤੌਰ ਤੇ ਨਹੀਂ ਰੱਖਿਆ ਹੋਇਆ। ਸਾਰੇ ਪ੍ਰਕਾਸ਼ਕ ਮਲਾਈ ਖਾਣੀ ਹੀ ਜਾਣਦੇ ਹਨ। ਸੁਖਿੰਦਰ ਨੇ ਨਾਵਲ ਦੀ ਭੂਮਿਕਾ ਵਿਚ ਵੀ ਸਾਰੀ ਗੱਲ ਵਿਸਥਾਰ ਵਿਚ ਕੀਤੀ ਹੈ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਗੈਰ-ਕਾਨੂੰਨੀ ਕੰਮਾਂ ਦੀ ਸੂਚੀ ਵੀ ਦਰਜ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਨਾਵਲ ਦੇ ਵਿਸ਼ੇ ਅਤੇ ਉਸ ਦੇ ਪਿਛੋਕੜ ਸੰਬੰਧੀ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ 119 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 100 ਰੁਪਏ ਬਹੁਤ ਹੀ ਜਾਇਜ਼ ਹੈ।
ਰਵਿੰਦਰ ਸਿੰਘ ਸੋਢੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |