8 December 2024

ਕਹਤੁ ਕਬੀਰ ਸੁਨਹੁ ਰੇ ਸੰਤਹੁ — ਪ੍ਰੋ. ਨਵ ਸੰਗੀਤ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਿਰੋਮਣੀ ਸਥਾਨ ਦਿੱਤਾ ਹੈ। ਅਰਥਾਤ ਭਗਤ-ਬਾਣੀ ਦੇ ਅੰਤਰਗਤ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ। ਆਪ ਦੇ ਜਨਮ, ਦਿਹਾਂਤ ਅਤੇ ਜੀਵਨ ਬਾਰੇ ਵਿਦਵਾਨਾਂ ਵਿਚ ਕਾਫੀ ਮੱਤਭੇਦ ਹਨ, ਪਰ ਤਾਂ ਵੀ ਇੱਕ ਮਾਨਤਾ ਅਨੁਸਾਰ ਆਪ 1398 ਈ. ਵਿੱਚ ਬਨਾਰਸ ਵਿਖੇ ਪੈਦਾ ਹੋਏ।       

ਆਪ ਦੀ ਪਰਵਰਿਸ਼ ਨੀਰੂ ਜੁਲਾਹੇ ਅਤੇ ਮਾਤਾ ਨੀਮਾ ਨੇ ਕੀਤੀ ਅਤੇ ਆਪ ਦਾ ਨਾਂ ਕਬੀਰ ਰੱਖਿਆ। ਕਬੀਰ ਜੀ ਇੱਕ ਗ੍ਰਹਿਸਥੀ ਵਿਅਕਤੀ ਸਨ। ਆਪ ਦੀ ਪਤਨੀ ਦਾ ਨਾਂ ਲੋਈ ਅਤੇ ਪੁੱਤਰ ਦਾ ਨਾਂ ਕਮਾਲ ਸੀ। ਆਪ 120 ਸਾਲ ਦੀ ਉਮਰ ਵਿੱਚ 1518 ਈ. ਵਿੱਚ ਮਗਹਰ ਵਿਖੇ ਬ੍ਰਹਮਲੀਨ ਹੋ ਗਏ।

ਮਾਤਾ-ਪਿਤਾ ਮੁਸਲਮਾਨ ਹੋਣ ਕਰਕੇ ਉਹ ਕਬੀਰ ਜੀ ਨੂੰ ਮੁਸਲਮਾਨੀ ਮੱਤ ਵੱਲ ਲਾਉਣਾ ਚਾਹੁੰਦੇ ਸਨ। ਪਰ ਕਬੀਰ ਜੀ ਦੀ ਰੁਚੀ ਰਾਮ ਨਾਮ ਜਪਣ ਵੱਲ ਵਧੇਰੇ ਪ੍ਰਬਲ ਸੀ। ਕਬੀਰ ਜੀ ਆਪਣੇ ਘਰ ਵਿਚ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਪਰ ਉਸ ਸਮੇਂ ਦਾ ਬ੍ਰਾਹਮਣ-ਵਰਗ ਆਪ ਨੂੰ ਜੁਲਾਹਾ ਹੋਣ ਕਰਕੇ ਸ਼ੂਦਰ ਸਮਝਦਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ 31 ਰਾਗਾਂ ਵਿੱਚੋਂ ਕਬੀਰ ਜੀ ਦੀ ਬਾਣੀ 17 ਰਾਗਾਂ ਵਿਚ ਸੰਕਲਿਤ ਹੈ, ਜਿਸ ਵਿੱਚ ਸਿਰੀ, ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਮਾਰੂ, ਕੇਦਾਰਾ, ਭੈਰਉ, ਬਸੰਤ, ਸਾਰੰਗ ਤੇ ਪ੍ਰਭਾਤੀ ਰਾਗ ਸ਼ਾਮਲ ਹਨ। ਇਸ ਮੁਤਾਬਕ ਆਪ ਦੇ ਕੁੱਲ 225 ਸ਼ਬਦ, ਇੱਕ ਬਾਵਨ ਅੱਖਰੀ,ਇੱਕ ਥਿਤੀ, ਇੱਕ ਸਤਵਾਰਾ ਅਤੇ 243 ਸਲੋਕ ਸੰਕਲਿਤ ਹਨ। ਇਸ ਪ੍ਰਕਾਰ ਆਪ ਦੀ ਬਾਣੀ ਹੋਰ ਸਾਰੇ ਭਗਤ ਕਵੀਆਂ ਨਾਲੋਂ ਵਧੀਕ ਹੈ। ਡਾ. ਜੋਧ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਤਾਰਨ ਸਿੰਘ ਅਤੇ ਡਾ. ਰਾਜ ਕੁਮਾਰ ਵਰਮਾ ਜਿਹੇ ਵਿਦਵਾਨਾਂ ਦਾ ਮੱਤ ਹੈ ਕਿ ਆਦਿ ਗ੍ਰੰਥ ਵਿਚ ਸ਼ਾਮਲ ਬਾਣੀ ਹੀ ਕਬੀਰ ਜੀ ਦੀ ਅਸਲੀ ਬਾਣੀ ਹੈ, ਜਦ ਕਿ ਕਬੀਰ ਜੀ ਦੀ ਹੋਰ ਥਾਂਵਾਂ ਤੇ ਮਿਲਦੀ ਬਾਣੀ ਵਿੱਚ ਮਿਲਾਵਟ ਦਾ ਅੰਸ਼ ਮਿਲਦਾ ਹੈ।

ਕਬੀਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਪਵਿੱਤਰ ਅਤੇ ਸਿੱਖਿਆਦਾਇਕ ਸੀ। ਉਹ ਆਪਣੇ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਂਦੇ, ਦਸਾਂ ਨਹੁੰਆਂ ਦੀ ਕਿਰਤ ਕਰਦੇ ਅਤੇ ਪ੍ਰਭੂ ਦੀ ਭਗਤੀ ਲਈ ਵੀ ਸਮਾਂ ਕਢਦੇ। ਆਪ ਦੀ ਬਾਣੀ ਵਿੱਚ ਫੋਕਟ ਕਰਮਕਾਂਡਾਂ, ਮੂਰਤੀ ਪੂਜਾ ਦੇ ਖੰਡਨ ਦੇ ਨਾਲ-ਨਾਲ ਨੈਤਿਕਤਾ, ਪ੍ਰੇਮ, ਭਗਤੀ, ਨਿਰਭੈਤਾ, ਮਾਇਆ, ਸੰਪਰਦਾਇਕ ਭਾਵਨਾ, ਆਦਿ ਵਿਚਾਰਾਂ ਦੀ ਨਿਸ਼ਾਨਦੇਹੀ ਹੋਈ ਹੈ।

ਕਬੀਰ ਜੀ ਸਾਰੀ ਸ੍ਰਿਸ਼ਟੀ ਨੂੰ ਇੱਕੋ ਪਰਮਜੋਤ ਤੋਂ ਪੈਦਾ ਹੋਈ ਮੰਨਦੇ ਹਨ। ਸਿੱਖ ਧਰਮ ਦੇ ਹੋਰ ਸਾਰੇ ਗੁਰੂਆਂ ਵਾਂਗ ਕਬੀਰ ਜੀ ਵੀ ਸਾਰੇ ਮਨੁੱਖਾਂ ਵਿੱਚ ਪਰਮਾਤਮਾ ਨੂੰ ਵੇਖਦੇ ਹਨ। ਭਗਤ ਕਬੀਰ ਜੀ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੋਈ ਹੈ ਅਤੇ ਉਹ ਆਪ ਵੀ ਸਾਰੀ ਲੋਕਾਈ ਵਿੱਚ ਰਮਿਆ ਹੋਇਆ ਹੈ:  

ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ 
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥ 
ਲੋਗਾ ਭਰਮਿ ਨ ਭੂਲਹੁ ਭਾਈ॥ 
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ॥ (ਰਹਾਉ)॥ 
                                  (ਪੰਨਾ 1349) 
          
ਕਬੀਰ ਜੀ ਨਿਰਭਉ ਤੇ ਨਿਡਰ ਸ਼ਖ਼ਸੀਅਤ ਦੇ ਵਿਅਕਤੀ ਸਨ। ਉਹ ਮਾਨਵ-ਵਿਰੋਧੀ ਰਵਾਇਤਾਂ ਜਾਂ ਪਰਿਪਾਟੀਆਂ ਦੇ ਸਖ਼ਤ ਖ਼ਿਲਾਫ਼ ਸਨ। ਬ੍ਰਾਹਮਣਵਾਦ ਦੀ ਵਰਣ-ਵੰਡ ਤੇ ਜਿੰਨੀ ਸ਼ਿੱਦਤ ਨਾਲ ਆਪਨੇ ਵਾਰ ਕੀਤਾ, ਉਨਾਂ ਉੱਤਰੀ ਭਾਰਤ ਦੇ ਕਿਸੇ ਵੀ ਹੋਰ ਸੰਤ-ਮਹਾਤਮਾ ਨੇ ਨਹੀਂ ਕੀਤਾ। ਆਪਣੀ ਬਾਣੀ ਵਿਚ ਉਹਨਾਂ ਨੇ ਅਖੌਤੀ ਬ੍ਰਾਹਮਣਾਂ ਨੂੰ ਸਿੱਧੇ ਤੌਰ ਤੇ ਵੰਗਾਰਿਆ ਹੈ:  

ਜੌ ਤੂ ਬ੍ਰਾਹਮਣੁ ਬ੍ਰਾਹਮਣੀ ਜਾਇਆ॥ 
ਤਉ ਆਨ ਬਾਟ ਕਾਹੇ ਨਹੀ ਆਇਆ॥ 
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ 
ਹਮ ਕਤ ਲੋਹੂ ਤੁਮ ਕਤ ਦੂਧ॥ 
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ 
ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 
                                       (ਪੰਨਾ 324)       

ਕਬੀਰ ਜੀ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਨਸ਼ਿਆਂ ਨੇ ਲੋਕਾਂ ਨੂੰ ਗ੍ਰੱਸਿਆ ਹੋਇਆ ਸੀ, ਜੋ ਵਿਅਕਤੀ ਦੇ ਮਨ ਤੇ ਬੁਰਾ ਪ੍ਰਭਾਵ ਪਾਉਂਦੇ ਸਨ। ਹਰ ਤਰ੍ਹਾਂ ਦੇ ਨਸ਼ੇ ਵਿਚ ਜ਼ਹਿਰ ਹੁੰਦੀ ਹੈ, ਜੋ ਵਿਅਕਤੀ ਦੇ ਸਰੀਰ ਨੂੰ ਕੁਝ ਸਮੇਂ ਲਈ ਬੇਸੁਰਤ ਕਰਕੇ ਉਸਤੋਂ ਗਲ਼ਤ ਕੰਮ ਕਰਵਾਉਂਦੀ ਹੈ। ਕਬੀਰ ਜੀ ਨੇ ਇਨ੍ਹਾਂ ਨਸ਼ਿਆਂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਆਚਰਣ ਤੋਂ ਡਿੱਗੇ ਹੋਏ ਸਿੱਧ ਕੀਤਾ ਹੈ:

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥ 
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥
                                     (ਪੰਨਾ 1377) 

