|
ਰੱਬ ਨੇ ਸਰਿਸ਼ਟੀ ਦੀ ਰਚਨਾ ਕਰਦਿਆਂ, 84 ਲੱਖ ਜੂਨਾਂ ਸਾਜ ਕੇ, ਮਨੁੱਖਾ ਜੂਨ ਨੂੰ ਸਭ ਤੋਂ ਉੱਤਮ ਬਣਾਇਆ। ਇਸ ਨੂੰ ਸਭ ਤੋਂ ਤੀਖਣ ਬੁੱਧੀ ਦਿੱਤੀ। ਇਸੇ ਬੁੱਧੀ ਕਾਰਨ ਕਾਰਨ ਹੀ ਮਨੁੱਖ ਨੇ ਵਿਗਿਆਨ ਦੀਆਂ ਅਨੇਕਾਂ ਕਾਢਾਂ ਕੱਢੀਆਂ ਤੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਆਨੰਦਮਈ ਬਣਾਇਆ। ਨਾਲ ਹੀ ਉਸ ਨੇ, ਇਸੇ ਬੁੱਧੀ ਤੋਂ ਗਲਤ ਕੰਮ ਲੈਂਦਿਆਂ, ਹੋਰ ਧਰਤੀਆਂ ਜਾਂ ਕਹਿ ਲਵੋ ਹੋਰ ਦੇਸ਼ਾਂ ਤੇ ਕਬਜਾ ਕਰਨ ਲਈ, ਵਿਨਾਸ਼ਕਾਰੀ ਸਮਾਨ ਵੀ ਤਿਆਰ ਕਰ ਲਿਆ। ਰੱਬ ਨੂੰ ਟਿੱਚ ਸਮਝ ਕੇ, ਉਸ ਦੀ ਬਣਾਈ ਕੁਦਰਤ ਨੂੰ ਆਪਣੀ ਮਰਜ਼ੀ ਨਾਲ ਤਹਿਸ ਨਹਿਸ ਕਰਦਿਆਂ, ਕੋਈ ਡਰ ਭਉ ਜਾਂ ਝਿਜਕ ਮਹਿਸੂਸ ਨਹੀਂ ਕੀਤੀ। ਸੰਸਾਰ ਦੇ ਸਾਰੇ ਜੀਵਾਂ ਤੇ ਆਪਣੀ ਸਰਦਾਰੀ ਕਾਇਮ ਕਰ ਲਈ। ਜੀਵਾਂ ਦੇ ਰੈਣ ਬਸੇਰੇ ਤਹਿਸ ਨਹਿਸ ਕਰ ਦਿੱਤੇ। ਕਈ ਜਾਨਵਰਾਂ ਦਾ ਮਾਸ ਕੱਚਾ ਜਾਂ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰਕੇ, ਮਾਲ ਪਲਾਜ਼ੇ ਤੇ ਮਹਿਲ ਉਸਾਰ ਲਏ। ਹਰੇ ਭਰੇ ਜੰਗਲ ਖਤਮ ਕਰਕੇ ਕੰਕਰੀਟ ਦੇ ਜੰਗਲ ਉਸਾਰ ਲਏ। ਵਾਤਾਵਰਣ ਦਾ ਸੰਤੁਲਨ ਵਿਗੜ ਗਿਆ ਤੇ ਕਈ ਜੀਵਾਂ ਦੀਆਂ ਤਾਂ ਨਸਲਾਂ ਹੀ ਖਤਮ ਹੋ ਗਈਆਂ। ਪਿੰਡਾਂ ਦੇ ਹਰੇ ਭਰੇ ਖੇਤ- ਜੋ ਬੰਦਿਆਂ ਤੇ ਜਾਨਵਰਾਂ ਲਈ ਵੰਨ ਸੁਵੰਨੀ ਖੁਰਾਕ ਪੈਦਾ ਕਰਦੇ ਸਨ- ਨੂੰ ਬੰਦੇ ਨੇ ਵੱਧ ਮੁਨਾਫਾ ਕਮਾਉਣ ਲਈ, ਸ਼ਹਿਰੀ ਕਲੋਨੀਆਂ ਵਿੱਚ ਬਦਲ ਦਿੱਤਾ। ਰੱਬ ਨੇ ਸ੍ਰਿਸ਼ਟੀ ਦੇ ਸਭ ਜੀਵਾਂ ਲਈ ਸ਼ੁੱਧ ਹਵਾ ਤੇ ਪਾਣੀ ਦਾ ਪ੍ਰਬੰਧ ਕੀਤਾ। ਮਨੁੱਖ ਨੇ ਵਿਕਾਸ ਕਰਦਿਆਂ ਕਰਦਿਆਂ, ਹਵਾ ਪਾਣੀ ਦੋਵੇਂ ਪਲੀਤ ਕਰ ਦਿੱਤੇ। ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ, ਬੰਦਾ ਘਰ ਤੋਂ, ਕੁਦਰਤ ਤੋਂ ਤੇ ਕੁਦਰਤੀ ਖਾਣਿਆਂ ਤੋਂ ਦੂਰ ਹੁੰਦਾ ਗਿਆ ਅਤੇ ਡੱਬਾ ਬੰਦ ਤੇ ਰੈਡੀਮੇਡ ਭੋਜਨ ਨੂੰ ਹੀ ਖੁਰਾਕ ਦਾ ਹਿੱਸਾ ਬਣਾ ਲਿਆ। ਆਪਣੀ ਮੌਤ ਦਾ ਸਮਾਨ ਤਾਂ ਬੰਦੇ ਨੇ ਆਪ ਤਿਆਰ ਕੀਤਾ- ਰੱਬ ਦਾ ਭਲਾ ਇਸ ਵਿੱਚ ਕੀ ਕਸੂਰ? ਚਲੋ ਜੇ ਮੰਨ ਵੀ ਲਈਏ ਕਿ ਕੋਵਿਡ ਦੀ ਮਹਾਂਮਾਰੀ ਇੱਕ ਰੱਬੀ ਕਹਿਰ ਸੀ- ਤਾਂ ਹੋ ਸਕਦਾ ਕਿ ਰੱਬ ਨੇ ਬੰਦੇ ਨੂੰ ਸਮਝਾਉਣ ਲਈ ਜਾਂ ਕਹਿ ਲਵੋ ਕਿ ਸਿੱਧੇ ਰਾਹੇ ਪਾਉਣ ਲਈ, ਇਹ ਭੇਜੀ ਹੋਵੇ। ਕਈ ਵਾਰ ਮਾਪੇ ਵੀ ਬੱਚੇ ਦੀ ਗਲਤੀ ਤੇ ਉਸ ਨੂੰ ਡਾਂਟਦੇ ਹਨ, ਸਮਝਾਉਂਦੇ ਹਨ ਤੇ ਕਦੇ ਕਦੇ ਕਿਧਰੇ ਬੰਦ (ਟਾਈਮ ਆਊਟ) ਵੀ ਕਰ ਦਿੰਦੇ ਹਨ। ਇੱਕ ਅਧਿਆਪਕ ਨੂੰ ਵੀ, ਆਪਣੇ ਵਿਦਿਆਰਥੀਆਂ ਦੀਆਂ ਗਲਤੀਆਂ ਨੂੰ ਸੁਧਾਰਨ ਤੇ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਨਾਉਣ ਲਈ, ਕਈ ਵਾਰ ਸਜ਼ਾ ਦੇਣੀ ਪੈਂਦੀ ਹੈ। ਕਦੇ ਕਦੇ ਟੀਚਰ ਦੇ ਪਹੁੰਚਣ ਤੋਂ ਪਹਿਲਾਂ, ਜਮਾਤ ਵਿੱਚ ਜੇ ਕਾਫੀ ਸ਼ੋਰ ਦੀ ਆਵਾਜ਼ ਆਉਂਦੀ ਹੋਵੇ ਤਾਂ ਉਹ ਗੁੱਸੇ ਵਿੱਚ ਆ ਕੇ, ਪੂਰੀ ਜਮਾਤ ਨੂੰ ਸਜ਼ਾ ਦੇ ਦਿੰਦਾ ਹੈ- ਭਾਵੇਂ ਕਿ ਉਸ ਵਿੱਚ ਕਈ ਸ਼ਰੀਫ਼ ਬੱਚੇ ਵੀ ਬੈਠੇ ਹੁੰਦੇ ਹਨ! ਅਧਿਆਪਕ ਹੋਣ ਦੇ ਨਾਤੇ ਮੈਂ ਇਹ ਜਾਣਦੀ ਹਾਂ ਕਿ- ਬੱਚਿਆਂ ਨੂੰ ਸਜ਼ਾ ਦੇ ਕੇ, ਟੀਚਰ ਦਾ ਆਪਣਾ ਮਨ ਵੀ ਦੁਖੀ ਹੁੰਦਾ ਹੈ ਤੇ ਉਹ ਚਾਹੁੰਦਾ ਹੈ ਕਿ ਉਸ ਦੇ ਵਿਦਿਆਰਥੀ ਆਪਣੀ ਗਲਤੀ ਨੂੰ ਮਹਿਸੂਸ ਕਰਕੇ, ਅੱਗੋਂ ਅਜੇਹੀ ਕੁਤਾਹੀ ਨਾ ਕਰਨ ਦਾ ਪ੍ਰਣ ਕਰਕੇ- ਛੇਤੀ ਤੋਂ ਛੇਤੀ ਆ ਕੇ ਮੁਆਫੀ ਮੰਗ ਲੈਣ। ਸੋ ਮੈਂਨੂੰ ਲਗਦਾ ਕਿ ਰੱਬ ਵੀ- ਸਾਡਾ ਗੁਰੂ ਹੈ, ਅਧਿਆਪਕ ਹੈ, ਮਾਤਾ- ਪਿਤਾ ਹੈ, ਸ੍ਰਿਸ਼ਟੀ ਦਾ ਰਚਨਹਾਰਾ ਤੇ ਪਾਲਣਹਾਰਾ ਹੈ- ਤੇ ਹੋ ਸਕਦਾ ਉਸ ਨੇ ਇਹ ਸਜ਼ਾ ਸਾਨੂੰ ਸੁਧਾਰਨ ਲਈ ਜਾ ਕਹਿ ਲਵੋ ਵਧੀਆ ਇਨਸਾਨ ਬਨਾਉਣ ਲਈ ਦਿੱਤੀ ਹੋਵੇ ਤੇ ਸਾਨੂੰ ਕਹਿ ਰਿਹਾ ਹੋਵੇ- “ਬੰਦਾ ਬਣ ਕੇ ਘਰ ਬੈਠ- ਆਪਣੇ ਅੰਦਰ ਝਾਤੀ ਮਾਰ- ਆਪਣੇ ਕੀਤੇ ਗੁਨਾਹਾਂ ਤੇ ਪਛਤਾਵਾ ਕਰ! ਚਾਰ ਦਿਨ ਧਰਤੀ, ਹਵਾ, ਪਾਣੀ ਤੇ ਕੁਦਰਤ ਨੂੰ ਸੌਖਾ ਸਾਹ ਲੈ ਲੈਣ ਦੇ!” ਪਰ ਇਸ ਤਰ੍ਹਾਂ ਕਰਕੇ ਉਹ ਖੁਸ਼ ਨਹੀਂ ਹੋਏਗਾ- ਜਰੂਰ ਦੁਖੀ ਹੋਇਆ ਹੋਏਗਾ। ਜੇ ਆਪਾਂ ਆਪਣੀਆਂ ਗਲਤੀਆਂ ਮਹਿਸੂਸ ਕਰਕੇ, ਅੱਗੋਂ ਤੋਂ ਤੋਬਾ ਕਰਕੇ, ‘ਜੀਓ ਤੇ ਜਿਉਣ ਦਿਓ’ ਦੇ ਸਿਧਾਂਤ ਤੇ ਅਮਲ ਕਰਕੇ, ਸੱਚੇ ਦਿਲੋਂ ਪ੍ਰਣ ਕਰ ਕੇ- ਉਸ ਕੋਲੋਂ ਮੁਆਫੀ ਮੰਗਾਂਗੇ ਤਾਂ ਉਹ ਯਕੀਨਨ ਸਾਨੂੰ ਮੁਆਫ ਕਰ ਦਏਗਾ! ਹਾਂ- ਹੋ ਸਕਦਾ ਇਸ ਨੂੰ ਕੁਝ ਸਮਾਂ ਲੱਗੇ ਕਿਓਂਕਿ ਅਸੀਂ ਵੀ ਤਾਂ ਸੈਕੜੇ ਸਾਲਾਂ ਤੋਂ ਉਸ ਦੀ ਨਹੀ ਸੁਣੀ ! ਜਗਤ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥ ਆਓ ਰੱਬੀ ਹੁਕਮਾਂ ਦੀ ਪਾਲਣਾ ਕਰਦੇ ਹੋਏ, ਅੱਗੇ ਤੋਂ ਕੁਦਰਤੀ ਸੰਤੁਲਨ ਨੂੰ ਵਿਗਾੜਨ ਤੋਂ ਗੁਰੇਜ ਕਰੀਏ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਅਤੇ ਕਾਦਰ ਦੀ ਰਹਿਮਤ ਦੇ ਪਾਤਰ ਬਣੀਏ !! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
8. ਆ ਨੀ ਚਿੜੀਏ (ਬਾਲ ਕਵਿਤਾਵਾਂ)-2023
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

by 