25 October 2026

ਚਾਰ ਕਵਿਤਾਵਾਂ: 1. ਨਸ਼ੇ (ਛੰਦ : ਦੋਹਿਰਾ ਜਾਂ ਦੋਹੇ), 2. ਨਸ਼ੇ (ਕੇਸਰੀ ਕਬਿੱਤ ਛੰਦ), 3. ਪਗੜੀ ਸੰਭਾਲ ਜੱਟਾ( ਗੀਤ), ਅਤੇ 4. ਧੀਏ ਪੰਜਾਬ ਦੀਏ— ਗੁਰਦੀਸ਼ ਕੌਰ ਗਰੇਵਾਲ ਕੈਲਗਰੀ

1. ਨਸ਼ੇ
ਛੰਦ : ਦੋਹਿਰਾ ਜਾਂ ਦੋਹੇ

ਛੈਲ ਛਬੀਲੇ ਗੱਭਰੂ, ਰੰਗਲਾ ਸੀ ਪੰਜਾਬ।
ਕਿਸ ਨੇ ਕੀਤਾ ਗੰਧਲਾ, ਨਿਰਮਲ ਸੀ ਜੋ ਆਬ।

ਹੜ੍ਹ ਨਸ਼ਿਆਂ ਦਾ ਆ ਗਿਆ, ਮੁੰਡੇ ਹੋਏ ਧੁੱਤ।
ਰੋੜ੍ਹ ਜਵਾਨੀ ਲੈ ਗਿਆ, ਕਿੱਥੋਂ ਲੱਭੀਏ ਪੁੱਤ।

ਕਿੱਦਾਂ ਪੜਦਾ ਪੈ ਗਿਆ, ਮਾਰੀ ਗਈ ਏ ਮੱਤ।
ਕਿੱਥੋਂ ਸਾਨੂੰ ਲੱਗ ਗਈ, ਇਹ ਨਸ਼ਿਆਂ ਦੀ ਲੱਤ।

ਕਿਸ ਨੇ ਸਾਨੂੰ ਲੁੱਟਿਆ, ਕੌਣ ਕਰੇ ਵਾਪਾਰ?
ਕਿੱਥੋਂ ਸਾਨੂੰ ਪੈ ਗਈ, ਇਹ ਨਸ਼ਿਆਂ ਦੀ ਮਾਰ?

