ਅਗਾਥਾ ਕ੍ਰਿਸਟੀ (1890-1976) ਅੰਗਰੇਜ਼ੀ ਵਿੱਚ ਸਸਪੈਂਸ, ਥ੍ਰਿਲ, ਮਰਡਰ ਤੇ ਮਿਸਟਰੀ ਵਿੱਚ ਉਲੇਖਯੋਗ ਨਾਂ ਹੈ। ਉਹਨੂੰ ‘ਕੁਈਨ ਆਫ਼ ਸਸਪੈਂਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਦੀਆਂ ਰਚਨਾਵਾਂ ਚਾਰ ਪੀੜ੍ਹੀਆਂ ਤੋਂ ਪੜ੍ਹੀਆਂ ਜਾ ਰਹੀਆਂ ਹਨ। ਅਗਾਥਾ ਮੈਰੀ ਕਲੈਰਿਸਾ ਮਿਲਰ ਨਾਂ ਦੀ ਇਹ ਲੇਖਕਾ ਵਿਆਹ ਪਿੱਛੋਂ ਅਗਾਥਾ ਕ੍ਰਿਸਟੀ ਬਣ ਗਈ ਤੇ ਇਸੇ ਨਾਂ ਨਾਲ ਦੁਨੀਆਂ-ਭਰ ਵਿੱਚ ਮਸ਼ਹੂਰ ਹੋਈ। 66 ਨਾਵਲਾਂ ਤੇ 14 ਕਹਾਣੀ-ਸੰਗ੍ਰਹਿਆਂ ਦੀ ਇਸ ਲੇਖਕਾ ਨੇ 1920 ਤੋਂ ਲਿਖਣਾ ਸ਼ੁਰੂ ਕੀਤਾ ਤੇ ਜੀਵਨ ਦੇ ਅੰਤ ਤੱਕ ਲਿਖਦੀ ਰਹੀ। ‘ਗੁੰਮਨਾਮ ਹੈ ਕੋਈ’ (ਸੰਗਮ ਪਬਲੀਕੇਸ਼ਨਜ਼ ਸਮਾਣਾ, ਪੰਨੇ 144, ਮੁੱਲ 250/- ਰੁਪਏ) ਅਗਾਥਾ ਦੇ ਨਾਵਲ ‘ਐਂਡ ਦੈੱਨ ਦੇਅਰ ਵਰ ਨਨ’ ਦਾ ਪੰਜਾਬੀ ਅਨੁਵਾਦ ਹੈ, ਜਿਸਨੂੰ ਬਲਦੇਵ ਸਿੰਘ ਭਾਕਰ ਨੇ ਬੜੀ ਦਿਲਚਸਪ ਸ਼ੈਲੀ ਵਿੱਚ ਅਨੁਵਾਦ ਕੀਤਾ ਹੈ। ਬਲਦੇਵ ਸਿੰਘ ਭਾਕਰ ਨੇ ਇਸਤੋਂ ਪਹਿਲਾਂ ਦੋ ਮੌਲਿਕ ਜਾਸੂਸੀ ਨਾਵਲ (‘ਜੱਗਾ ਜਾਸੂਸ ਤੇ ਚੌਥਾ ਕਤਲ’ ਅਤੇ ‘ਖੂਨੀ ਕਿਲ੍ਹਾ’) ਅਤੇ ਇੱਕ ਅਨੁਵਾਦਿਤ ਨਾਵਲ (ਆਰਥਰ ਕਾਨਨ ਡਾਇਲ ਦਾ ‘ਲੀਜੈਂਡ ਆਫ਼ ਸ਼ਰਲਾਕ ਹੋਮਜ਼’) ਦੀ ਰਚਨਾ ਕਰਕੇ ਜਾਸੂਸੀ ਨਾਵਲ ਪਰੰਪਰਾ ਵਿੱਚ ਆਪਣੀਆਂ ਵਿਸ਼ੇਸ਼ ਪੈੜਾਂ ਪਾਈਆਂ ਹਨ। ਉਸਦੇ ਨਾਵਲ ‘ਖੂਨੀ ਕਿਲ੍ਹਾ’ ਨੂੰ ਯੂਟਿਊਬ ਤੇ ਵੀ ਸੁਣਿਆ ਜਾ ਸਕਦਾ ਹੈ। ਰੀਵਿਊ ਅਧੀਨ ਨਾਵਲ ਪਹਿਲਾਂ-ਪਹਿਲ ‘ਟੈੱਨ ਲਿਟਲ ਨਿੱਗਰਜ਼’ ਤੇ ‘ਟੈੱਨ ਲਿਟਲ ਇੰਡੀਅਨਜ਼’ ਦੇ ਨਾਂ ਹੇਠ ਛਪਿਆ ਸੀ। ਇਸ ਨਾਵਲ ਤੇ ਕਈ ਦੇਸ਼ਾਂ ਵਿੱਚ ਫ਼ਿਲਮਾਂ ਵੀ ਬਣੀਆਂ। 1965 ਵਿੱਚ ਐਨ ਐਨ ਸਿਪੀ ਤੇ ਰਾਜਾ ਨਵਾਬੇ ਨੇ ਇਸੇ ਕਹਾਣੀ ਤੇ ਆਧਾਰਿਤ ਫ਼ਿਲਮ ‘ਗੁੰਮਨਾਮ’ ਬਣਾਈ, ਜੋ ਖੂਬ ਸਲਾਹੀ ਗਈ ਸੀ।ਨਾਵਲ ਦੀ ਕਥਾ ਕੁਝ ਇਸ ਪ੍ਰਕਾਰ ਹੈ : ਯੂ ਐਨ ਓਵਨ ਨਾਂ ਦੇ ਇੱਕ (ਸਨਕੀ) ਆਦਮੀ ਨੇ ਇੰਗਲੈਂਡ ਦੇ ਸਮੁੰਦਰੀ ਕੰਢੇ ਇੱਕ ਟਾਪੂ ਵਿੱਚ ਬਣੀ-ਬਣਾਈ ਬਿਲਡਿੰਗ ਖਰੀਦੀ ਤੇ ਉਹਨੇ 10 ਵਿਅਕਤੀਆਂ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਇਸ ਇਮਾਰਤ ਵਿੱਚ ਰਹਿਣ ਲਈ ਸੱਦਾ ਦਿੱਤਾ। ਇਹ ਵਿਅਕਤੀ ਅਜਿਹੇ ਸਨ ਜਿਨ੍ਹਾਂ ਨੇ ਜੀਵਨ ਵਿੱਚ ਕੋਈ ਨਾ ਕੋਈ ਅਪਰਾਧ ਕੀਤਾ ਸੀ ਪਰ ਕਾਨੂੰਨ ਉਨ੍ਹਾਂ ਨੂੰ ਸਜ਼ਾ ਨਹੀਂ ਦੇ ਸਕਿਆ ਸੀ। ਇਨ੍ਹਾਂ ਵਿੱਚ ਤਿੰਨ ਔਰਤਾਂ ਤੇ ਸੱਤ ਮਰਦ ਸ਼ਾਮਲ ਸਨ – ਹਾਰਲੇ ਸਟ੍ਰੀਟ ਦਾ ਡਾਕਟਰ ਐਡਵਰਡ ਜਾਰਜ ਆਰਮਸਟ੍ਰਾਂਗ, ਕੁਆਰੀ ਬੁੱਢੀ ਐਮਲੀ ਕੈਰੋਲਾਈਨ ਬਰਨੇਟ, ਸਾਬਕਾ ਪੁਲਿਸ ਇਨਸਪੈਕਟਰ ਤੇ ਜਾਸੂਸ ਵਿਲੀਅਮ ਹੈਨਰੀ ਬਲੂਰ, ਸਕੂਲ ਅਧਿਆਪਕਾ ਵੀਰਾ ਅਲਿਜ਼ਬੈਥ ਕਲੇਅਥਾਰਨ, ਅਫ਼ਰੀਕੀ ਸੈਲਾਨੀ ਫ਼ਿਲਿਪ ਲੋਬਾਰਡ, ਸੇਵਾਮੁਕਤ ਫ਼ੌਜੀ ਜੌਹਨ ਗਾਰਡਨ ਮੈਕਆਰਥਰ, ਮੋਟਰਬਾਜ਼ੀ ਦਾ ਸ਼ੁਕੀਨ ਐਨਥਨੀ ਜੇਮਜ਼ ਮਾਰਸਟਨ, ਰਸੋਈਆ ਤੇ ਸੇਵਾਦਾਰ ਟਾਮਸ ਰੋਜਰਜ਼, ਨੌਕਰਾਣੀ ਤੇ ਟਾਮਸ ਦੀ ਪਤਨੀ ਈਥਲ ਰੋਜਰਜ਼, ਸੇਵਾਮੁਕਤ ਜੱਜ ਲਾਰੈਂਸ ਜੌਹਨ ਵਾਰਗ੍ਰੀਵ।
ਇਨ੍ਹਾਂ ਸਾਰਿਆਂ ਨੂੰ ਵੱਖ ਵੱਖ ਲੋਕਾਂ ਵੱਲੋਂ ਚਿੱਠੀਆਂ ਭੇਜ ਕੇ ਟਾਪੂ ਤੇ ਸੱਦਿਆ ਗਿਆ ਸੀ ਤੇ ਨਾਲ ਹੀ ਕੁਝ ਰਕਮ ਵੀ ਭੇਜੀ ਗਈ ਸੀ। ਇਹ ਸਾਰੇ ਵਿਅਕਤੀ 8 ਅਗਸਤ ਨੂੰ ਐਕਸਪ੍ਰੈਸ ਟ੍ਰੇਨ ਅਤੇ ਪੈਸੰਜਰ ਟ੍ਰੇਨ ਰਾਹੀਂ ਓਕਬ੍ਰਿਜ ਸਟੇਸ਼ਨ ਤੇ ਪਹੁੰਚੇ ਤੇ ਉੱਥੋਂ ਟੈਕਸੀਆਂ ਰਾਹੀਂ ਅਫ਼ਰੀਕੀ ਟਾਪੂ ਤੱਕ ਪਹੁੰਚੇ। ਫਿਰ ਮੋਟਰਬੋਟ ਰਾਹੀਂ ਸਸਪੈਂਸ ਭਰੀ ਇਮਾਰਤ ਵਿੱਚ। ਇੱਥੇ ਸਭ ਨੂੰ ਰਹਿਣ ਲਈ ਅੱਡ ਅੱਡ ਕਮਰੇ ਦਿੱਤੇ ਗਏ ਤੇ ਖਾਣ-ਪੀਣ ਦੇ ਪ੍ਰਬੰਧ ਲਈ ਟੌਮਸ ਰੋਜਰਜ਼ ਤੇ ਉਹਦੀ ਪਤਨੀ ਈਥਲ ਨੇ ਸਭ ਦੀ ਸੇਵਾ ਕੀਤੀ। ਉੱਥੇ ਹਰ ਤਰ੍ਹਾਂ ਦੀਆਂ ਸੁਖ-ਸੁਵਿਧਾਵਾਂ ਮੌਜੂਦ ਸਨ – ਵਧੀਆ ਖਾਣਾ, ਵਧੀਆ ਸ਼ਰਾਬ, ਕੌਫ਼ੀ ਵਗੈਰਾ।
ਹਰ ਕਮਰੇ ਵਿੱਚ ਇੱਕ ਅੰਗਰੇਜ਼ੀ ਕਵਿਤਾ ਟੰਗੀ ਹੋਈ ਸੀ, ਜਿਸ ਵਿੱਚ 10 ਹਬਸ਼ੀ ਮੁੰਡਿਆਂ ਦਾ ਜ਼ਿਕਰ ਸੀ। ਨਾਲ ਹੀ ਇੱਕ ਕਮਰੇ ਵਿੱਚ ਚੀਨੀ ਮਿੱਟੀ ਦੀਆਂ ਬਣੀਆਂ 10 ਮੂਰਤੀਆਂ ਸਨ। ਇਸ ਕਵਿਤਾ ਅਤੇ ਮੂਰਤੀਆਂ ਦਾ ਇਸ ਕਹਾਣੀ ਨਾਲ ਖਾਸ ਸੰਬੰਧ ਹੈ। ਰਾਤੀਂ ਕੌਫ਼ੀ ਪੀਂਦਿਆਂ ਇੱਕ ਗ੍ਰਾਮੋਫ਼ੋਨ ਰਾਹੀਂ ਸਭ ਨੂੰ ਉਨ੍ਹਾਂ ਦੇ ਦੋਸ਼ ਸੁਣਾਏ ਗਏ। ਪਰ ਜਿਸ ਓਵਨ ਨਾਂ ਦੇ ਬੰਦੇ ਨੇ ਇਨ੍ਹਾਂ ਨਹੀਂ ਬੁਲਾਇਆ ਸੀ, ਉਹ ਉੱਥੇ ਮੌਜੂਦ ਨਹੀਂ ਸੀ।
ਹੌਲੀ ਹੌਲੀ ਉੱਥੇ ਅਜੀਬੋ-ਗਰੀਬ ਘਟਨਾਵਾਂ ਵਾਪਰਨ ਲੱਗੀਆਂ। ਬਾਹਰੀ ਮਾਹੌਲ ਵੀ ਭਿਆਨਕ, ਡਰਾਉਣਾ ਤੇ ਰਹੱਸਮਈ ਹੋ ਗਿਆ – ਬਿਜਲੀ ਦੀ ਲਿਸ਼ਕ, ਬੱਦਲਾਂ ਦੀ ਗੜਗੜਾਹਟ, ਤੇਜ਼ ਬਾਰਿਸ਼, ਝੱਖੜ ਤੇ ਤੂਫ਼ਾਨ। ਸਭ ਤੋਂ ਪਹਿਲਾਂ ਐਂਥਨੀ ਜੇਮਜ਼ ਮਾਰਸਟਨ ਦੀ ਸ਼ਰਾਬ ਪੀਣ ਨਾਲ ਮੌਤ ਹੋਈ। ਫਿਰ ਕੁਝ ਦਿਨਾਂ ਬਾਦ ਮਿਸਿਜ਼ ਰੋਜਰਜ਼ ਸੁੱਤੀ ਪਈ ਨਾ ਉੱਠੀ। ਜਨਰਲ ਮੈਕਆਰਥਰ ਦੇ ਸਿਰ ਵਿੱਚ ਭਾਰੀ ਸੱਟ ਵੱਜਣ ਨਾਲ ਮਰ ਗਿਆ। ਟਾਮਸ ਰੋਜਰਜ਼ ਦਾ ਕੁਹਾੜਾ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਸਿਜ਼ ਬਰਨੇਟ ਨੂੰ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ। ਜੱਜ ਵਾਰਗ੍ਰੀਵ ਦੇ ਸਿਰ ਵਿੱਚ ਗੋਲ਼ੀ ਵੱਜੀ। ਆਰਮਸਟ੍ਰਾਂਗ ਪਾਣੀ ਵਿੱਚ ਡੁੱਬਣ ਨਾਲ਼ ਮਾਰਿਆ ਗਿਆ। ਬਲੂਰ ਦੇ ਸਿਰ ਵਿੱਚ ਕੋਈ ਡੂੰਘੀ ਚੀਜ਼ ਦਾ ਜ਼ਖ਼ਮ ਵੇਖਿਆ ਗਿਆ। ਲੋਬਾਰਡ ਨੂੰ ਵੀਰਾ ਨੇ ਉਸੇ ਦਾ ਪਿਸਤੌਲ ਖੋਹ ਕੇ ਗੋਲ਼ੀ ਨਾਲ ਉਡਾ ਦਿੱਤਾ। ਤੇ ਆਖ਼ਰਕਾਰ ਵੀਰਾ ਨੇ ਵੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਇਉਂ ਇਹ ਸਾਰੇ ਵਿਅਕਤੀ ਉਸ ਜ਼ਜ਼ੀਰੇ ਵਿੱਚ ਭੇਦ-ਭਰੇ ਢੰਗ ਨਾਲ ਖਤਮ ਹੋ ਗਏ।
ਇਨ੍ਹਾਂ ਸਾਰਿਆਂ ਨੂੰ ਕਿਸਨੇ ਮਾਰਿਆ, ਇਹ ਭੇਤ ਬਣਿਆ ਹੀ ਰਹਿੰਦਾ, ਜੇਕਰ ਨਾਵਲ ਦੇ ਅੰਤ ਵਿੱਚ ਇੱਕ ‘ਮੈਂ’ ਨਾਂ ਦੇ ਪਾਤਰ ਨੇ ਪੂਰੇ ਘਟਨਾਕ੍ਰਮ ਨੂੰ ਵਿਸਤ੍ਰਿਤ ਬਿਆਨ ਰਾਹੀਂ ਨਾ ਦੱਸਿਆ ਹੁੰਦਾ! ਅਫ਼ਰੀਕੀ ਜ਼ਜ਼ੀਰੇ ਦੀ ਖ਼ੂਨੀ ਦਾਸਤਾਨ ਦਾ ਰਹੱਸ ਇਸ ਪਾਤਰ ਨੇ ਲਿਖ ਕੇ ਇੱਕ ਬੋਤਲ ਵਿੱਚ ਪਾ ਦਿੱਤਾ ਤੇ ਉਹਨੂੰ ਚੰਗੀ ਤਰ੍ਹਾਂ ਢੱਕਣ ਲਾ ਕੇ ਬੰਦ ਕਰਨ ਪਿੱਛੋਂ ਸਮੁੰਦਰ ਵਿੱਚ ਰੋੜ੍ਹ ਦਿੱਤਾ ਤੇ ਖੁਦ ਪਿਸਤੌਲ ਨਾਲ ਆਤਮਹੱਤਿਆ ਕਰ ਲਈ। ਜਿਵੇਂ ਜਿਵੇਂ ਇੱਕ-ਇੱਕ ਦਾ ਕਤਲ ਹੁੰਦਾ ਜਾਂਦਾ, ਇਹ ਹੱਤਿਆਰਾ ਚੀਨੀ ਮਿੱਟੀ ਦੀਆਂ ਮੂਰਤੀਆਂ ਵਿੱਚੋਂ ਇੱਕ-ਇੱਕ ਨੂੰ ਤੋੜ ਦਿੰਦਾ। ਇਹ ‘ਮੈਂ’ ਕੌਣ ਹੈ ਤੇ ਉਹਨੇ ਕਿਸ ਤਰੀਕੇ ਨਾਲ ਇੱਕ-ਇੱਕ ਦਾ ਕਤਲ ਕੀਤਾ, ਇਸ ਰਹੱਸ ਨੂੰ ਜਾਣਨ ਲਈ ਰੌਂਗਟੇ ਖੜ੍ਹੇ ਕਰ ਦੇਣ ਵਾਲ਼ੀ ਜਾਸੂਸੀ ਕਹਾਣੀ ਨੂੰ ਪੜ੍ਹਨਾ ਦਿਲਚਸਪੀ ਤੋਂ ਕੋਰਾ ਨਹੀਂ ਹੋਵੇਗਾ।
ਅਨੁਵਾਦ ਸਮੇਂ ਕੁਝ ਥਾਂਵਾਂ ਤੇ ਪੰਜਾਬੀ ਦੇ ਸ਼ਬਦਜੋੜ ਗਲਤ ਛਪ ਗਏ ਹਨ। ਪਾਤਰਾਂ ਦੇ ਨਾਵਾਂ ਨੂੰ ਇੱਕ ਤੋਂ ਵੱਧ ਥਾਈਂ ਵੱਖਰੇ-ਵੱਖਰੇ ਸ਼ਬਦਜੋੜਾਂ ਨਾਲ ਲਿਖਿਆ ਗਿਆ ਹੈ। ਹੋਰ ਸ਼ਬਦਾਂ ਵਿੱਚ ਵਧੀਆ (ਵਧਿਆ,21), ਘਿਰਣੀ (ਘਿਰਨੀ,28), ਮਨਾਈਓ (ਮਨਾਇਓ,58), ਹੈਲਕੀ (ਹਲਕੀ,59), ਡਰਾਈਗ (ਡਰਾਇੰਗ,62), ਮਲੂੰਮ (ਮਲੂਮ,62), ਵਢੇਰੀ (ਵਡੇਰੀ,68), ਫਿਜ (ਫਿਰ,71), ਜਾਮਾਤਲਾਸੀ (ਜਾਮਾ-ਤਲਾਸ਼ੀ,83), ਪੰਜੇ (ਪੰਜ,89), ਕਹਿਕਾ (ਕਹਿਕਹਾ,88), ਤਿਲਸਮੀ (ਤਲਿੱਸਮੀ,95), ਮਿਸ਼ਨ (ਮਿਸਟਰ,105), ਲੁਕੋਉਣਾ (ਲੁਕਾਉਣਾ,110), ਭਯੰਕਰ (ਭਿਅੰਕਰ,114) ਆਦਿ ਗਲਤੀਆਂ ਵੀ ਰੜਕਦੀਆਂ ਹਨ।
ਨਾਵਲ ਵਿਚਲੇ ਕੁਝ ਵਾਕ, ਵਾਕੰਸ਼ ਤੇ ਘਟਨਾਵਾਂ ਖਾਸ ਤੌਰ ਤੇ ਪੜ੍ਹਨਯੋਗ ਹਨ, ਜਿਨ੍ਹਾਂ ਨੂੰ ਅਨੁਵਾਦਕ ਨੇ ਠੇਠ ਪੰਜਾਬੀ ਵਿੱਚ ਉਲਥਾਇਆ ਹੈ। ਕੁਝ ਉਦਾਹਰਣਾਂ :
* ਇਨਸਾਨ ਦੀ ਕਿਸਮਤ ਅਸਲ ਵਿੱਚ ਉਸ ਗੇਂਦ ਦੀ ਤਰ੍ਹਾਂ ਹੈ, ਜਿਹੜੀ ਇੱਕ ਵਾਰੀ ਰਿੜ੍ਹਨੀ ਸ਼ੁਰੂ ਹੋ ਜਾਵੇ ਤਾਂ ਫਿਰ ਆਪਣੇ ਆਪ ਰਿੜ੍ਹਦੀ ਹੀ ਚਲੀ ਜਾਂਦੀ ਹੈ। (19)
* ਬਾਹਰ ਮੋਹਲੇਧਾਰ ਮੀਂਹ ਪੈ ਰਿਹਾ ਸੀ। ਹਵਾ ਹਨੇਰੀ ਦੀ ਰਫ਼ਤਾਰ ਨਾਲ ਬੱਦਲਾਂ ਨੂੰ ਉਡਾਈ ਤੁਰੀ ਜਾਂਦੀ ਸੀ। (67)
* ਤੂਫ਼ਾਨ ਦਾ ਜ਼ੋਰ ਵਧਦਾ ਹੀ ਜਾ ਰਿਹਾ ਸੀ। ਕੱਲ੍ਹ ਜਿਹੜੀ ਖੁਸ਼ਨੁਮਾ ਪੌਣ ਦਰਖਤਾਂ ਦੀਆਂ ਟਹਿਣੀਆਂ ਵਿੱਚੋਂ ਗੁਜ਼ਰਦੀ ਕੋਮਲ ਪੱਤੀਆਂ ਨਾਲ ਚੁਹਲ ਕਰਦੀ ਜਾਪਦੀ ਸੀ, ਅੱਜ ਉਹੀ ਹਵਾ ਸ਼ੂਕਦੀ ਹੋਈ ਜਿਵੇਂ ਟਾਪੂ ਤੇ ਰਹਿ ਰਹੇ ਅਜਨਬੀਆਂ ਦੀ ਦਸ਼ਾ ਤੇ ਅੱਥਰੂ ਕੇਰਦੀ ਹੋਈ ਡੁਸਕ ਰਹੀ ਸੀ। (72)
* ਮੀਂਹ ਮੁੜ ਤੋਂ ਮੋਹਲੇਧਾਰ ਵਰ੍ਹਨ ਲੱਗ ਪਿਆ ਸੀ ਤੇ ਝੱਖੜ ਸਮੁੰਦਰ ਦੇ ਪਾਣੀ ਨੂੰ ਇਸ ਤਰ੍ਹਾਂ ਰਿੜਕ ਰਿਹਾ ਸੀ ਕਿ ਦੁੱਧ ਉੱਪਰ ਤਿਰ ਆਏ ਮੱਖਣ ਵਾਂਗ ਹਰ ਪਾਸੇ ਝੱਗ ਹੀ ਝੱਗ ਨਜ਼ਰ ਆਉਂਦੀ ਸੀ। (87)
* ਲੋਕ ਕਈ-ਕਈ ਦਿਨ ਭੁੱਖੇ ਰਹਿ ਲੈਂਦੇ ਨੇ। ਜੇ ਮੈਂ ਇੱਕ ਦਿਨ ਭੁੱਖੀ ਰਹਿ ਗਈ ਤਾਂ ਕਿਹੜਾ ਪਹਾੜ ਟੁੱਟ ਚੱਲਿਐ? (111)
ਜਿੱਥੇ ਅਗਾਥਾ ਨੇ ਕਹਾਣੀ ਦੀਆਂ ਤੰਦਾਂ ਨੂੰ ਬੜੇ ਰਹੱਸਮਈ ਢੰਗ ਨਾਲ ਗੁੰਦਿਆ ਹੈ, ਉੱਥੇ ਅਨੁਵਾਦਕ ਭਾਕਰ ਦੀ ਤਾਰੀਫ਼ ਵੀ ਕਰਨੀ ਬਣਦੀ ਹੈ, ਜਿਸਨੇ ਬਹੁਤ ਰੌਚਕ ਤੇ ਚੁਸਤ ਵਿਧੀ ਨਾਲ਼ ਨਾਵਲ ਦਾ ਅਨੁਵਾਦ ਕੀਤਾ ਹੈ। ਜੇਕਰ ਅੰਗਰੇਜ਼ੀ ਨਾਵਾਂ ਵਾਲ਼ੇ ਪਾਤਰਾਂ ਵੱਲ ਧਿਆਨ ਨਾ ਦੇਈਏ ਤਾਂ ਇਹ ਪੰਜਾਬੀ ਵਿੱਚ ਹੀ ਲਿਖਿਆ ਜਾਸੂਸੀ ਨਾਵਲ ਜਾਪਦਾ ਹੈ। ਕਹਾਣੀ ਦੀ ਗੋਂਦ ਕਿਤੇ ਵੀ ਢਿੱਲੀ ਨਹੀਂ ਪੈਂਦੀ ਤੇ ਪਾਠਕ ਕਥਾ-ਰਸ ਵਿੱਚ ਇੰਨਾ ਗੁਆਚ ਜਾਂਦਾ ਹੈ ਕਿ ਪੂਰਾ ਨਾਵਲ ਪੜ੍ਹ ਕੇ ਹੀ ਸਾਹ ਲੈਂਦਾ ਹੈ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
+91 9417692015
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਅਗਾਥਾ ਕ੍ਰਿਸਟੀ (1890-1976) ਅੰਗਰੇਜ਼ੀ ਵਿੱਚ ਸਸਪੈਂਸ, ਥ੍ਰਿਲ, ਮਰਡਰ ਤੇ ਮਿਸਟਰੀ ਵਿੱਚ ਉਲੇਖਯੋਗ ਨਾਂ ਹੈ। ਉਹਨੂੰ ‘ਕੁਈਨ ਆਫ਼ ਸਸਪੈਂਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਦੀਆਂ ਰਚਨਾਵਾਂ ਚਾਰ ਪੀੜ੍ਹੀਆਂ ਤੋਂ ਪੜ੍ਹੀਆਂ ਜਾ ਰਹੀਆਂ ਹਨ। ਅਗਾਥਾ ਮੈਰੀ ਕਲੈਰਿਸਾ ਮਿਲਰ ਨਾਂ ਦੀ ਇਹ ਲੇਖਕਾ ਵਿਆਹ ਪਿੱਛੋਂ ਅਗਾਥਾ ਕ੍ਰਿਸਟੀ ਬਣ ਗਈ ਤੇ ਇਸੇ ਨਾਂ ਨਾਲ ਦੁਨੀਆਂ-ਭਰ ਵਿੱਚ ਮਸ਼ਹੂਰ ਹੋਈ। 66 ਨਾਵਲਾਂ ਤੇ 14 ਕਹਾਣੀ-ਸੰਗ੍ਰਹਿਆਂ ਦੀ ਇਸ ਲੇਖਕਾ ਨੇ 1920 ਤੋਂ ਲਿਖਣਾ ਸ਼ੁਰੂ ਕੀਤਾ ਤੇ ਜੀਵਨ ਦੇ ਅੰਤ ਤੱਕ ਲਿਖਦੀ ਰਹੀ। ‘ਗੁੰਮਨਾਮ ਹੈ ਕੋਈ’ (ਸੰਗਮ ਪਬਲੀਕੇਸ਼ਨਜ਼ ਸਮਾਣਾ, ਪੰਨੇ 144, ਮੁੱਲ 250/- ਰੁਪਏ) ਅਗਾਥਾ ਦੇ ਨਾਵਲ ‘ਐਂਡ ਦੈੱਨ ਦੇਅਰ ਵਰ ਨਨ’ ਦਾ ਪੰਜਾਬੀ ਅਨੁਵਾਦ ਹੈ, ਜਿਸਨੂੰ ਬਲਦੇਵ ਸਿੰਘ ਭਾਕਰ ਨੇ ਬੜੀ ਦਿਲਚਸਪ ਸ਼ੈਲੀ ਵਿੱਚ ਅਨੁਵਾਦ ਕੀਤਾ ਹੈ। ਬਲਦੇਵ ਸਿੰਘ ਭਾਕਰ ਨੇ ਇਸਤੋਂ ਪਹਿਲਾਂ ਦੋ ਮੌਲਿਕ ਜਾਸੂਸੀ ਨਾਵਲ (‘ਜੱਗਾ ਜਾਸੂਸ ਤੇ ਚੌਥਾ ਕਤਲ’ ਅਤੇ ‘ਖੂਨੀ ਕਿਲ੍ਹਾ’) ਅਤੇ ਇੱਕ ਅਨੁਵਾਦਿਤ ਨਾਵਲ (ਆਰਥਰ ਕਾਨਨ ਡਾਇਲ ਦਾ ‘ਲੀਜੈਂਡ ਆਫ਼ ਸ਼ਰਲਾਕ ਹੋਮਜ਼’) ਦੀ ਰਚਨਾ ਕਰਕੇ ਜਾਸੂਸੀ ਨਾਵਲ ਪਰੰਪਰਾ ਵਿੱਚ ਆਪਣੀਆਂ ਵਿਸ਼ੇਸ਼ ਪੈੜਾਂ ਪਾਈਆਂ ਹਨ। ਉਸਦੇ ਨਾਵਲ ‘ਖੂਨੀ ਕਿਲ੍ਹਾ’ ਨੂੰ ਯੂਟਿਊਬ ਤੇ ਵੀ ਸੁਣਿਆ ਜਾ ਸਕਦਾ ਹੈ। ਰੀਵਿਊ ਅਧੀਨ ਨਾਵਲ ਪਹਿਲਾਂ-ਪਹਿਲ ‘ਟੈੱਨ ਲਿਟਲ ਨਿੱਗਰਜ਼’ ਤੇ ‘ਟੈੱਨ ਲਿਟਲ ਇੰਡੀਅਨਜ਼’ ਦੇ ਨਾਂ ਹੇਠ ਛਪਿਆ ਸੀ। ਇਸ ਨਾਵਲ ਤੇ ਕਈ ਦੇਸ਼ਾਂ ਵਿੱਚ ਫ਼ਿਲਮਾਂ ਵੀ ਬਣੀਆਂ। 1965 ਵਿੱਚ ਐਨ ਐਨ ਸਿਪੀ ਤੇ ਰਾਜਾ ਨਵਾਬੇ ਨੇ ਇਸੇ ਕਹਾਣੀ ਤੇ ਆਧਾਰਿਤ ਫ਼ਿਲਮ ‘ਗੁੰਮਨਾਮ’ ਬਣਾਈ, ਜੋ ਖੂਬ ਸਲਾਹੀ ਗਈ ਸੀ।