|
ਪਿਆਰੇ ਰੱਬ ਜੀ! ਸਤਿ ਸ੍ਰੀ ਅਕਾਲ। ਮੇਰਾ ਨਾਮ ਸਿਮਰ ਹੈ ਅਤੇ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਹਾਂ। ਰੱਬ ਜੀ ਮੈਂ ਤੁਹਨੂੰ ਇਹ ਪਹਿਲੀ ਚਿੱਠੀ ਲਿਖ ਰਿਹਾ ਹਾਂ ਜੀ। ਇਸ ਲਈ ਜਵਾਬ ਜ਼ਰੂਰ ਦੇਣਾ ਜੀ। ਮੈਨੂੰ ਆਪ ਜੀ ਦੇ ਉੱਤਰ ਦੀ ਉਡੀਕ ਰਹੇਗੀ। ਪਹਿਲੀ ਗੱਲ ਤਾਂ ਇਹ ਹੈ ਜੀ ਤਹਾਨੂੰ ਮੰਨਣ ਵਾਲੇ ਸਾਰੇ ਇਹ ਗੱਲ ਕਹਿੰਦੇ ਹਨ ਕਿ ਦੁਨੀਆ ਵਿਚ ਜੋ ਕੁਝ ਵੀ ਹੁੰਦਾ ਹੈ ਉਹ ਆਪ ਜੀ ਦੀ ਮਰਜੀ ਨਾਲ ਹੀ ਹੁੰਦਾ ਹੈ। ਬੰਦੇ ਦੇ ਹੱਥ ਵੱਸ ਕੁਝ ਵੀ ਨਹੀਂ। ਕੀ ਇਹ ਗਲ ਸੱਚ ਹੈ? ਤੁਹਾਡੇ ਕੁਝ ਹੋਰ ਚੇਲੇ ਤਾਂ ਕਹਿੰਦੇ ਹਨ ਕਿ ਜਿਹੜਾ ਬੰਦਾ ਕੋਈ ਪਾਪ ਕਰਦਾ ਹੈ ਉਸ ਨੂੰ ਉਬਲਦੇ ਤੇਲ ਦੇ ਕੜਾਹਿਆਂ ਵਿਚ ਉਬਾਲ ਕੇ ਸਜ਼ਾ ਦਿੱਤੀ ਜਾਂਦੀ ਹੈ। ਕੁਝ ਇਹ ਵੀ ਕਹਿੰਦੇ ਹਨ ਕਿ ਸਾਡੇ ਸਭ ਦੇ ਅੰਦਰ ਆਤਮਾ ਨਾਮ ਦੀ ਕੋਈ ਚੀਜ਼ ਹੈ। ਸਾਡਾ ਸਰੀਰ ਮਰ ਜਾਂਦਾ ਹੈ ਪਰ ਆਤਮਾ ਕਦੀ ਨਹੀਂ ਮਰਦੀ। ਮੌਤ ’ਤੋਂ ਬਾਅਦ ਆਤਮਾ ਉਸੇ ਸਮੇਂ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਫਿਰ ਉਹ ਤੁਹਾਡੇ ਚਰਨਾ ਵਿਚ ਜਾ ਬਿਰਾਜਦੀ ਹੈ ਜਾਂ ਕਿਸੇ ਹੋਰ ਸਰੀਰ ਵਿਚ ਜਾ ਦਾਖਲ ਹੁੰਦੀ ਹੈ। ਇਸ ਹਿਸਾਬ ਨਾਲ ਤਾਂ ਆਤਮਾ ਬੜੀ ਮਤਲਬੀ ਹੋਈ। ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਦੁੱਖ ਸੁੱਖ ਕੇਵਲ ਸਰੀਰ ਨੂੰ ਹੀ ਮਿਲਦਾ ਹੈ। ਆਤਮਾ ਦੁੱਖ ਸੁੱਖ ਤੋਂ ਉੱਪਰ ਹੈ। ਰੱਬ ਜੀ! ਮੈਨੂੰ ਇਹ ਵੀ ਦੱਸੋ ਕਿ ਮਰਨ ‘ਤੇ ਸਰੀਰ ਨੂੰ ਤਾਂ ਅਸੀਂ ਜਲਾ ਦਿੰਦੇ ਹਾਂ ਅਤੇ ਆਤਮਾ ਨੂੰ ਤਾਂ ਦੁੱਖ ਸੁੱਖ ਲਗਦਾ ਹੀ ਨਹੀਂ। ਫਿਰ ਤੁਸੀਂ ਉਬਲਦੇ ਤੇਲ ਵਿਚ ਕਿਸ ਨੂੰ ਸਾੜ੍ਹਦੇ ਹੋ?
ਰੱਬ ਜੀ! ਮੇਰੇ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਮਨੁੱਖ ਦੇ ਚੰਗੇ ਮਾੜੇ ਕੰਮਾਂ ਦਾ ਸਾਰਾ ਹਿਸਾਬ ਇੱਥੇ ਇਸ ਜਨਮ ਵਿਚ ਹੀ ਹੋ ਜਾਂਦਾ ਹੈ। ਜੇ ਇਹ ਗੱਲ ਠੀਕ ਹੈ ਤਾਂ ਤੁਸੀਂ ਮਨੁੱਖ ਅਤੇ ਮਨੁੱਖ ਵਿੱਚ ਵਿਤਕਰਾ ਕਿਉਂ ਕਰਦੇ ਹੋ? ਜਿਵੇਂ ਤੁਸੀਂ ਦੋ ਬੱਚੇ ਇਕੋ ਸਮੇਂ ਧਰਤੀ ਤੇ ਭੇਜੇ ਤਾਂ ਇਕ ਨੂੰ ਤਾਂ ਮਜ਼ਦੂਰ ਦੇ ਘਰ ਪੈਦਾ ਕਰ ਦਿੱਤਾ ਜਿਸ ਦੇ ਸਿਰ ਤੇ ਤਾਂ ਪਹਿਲਾਂ ਹੀ ਲੱਖਾਂ ਰੁਪਏ ਦਾ ਕਰਜ਼ਾ ਹੈ। ਉਹ ਬੱਚਾ ਸਾਰੀ ਉਮਰ ਹੀ ਪਿਓ ਦਾ ਕਰਜ਼ਾ ਲਾਹੁੰਦਾ ਮਰ ਜਾਂਦਾ ਹੈ। ਉਸ ’ਤੇ ਕੋਈ ਬੁਢਾਪਾ ਜਾਂ ਜਵਾਨੀ ਨਹੀਂ ਆਉਂਦੀ। ਉਹ ਛੋਟੇ ਹੁੰਦੇ ਤੋਂ ਹੀ ਬੁਢਾਪੇ ਵਿੱਚ ਪੈਰ ਰੱਖਦਾ ਹੈ। ਦੂਜੇ ਪਾਸੇ ਤੁਸੀਂ ਦੂਜੇ ਬੱਚੇ ਨੂੰ ਕਿਸੇ ਧਨਵਾਨ ਸੇਠ ਦੇ ਘਰ ਜਨਮ ਦੇ ਦਿੰਦੇ ਹੋ। ਜੋ ਜੰਮਦਿਆਂ ਹੀ ਕਰੋੜਾਂ ਰੁਪਏ ਦਾ ਮਾਲਕ ਬਣ ਜਾਂਦਾ ਹੈ ਅਤੇ ਸਾਰੀ ਉਮਰ ਐਸ਼ ਕਰਦਾ ਹੈ। ਇਕ ਗੱਲ ਹੋਰ ਦੱਸੋ ਰੱਬ ਜੀ! ਜਦ ਧਰਤੀ ’ਤੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ (ਭੁਚਾਲ, ਹੜ੍ਹ ਅਗਨੀ, ਤੁਫ਼ਾਨ, ਸੁਨਾਮੀ ਅਤੇ ਮਹਾਂਮਾਰੀ ਆਦਿ) ਤਾਂ ਹਜ਼ਾਰਾਂ ਬੰਦੇ ਹੀ ਇਕ ਦਮ ਮਰ ਜਾਂਦੇ ਹਨ। ਇੱਥੇ ਹੀ ਗੱਲ ਨਹੀਂ ਮੁੱਕਦੀ। ਤੁਸੀਂ ਮਨੁੱਖ ਨੂੰ ਉੱਤਮ ਦਿਮਾਗ਼ ਦਿੱਤਾ ਹੈ। ਉਸ ਨੇ ਆਪਣੀ ਹੀ ਨਸਲ ਨੂੰ ਖਤਮ ਕਰਨ ਲਈ ਮਾਰੂ ਹੱਥਿਆਰ ਅਤੇ ਖਤਰਨਾਕ ਬੰਬ ਬਣਾ ਲਏ ਹਨ। ਇੰਨ੍ਹਾਂ ਨਾਲ ਸਾਰੀ ਦੁਨੀਆ ਇਕ ਦਮ ਤਬਾਹ ਹੋ ਸਕਦੀ ਹੈ। ਕੀ ਇਹ ਵੀ ਤੁਹਾਡੀ ਮਰਜ਼ੀ ਨਾਲ ਹੀ ਹੋ ਰਿਹਾ ਹੈ? ਜੇ ਤੁਹਾਡੀ ਹਾਂ ਹੈ ਤਾਂ ਇਹ ਦੱਸੋ ਕਿ ਜੇ ਸਾਰੀ ਦੁਨੀਆਂ ਹੀ ਖਤਮ ਹੋ ਗਈ ਤਾਂ ਤੁਸੀ ਕੀ ਕਰੋਗੇ? ਕੌਣ ਤੁਹਾਨੂੰ ਰੱਬ ਕਹੇਗਾ? ਇਹ ਤਾਂ ਤੁਹਾਡੇ ਲਈ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਹੈ। ਰੱਬ ਜੀ! ਮੇਰੇ ਇਸ ਵਿਚਾਰ ’ਤੇ ਜਰਾ ਗੌਰ ਕਰੋ ਅਤੇ ਇਨ੍ਹਾਂ ਲੋਕਾਂ ਨੂੰ ਕੁਝ ਸੁਮੱਤ ਬਖ਼ਸੋ ਕਿ ਉਹ ਖ਼ੁਦ ਆਤਮ-ਹੱਤਿਆ ਵਾਲੇ ਰਸਤੇ ’ਤੇ ਨਾ ਪੈਣ। ਤੁਹਾਡੇ ਦਿੱਤੇ ਹੋਏ ਗਿਆਨ ਨੂੰ ਕਿਸੇ ਸਾਰਥਕ ਪਾਸੇ ਲਾਣ। ਰੱਬ ਜੀ! ਇਸ ਤਰ੍ਹਾਂ ਮਨੁੱਖਾਂ ਦੇ ਥੋਕ ਵਿਚ ਮਰਨ ਤੋਂ ਇੰਜ ਲਗਦਾ ਹੈ ਕਿ ਤੁਹਾਡੇ ਦਫ਼ਤਰ ਵਿਚ ਸਟਾਫ਼ ਦੀ ਕਮੀ ਹੈ ਜੋ ਤੁਸੀਂ ਸਾਡੇ ਬਹੁਤ ਸਾਰੇ ਬੰਦੇ ਮਾਰ ਕੇ ਆਪਣੀ ਭਰਤੀ ਕਰ ਰਹੇ ਹੋ ਜਾਂ ਤੁਹਾਡਾ ਸਾਰਾ ਸਟਾਫ਼ ਹੀ ਨਲਾਇਕ ਹੈ ਜਿਸ ਨੂੰ ਠੀਕ ਕੰਮ ਕਰਨਾ ਹੀ ਨਹੀਂ ਆਉਂਦਾ। ਜੇ ਇਹ ਗੱਲ ਹੈ ਤਾਂ ਤੁਹਨੂੰ ਪਤਾ ਹੀ ਹੈ ਕਿ ਮੇਰੇ ਪਿਤਾ ਜੀ ਅਕਾਉਂਟੈਂਟ ਸਨ। ਉਨ੍ਹਾਂ ਦਾ ਪੁੱਤਰ ਹੋਣ ਕਰ ਕੇ ਮੈਂ ਵੀ ਹਿਸਾਬ ਵਿਚ ਬਹੁਤ ਹੁਸ਼ਿਆਰ ਹਾਂ। ਤੁਸੀਂ ਮੈਨੂੰ ਬੁਲਾ ਲਉ ਮੈਂ ਆ ਕੇ ਕੁਝ ਦਿਨਾ ਵਿੱਚ ਹੀ ਤੁਹਾਡੇ ਦਫ਼ਤਰ ਦਾ ਸਾਰਾ ਹਿਸਾਬ ਕਿਤਾਬ ਠੀਕ ਕਰ ਦਿਆਂਗਾ। ਰੱਬ ਜੀ! ਜੇ ਤੁਸੀਂ ਮੇਰੀ ਨਿਯੁਕਤੀ ਆਪਣੇ ਦਫ਼ਤਰ ਕਰ ਲਈ ਤਾਂ ਬਹੁਤਾ ਰੌਲਾ ਨਾ ਪਾਣਾ, ਨਹੀਂ ’ਤੇ ਐਵੇਂ ਲੋਕੀ ਸਿਫ਼ਾਰਸ਼ਾਂ ਲੈ ਕੇ ਆ ਜਾਣਗੇ। ਬਸ ਮੈਨੂੰ ਸੁੱਤੇ ਨੂੰ ਹੀ ਉਠਾ ਕੇ ਲੈ ਜਾਣਾ। ਨਹੀਂ ਤੇ ਮੰਮੀ ਆਉਣ ਨਹੀਂ ਦਏਗੀ। *** |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਰੱਬ ਜੀ! ਤੁਹਾਡੇ ਪੈਰੋਕਾਰਾਂ ਨੇ ਇਸ ਧਰਤੀ ਤੇ ਨਜ਼ਾਇਜ ਕਬਜੇ ਕਰ ਕੇ ਆਪ ਜੀ ਦੇ ਕਈ ਵੱਖ ਵੱਖ ਘਰ: ਗੁਰਦਵਾਰੇ, ਮੰਦਰ, ਮਸਜਿਦ ਅਤੇ ਚਰਚ ਆਦਿ ਬਣਾਏ ਹੋਏ ਹਨ। ਕੀ ਤੁਹਾਨੂੰ ਰਹਿਣ ਲਈ ਇਕੋ ਘਰ ਹੀ ਕਾਫ਼ੀ ਨਹੀਂ? ਐਵੇਂ ਏਨੀ ਜ਼ਮੀਨ ਮੱਲੀ ਬੈਠੇ ਹੋ। ਇਹ ਜ਼ਮੀਨ ਹਜ਼ਾਰਾਂ ਗ਼ਰੀਬਾਂ ਦੀਆਂ ਝੋਂਪੜੀਆਂ ਬਣਾਉਣ ਦੇ ਜਾਂ ਅੰਨ੍ਹ ਉਪਜਾਣ ਦੇ ਕੰਮ ਆ ਸਕਦੀ ਸੀ। ਜੇ ਕਿਧਰੇ ਕੋਈ ਸਰਕਾਰੀ ਨੋਟਿਸ ਤੁਹਾਨੂੰ ਆ ਗਿਆ ਤਾਂ ਕੀ ਜਵਾਬ ਦਿਉਗੇ? ਫਿਰ ਉੱਥੇ ਕੋਈ ਲਿਹਾਜ ਨਹੀਂ ਕਰਦੇ ਹਨ ਨਾ ਹੀ ਕੋਈ ਸਿਫਾਰਸ਼ ਚਲਦੀ ਹੈ। ਤੁਸੀਂ ਕੁੜਿੱਕੀ ਵਿਚ ਫਸ ਜਾਵੋਗੇ। ਤੁਹਾਡੇ ਇਹ ਭਗਤ ਤਹਾਡੇ ਘਰਾਂ(ਧਾਰਮਿਕ ਸਥਾਨਾਂ) ਵਿੱਚ ਤੁਹਾਡੇ ਹੀ ਕਈ ਰੂਪ ਬਣਾ ਕੇ ਆਪਸ ਵਿਚ ਹੀ ਲੜਦੇ ਰਹਿੰਦੇ ਹਨ। ਕੀ ਤੁਸੀਂ ਆਪਣੇ ਇਨ੍ਹਾਂ ਬੱਚਿਆਂ ਨੂੰ ਸਮਝਾ ਨਹੀਂ ਸਕਦੇ ਕਿ ਤੁਸੀਂ ਸਾਰੇ ਭਰਾ ਹੋ। ਭਾਵ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਹੋ। ਫਿਰ ਆਪਸ ਵਿਚ ਵੈਰ ਵਿਰੋਧ ਅਤੇ ਲੜਾਈ ਝਗੜੇ ਕਿਉਂ?