ਕੱਦ ਸਰੂ ਦੇ ਵਾਂਗਰਾਂ, ਜੁੱਸੇ ਦੇ ਵਿੱਚ ਜਾਨ।
ਕੱਖਾਂ ਵਾਂਗੂੰ ਰੁਲ ਗਏ, ਸਾਡੇ ਵੀਰ ਜਵਾਨ।

ਅੰਨ ਦਾਤਾ ਜੋ ਦੇਸ਼ ਦਾ, ਪੈਣ ਨਾ ਦੇਵੇ ਕਾਲ।
ਭੁੱਖਾਂ ਦੇ ਨਾਲ ਵਿਲਕਦੇ, ਅੱਜ ਉਸੇ ਦੇ ਬਾਲ।

ਸਰਮਾਏ ਦੇ ਪੁੱਤਰਾਂ, ਸਾਨੂੰ ਦਿੱਤਾ ਰੋਲ਼।
ਕਿਸ ਨੂੰ ਜਾ ਕੇ ਦੱਸੀਏ, ਦਿਲ ਦਾ ਦੁੱਖੜਾ ਫੋਲ।

ਸਾਡੀ ਔਰਤ ਜ਼ਾਤ ਵੀ, ਬਣ ਗਈ ਭਾਈਵਾਲ।
ਕਿੱਦਾਂ ਹੋਣੇ ਹੱਲ ਨੇ, ਗੁੰਝਲਦਾਰ ਸਵਾਲ।

‘ਨਸ਼ਿਆਂ ਤੋਂ ਬਚ ਜਾਣਗੇ, ਭੇਜੋ ਵਿੱਚ ਵਿਦੇਸ਼!’
ਮਾਪੇ ਹੋਵਣ ਸੁਰਖਰੂ, ਮੁੱਕੇ ਸ਼ਾਇਦ ਕਲੇਸ਼।

ਗੈਂਗਾਂ ਪੈਰ ਪਸਾਰਿਆ, ਸਾਰੀ ਦੁਨੀਆ ਵਿੱਚ।
ਲਾਲਚ ਦੇ ਕੇ ਡਾਲਰਾਂ, ਲੈਂਦੇ ਸਭ ਨੂੰ ਖਿੱਚ।

ਪੱਛਮੀ ਮੁਲਕਾਂ ਵਿੱਚ ਤਾਂ, ਹੋਵਣ ਸਭ ਆਜ਼ਾਦ।
ਧਰਮੀ ਨੇ ਪਰਿਵਾਰ ਜੋ, ਸੋਫੀ ਉਹ ਔਲਾਦ।

“ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ।।”
ਬਾਣੀ ਹੈ ਸਮਝਾਂਵਦੀ, ਸਾਨੂੰ ਕਿੰਨੀ ਵਾਰ।

ਆਓ ਮਾਰੋ ਹੰਭਲਾ, ਦੇਵੋ ਫਸਤਾ ਵੱਢ।
ਏਸ ਕੁਲਹਿਣੇ ਰੋਗ ਨੂੰ, ਘਰ ਚੋਂ ਦੇਣਾ ਕੱਢ।

ਰੱਬਾ ਮੁੜ ਪੰਜਾਬ ਨੂੰ, ਕਰ ਦੇਵੀਂ ਖੁਸ਼ਹਾਲ।
‘ਦੀਸ਼’ ਦੁਆਵਾਂ ਮੰਗਦੀ, ਹੋਵੇ ਮਾਲਾ ਮਾਲ।
***

2. ਨਸ਼ੇ
(ਕੇਸਰੀ ਕਬਿੱਤ ਛੰਦ}

ਸਾਡੇ ਗੱਭਰੂ ਜਵਾਨ
ਜੁੱਸੇ ਵਿੱਚ ਸੀ ਮਹਾਨ
ਸੀ ਪੰਜਾਬ ਦੀ ਜੋ ਸ਼ਾਨ
ਸੋਹਣੇ ਸਰਦਾਰ ਜੀ।
ਸਰੂ ਵਰਗੇ ਸੀ ਕੱਦ
ਬੜੇ ਫੱਬਦੇ ਸੀ ਤੱਦ
ਦੇਖ ਹੁੰਦਾ ਗਦ ਗਦ
ਸਾਰਾ ਪਰਿਵਾਰ ਜੀ।
ਖੇਡਾਂ ਵਿੱਚ ਮਸ਼ਹੂਰ
ਸੀ ਖੁਰਾਕ ਭਰਪੂਰ
ਪੈਣ ਧੁੰਮਾਂ ਦੂਰ ਦੂਰ
ਚੁੱਕਦੇ ਸੀ ਭਾਰ ਜੀ।
ਵਿਚ ਮੇਲਿਆਂ ਦੇ ਜਾਣ
ਛਿੰਝਾਂ ਭੰਗੜੇ ਵੀ ਪਾਣ
ਗੀਤ ਖੁਸ਼ੀਆਂ ਦੇ ਗਾਣ
ਹੁੰਦੀ ਸੀ ਬਹਾਰ ਜੀ।

