![]() ਕੀ ਤੁਹਾਨੂੰ ਕਦੇ ਅਜਿਹਾ ਲੱਗਿਆ ਹੈ ਕਿ ਜਦੋਂ ਵੀ ਤੁਸੀਂ ਇਤਿਹਾਸ ਦੀਆਂ ਤਰੀਕਾਂ ਜਾ ਹਿਸਾਬ ਦੇ ਫਾਰਮੂਲੇ ਯਾਦ ਕਰਨ ਬੈਠਦੇ ਹੋ, ਤਾਂ ਤੁਹਾਨੂੰ ਨੀਂਦ ਆਉਣ ਲੱਗਦੀ ਹੈ ਜਾਂ ਦਿਮਾਗ਼ ਵਿੱਚ ਘੁੰਮ ਰਹੇ ਕਾਰਟੂਨ ਕੈਰੇਕਟਰਜ਼ ਤੁਹਾਡਾ ਧਿਆਨ ਭਟਕਾ ਦਿੰਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਬਿਲਕੁਲ ਨਾ ਘਬਰਾਓ। ਅਸੀਂ ਤੁਹਾਨੂੰ ਅਜਿਹੇ ਆਸਾਨ ਨੁਸਖੇ ਦੱਸਾਂਗੇ ਕਿ ਪੜ੍ਹਾਈ ਤੁਹਾਡੇ ਲਈ ਇੱਕ ਖੂਬਸੂਰਤ ਐਡਵੈਂਚਰ ਬਣ ਜਾਏਗੀ। ਖ਼ੁਦ ਨੂੰ ਬਣਾਓ ਸਟੋਰੀਟੈਲਰ
ਖੁਸ਼ਕ ਅਤੇ ਅਕਾਊ ਲਾਈਨਾਂ ਨੂੰ ਰੱਟਾ ਲਾਉਣ ਨਾਲੋਂ ਚੰਗਾ ਹੈ ਕਿ ਤੁਸੀਂ ਜੋ ਵੀ ਪੜ੍ਹ ਰਹੇ ਹੋ, ਉਹਨੂੰ ਇੱਕ ਮਜ਼ੇਦਾਰ ਸਟੋਰੀ ਵਿੱਚ ਬਦਲ ਦਿਓ। ਮੰਨ ਲਓ ਤੁਸੀਂ ਇਤਿਹਾਸ ਵਿੱਚ ਕਿਸੇ ਰਾਜੇ ਦੀ ਲੜਾਈ ਬਾਰੇ ਪੜ੍ਹ ਰਹੇ ਹੋ, ਤਾਂ ਸੋਚੋ ਕਿ ਉਸ ਰਾਜੇ ਨੇ ਤੁਹਾਡੇ ਪਸੰਦੀਦਾ ਸੁਪਰਹੀਰੋ ਵਾਂਗ ਕੱਪੜੇ ਪਹਿਨੇ ਹੋਏ ਹਨ। ਫਿਰ ਉਹਨੇ ਕੀ ਕੀ ਕੀਤਾ, ਕਿਉਂ ਹਿਟ ਜਾਂ ਫਲਾਪ ਰਿਹਾ। ਜੇ ਤੁਸੀਂ ਵਿਗਿਆਨ ਵਿੱਚ ‘ਵਾਸ਼ਪੀਕਰਨ’ ਪੜ੍ਹ ਰਹੇ ਹੋ ਤਾਂ ਸੋਚੋ ਕਿ ਪਾਣੀ ਦੀਆਂ ਬੂੰਦਾਂ ਛੋਟੇ ਛੋਟੇ ਅੰਤਰਿਕਸ਼ ਯਾਤਰੀ ਹਨ ਜੋ ਸੂਰਜ ਦੇ ਰਾਕਟ ਵਿੱਚ ਬਹਿ ਕੇ ਆਕਾਸ਼ ਦੀ ਸੈਰ ਲਈ ਜਾ ਰਹੀਆਂ ਹਨ। ਇਹਦਾ ਲਾਭ ਇਹ ਹੈ ਕਿ ਸਾਡਾ ਦਿਮਾਗ਼ ਤਸਵੀਰਾਂ ਤੇ ਕਹਾਣੀਆਂ ਨੂੰ ਸਾਲਾਂ ਤੱਕ ਯਾਦ ਰੱਖਦਾ ਹੈ, ਪਰ ਰੱਟੀਆਂ ਹੋਈਆਂ ਲਾਈਨਾਂ ਅਸੀਂ ਦੋ ਦਿਨਾਂ ਵਿੱਚ ਭੁੱਲ ਜਾਂਦੇ ਹਾਂ। ਜਦੋਂ ਤੁਸੀਂ ਕਹਾਣੀ ਦੇ ਲੇਖਕ ਖੁਦ ਬਣੋਗੇ ਤਾਂ ਜਵਾਬ ਵੀ ਆਪਣੇ ਆਪ ਯਾਦ ਆ ਜਾਵੇਗਾ।
ਟੈਡੀ ਬੀਅਰ ਨੂੰ ਬਣਾਓ ਆਪਣਾ ਸਟੂਡੈਂਟ
ਇਹ ਦੁਨੀਆਂ ਦੇ ਸਭ ਤੋਂ ਮਹਾਨ ਵਿਗਿਆਨੀਆਂ ‘ਚੋਂ ਇੱਕ, ਰਿਚਰਡ ਫੋਰਮੈਨ ਦਾ ਤਰੀਕਾ ਹੈ। ਜਦੋਂ ਤੁਹਾਨੂੰ ਕੋਈ ਮੁਸ਼ਕਿਲ ਟਾਪਿਕ ਸਮਝ ਨਾ ਆ ਰਿਹਾ ਹੋਵੇ, ਤਾਂ ਆਪਣੀ ਕਲਾਸ ਦੇ ਸਭ ਤੋਂ ਬੈਸਟ ਟੀਚਰ ਬਣ ਜਾਓ। ਆਪਣੇ ਸਾਹਮਣੇ ਆਪਣੇ ਪਸੰਦੀਦਾ ਖਿਡੌਣੇ, ਜਿਵੇਂ ਟੈਡੀ ਬੀਅਰ, ਡੌਲ ਜਾਂ ਫਿਰ ਖਾਲੀ ਕੁਰਸੀਆਂ ਨੂੰ ਰੱਖ ਲਓ। ਹੁਣ ਜੋ ਚੈਪਟਰ ਤੁਸੀਂ ਹੁਣੇ ਹੁਣੇ ਪੜ੍ਹਿਆ ਹੈ, ਉਹਨੂੰ ਇਨ੍ਹਾਂ ਖਿਡੌਣਿਆਂ ਨੂੰ ਇੰਨੀ ਸੌਖੀ ਭਾਸ਼ਾ ਵਿੱਚ ਸਮਝਾਓ, ਜਿਵੇਂ ਉਹ ਛੋਟੇ ਬੱਚੇ ਹੋਣ! ਤੁਸੀਂ ਕੰਧ ਜਾਂ ਸ਼ੀਸ਼ੇ ਮੂਹਰੇ ਖੜ੍ਹੇ ਹੋ ਕੇ ਵੀ ਖੁਦ ਨੂੰ ਸਮਝਾ ਸਕਦੇ ਹੋ। ਜਦੋਂ ਤੁਸੀਂ ਸਮਝਾਉਂਦੇ ਹੋਏ ਕਿਤੇ ਰੁਕ ਜਾਓ ਜਾਂ ਝਿਜਕੋ, ਤਾਂ ਸਮਝ ਜਾਓ ਕਿ ਉਹ ਹਿੱਸਾ ਤੁਹਾਨੂੰ ਅਜੇ ਚੰਗੀ ਤਰ੍ਹਾਂ ਸਮਝ ਨਹੀਂ ਆਇਆ। ਝੱਟ ਕਿਤਾਬ ਖੋਲ੍ਹੋ ਅਤੇ ਉਸ ਹਿੱਸੇ ਨੂੰ ਦੁਬਾਰਾ ਵੇਖ ਲਓ। ਦੂਜਿਆਂ ਨੂੰ ਸਮਝਾਉਣ ਨਾਲ ਸਾਡਾ ਖੁਦ ਦਾ ਕਾਨਸੈਪਟ ਕ੍ਰਿਸਟਲ ਵਾਂਗ ਸਾਫ਼ ਹੋ ਜਾਂਦਾ ਹੈ।
ਰੰਗ-ਬਿਰੰਗੇ ਮਾਈਂਡ ਮੈਪਸ
ਕਾਲੇ ਤੇ ਨੀਲੇ ਪੈੱਨ ਨਾਲ ਲਿਖੇ ਲੰਮੇ ਲੰਮੇ ਪੈਰੇ ਵੇਖ ਕੇ ਤਾਂ ਵੱਡੇ ਵੱਡਿਆਂ ਨੂੰ ਵੀ ਡਰ ਲੱਗਣ ਲੱਗਦਾ ਹੈ। ਇਸਲਈ ਆਪਣੇ ਨੋਟਸ ਨੂੰ ਕੁਝ ਰੰਗੀਨ ਅਤੇ ਕਲਾਤਮਕ ਬਣਾਓ। ਇਹਦੇ ਲਈ ‘ਮਾਈਂਡ ਮੈਪ’ ਯਾਨੀ ਦਿਮਾਗ਼ ਦਾ ਨਕਸ਼ਾ ਸਭ ਤੋਂ ਚੰਗਾ ਤਰੀਕਾ ਹੈ। ਇੱਕ ਸਾਦੇ ਕਾਗਜ਼ ਦੇ ਬਿਲਕੁਲ ਵਿਚਾਲੇ ਆਪਣੇ ਚੈਪਟਰ ਦਾ ਨਾਂ ਲਿਖੋ ਅਤੇ ਉਹਦੇ ਚਾਰੇ ਪਾਸੇ ਗੋਲ ਦਾਇਰਾ ਬਣਾਓ। ਹੁਣ ਉਸ ਦਾਇਰੇ ਵਿੱਚ ਰੁੱਖਾਂ ਦੀਆਂ ਟਹਿਣੀਆਂ ਵਾਂਗ ਤੀਰ ਬਣਾਓ ਅਤੇ ਹਰ ਟਹਿਣੀ ਤੇ ਉਸ ਚੈਪਟਰ ਦੇ ਮੁੱਖ ਪੁਆਇੰਟਸ ਲਿਖੋ। ਅੱਡ ਅੱਡ ਸਕੈੱਚ ਪੈੱਨ, ਛੋਟੇ ਛੋਟੇ ਚਿੱਤਰ, ਇਮੋਜੀ ਦੀ ਵਰਤੋਂ ਕਰੋ। ਜਦੋਂ ਤੁਸੀਂ ਪ੍ਰੀਖਿਆ ਦੇ ਦਿਨਾਂ ਵਿੱਚ ਸਿਰਫ ਇਸ ਪੰਨੇ ਦੇ ਰੰਗੀਨ ਨਕਸ਼ੇ ਨੂੰ ਵੇਖੋਗੇ ਤਾਂ ਪੂਰੇ ਦਾ ਪੂਰਾ ਚੈਪਟਰ ਤੁਹਾਡੇ ਦਿਮਾਗ਼ ਦੀ ਸਕਰੀਨ ਤੇ ਫ਼ਲੈਸ਼ ਹੋ ਜਾਵੇਗਾ। ਇਹ ਤੁਹਾਡੇ ਦਿਮਾਗ਼ ਲਈ ਗੂਗਲ ਮੈਪ ਵਾਂਗ ਕੰਮ ਕਰਦਾ ਹੈ।
ਫਾਰਮੂਲਿਆਂ ਨੂੰ ਸੈੱਟ ਕਰੋ ਧੁਨ ਤੇ
ਹਿਸਾਬ ਦੇ ਔਖੇ ਫਾਰਮੂਲੇ ਜਾਂ ਫਿਰ ਸਾਇੰਸ ਦੇ ਤੱਤਾਂ ਦੇ ਨਾਂ ਯਾਦ ਕਰਨਾ ਕਦੇ ਕਦੇ ਬਹੁਤ ਅਕਾਊ ਹੋ ਜਾਂਦਾ ਹੈ। ਇਸਦਾ ਇੱਕ ਬਹੁਤ ਮਜ਼ੇਦਾਰ ਇਲਾਜ ਹੈ – ਸੰਗੀਤ। ਆਪਣੇ ਕਿਸੇ ਪਸੰਦੀਦਾ ਗੀਤ ਦੀ ਧੁਨ ਜਾਂ ਫਿਰ ਕਿਸੇ ਜਾਣੀ ਪਛਾਣੀ ਕਵਿਤਾ ਦੀ ਲੈਅ ਫੜੋ ਅਤੇ ਉਸ ਵਿੱਚ ਆਪਣੇ ਫਾਰਮੂਲੇ ਜਾਂ ਇਤਿਹਾਸ ਦੀਆਂ ਮਹੱਤਵਪੂਰਣ ਤਰੀਕਾਂ ਫਿਟ ਕਰ ਦਿਓ। ਤੁਸੀਂ ਚਾਹੋ ਤਾਂ ਇੱਕ ਛੋਟਾ ਜਿਹਾ ਰੈਪ ਸੌੰਂਗ ਵੀ ਬਣਾ ਸਕਦੇ ਹੋ। ਜਿਵੇਂ “ਹਾਈਡਰੋਜਨ, ਹੀਲੀਅਮ, ਲਿਥੀਅਮ ਭਾਈ… ਅੱਗੇ ਦੀ ਟੇਬਲ ਨੇ ਧੁੰਮ ਮਚਾਈ…।” ਸੰਗੀਤ ਸਾਡੇ ਦਿਮਾਗ਼ ਦੇ ਉਸ ਹਿੱਸੇ ਨੂੰ ਸਕ੍ਰਿਅ ਕਰਦਾ ਹੈ ਜੋ ਭਾਵਨਾਵਾਂ ਅਤੇ ਲੰਮੇ ਸਮੇਂ ਦੀਆਂ ਯਾਦਾਂ ਨਾਲ ਜੁੜਿਆ ਹੁੰਦਾ ਹੈ। ਗਾਉਂਦੇ ਗਾਉਂਦੇ ਪੜ੍ਹਾਈ ਕਰਨ ਨਾਲ ਤਣਾਓ ਛੂ-ਮੰਤਰ ਹੋ ਜਾਂਦਾ ਹੈ।
ਆਪਣਾ ਸਟੱਡੀ ਕਾਰਨਰ ਤਿਆਰ ਕਰੋ
ਤੁਸੀਂ ਕਿੱਥੇ ਬੈਠ ਕੇ ਪੜ੍ਹਦੇ ਹੋ, ਇਹਦਾ ਤੁਹਾਡੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਹੈ। ਬਿਸਤਰੇ ਤੇ ਲੇਟ ਕੇ ਪੜ੍ਹਨਾ ਸਭ ਤੋਂ ਖਰਾਬ ਢੰਗ ਹੈ, ਕਿਉਂਕਿ ਬਿਸਤਰਾ ਵੇਖਦੇ ਹੀ ਦਿਮਾਗ਼ ਨੂੰ ਸੌਣ ਦਾ ਸਿਗਨਲ ਮਿਲ ਜਾਂਦਾ ਹੈ। ਆਪਣੇ ਘਰ ਦੇ ਕਿਸੇ ਕੋਨੇ ਨੂੰ ਆਪਣੇ ‘ਸਟੱਡੀ ਸਟੇਸ਼ਨ’ ਜਾਂ ‘ਮਿਸ਼ਨ ਕੰਟਰੋਲ ਰੂਮ’ ਬਣਾ ਲਓ। ਉੱਥੇ ਇੱਕ ਛੋਟਾ ਜਿਹਾ ਟੇਬਲ ਅਤੇ ਕੁਰਸੀ ਰੱਖੋ। ਉਸ ਥਾਂ ਤੇ ਸਿਰਫ ਤੁਹਾਡੇ ਕੰਮ ਦੀਆਂ ਕਿਤਾਬਾਂ, ਪੈੱਨ, ਪਾਣੀ ਦੀ ਬੋਤਲ ਹੋਣੀ ਚਾਹੀਦੀ ਹੈ। ਉੱਥੇ ਕੋਈ ਖਿਡੌਣਾ ਜਾਂ ਧਿਆਨ ਭਟਕਾਉਣ ਵਾਲੀ ਚੀਜ਼ ਨਾ ਰੱਖੋ। ਤੁਸੀਂ ਉਸ ਕੋਨੇ ਵਿੱਚ ਕੁਝ ਮੋਟੀਵੇਸ਼ਨਲ ਕੋਟਸ ਜਾਂ ਆਪਣੇ ਬਣਾਏ ਮਾਈਂਡ ਮੈਪਸ ਚਿਪਕਾ ਸਕਦੇ ਹੋ। ਜਦੋਂ ਵੀ ਤੁਸੀਂ ਉਸ ਥਾਂ ਤੇ ਬੈਠੋਗੇ, ਤੁਹਾਡੇ ਦਿਮਾਗ਼ ਨੂੰ ਪਤਾ ਲੱਗ ਜਾਵੇਗਾ ਕਿ ਹੁਣ ‘ਸਟੱਡੀ ਮੋਡ’ ਆਨ ਹੋ ਚੁੱਕਾ ਹੈ।
ਖੇਡੋ ਕੁਇਜ਼ ਗੇਮ
ਇਕੱਲਿਆਂ ਪੜ੍ਹਦੇ ਪੜ੍ਹਦੇ ਬੋਰੀਅਤ ਹੋਣੀ ਲਾਜ਼ਮੀ ਹੈ। ਇਹਨੂੰ ਦੂਰ ਕਰਨ ਲਈ ਆਪਣੇ ਦੋਸਤਾਂ ਜਾਂ ਭੈਣ-ਭਰਾਵਾਂ ਨੂੰ ਸ਼ਾਮਲ ਕਰੋ ਅਤੇ ਪੜ੍ਹਾਈ ਨੂੰ ਇੱਕ ਗੇਮ ਸ਼ੋਅ ਦਾ ਰੂਪ ਦਿਓ। ਛੋਟੇ ਛੋਟੇ ਕਾਗਜ਼ ਦੇ ਟੁਕੜਿਆਂ (ਫਲੈਸ਼ ਕਾਰਡ) ਦੇ ਇੱਕ ਪਾਸੇ ਸੁਆਲ ਅਤੇ ਦੂਜੇ ਪਾਸੇ ਉਹਦਾ ਸਹੀ ਜਵਾਬ ਲਿਖੋ। ਹੁਣ ਆਪਣੇ ਦੋਸਤਾਂ ਜਾਂ ਮੰਮੀ-ਪਾਪਾ ਨਾਲ ‘ਕੌਨ ਬਨੇਗਾ ਕਰੋੜਪਤੀ’ ਵਾਂਗ ਖੇਡੋ। ਗਲਤ ਜਵਾਬ ਤੇ ਲਾਈਫ਼ ਲਾਈਨ ਦੀ ਵਰਤੋਂ ਕਰੋ ਜਾਂ ਫ਼ਨੀ ਪੈਨਲਟੀ ਰੱਖੋ। ਜਦੋਂ ਅਸੀਂ ਖੇਡ ਖੇਡ ਵਿੱਚ ਪ੍ਰਤਿਯੋਗਤਾ ਕਰਦੇ ਹਾਂ ਤਾਂ ਸਾਡੇ ਅੰਦਰ ਜਿੱਤਣ ਦੀ ਇੱਛਾ ਪੈਦਾ ਹੁੰਦੀ ਹੈ। ਇਸ ਨਾਲ ਮੁਸ਼ਕਿਲ ਪ੍ਰਸ਼ਨ ਵੀ ਹੱਸਦੇ ਖੇਡਦੇ ਯਾਦ ਹੋ ਜਾਂਦੇ ਹਨ ਅਤੇ ਦੋਸਤਾਂ ਨਾਲ ਬਾਂਡਿੰਗ ਵੀ ਚੰਗੀ ਹੋ ਜਾਂਦੀ ਹੈ।
ਖੁਦ ਨੂੰ ਦਿਓ ਸੁਪਰ ਰਿਕਾਰਡ
ਕੋਈ ਵੀ ਕੰਮ ਬਿਨਾਂ ਲਾਭ ਤੋਂ ਕਰਨ ਵਿੱਚ ਸੁਆਦ ਨਹੀਂ ਆਉਂਦਾ, ਹੈ ਨਾ! ਤਾਂ ਕਿਉਂ ਨਾ ਆਪਣੀ ਪੜ੍ਹਾਈ ਲਈ ਵੀ ਇੱਕ ਇਨਾਮ ਪ੍ਰਣਾਲੀ ਜਾਂ ‘ਰਿਵਾਰਡ ਸਿਸਟਮ’ ਤੈਅ ਕੀਤਾ ਜਾਏ। ਆਪਣੇ ਆਪ ਨਾਲ ਇੱਕ ਡੀਲ ਕਰੋ – “ਜੇ ਮੈਂ ਅੱਜ ਗਣਿਤ ਦੇ 5 ਔਖੇ ਸੁਆਲ ਹੱਲ ਕਰ ਲਵਾਂਗਾ ਤਾਂ ਮੈਨੂੰ ਸ਼ਾਮ ਨੂੰ 20 ਮਿੰਟ ਆਪਣੀ ਪਸੰਦੀਦਾ ਗੇਮ ਖੇਡਣ ਨੂੰ ਮਿਲੇਗੀ।” ਜਾਂ “ਇਤਿਹਾਸ ਦਾ ਚੈਪਟਰ ਖਤਮ ਕਰਨ ਪਿੱਛੋਂ ਮੈਂ ਆਪਣੀ ਮਨਪਸੰਦ ਆਈਸਕਰੀਮ ਖਾਵਾਂਗਾ।” ਪਰ ਯਾਦ ਰਹੇ ਕਿ ਇਨਾਮ ਤਾਂ ਹੀ ਮਿਲੇਗਾ ਜੇ ਤੁਸੀਂ ਇਮਾਨਦਾਰੀ ਨਾਲ ਆਪਣਾ ਟਾਸਕ ਪੂਰਾ ਕਰੋਗੇ। ਖੁਦ ਨਾਲ ਚੀਟਿੰਗ ਬਿਲਕੁਲ ਨਹੀਂ ਕਰਨੀ। ਇਹ ਤਰੀਕਾ ਸਾਡੇ ਦਿਮਾਗ਼ ਵਿੱਚ ‘ਡੋਪਾਮਾਈਨ’ ਨਾਂ ਦਾ ਕੈਮੀਕਲ ਰੀਲੀਜ਼ ਕਰਦਾ ਹੈ। ਜਿਸ ਨਾਲ ਖੁਸ਼ੀ ਮਿਲਦੀ ਹੈ ਅਤੇ ਅਸੀਂ ਅਗਲੇ ਟਾਸਕ ਨੂੰ ਹੋਰ ਵੀ ਤੇਜ਼ੀ ਨਾਲ ਕਰਨ ਲਈ ਤਿਆਰ ਹੋ ਜਾਂਦੇ ਹਾਂ।
***
~ ਮੂਲ : ਸ਼ਿਖਰ ਚੰਦ ਜੈਨ, ਕੋਲਕਾਤਾ (9836067535)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ- 147002.
+91 9417692015
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by 