ਕਬੀਰ-ਬਾਣੀ ਵਿੱਚ ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ, ਸਗੋਂ ਉਹ ਵਿਅਕਤੀ ਨੂੰ ਸੂਰਮਾ ਬਣਾਉਣਾ ਲੋਚਦੇ ਸਨ, ਜਿਹੜਾ ਜੰਗੇ-ਮੈਦਾਨ ਵਿਚ ਪੁਰਜ਼ਾ-ਪੁਰਜ਼ਾ ਹੋ ਕੇ ਕੱਟਿਆ ਜਾਂਦਾ ਹੈ, ਪਰ ਆਪਣੇ ਧਰਮ ਦੀ ਪਾਲਣਾ ਹਿੱਤ ਪਿੱਠ ਨਹੀਂ ਵਿਖਾਉਂਦਾ। ਅਜਿਹੇ ਬਹਾਦਰ ਹੀ ਰਣਭੂਮੀ ਵਿੱਚ ਜੂਝ ਮਰਨ ਨੂੰ ਪਹਿਲ ਦਿੰਦੇ ਹਨ:  

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੇ ਘਾਓ॥ 
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ॥ 
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ 
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇ ਖੇਤੁ॥
                                        (ਪੰਨਾ 1105)

ਕਬੀਰ ਜੀ ਮੂਰਤੀ ਪੂਜਾ ਜਿਹੇ ਮਿਥਿਆ ਕਰਮਾਂ ਵਿੱਚ ਵਿਸ਼ਵਾਸ ਨਹੀਂ ਸਨ ਰੱਖਦੇ। ਜੋ ਲੋਕ ਪੱਥਰ ਦੀਆਂ ਮੂਰਤਾਂ ਨੂੰ ਪਰਮਾਤਮਾ ਸਮਝ ਕੇ ਪੂਜਦੇ ਹਨ, ਉਨ੍ਹਾਂ ਦੀ ਸਾਰੀ ਪੂਜਾ ਫ਼ਜ਼ੂਲ ਹੈ। ਇਹ ਗੂੰਗੇ ਪੱਥਰ ਪਰਮਾਤਮਾ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਪੱਥਰ ਦੀ ਮੂਰਤੀ ਵਿਚ ਕੋਈ ਦੈਵੀ-ਸ਼ਕਤੀ ਹੁੰਦੀ ਹੈ। ਕਬੀਰ ਜੀ ਦਾ ਫੁਰਮਾਨ ਹੈ:  

ਜੋ ਪਾਥਰ ਕਉ ਕਹਤੇ ਦੇਵ॥ 
ਤਾ ਕੀ ਬਿਰਥੀ ਹੋਵੈ ਸੇਵ॥ 
ਜੋ ਠਾਕੁਰ ਕੀ ਪਾਈਂ ਪਾਇ॥ 
ਤਿਸ ਕੀ ਘਾਲ ਅਜਾਈ ਜਾਇ॥                  
                                           (ਪੰਨਾ 1160)  

