28 ਫਰਵਰੀ : ਰਾਸ਼ਟਰੀ ਵਿਗਿਆਨ ਦਿਵਸ |
ਵਿਗਿਆਨ ਦਾ ਮਤਲਬ ਪ੍ਰਾਕ੍ਰਿਤਕ ਸ਼ਕਤੀਆਂ ਦੀ ਵਿਸ਼ੇਸ਼ ਜਾਣਕਾਰੀ ਤੋਂ ਹੈ। ਅੰਧਕਾਰ ਤੋਂ ਨਿਕਲ ਕੇ ਪ੍ਰਕਾਸ਼ ਦੀ ਦੁਨੀਆਂ ਵਿੱਚ ਪਹਿਲਾ ਕਦਮ ਮਨੁੱਖ ਨੇ ਵਿਗਿਆਨ ਦੀ ਮਦਦ ਨਾਲ ਹੀ ਰੱਖਿਆ। ਇਸ ਦਿਸ਼ਾ ਵਿੱਚ ਉਹ ਦਿਨ-ਪ੍ਰਤੀਦਿਨ ਅੱਗੇ ਵਧਦਾ ਗਿਆ ਅਤੇ ਉਸ ਭੌਤਿਕ ਦੁਨੀਆਂ ਵਿੱਚ ਪਹੁੰਚਿਆ, ਜਿੱਥੇ ਐਸ਼ੋ-ਆਰਾਮ ਸੀ। ਆਪਣੀ ਸਫ਼ਲਤਾ ਦੇ ਇਸ ਜੋਸ਼ ਨੇ ਉਹਦੇ ਅੰਦਰ ਅਸੀਮ ਨੂੰ ਜਾਣਨ-ਸਮਝਣ ਦੀਆਂ ਅਸੀਮਤ ਇੱਛਾਵਾਂ ਜਗਾਈਆਂ ਅਤੇ ਉਹ ਪਹਿਲਾਂ ਨਾਲੋਂ ਕਿਤੇ ਵੱਧ ਗਤੀ ਨਾਲ ਅੱਗੇ ਵਧਿਆ। ਉਸ ਦੀਆਂ ਅੱਖਾਂ ਚੁੰਧਿਆ ਗਈਆਂ ਅਤੇ ਇਸ ਨਸ਼ੇ ਵਿਚ ਉਹ ਆਪਣਾ ਚੰਗਾ-ਮਾੜਾ ਸਭ ਕੁਝ ਭੁੱਲ ਕੇ ਖ਼ੁਦ ਨੂੰ ਸਰਬ ਸ਼ਕਤੀਮਾਨ ਸਮਝ ਬੈਠਾ। ਅੱਜ ਦਾ ਯੁੱਗ ਵਿਗਿਆਨ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ। ਕੋਈ ਵੀ ਖੇਤਰ ਵਿਗਿਆਨ ਦੀ ਪਹੁੰਚ ਤੋਂ ਦੂਰ ਨਹੀਂ ਹੈ। ਹਰ ਖੇਤਰ ਵਿੱਚ ਇਹਦਾ ਬੋਲਬਾਲਾ ਹੈ। ਸੱਚ ਕਿਹਾ ਜਾਏ ਤਾਂ ਅੱਜ ਦੁਨੀਆਂ ਵਿਗਿਆਨ ਰੂਪੀ ਧੁਰੇ ਦੁਆਲੇ ਘੁੰਮ ਰਹੀ ਹੈ। ਵਿਗਿਆਨਕ ਖੋਜਾਂ ਨੇ ਸਾਰੀ ਦੁਨੀਆਂ ਨੂੰ ਬਹੁਤ ਨੇੜੇ ਲੈ ਆਂਦਾ ਹੈ। ਹਵਾਈ ਜਹਾਜ਼ ਨਾਲ ਸੈਂਕਡ਼ੇ-ਹਜ਼ਾਰਾਂ ਮੀਲਾਂ ਦੀ ਦੂਰੀ ਕੁਝ ਘੰਟਿਆਂ/ਦਿਨਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਟੀ ਵੀ ਦੇ ਮਾਧਿਅਮ ਨਾਲ ਪੂਰੇ ਸੰਸਾਰ ਦੀ ਹਰ ਘਟਨਾ, ਹਰ ਖ਼ਬਰ ਘਰ ਬੈਠੇ ਵੇਖੀ/ਸੁਣੀ ਜਾ ਸਕਦੀ ਹੈ। ਕੈਮਰੇ ਦੀ ਮਦਦ ਨਾਲ ਕਿਸੇ ਵੀ ਥਾਂ/ਵਿਅਕਤੀ ਦੀ ਤਸਵੀਰ ਖਿੱਚੀ ਜਾ ਸਕਦੀ ਹੈ। ਹੁਣ ਤਾਂ ਕੰਪਿਊਟਰ/ਇੰਟਰਨੈੱਟ ਦਾ ਜ਼ਮਾਨਾ ਹੈ। ਘਰ ਬੈਠੇ ਸੰਸਾਰ ਦੇ ਕਿਸੇ ਵੀ ਹਿੱਸੇ ਜਾਂ ਥਾਂ ਦੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ। ਇੱਥੋਂ ਤਕ ਕਿ ਆਪਣੇ ਮਿੱਤਰਾਂ-ਪਿਆਰਿਆਂ ਨਾਲ ਗੱਲਬਾਤ, ਉਨ੍ਹਾਂ ਤੱਕ ਕੋਈ ਖ਼ਬਰ ਪੁਚਾਈ ਜਾ ਸਕਦੀ ਹੈ। ਇਸੇ ਵਿਗਿਆਨ ਨੇ ‘ਗਲੋਬਲ ਵਿਲੇਜ’ ਦੀ ਧਾਰਨਾ ਨੂੰ ਸਾਕਾਰ ਕਰ ਵਿਖਾਇਆ ਹੈ। ਵਿਗਿਆਨ ਦੀ ਮਦਦ ਨਾਲ ਮਨੁੱਖ ਰਾਕੇਟ ਰਾਹੀਂ ਚੰਦ ਦੀ ਯਾਤਰਾ ਕਰ ਰਿਹਾ ਹੈ। ਵਿਭਿੰਨ ਉਪਗ੍ਰਹਿਆਂ ਦੇ ਜ਼ਰੀਏ ਕਈ ਤਰ੍ਹਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਭਵਿੱਖ ਵਿੱਚ ਆਉਣ ਵਾਲੇ ਭੂਚਾਲਾਂ ਦਾ ਪਤਾ ਲੱਗਦਾ ਹੈ। ਮੌਸਮ ਵਿੱਚ ਹੋਣ ਵਾਲੀ ਤਬਦੀਲੀ ਬਾਰੇ ਜਾਣਿਆ ਜਾ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਵਿਗਿਆਨ ਉਹ ਨੀਂਹ ਹੈ, ਜਿਸ ਉੱਤੇ ਮਨੁੱਖ ਨੇ ਆਧੁਨਿਕ ਯੁੱਗ ਦੀ ਇਮਾਰਤ ਖੜ੍ਹੀ ਕੀਤੀ ਹੈ। ਮਨੁੱਖ ਆਪਣੀ ਛੋਟੀ ਸੋਚ ਅਤੇ ਵਿਚਾਰਾਂ ਤੋਂ ਨਿਕਲ ਕੇ ਵਿਸ਼ਾਲਤਾ ਵੱਲ ਵਧਿਆ ਹੈ। ਜਿੱਥੇ ਕੱਲ੍ਹ ਤਕ ਅਸੀਂ ਆਪਣੀ ਹੋਂਦ ਨੂੰ ਬਚਾਈ ਰੱਖਣ ਲਈ ਸਿਰਫ਼ ਭੋਜਨ ਹਾਸਲ ਕਰਨ ਵਿੱਚ ਹੀ ਆਪਣੀ ਜ਼ਿੰਦਗੀ ਬਿਤਾ ਦਿੰਦੇ ਸਾਂ, ਉੱਥੇ ਅੱਜ ਅਸੀਂ ਇੱਕ ਸ਼ਾਨਦਾਰ ਰੋਮਾਂਚਿਕ ਜ਼ਿੰਦਗੀ ਜੀਣ ਵਿੱਚ ਸਮਰੱਥ ਹਾਂ। ਮਨੁੱਖ ਦਾ ਪ੍ਰਾਕਿਰਤਕ ਸੁਭਾਅ ਜਾਗਰੂਕਤਾ ਦਾ ਹੈ। ਇਸ ਉੱਤੇ ਅਸੀਂ ਪੂਰੇ ਤੌਰ ਤੇ ਖ਼ਰੇ ਉਤਰੇ ਹਾਂ। ਅਸੀਂ ਆਪਣੀ ਇੱਛਾ, ਮਿਹਨਤ, ਸੋਚ ਨਾਲ ਮਹਾਨਤਾ ਦੀ ਸੀਮਾ ਨੂੰ ਛੂਹ ਲਿਆ ਹੈ। ਵਿਕਾਸ ਦੀ ਟੀਸੀ ਤੇ ਪਹੁੰਚ ਗਏ ਹਾਂ। ਇਹ ਸਭ ਕੁਝ ਵਿਗਿਆਨ ਕਰਕੇ ਹੀ ਸੰਭਵ ਹੋਇਆ ਹੈ। ਕੱਲ੍ਹ ਤਕ ਜੋ ਸੁਪਨਾ ਜਿਹਾ ਲੱਗਦਾ ਸੀ ਅਤੇ ਜਿਸ ਨੂੰ ਸੋਚਣ ਤਕ ਦੀ ਹਿੰਮਤ ਸਾਡੇ ਵਿੱਚ ਨਹੀਂ ਸੀ, ਉਸ ਭੌਤਕ ਜਗਮਗਾਉਂਦੀ ਦੁਨੀਆਂ ਵਿੱਚ ਅਸੀਂ ਜੀਅ ਰਹੇ ਹਾਂ। ਇਹ ਸਾਡੀ ਜਿੱਤ ਨਹੀਂ ਤਾਂ ਹੋਰ ਕੀ ਹੈ! ਕੁਝ ਹੀ ਸਮੇਂ ਵਿੱਚ ਕਿਤਾਬਾਂ ਦੀਆਂ ਸੈਂਕੜੇ ਕਾਪੀਆਂ ਛਪ ਜਾਂਦੀਆਂ ਹਨ, ਹਜ਼ਾਰਾਂ ਮੀਟਰ ਕੱਪੜੇ ਤਿਆਰ ਹੋ ਜਾਂਦੇ ਹਨ- ਇਹ ਚਮਤਕਾਰ ਹੀ ਤਾਂ ਹੈ! ਮਾਨਵ ਨੇ ਤਾਂ ਹੌਲੀ-ਹੌਲੀ ਆਕਾਸ਼ ਉੱਤੇ ਵੀ ਆਪਣੇ ਪੈਰ ਫੈਲਾਉਣੇ ਸ਼ੁਰੂ ਕਰ ਦਿੱਤੇ ਹਨ। ਬ੍ਰਹਿਮੰਡ ਨਾਲ ਸਬੰਧਿਤ ਅਣਗਿਣਤ ਜਾਣਕਾਰੀ ਸਾਡੇ ਕੋਲ ਹੈ। ਇਹ ਸਭ ਮਨੁੱਖ ਦੀ ਵਿਗਿਆਨ ਵਿੱਚ ਆਸਥਾ ਅਤੇ ਲਗਨ ਨੂੰ ਹੀ ਦਰਸਾਉਂਦੇ ਹਨ। ਵਿਗਿਆਨ ਪ੍ਰਤੱਖ ਵਿੱਚ ਯਕੀਨ ਕਰਦਾ ਹੈ, ਅਪ੍ਰਤੱਖ ਵਿੱਚ ਨਹੀਂ। ਇਹ ਪੂਰਨ ਤੌਰ ਤੇ ਚਿੰਤਨ, ਤਰਕ, ਪ੍ਰਯੋਗ, ਪਰਖ ਤੇ ਆਧਾਰਿਤ ਹੁੰਦਾ ਹੈ। ਵਿਗਿਆਨ ਨੇ ਜਿੱਥੇ ਇੱਕ ਪਾਸੇ ਭੇਖਾਂ-ਅਡੰਬਰਾਂ ਨੂੰ ਗਹਿਰਾ ਧੱਕਾ ਪੁਚਾਇਆ ਹੈ, ਉੱਥੇ ਦੂਜੇ ਪਾਸੇ ਬੁੱਧੀ ਅਤੇ ਵਿਵੇਕ ਰਾਹੀਂ ਸਭ ਨੂੰ ਅੱਗੇ ਵਧਣ ਦਾ ਮਾਰਗ ਵੀ ਪ੍ਰਦਾਨ ਕੀਤਾ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸੇ ਵੀ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਹਰ ਚੀਜ਼ ਨਾਲ ਭਲਾਈ ਤੇ ਬੁਰਾਈ ਜੁੜੀ ਹੁੰਦੀ ਹੈ। ਇਹ ਗੱਲ ਵਿਗਿਆਨ ਦੇ ਮਾਮਲੇ ਵਿੱਚ ਵੀ ਪੂਰੀ ਸਹੀ ਹੈ। ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਹੈ ਅਤੇ ਇਸ ਨੂੰ ਲੰਘਣਾ ਘਾਤਕ ਹੁੰਦਾ ਹੈ। ਇਹ ਠੀਕ ਹੈ ਕਿ ਸੁੱਖ ਦੀ ਇੱਛਾ ਕਰਨੀ ਅਤੇ ਬਿਹਤਰ ਜ਼ਿੰਦਗੀ ਲਈ ਕੋਸ਼ਿਸ਼ ਕਰਨੀ ਸਾਡਾ ਹੱਕ ਹੈ। ਪਰ ਇਸ ਦੌਰਾਨ ਪ੍ਰਕਿਰਤੀ ਨਾਲ ਛੇੜਛਾੜ ਕਰਨਾ ਵੀ ਅਣਉਚਿਤ ਹੈ। ਜੋ ਅਸੀਂ ਕੀਤੀ, ਅਤੇ ਅਜੇ ਵੀ ਕਰ ਰਹੇ ਹਾਂ ਅਤੇ ਬਦਲੇ ਵਿੱਚ ਇਸਦੀ ਸਜ਼ਾ ਤਾਂ ਸਾਨੂੰ ਮਿਲਣੀ ਹੀ ਸੀ! ਅਸੀਂ ਵਿਗਿਆਨ ਦੀ ਓਟ ਲੈ ਕੇ ਆਪਣੀ ਜ਼ਿੰਦਗੀ ਨੂੰ ਭਰਪੂਰ ਆਰਾਮਦਾਇਕ ਬਣਾਇਆ। ਅਸੀਂ ਓਨੀ ਪ੍ਰਗਤੀ ਕਰ ਲਈ, ਜਿੰਨੀ ਨਾਲ ਅਸੀਂ ਸੁੱਖ-ਸੁਵਿਧਾ ਵਿਚ ਰਹਿ ਸਕਦੇ ਸਾਂ। ਪਰ ਆਪਣੀਆਂ ਵਧਦੀਆਂ ਲਾਲਸਾਵਾਂ ਕਾਰਨ ਅਸੀਂ ਹੋਰ ਅੱਗੇ ਵਧਣਾ ਚਾਹੁੰਦੇ ਸਾਂ। ਇਸ ਕ੍ਰਮ ਵਿੱਚ ਅਸੀਂ ਇਹੋ ਜਿਹੇ ਕੰਮ ਵੀ ਸ਼ੁਰੂ ਕਰ ਦਿੱਤੇ, ਜੋ ਅੱਗੇ ਸਾਡੇ ਲਈ ਬਰਬਾਦੀ ਦਾ ਕਾਰਨ ਬਣ ਸਕਦੇ ਹਨ। ਪਣਡੁੱਬੀ ਨਾਲ ਅਸੀਂ ਸਮੁੰਦਰ ਦੀ ਡੂੰਘਾਈ ਵਿਚ ਪਹੁੰਚ ਕੇ ਸਮੁੰਦਰੀ ਜੀਵਨ ਨਾਲ ਛੇੜਛਾੜ ਕਰਨ ਲੱਗੇ। ਵੱਡੇ-ਵੱਡੇ ਸਮੁੰਦਰੀ ਜਹਾਜ਼ਾਂ ਦੇ ਨਸ਼ਟ ਹੋਣ ਤੇ ਉਨ੍ਹਾਂ ਦੇ ਤੇਲ ਨਾਲ ਸਮੁੰਦਰੀ ਜਲਵਾਯੂ ਦੇ ਪ੍ਰਦੂਸ਼ਿਤ ਹੋਣ ਨਾਲ ਸਮੁੰਦਰੀ ਜੀਵਾਂ ਦਾ ਜੀਵਨ ਖ਼ਤਰੇ ਵਿੱਚ ਪੈ ਗਿਆ ਹੈ। ਉਨ੍ਹਾਂ ਦੀਆਂ ਕਈ ਪ੍ਰਜਾਤੀਆਂ ਤਾਂ ਬਿਲਕੁਲ ਅਲੋਪ ਹੋ ਗਈਆਂ ਹਨ ਤੇ ਕਈ ਅਲੋਪ ਹੋਣ ਦੇ ਕੰਢੇ ਤੇ ਹਨ। ਜੈਨੇਟਿਕ ਇੰਜੀਨੀਅਰਿੰਗ ਦੀ ਮਦਦ ਨਾਲ ਡੀਐੱਨਏ ਦੇ ਅਧਿਐਨ ਰਾਹੀਂ ਵਿਭਿੰਨ ਜੀਵਾਂ ਦੇ ਕਲੋਨ ਬਣਾਏ ਜਾਣ ਦੀ ਖੋਜ ਹੋ ਰਹੀ ਹੈ, ਜੋ ਬਿਲਕੁਲ ਅਣਉਚਿਤ ਹੈ। ਇਸ ਦਿਸ਼ਾ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ ਕਿ ਭਵਿੱਖ ਵਿਚ ਮਨ- ਚਾਹੇ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਕੀ ਇਹ ਕਿਸੇ ਤਰ੍ਹਾਂ ਉਚਿਤ ਹੈ? ਕੀ ਅਸੀਂ ਪ੍ਰਕਿਰਤੀ ਦਾ ਕੰਮ ਆਪਣੇ ਹੱਥੀਂ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ? ਕੀ ਇਹ ਸਾਡੀ ਸੀਮਾ ਦੀ ਅਤਿ ਨਹੀਂ ਹੈ? ਕਈ ਦੇਸ਼ਾਂ ਵਿੱਚ ਮਾਨਵੀ ਰੋਬੋਟ ਬਣਾਏ ਜਾਣ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਐਸੇ-ਐਸੇ ਰੋਬੋਟ ਬਣ ਗਏ ਹਨ, ਜੋ ਵੇਖਣ ਵਿੱਚ ਮਨੁੱਖ ਨਾਲ ਮਿਲਦੇ ਜੁਲਦੇ ਹਨ। ਜਿਨ੍ਹਾਂ ਕੋਲ ਮਨੁੱਖ ਵਾਂਗ ਸੁਣਨ, ਸਮਝਣ, ਬੋਲਣ ਦੀ ਯੋਗਤਾ ਹੈ। ਕੱਲ੍ਹ ਨੂੰ ਅਜਿਹੇ ਵੀ ਰੋਬੋਟ ਬਣਾਏ ਜਾਣਗੇ, ਜੋ ਮਨੁੱਖ ਵਾਂਗ ਸੋਚਣ ਦੀ ਸਮਰੱਥਾ ਵੀ ਰੱਖਦੇ ਹੋਣ! ਇਹ ਵੀ ਚਿੰਤਾ ਦਾ ਵਿਸ਼ਾ ਹੈ। ਜ਼ਰਾ ਸੋਚੋ, ਜੇ ਅਜਿਹਾ ਹੋਇਆ, ਤਾਂ ਕੀ ਇਹ ਸਾਡੇ ਪ੍ਰਤੀਯੋਗੀ ਨਹੀਂ ਹੋਣਗੇ! ਅਜਿਹੀ ਹਾਲਤ ਵਿੱਚ ਸਾਨੂੰ ਆਪਣੀ ਹੋਂਦ ਦੀ ਲੜਾਈ ਵੀ ਲੜਨੀ ਪੈ ਸਕਦੀ ਹੈ। ਅਜਿਹਾ ਨਹੀਂ ਹੈ ਕਿ ਸਾਨੂੰ ਇਸ ਖਤਰੇ ਦਾ ਪਤਾ ਨਹੀਂ। ਕਈ ਫ਼ਿਲਮਾਂ ਦੇ ਮਾਧਿਅਮ ਰਾਹੀਂ ਇਸ ਸੰਕਟ ਦੀ ਸੰਭਾਵਨਾ ਪੇਸ਼ ਕੀਤੀ ਜਾ ਚੁੱਕੀ ਹੈ। ਇਹ ਸਹੀ ਹੈ ਕਿ ਵਿਗਿਆਨ ਸਾਡੇ ਲਈ ਵਰਦਾਨ ਬਣ ਕੇ ਆਇਆ ਹੈ। ਜਿਵੇਂ ਕਈ ਘਾਤਕ ਬਿਮਾਰੀਆਂ, ਜਿਨ੍ਹਾਂ ਨਾਲ ਪਹਿਲਾਂ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਬਰਬਾਦ ਹੋ ਜਾਂਦੇ ਸਨ, ਹਜ਼ਾਰਾਂ-ਲੱਖਾਂ ਲੋਕੀਂ ਮੌਤ ਦੇ ਮੂੰਹ ਚਲੇ ਜਾਂਦੇ ਸਨ- ਵਿਗਿਆਨਕ ਖੋਜਾਂ ਨਾਲ ਬਣੀਆਂ ਦਵਾਈਆਂ ਤੋਂ ਬਚ ਜਾਂਦੇ ਹਨ। ਇਨ੍ਹਾਂ ਦਾ ਇਲਾਜ ਹੁਣ ਸੰਭਵ ਹੈ। ਪਰ ਇਹ ਵੀ ਸੱਚ ਹੈ ਕਿ ਜਿੱਥੇ ਇੱਕ ਪਾਸੇ ਅਸੀਂ ਸੁੱਖ ਦੀ ਪ੍ਰਾਪਤੀ ਦਾ ਉਪਾਅ ਕਰ ਰਹੇ ਹਾਂ, ਉੱਥੇ ਦੂਜੇ ਪਾਸੇ ਅਣਜਾਣਪੁਣੇ ਵਿੱਚ ਦੁੱਖਾਂ ਨੂੰ ਵੀ ਸੱਦਾ ਦੇ ਰਹੇ ਹਾਂ। ਇਸ ਉੱਨਤੀ ਦੌਰਾਨ ਵਾਤਾਵਰਣ ਵਿੱਚ ਭਾਰੀ ਤਬਦੀਲੀ ਆਈ ਹੈ। ਜੰਗਲਾਂ ਦੇ ਜੰਗਲ ਅੰਨ੍ਹੇਵਾਹ ਕੱਟੇ ਗਏ ਹਨ, ਪ੍ਰਦੂਸ਼ਣ ਵਧ ਗਿਆ ਹੈ, ਪੀਣ ਦੇ ਪਾਣੀ ਦਾ ਸੰਕਟ ਆ ਗਿਆ ਹੈ। ਕਿਰਨਾਂ ਨਾਲ ਇੰਨਾ ਨੁਕਸਾਨ ਪਹੁੰਚਿਆ ਹੈ ਕਿ ਭਿਆਨਕ ਬੀਮਾਰੀਆਂ ਨੇ ਜਨਮ ਲਿਆ ਹੈ, ਜਿਨ੍ਹਾਂ ਚੋਂ ਕਈਆਂ ਦਾ ਤਾਂ ਇਲਾਜ ਹੀ ਨਹੀਂ ਹੈ। ਮਨੁੱਖ ਨੇ ਸਾਰੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ। ਚਾਰੇ ਪਾਸੇ ਅਰਾਜਕਤਾ ਫੈਲ ਰਹੀ ਹੈ। ਇੱਥੋਂ ਤਕ ਕਿ ਜਨਮ ਲੈਣ ਵਾਲੇ ਬੱਚੇ ਵੀ ਕਈ ਤਰ੍ਹਾਂ ਦੇ ਰੋਗਾਂ ਨਾਲ ਗ੍ਰਸੇ ਜਾਂਦੇ ਹਨ। ਜਿੱਥੇ ਇੱਕ ਪਾਸੇ ਅਸੀਂ ਵਿਗਿਆਨ ਦੇ ਨਾਂ ਤੇ ਆਪਣੀ ਤਰੱਕੀ ਅਤੇ ਮਹਾਨਤਾ ਦਾ ਡੰਕਾ ਵਜਾ ਰਹੇ ਹਾਂ, ਉੱਥੇ ਬਹੁਤ ਸਾਰੀਆਂ ਆਫ਼ਤਾਂ ਦਾ ਤੂਫ਼ਾਨ ਖੜ੍ਹਾ ਕਰ ਰਹੇ ਹਾਂ। ਹੁਣ ਤਾਂ ਸਾਨੂੰ ਆਪਣੀ ਹੋਂਦ ਲਈ ਹੀ ਲੜਨਾ ਪੈ ਰਿਹਾ ਹੈ। ਦਰਅਸਲ ਵਿਗਿਆਨ ਦੀ ਰੋਸ਼ਨੀ ਵਿੱਚ ਸਾਡੀਆਂ ਅੱਖਾਂ ਇੰਨੀਆਂ ਚੁੰਧਿਆ ਗਈਆਂ ਹਨ ਕਿ ਚਾਹੁੰਦੇ ਹੋਏ ਵੀ ਸਾਡੀਆਂ ਲਾਲਸਾਵਾਂ ਸਾਨੂੰ ਪਿੱਛੇ ਨਹੀਂ ਮੁੜਨ ਦੇ ਰਹੀਆਂ। ਅਸੀਂ ਸਭ ਕੁਝ ਜਾਣਦੇ ਹੋਏ ਵੀ ਵਧਦੇ ਜਾ ਰਹੇ ਹਾਂ। ਇਹ ਗੱਲ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਮਾਰਗ ਸਾਨੂੰ ਵਿਕਾਸ ਦੀ ਥਾਂ ਵਿਨਾਸ਼ ਵੱਲ ਲਿਜਾ ਰਿਹਾ ਹੈ, ਅਤੇ ਇਸ ਦਿਸ਼ਾ ਵਿੱਚ ਸਾਡੇ ਉੱਤੇ ਇੰਨਾ ਭੂਤ ਸਵਾਰ ਹੈ ਕਿ ਪਿੱਛੇ ਮੁੜਨਾ ਹੁਣ ਸੰਭਵ ਨਹੀਂ ਹੈ। ਅੱਜ ਸਥਿਤੀ ਇਹ ਹੈ ਕਿ ਅਸੀਂ ਹਰੇਕ ਦਿਨ ਇੱਕ ਕਦਮ ਅੱਗੇ ਵਧ ਰਹੇ ਹਾਂ। ਅੱਜ ਦੀ ਚੀਜ਼ ਕੱਲ੍ਹ ਹੀ ਪੁਰਾਣੀ ਹੋ ਰਹੀ ਹੈ। ਇਹੋ ਕਾਰਨ ਹੈ ਕਿ ਹਰ ਕੋਈ ਨਵੀਨਤਾ ਦੀ ਇੱਛਾ ਵਿਚ ਆਪਣਾ ਸਰਬਨਾਸ਼ ਤੱਕ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ। ਇਹ ਦੁਖਾਂਤ ਨਹੀਂ, ਤਾਂ ਹੋਰ ਕੀ ਹੈ! ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਹਰ ਕੰਮ, ਇਥੋਂ ਤਕ ਕਿ ਵਿਗਿਆਨ ਦਾ ਸਹਾਰਾ ਵੀ ਉਹਨੇ ਆਪਣੀ ਜ਼ਿੰਦਗੀ ਨੂੰ ਸੁਖਮਈ ਬਣਾਉਣ ਲਈ ਲਿਆ ਸੀ। ਪਰ ਇਹੋ ਵਿਕਾਸ ਜਦੋਂ ਇਸ ਹੱਦ ਤਕ ਵਧ ਜਾਏ ਕਿ ਸਾਡੀ ਹੋਂਦ ਹੀ ਖ਼ਤਰੇ ਵਿੱਚ ਪੈ ਜਾਏ, ਤਾਂ ਕੀ ਇਹ ਸਰਾਪ ਨਹੀਂ ਬਣੇਗਾ! ਗਲੋਬਲ ਵਾਰਮਿੰਗ ਇਸ ਦੀ ਪ੍ਰਤੱਖ ਮਿਸਾਲ ਹੈ ਕਿ ਅਸੀਂ ਗਲਤ ਕੀਤਾ ਹੈ। ਗ਼ਲਤੀ ਤੇ ਗ਼ਲਤੀ ਕਰਦੇ ਚਲੇ ਗਏ। ਮਨੁੱਖ ਭੁੱਖੇ ਮਰ ਰਹੇ ਹਨ। ਜੇ ਉਨ੍ਹਾਂ ਨੂੰ ਕੰਮ ਤੇ ਲਾਇਆ ਜਾਵੇ ਤਾਂ ਭੁੱਖਮਰੀ ਦੀ ਸਮੱਸਿਆ ਬਹੁਤ ਹੱਦ ਤਕ ਘੱਟ ਹੋ ਸਕਦੀ ਹੈ। ਬਜਾਏ ਇਸ ਦੇ ਕਿ ਰੋਬੋਟ ਤੋਂ ਕੰਮ ਲਿਆ ਜਾਵੇ। ਜਦੋਂ ਮਾਨਵ ਸੰਸਾਧਨ ਹੈ ਸਾਡੇ ਕੋਲ, ਤਾਂ ਫਿਰ ਕੰਮ ਕਰਨ ਲਈ ਰੋਬੋਟ ਦੀ ਕੀ ਲੋੜ ਹੈ। ਇਹ ਅਤਿ ਨਹੀਂ ਤਾਂ ਹੋਰ ਕੀ ਹੈ! ਆਪਣੇ ਵਿਨਾਸ਼ ਦਾ ਰਾਹ ਮਨੁੱਖ ਨੇ ਆਪ ਅਪਣਾਇਆ ਹੈ। ਖ਼ੁਦ ਉਹਨੇ ਸੱਦਾ ਦਿੱਤਾ ਹੈ। ਸਾਰੇ ਸੰਕਟਾਂ ਦੇ ਜ਼ਿੰਮੇਵਾਰ ਅਸੀਂ ਆਪ ਹਾਂ। ਅਸੀਂ ਹੀ ਪ੍ਰਕਿਰਤੀ ਤੋਂ ਪ੍ਰਾਪਤ ਇਸ ਵਰਦਾਨ ਨੂੰ ਸਰਾਪ ਬਣਾਇਆ ਹੈ। ਕਿਹਾ ਜਾਂਦਾ ਹੈ- “ਜਦੋਂ ਜਾਗੋ ਉਦੋਂ ਸਵੇਰਾ”। ਲੋੜ ਹੈ, ਤਾਂ ਕੁਝ ਠਹਿਰਨ ਦੀ। ਫਿਰ ਤੋਂ ਇੱਕ ਵਾਰ ਡੂੰਘਾਈ ਨਾਲ ਸੋਚਣ-ਵਿਚਾਰਨ ਦੀ, ਅਤੇ ਆਪਣੀਆਂ ਗ਼ਲਤੀਆਂ ਦੇ ਯਥਾਸੰਭਵ ਸੁਧਾਰ ਦੀ। ਤਾਂ ਹੀ ਕੁਝ ਉਮੀਦ ਕੀਤੀ ਜਾ ਸਕਦੀ ਹੈ। ਨਹੀਂ ਤਾਂ, ਸਿੱਟਾ ਸਾਨੂੰ ਸਭ ਨੂੰ ਪਤਾ ਹੈ। ਜੀਹਨੂੰ ਟਾਲਣਾ ਵੀ ਕਾਫ਼ੀ ਹੱਦ ਤਕ ਸਾਡੇ ਹੀ ਹੱਥ ਵਿੱਚ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015