ਕਿੱਥੋਂ ਆਈ ਇਹ ਬਿਮਾਰੀ
ਨਸ਼ਿਆਂ ਦੀ ਲਤ ਭਾਰੀ
ਜਿਸ ਨੇ ਹੈ ਮੱਤ ਮਾਰੀ
ਸੁੱਧ ਬੁੱਧ ਭੁੱਲ ਗਏ।
ਪਏ ਨਸ਼ਿਆਂ ਦੇ ਰੌਲ਼ੇ
ਕਿੱਥੇ ਗਏ ਹਾਇ ਡੌਲ਼ੇ
ਅੱਜ ਹੋਏ ਕੱਖੋਂ ਹੌਲ਼ੇ
ਗਲੀਆਂ ਚ ਰੁਲ਼ ਗਏ।
ਆਏ ਨਸ਼ੇ ਦੇ ਵਪਾਰੀ
ਜਿਨ੍ਹਾਂ ਚੋਗ ਹੈ ਖਿਲਾਰੀ
ਸਾਡੀ ਕੀਤੀ ਹੈ ਖੁਆਰੀ
ਭੇਤ ਸਾਰੇ ਖੁੱਲ ਗਏ।
ਸਾਡਾ ਰੰਗਲਾ ਪੰਜਾਬ
ਇਹਦੀ ਲੁੱਟੀ ਗਈ ਆਬ
ਕੀਤਾ ਜ਼ਹਿਰਾਂ ਨੇ ਖਰਾਬ
ਹੱਡਾਂ ਵਿੱਚ ਘੁਲ਼ ਗਏ।

ਇਹਨਾਂ ਲੁੱਟ ਲਈ ਜਵਾਨੀ,
ਜਿਹਦਾ ਕੋਈ ਨਹੀਂ ਸੀ ਸਾਨੀ,
ਕਰਦੇ ਨੇ ਮਨ ਮਾਨੀ,
ਵੈਰੀ ਨੇ ਪੰਜਾਬ ਦੇ।
ਉੱਤੋਂ ਉੱਤੋਂ ਲਾਉਂਦੇ ਲਾਰੇ,
ਵਿੱਚੋਂ ਇੱਕੋ ਨੇ ਇਹ ਸਾਰੇ,
ਜਿਨਾਂ ਚੋਗ ਨੇ ਖਿਲਾਰੇ,
ਜੀ ਹਜੂਰੇ ‘ਸਾਬ ਦੇ।
ਇਹਨਾਂ ਨਸ਼ੇ ਨਹੀਂ ਹਟਾਉਣੇ,
ਸਗੋਂ ਹੋਰ ਸਾਨੂੰ ਲਾਉਣੇ,
ਸਾਡੇ ਲਹੂ ਚ ਰਚਾਉਣੇ,
ਲੋਟੂ ਸਾਡੇ ਖਾਬ ਦੇ।
ਇਹਨਾਂ ਘਰ ਦਿੱਤੇ ਪੱਟ,
ਵੱਜੇ ਕਾਲਜੇ ਤੇ ਸੱਟ,
ਮਾਪੇ ਰੋਣ ਵੱਟੇ ਵੱਟ,
ਕੋਈ ਨਾ ਜਵਾਬ ਦੇ।

ਓ ਪੰਜਾਬੀ ਸਰਦਾਰ,
ਜ਼ਰਾ ਸੋਚ ਦੇ ਵਿਚਾਰ,
ਕਰ ਕੌਲ ਤੇ ਕਰਾਰ,
ਤੂੰ ਨਸ਼ੇ ਨੂੰ ਛੱਡ ਦੇ।
ਜੇ ਬਣਾਏਂ ਮਨ ਪੱਕਾ,
ਕਰੂ ਕਿਵੇਂ ਕੋਈ ਧੱਕਾ?
ਦੋਖੀ ਰਹੇ ਹੱਕਾ ਬੱਕਾ,
ਜ਼ਹਿਰ ਘਰੋਂ ਕੱਢ ਦੇ।
ਲੈ ਤੂੰ ਬੱਚਿਆਂ ਦੀ ਸਾਰ,
ਸੁਖੀ ਹੋਏ ਪਰਵਾਰ,
ਇਹਨੂੰ ਦਿਲ ਚੋਂ ਵਿਸਾਰ,
ਫਸਤਾ ਦਾ ਹੀ ਵੱਢ ਦੇ।
ਤੇਰੇ ਮਾਪੇ ਰਹੇ ਝੂਰ,
‘ਦੀਸ਼’ ਹੋਏ ਮਜਬੂਰ,
ਮੁੜ ਆਏ ਉਹ ਸਰੂਰ,
ਝੰਡਾ ਨਵਾਂ ਗੱਡ ਦੇ।
**