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ 
ਜਿਸ ਪਾਹਨੁ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥ 
ਭੂਲੀ ਮਾਲਨੀ ਹੈ ਏਉ॥ 
ਸਤਿਗੁਰ ਜਾਗਤਾ ਹੈ ਦੇਉ॥          
                                               (ਪੰਨਾ 479)       
 ਬਨਾਰਸ ਵਿਚ ਰਹਿਣ ਕਰਕੇ ਕਬੀਰ ਜੀ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਲੀ ਕੱਟੜਤਾ ਅਤੇ ਕਰਮਕਾਂਡਾਂ ਬਾਰੇ ਨਿੱਜੀ ਅਤੇ ਡੂੰਘਾ ਅਨੁਭਵ ਸੀ। ਇਸੇ ਕਰਕੇ ਆਪਨੇ ਇਨ੍ਹਾਂ ਲੋਕਾਂ ਦੀਆਂ ਗਲਤ ਕਦਰਾਂ-ਕੀਮਤਾਂ ਦੇ ਪਾਜ ਉਧੇੜੇ। ਉਹ ਵਿਅਕਤੀ ਨੂੰ ਬਾਹਰੋਂ ਜਾਂ ਵਿਖਾਵੇ ਵਜੋਂ ਚੰਗਾ ਬਣਾਉਣ ਦੀ ਥਾਂ ਅੰਦਰੂਨੀ ਤੌਰ ਤੇ ਸ਼ੁਭ ਅਮਲਾਂ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਹ ਪ੍ਰਭੂ ਨੂੰ ਬਾਹਰੋਂ ਢੂੰਡਣ ਦੀ ਥਾਂ ਅੰਦਰੋਂ ਖੋਜਣ ਦੀ ਪ੍ਰਵਿਰਤੀ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਬਾਣੀ ਵਿਚ ਨਫ਼ਰਤ, ਈਰਖਾ, ਸ਼ੱਕ ਦੀ ਥਾਂ ਤੇ ਪਿਆਰ, ਸਹਿਣਸ਼ੀਲਤਾ ਅਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਇਹ ਸਾਰੇ ਅਜਿਹੇ ਸਦਗੁਣ ਹਨ, ਜਿਨ੍ਹਾਂ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਘੇਰੇ ਵਿਚ ਰੱਖਿਆ ਜਾ ਸਕਦਾ ਹੈ। ਕਬੀਰ ਜੀ ਦੀ ਬਾਣੀ ਵਿਚੋਂ ਦ੍ਰਿਸ਼ਟੀਗੋਚਰ ਹੁੰਦੇ ਕੁਝ ਹੋਰ ਮਹੱਤਵਪੂਰਨ ਸੰਕਲਪ ਹੇਠ ਲਿਖੀਆਂ ਪੰਕਤੀਆਂ ਵਿੱਚ ਵੇਖੇ ਜਾ ਸਕਦੇ ਹਨ:  

ਅਲਹੁ ਏਕ ਮਸੀਤਿ ਬਸਤੁ ਹੈ ਅਲਹੁ ਮੁਲਖੁ ਕਿਸ ਕੇਰਾ॥ 
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥ 
                                       (ਪੰਨਾ 1349)  

ਕਬੀਰ ਸਭ ਸੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ 
ਜਿਨਿ ਐਸਾ ਕਰ ਬੂਝਿਆ ਮੀਤੁ ਹਮਾਰਾ ਸੋਇ॥ 
                                       (ਪੰਨਾ 1364)  

ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ 
ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥ 
                                       (ਪੰਨਾ 1365)  

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ 
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗੈ ਡਾਰ॥
(ਪੰਨਾ 1366)  

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ 
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥ 
                                       (ਪੰਨਾ 1367)  

ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥
                                        (ਪੰਨਾ 1371)  

ਕਬੀਰ ਸਾਤ ਸਮੁਦਹਿ ਮਸੁ ਕਰਉ ਕਲਮ ਕਰਉ ਬਨਰਾਇ॥ 
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥ 
                                        (ਪੰਨਾ 1367)        

 ਕਬੀਰ ਜੀ ਦੇ ਸਮੇਂ ਵਿਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ-ਆਪਣੀ ਥਾਂ ਕਾਰਜਸ਼ੀਲ ਸਨ, ਪਰ ਇਨ੍ਹਾਂ ਦੇ ਆਗੂ ਲੋਕ-ਭਲਾਈ ਦੀ ਥਾਂ ਸੁਆਰਥ ਵਿੱਚ ਗਲਤਾਨ ਸਨ ਅਤੇ ਕੱਟੜਵਾਦੀ ਵਿਚਾਰਧਾਰਾ ਕਰਕੇ ਇਕ-ਦੂਜੇ ਨੂੰ ਭੰਡ ਰਹੇ ਸਨ। ਅਜਿਹੇ ਮਾਹੌਲ ਵਿੱਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ-ਸਾਧਾਰਨ ਨਾਲ ਸਾਂਝ ਬਣਾ ਕੇ ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ‘ਬ੍ਰਹਮ ਬੀਚਾਰ’ ਕੀਤਾ।                            
                              ***** 
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ)
9417692015.
navsangeetsingh6957@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1360
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →