21 March 2025

ਦਿਵਾਲੀ, ਪਟਾਕੇ ਅਤੇ ਸਥਾਨਕ ਅਫਸਰ ਸ਼ਾਹੀ — ਰਵਿੰਦਰ ਸਿੰਘ ਸੋਢੀ

ਇਸ ਵਿਚ ਕੋਈ ਸ਼ਕ ਨਹੀਂ ਦਿਵਾਲੀ ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰਾਂ ਵਿਚੋਂ ਇਕ ਹੈ ਅਤੇ ਸਾਰੇ ਭਾਰਤ ਵਿਚ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਟਾਕੇ, ਮਠਿਆਈਆਂ, ਦੀਵੇ, ਮੋਮਬੱਤੀਆਂ, ਲਾਈਟਾਂ ਦੀਆਂ ਲੜੀਆਂ, ਜੂਆ, ਇਕ ਦੂਜੇ ਨੂੰ ਤੋਹਫ਼ਿਆਂ ਦੇ ਲੈਣ-ਦੇਣ ਤੋਂ ਲੈ ਕੇ ਰਿਸ਼ਵਤ ਦੇ ਰੂਪ ਵਿਚ ਦਿੰਦੇ ਜਾਂਦੇ ਵੱਡੇ-ਵੱਡੇ ਤੋਹਫ਼ਿਆਂ ਦਾ ਚਲਣ ਵੀ ਇਸ ਤਿਉਹਾਰ ਨਾਲ ਜੁੜਿਆ ਹੋਇਆ ਹੈ।

ਉਪਰੋਕਤ ਵਿਚੋਂ ਪਟਾਕੇ ਅਤੇ ਮਠਿਆਈਆਂ ਦੋ ਅਜਿਹੇ ਪਹਿਲੂ ਹਨ ਜਿੰਨਾਂ ਨੇ ਇਸ ਤਿਉਹਾਰ ਦੀ ਰੌਣਕ ਵਧਾਉਣ ਦੇ ਨਾਲ-ਨਾਲ ਇਸ ਪਵਿੱਤਰ ਤਿਉਹਾਰ ਦੀ ਪਵਿੱਤਰਤਾ ਨੂੰ ਸੱਟ ਮਾਰੀ ਅਤੇ ਜਾਣੀ ਤੇ ਮਾਲੀ ਨੁਕਸਾਨ ਵੀ ਕੀਤਾ ਹੈ। ਅਜੋਕੇ ਸਮੇਂ ਵਿੱਚ ਮਠਿਆਈਆਂ ਵਿਚ ਹੁੰਦੀ ਮਿਲਾਵਟ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਕੇ ਕਈ ਜਾਣ ਲੇਵਾ ਬਿਮਾਰੀਆਂ ਦੇ ਲੜ ਲਾਉਂਦੀ ਹੈ। ਇਹ ਹਰ ਕੋਈ ਜਾਣਦਾ ਹੈ ਕਿ ਦਿਵਾਲੀ ਦੇ ਦਿਨਾਂ ਵਿਚ ਵਿਕਣ ਵਾਲੀ ਮਠਿਆਈ ਕਈ ਮਹੀਨੇ ਪਹਿਲਾਂ ਤਿਆਰ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਵੀ ਗੰਦਗੀ ਭਰੇ ਮਾਹੌਲ ਵਿਚ, ਜਿਥੇ ਮੱਖੀਆਂ, ਮੱਛਰਾਂ, ਛਿਪਕਲੀਆਂ, ਕਾਕਰੋਜ,  ਚੂਹਿਆਂ ਆਦਿ ਦੀ ਭਰਮਾਰ ਹੁੰਦੀ ਹੈ। ਸਰਕਾਰ ਨੇ ਇਹਨਾਂ ਤੇ ਨਜ਼ਰ ਰੱਖਣ ਲਈ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ, ਪਰ ਕੀ ਉਹ ਆਪਣਾ ਫਰਜ਼ ਨਿਭਾ ਰਹੇ ਹਨ ਜਾਂ ਆਪਣੀਆਂ ਜੇਬਾਂ ਭਰ ਰਹੇ ਹਨ, ਇਸ ਬਾਰੇ ਹਰ ਕੋਈ ਭਲੀ-ਭਾਂਤ ਜਾਣਦਾ ਹੈ। ਨਹੀਂ ਪਤਾ ਤਾਂ ਸਰਕਾਰ ਜਾਂ ਹਰ ਸ਼ਹਿਰ, ਤਹਿਸੀਲ ਦੀ ਅਫਸਰ ਸ਼ਾਹੀ ਨੂੰ ਹੀ ਨਹੀਂ ਪਤਾ ਕਿਉਂ ਜੋ ਉਹ ਕੁਰਸੀ ਦੇ ਨਸ਼ੇ ਵਿਚ ਚੂਰ ਮਸਤ ਹੋ ਚੁੱਕੇ ਹਨ ਜਾਂ ਉਹਨਾਂ ਨੇ ਵੀ ਇਹਨਾਂ ਦਿਨਾਂ ਵਿਚ ‘ਵਹਿੰਦੀ ਗੰਗਾ ਵਿਚ ਹੱਥ ਧੋਣੇ’ ਹੁੰਦੇ ਹਨ।

ਹੁਣ ਗੱਲ ਕਰੀਏ ਪਟਾਕਿਆਂ ਦੀ। ਹਰ ਸਾਲ ਹੀ ਦਿਵਾਲੀ ਤੋਂ ਦੂਜੇ ਦਿਨ ਦੇ ਅਖ਼ਬਾਰਾਂ ਵਿਚ ਇਹੋ ਜਿਹੀਆਂ ਖ਼ਬਰਾਂ ਦੀ ਭਰਮਾਰ ਹੁੰਦੀ ਹੈ ਕਿ ਪਟਾਕਿਆਂ ਕਰਕੇ ਕਿੱਥੇ-ਕਿੱਥੇ ਅੱਗ ਲੱਗਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਤਕਰੀਬਨ ਦੋ ਕੁ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਇਕ ਰਿਆਸਤੀ ਸ਼ਹਿਰ ਵਿਚ ਆਤਿਸ਼ਬਾਜ਼ੀ ਕਰਕੇ ਕਈ ਦੁਕਾਨਾਂ ਅੱਗ ਦੀ ਭੇਟ ਚੜ੍ਹ ਗਈਆਂ ਸੀ ਅਤੇ ਕਈ ਜਾਨਾ ਵੀ ਗਈਆਂ ਸਨ। ਅਜਿਹੀਆਂ ਦੁਰਘਟਨਾਵਾਂ ਤਕਰੀਬਨ ਹਰ ਸਾਲ ਹੀ ਵਾਪਰਦੀਆਂ ਹਨ। ਦੋ-ਚਾਰ ਘੰਟੇ ਦੀ ਮੌਜ ਮਸਤੀ ਕਈ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁਝਾ ਦਿੰਦੀ ਹੈ ਜਿਸ ਕਰਕੇ ਉਹਨਾਂ ਪਰਿਵਾਰਾਂ ਦੀ ਦਿਵਾਲੀ ਸਾਰੀ ਉਮਰ ਲਈ ਹੀ ਕਾਲੀ ਦੀਵਾਲੀ ਦਾ ਰੂਪ ਅਖਤਿਆਰ ਕਰ ਲੈਂਦੀ ਹੈ।

ਸਮੁੱਚੇ ਦੇਸ਼ ਵਿਚ ਹੀ ਸਥਾਨਕ ਅਫਸਰ ਸ਼ਾਹੀ ਸਰਕਾਰ ਤੋਂ ਮਿਲੀਆਂ ਦਿਖਾਵੇ ਦੀਆਂ ਹਿਦਾਇਤਾਂ ਅਨੁਸਾਰ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਹੇਠਲੇ ਅਫਸਰਾਂ ਨੂੰ ਤਾੜਨਾ ਕਰਦੀ ਹੈ ਕਿ ਪਟਾਕੇ ਤੰਗ ਗਲੀਆਂ, ਬਜ਼ਾਰਾਂ ਵਿਚ ਨਹੀਂ ਵਿਕਣੇ ਚਾਹੀਦੇ, ਜਿਹੜੇ ਦੁਕਾਨਦਾਰਾਂ ਕੋਲ ਪਟਾਕੇ ਵੇਚਣ ਦਾ ਲਾਇਸੰਸ ਹੈ, ਉਹੀ ਪਟਾਕੇ ਵੇਚ ਸਕਦੇ ਹਨ, ਬਾਕੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਾਨੂੰਨੀ ਕਾਰਵਾਈ ਕੀ ਹੁੰਦੀ ਹੈ? ਇਸਦਾ ਅਜੇ ਤੱਕ ਪਤਾ ਨਹੀਂ ਲੱਗਿਆ। ਹਰ ਛੋਟੇ-ਵੱਡੇ ਸ਼ਹਿਰ ਦੀਆਂ ਦੁਕਾਨਾਂ ਦੇ ਅੱਗੇ ਮੰਜੇ ਜਾਂ ਫੱਟੇ ਲਾ ਕੇ ਪਟਾਕੇ ਧੜੱਲੇ ਨਾਲ ਵਿਕਦੇ ਹਨ। ਪਤਾ ਨਹੀਂ ਡੀ. ਸੀ, ਐਸ. ਡੀ, ਐਮ, ਪੁਲਿਸ ਮਹਿਕਮੇ ਦੇ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਦੇ ਕਰਮਚਾਰੀ ਕਿਹੜੇ ਭੋਰੇ ਵਿਚ ਬੈਠੇ ਸਰਕਾਰੀ ਹੁਕਮਾਂ ਦੀ ਤਾਮੀਲ ਕਰ ਰਹੇ ਹੁੰਦੇ ਹਨ ਜਾਂ ਲਛਮੀ ਦੇਵੀ ਵੱਲੋਂ ਬਰਸਾਏ ਨੋਟਾਂ ਦੇ ਝਲਕਾਰੇ ਲੈ ਰਹੇ ਹੁੰਦੇ ਹਨ? 

ਇਹ ਨਹੀਂ ਕਿਹਾ ਜਾ ਸਕਦਾ ਕਿ ਦਿਵਾਲੀ ਵਾਲੇ ਦਿਨਾਂ ਵਿਚ ਪਟਾਕੇ ਨਾ ਚਲਾਓ, ਪਰ ਹਰ ਚੀਜ਼ ਇਕ ਹੱਦ ਵਿਚ ਹੀ ਚੰਗੀ ਲੱਗਦੀ ਹੈ। ਖੁਸ਼ੀ ਮਨਾਉਣ ਦਾ ਵੀ ਢੰਗ ਹੁੰਦਾ ਹੈ। ਖੁਸ਼ੀ ਵੇਲੇ ਘਰ ਫੂਕ ਤਮਾਸ਼ਾ ਤਾਂ ਨਹੀਂ ਦੇਖਿਆ ਜਾ ਸਕਦਾ। 

ਹੁਣ ਤਾਂ ਵਿਦੇਸ਼ਾਂ ਵਿਚ ਵੀ ਭਾਰਤੀਆਂ ਨੇ ਪਟਾਕਿਆਂ ਦੇ ਨਾਂ ਤੇ ਗੰਦ ਪਾਉਣਾ ਸ਼ੁਰੂ (ਮੁਆਫ਼ੀ ਸਹਿਤ) ਕਰ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਦੇ ਕੁਝ ਸ਼ਹਿਰਾਂ ਵਿਚ ਪੁਲਿਸ ਵੱਲੋਂ ਨਿਰਧਾਰਤ ਸਮੇਂ ਤੋਂ ਬਾਅਦ ਵੀ ਪਟਾਕੇ ਚਲਾਏ ਗਏ, ਪੁਲਿਸ ਵੱਲੋਂ ਰੋਕਣ ਤੇ ਉਹਨਾਂ ਨਾਲ ਬੋਲ ਬੁਲਾਰਾ ਕੀਤਾ ਗਿਆ। ਇਸਦਾ ਨਤੀਜਾ ਕੀ ਨਿਕਲਿਆ? ਕਈ ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਗਿਆ। ਦੇਸ਼ ਦੀ ਜੋ ਬਦਨਾਮੀ ਹੋਈ ਉਹ ਵੱਖ। ਇਥੇ ਇਹ ਲਿਖਣ ਵਿਚ ਕੋਈ ਹਰਜ ਨਹੀਂ ਇਹਨਾਂ ਵਿਚੋਂ ਬਹੁਤੇ ਵਿਦਿਆਰਥੀ ਪੰਜਾਬ ਨਾਲ ਸਬੰਧਿਤ ਸਨ।

ਪਟਾਕਿਆਂ ਦੀ ਸਮੱਸਿਆ ਨਾਲ ਨਜਿੱਠਣਾ ਬਹੁਤਾ ਮੁਸ਼ਕਿਲ ਨਹੀਂ, ਸਰਕਾਰ ਇਹ ਕੰਮ ਅਸਾਨੀ ਨਾਲ ਕਰ ਸਕਦੀ ਹੈ। ਹਰ ਸ਼ਹਿਰ ਨੂੰ ਵੱਖ-ਵੱਖ ਹਲਕਿਆਂ ਵਿਚ ਵੰਡਿਆ ਜਾਵੇ। ਹਰ ਹਲਕੇ ਦੇ ਦੁਕਾਨਦਾਰ ਜੋ ਵੀ ਪਟਾਕੇ ਵੇਚ ਰਹੇ ਹਨ, ਉਹਨਾਂ ਦੀ ਵੀਡੀਓ ਗ੍ਰਾਫੀ ਕਰਵਾਈ ਜਾਵੇ ਅਤੇ ਉਹਨਾਂ ਨੂੰ ਕਿਹਾ ਜਾਵੇ ਕਿ ਉਹ ਆਪਣੇ ਲਾਇਸੈਂਸ ਦੁਕਾਨ ਦੇ ਬਾਹਰ ਲਾ ਕੇ ਰੱਖਣ। ਵੀਡੀਓ ਗ੍ਰਾਫੀ ਕਰਦੇ ਵੇਲੇ ਦੁਕਾਨਦਾਰ ਦੇ ਲਾਇਸੰਸ ਦੀ ਸਾਫ ਫ਼ੋਟੋ ਲੈਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਲਾਇਸੰਸ ਨੰਬਰ ਸਾਫ-ਸਾਫ ਦਿੱਖੇ। ਉਸ ਤੋਂ ਬਾਅਦ ਲਾਇਸੰਸ ਜਾਰੀ ਕਰਨ ਵਾਲੇ ਦਫਤਰ ਤੋਂ ਰਿਕਾਰਡ ਮੰਗਿਆ ਜਾਵੇ ਕਿ ਕਿਸੇ ਹਲਕੇ ਵਿਚ ਕਿੰਨੇ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਤਕਰੀਬਨ ਸਾਰੇ ਮਹਿਕਮਿਆਂ ਵਿਚ ਹੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਰਿਸ਼ਵਤ ਦੀ ਬਿਮਾਰੀ ਇਕ ਮਹਾਂ-ਮਾਰੀ ਦੇ ਰੂਪ ਵਿਚ ਫੈਲੀ ਹੋਈ ਹੈ ਅਤੇ ਸੰਬੰਧਿਤ ਕਰਮਚਾਰੀ ਆਪਣੇ ਚਾਹ-ਪਾਣੀ ਦਾ ਜੁਗਾੜ ਬਣਾ ਹੀ ਲੈਂਦੇ ਹਨ, ਪਰ ਸਖ਼ਤਾਈ ਕਰਨ ਨਾਲ ਕੁਝ ਅਸਰ ਪਵੇਗਾ ਜਰੂਰ। ਬਿਨਾਂ ਮਨਜ਼ੂਰੀ ਪਟਾਕੇ ਵੇਚਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਣ। ਇਸ ਸਖ਼ਤੀ ਨਾਲ ਹਰ ਸਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ ਅਤੇ ਪੰਜ-ਸੱਤ ਸਾਲਾਂ ਵਿਚ ਹਾਲਾਤ ਕਾਫੀ ਹੱਦ ਤੱਕ ਸੁਧਰ ਸਕਦੇ ਹਨ। ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਪਟਾਕਿਆਂ ਸੰਬੰਧੀ ਹਦਾਇਤਾਂ ਦਿੱਤੀਆਂ ਹੋਈਆਂ ਹਨ। ਜਿਹੜੇ ਸਥਾਨਕ ਉੱਚ ਅਧਿਕਾਰੀ ਇਸ ਕੰਮ  ਵਿਚ ਸਹਾਇਤਾ ਨਹੀਂ ਕਰਦੇ  ਉਹ ਭਾਵੇਂ ਡੀ ਸੀ ਹੋਣ, ਐਸ ਡੀ ਐਮ ਜਾਂ ਪੁਲਿਸ ਅਫਸਰ ਸਭ ਤੇ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਹੀ ‘ਹਰੀ ਦਿਵਾਲੀ’ ਦਾ ਨਾਹਰਾ ਅਮਲ ਵਿਚ ਆ ਸਕਦਾ ਹੈ, ਨਹੀਂ ਤਾਂ ਦਿਵਾਲੀ ਦੇ ਦਿਨਾਂ ਵਿਚ ਆਏ ਸਾਲ ਅੱਗਾਂ ਲੱਗਦੀਆਂ ਰਹਿਣਗੀਆਂ ਅਤੇ ਜਾਨੀ-ਮਾਲੀ ਨੁਕਸਾਨ ਹੁੰਦਾ ਰਹੇਗਾ। ਫੋਕੀਆਂ ਗੱਲਾਂ ਨਾਲ ਹਾਲਾਤ ਨਹੀਂ ਸੁਧਰਨੇ। ਸੰਬੰਧਿਤ ਅਫਸਰ ਸ਼ਾਹੀ ਨੂੰ ਜੁਆਬ ਦੇਹ ਬਣਾਉਣਾ ਸਮੇਂ ਦੀ ਲੋੜ ਹੈ।
***
ਰਵਿੰਦਰ ਸਿੰਘ ਸੋਢੀ
091-694-369-2371
ਕੈਲਗਰੀ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1409
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