3. ਪਗੜੀ ਸੰਭਾਲ ਜੱਟਾ( ਗੀਤ)

ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।
ਲੁੱਟ ਲਈ ਜਵਾਨੀ ਤੇਰੀ, ਨਸ਼ਿਆਂ ਦੇ ਮਾਲ ਓਏ।

ਨਸ਼ੇ ਦੇ ਵਪਾਰੀ ਅੱਜ, ਚੋਗਾ ਹੈ ਖਿਲਾਰਿਆ।
ਤੇਰੇ ਜਿਹੇ ਭੋਲਿਆਂ ਲਈ, ਜਾਲ਼ ਹੈ ਪਸਾਰਿਆ।
ਚੂਸ ਲਿਆ ਰੱਤ ਤੇਰਾ, ਜੁੱਸਾ ਦਿੱਤਾ ਗਾਲ਼ ਓਏ
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।

ਦੁੱਧ ਘਿਓ ਨਾਲ ਪਲੀ, ਤੇਰੀ ਇਹ ਜਵਾਨੀ ਸੀ।
ਦੁਨੀਆਂ ਦੇ ਵਿੱਚ ਤੇਰਾ, ਕੋਈ ਨਹੀਂਓ ਸਾਨੀ ਸੀ।
ਮੇਲਿਆਂ ਤੇ ਛਿੰਝਾਂ ਵਿੱਚ, ਪਾਉਂਦਾ ਸੈਂ ਧਮਾਲ ਓਏ
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।

ਤੇਰੇ ਉੱਤੇ ਦੇਸ਼ ਨੂੰ ਤਾਂ, ਸਦਾ ਰਿਹਾ ਮਾਣ ਓਏ।
ਜੱਗ ਵਿੱਚ ਤੇਰੀ ਰਹੀ, ਵੱਖਰੀ ਪਛਾਣ ਓਏ।
ਚਿਹਰੇ ਉੱਤੇ ਫੱਬਦਾ ਸੀ, ਤੇਰੇ ਤਾਂ ਜਲਾਲ ਓਏ,
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।

ਅੰਨ ਦਾਤਾ ਜੱਗ ਦਾ ਤੂੰ, ਬਣਿਆਂ ਸੈਂ ਸੋਹਣਿਆਂ।
ਧੰਨ ਤੇਰੀ ਮਾਤਾ ਜਿਸ, ਜਣਿਆਂ ਸੈਂ ਸੋਹਣਿਆਂ।
ਭੁੱਖ ਨਾਲ ਵਿਲਕਦੇ ਨੇ, ਅੱਜ ਤੇਰੇ ਬਾਲ ਓਏ
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।

ਧਾੜਵੀ ਵਿਦੇਸ਼ੀਆਂ ਨੂੰ, ਠੱਲ੍ਹ ਤੂੰਹੀਂਓ ਪਾਉਂਦਾ ਸੈਂ।
‘ਦੀਸ਼’ ਜਿਹੀਆਂ ਭੈਣਾਂ ਦੀ ਤੂੰ, ਪੱਤ ਵੀ ਬਚਾਉਂਦਾ ਸੈਂ।
ਜੱਗ ਦੇ ਲਈ ਬਣ ਜਾ ਤੂੰ, ਫਿਰ ਤੋਂ ਮਿਸਾਲ ਓਏ
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ ਓਏ।

ਲੁੱਟ ਲਈ ਜਵਾਨੀ ਤੇਰੀ, ਨਸ਼ਿਆਂ ਦੇ ਮਾਲ ਓਏ।
ਪਗੜੀ ਸੰਭਾਲ਼ ਜੱਟਾ, ਪਗੜੀ ਸੰਭਾਲ਼ ਓਏ।
***

ਨਸ਼ੇ ਤੇ ਲੱਗੀਆਂ ਮੁਟਿਆਰਾਂ ਲਈ ਇਕ ਹੂਕ
4. ਧੀਏ ਪੰਜਾਬ ਦੀਏ

ਧੀਏ ਪੰਜਾਬ ਦੀਏ, ਤੂੰ ਕਿੱਧਰ ਤੁਰ ਪਈ ਏਂ?
ਵਿਰਸੇ ਵੱਲ ਪਿੱਠ ਕਰਕੇ, ਨਸ਼ਿਆਂ ਵੱਲ ਮੁੜ ਪਈ ਏਂ।

ਰੱਖੜੀ ਬੰਨ੍ਹ ਵੀਰੇ ਨੂੰ, ਤੂੰ ਤਾਂ ਸਮਝਾਉਣਾ ਸੀ।
ਕੀਤੇ ਹੋਏ ਕਰਮਾਂ ਤੇ, ਉਸ ਫਿਰ ਪਛਤਾਉਣਾ ਸੀ।
ਨਸ਼ਿਆਂ ਦੇ ਦਰਿਆ ਵਿੱਚ, ਤੂੰ ਆਪ ਹੀ ਰੁੜ੍ਹ ਪਈ ਏਂ।
ਧੀਏ ਪੰਜਾਬ ਦੀਏ….

ਤੈਨੂੰ ਤਾਂ ਬਾਬਲ ਦੀ, ਪੱਗ ਬੜੀ ਪਿਆਰੀ ਸੀ।
ਤੇਰੀ ਤਾਂ ਦੁਨੀਆਂ ਤੇ, ਇੱਕ ਸ਼ਾਨ ਨਿਆਰੀ ਸੀ।
ਬਾਬਲ ਦੀ ਪੱਗ ਕਿਉਂ ਨੀ, ਤੂੰ ਰੋਲ਼ਣ ਤੁਰ ਪਈ ਏਂ?
ਧੀਏ ਪੰਜਾਬ ਦੀ….

ਨੂੰ ਇੱਜ਼ਤ ਸੈਂ ਘਰ ਦੀ, ਘਰ ਦਾ ਸ਼ਿੰਗਾਰ ਕੁੜੇ।
ਤੇਰੀ ਮੱਤ ਨੂੰ ਪੈ ਗਈ ਏ, ਅੱਜ ਕਿਹਦੀ ਮਾਰ ਕੁੜੇ?
ਗਿੱਧਿਆਂ ਦੀ ਤੂੰ ਰਾਣੀ, ਡਿਸਕੋ ਸੰਗ ਜੁੜ ਪਈ ਏਂ
ਧੀਏ ਪੰਜਾਬ ਦੀਏ….

ਤੂੰ ਚੰਡੀ ਤੂੰ ਦੁਰਗਾ, ਝਾਂਸੀ ਦੀ ਰਾਣੀ ਤੂੰ।
ਤੇ ਮਾਈ ਭਾਗੋ ਦੀ, ਹੈਂ ਅਜਬ ਕਹਾਣੀ ਤੂੰ।
ਤੂੰ ਭੈਣ ਭਗਤ ਸਿੰਘ ਦੀ, ਕਿਸ ਗੱਲੋਂ ਥੁੜ੍ਹ ਪਈ ਏਂ।
ਧੀਏ ਪੰਜਾਬ ਦੀਏ…

ਲੈ ਹੱਕ ਬਰਾਬਰ ਦੇ, ਤੂੰ ਮਾਣ ਆਜ਼ਾਦੀ ਨੀ।
ਪਰ ਆਪਣੇ ਵਿਰਸੇ ਦੀ, ਨਾ ਕਰ ਬਰਬਾਦੀ ਨੀ।
ਅੱਜ ‘ਦੀਸ਼’ ਕਹੇ ਤੈਨੂੰ, ਕਿਸ ਰਾਹੇ ਟੁਰ ਪਈ ਏਂ?
ਧੀਏ ਪੰਜਾਬ ਦੀਏ…
***
ਗੁਰਦੀਸ਼ ਕੌਰ ਗਰੇਵਾਲ ਕੈਲਗਰੀ
ਸੰਪਰਕ : +1 403 404 1450

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1960
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →