|
ਗੱਲ ਸਾਲ 1998 ਦੀ ਹੈ ਜਦੋਂ ਮੈਂ ਆਪਣੇ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਕੇ ਸ਼ਾਹਬਾਦ-ਮਾਰਕੰਡਾ ਵਿਖੇ ਗੁਰਮਤਿ ਵਿੱਦਿਆਲਿਆ ’ਚ ਗੁਰਬਾਣੀ-ਕੀਰਤਨ ਸਿੱਖਣ ਲਈ ਦਾਖ਼ਿਲਾ ਲੈ ਲਿਆ। ਸਾਡੇ ਅਧਿਆਪਕ ਗਿਆਨੀ ਸਾਹਿਬ ਸਿੰਘ ਜੀ ਹੁੰਦੇ ਸਨ। ਮੈਂ ਪੜ੍ਹਣ-ਲਿਖਣ ਵਿੱਚ ਰਤਾ ਹੁਸ਼ਿਆਰ ਸਾਂ ਇਸ ਲਈ ਛੇਤੀ ਹੀ ਗੁਰਬਾਣੀ ਦੀ ਵਿਆਕਰਣ ਨੂੰ ਸਮਝਣ ਲੱਗ ਪਿਆ। ਗਿਆਨੀ ਜੀ ਗੁਰਮਤਿ ਦੀ ਕਥਾ-ਵਿਚਾਰ ਕਰਨ ਲਈ ਦੂਰ-ਦੂਰਾਡੇ ਪਿੰਡਾਂ-ਸ਼ਹਿਰਾਂ ਵਿੱਚ ਜਾਂਦੇ ਹੁੰਦੇ ਸਨ। ਉਹ ਹਫ਼ਤੇ ’ਚ ਦੋ ਜਾਂ ਤਿੰਨ ਦਿਨ ਹੀ ਸ਼ਾਹਬਾਦ-ਮਾਰਕੰਡਾ ਵਿਖੇ ਹੁੰਦੇ ਸਨ। ਇਨ੍ਹਾਂ ਦਿਨਾਂ ਵਿੱਚ ਹੀ ਉਹ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਦਿੰਦੇ। ਉਹ ਬਹੁਤ ਹੀ ਵਿਸਥਾਰ ਨਾਲ ਗੁਰਬਾਣੀ ਦੇ ਅਰਥਾਂ ਬਾਰੇ ਦੱਸਦੇ ਅਤੇ ਸਬਕ ਦੇ ਤੌਰ ’ਤੇ ਸਾਨੂੰ ਉਹੀ ਪਾਠ ਦੁਬਾਰਾ ਪੜ੍ਹਣ ਲਈ ਆਖਦੇ। ਸ਼ਾਹਬਾਦ-ਮਾਰਕੰਡਾ ਵਾਲੇ ਇਸ ਗੁਰਮਤਿ ਵਿੱਦਿਆਲਿਆ ਵਿੱਚ ਉਸ ਵਕਤ ਅਸੀਂ ਤਕਰੀਬਨ 30-35 ਵਿਦਿਆਰਥੀ ਪੜ੍ਹਦੇ ਹੁੰਦੇ ਸਾਂ। ਵਿੱਦਿਆਲਿਆ ਵਿੱਚ ਗੁਰਬਾਣੀ-ਕੀਰਤਨ ਸਿੱਖਣ ਵਾਲੇ ਵਿਦਿਆਰਥੀਆਂ ਦੀ ਉਮਰ ’ਚ ਕਾਫ਼ੀ ਫ਼ਰਕ ਸੀ। ਕੋਈ 18 ਸਾਲਾਂ ਦਾ ਨੌਜਵਾਨ ਮੁੰਡਾ ਸੀ ਅਤੇ ਕੋਈ 40 ਸਾਲਾਂ ਦਾ ਗ੍ਰਹਿਸਥੀ ਵਿਅਕਤੀ। ਸਭ ਦਾ ਮੂਲ ਟੀਚਾ ਧਾਰਮਿਕ ਖ਼ੇਤਰ ਵਿੱਚ ਸਾਰਥਕ ਭੂਮਿਕਾ ਅਦਾ ਕਰਨਾ ਸੀ। ਸ਼ਾਹਬਾਦ ਵਿਖੇ ਇੱਕ ਸਾਲ ਗੁਰਮਤਿ ਸੰਥਿਆ ਲੈਣ ਤੋਂ ਉਪਰੰਤ ਮੈਂ ਵਾਪਸ ਘਰ ਆ ਗਿਆ ਅਤੇ ਸਰਕਾਰੀ ਕਾਲਜ, ਅੰਬਾਲਾ ਛਾਉਣੀ ਵਿਖੇ ਬੀ. ਏ. ਕਰਨ ਲੱਗਿਆ। ਗਿਆਨੀ ਸਾਹਿਬ ਸਿੰਘ ਜੀ ਕੋਲ ਇੱਕ ਸਾਲ ਗੁਰਮਤਿ ਵਿੱਦਿਆ ਪੜ੍ਹਦਿਆਂ ਬਹੁਤ ਸਾਰੇ ਨਵੇਂ ਅਨੁਭਵ ਪ੍ਰਾਪਤ ਹੋਏ। ਮੇਰੀ ਲਗਨ ਅਤੇ ਪੜ੍ਹਾਈ ਵਿੱਚ ਦਿਲਚਸਪੀ ਦੇਖ ਕੇ ਗਿਆਨੀ ਜੀ ਮੇਰੇ ਨਾਲ ਅਕਸਰ ਹੀ ਗੱਲ ਕਰਦੇ ਅਤੇ ਆਪਣੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਬਾਰੇ ਜਾਣਕਾਰੀ ਦਿੰਦੇ। ਗਿਆਨੀ ਜੀ ਦੀਆਂ ਦੱਸੀਆਂ ਗੱਲਾਂ ਵਿੱਚੋਂ ਇੱਕ ਬਹੁਤ ਹੀ ਵਧੀਆ ਅਤੇ ਦਿਲਚਸਪ ਘਟਨਾ ਇੰਝ ਹੈ। ਗਿਆਨੀ ਜੀ ਮੁਤਾਬਿਕ, ਇੱਕ ਵਾਰ ਉਹ ਸਰਕਾਰੀ ਬੱਸ ਵਿੱਚ ਯਾਤਰਾ ਕਰ ਰਹੇ ਸਨ। ਹਰਿਆਣਾ ਰੋਡਵੇਜ਼ ਦੀ ਇਹ ਬੱਸ ਸ਼ਾਹਬਾਦ-ਮਾਰਕੰਡਾ ਤੋਂ ਬਰਾੜੇ (ਅੰਬਾਲੇ) ਵੱਲ ਨੂੰ ਜਾ ਰਹੀ ਸੀ। ਦਸੰਬਰ ਦਾ ਮਹੀਨਾ ਹੋਣ ਕਰਕੇ ਠੰਢ ਅਤੇ ਧੁੰਦ ਦਾ ਮੌਸਮ ਸੀ। ਪਿੰਡਾਂ ਦਾ ਇਲਾਕਾ ਹੋਣ ਕਰਕੇ ਬੱਸ ਵਿੱਚ ਸਵਾਰ ਕੁਝ ਲੋਕਾਂ ਨੇ ਲੋਈਆਂ ਤੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਗਿਆਨੀ ਜੀ ਆਪਣੀ ਸੀਟ ਦੇ ਬੈਠੇ ‘ਚੋਪਈ ਸਾਹਿਬ’ ਦਾ ਪਾਠ ਕਰ ਰਹੇ ਸਨ। ਬੱਸ ਵਿੱਚ ਬਹੁਤ ਸਾਰੀਆਂ ਸਵਾਰੀਆਂ ਗਿਆਨੀ ਜੀ ਨੂੰ ਪਹਿਲਾਂ ਹੀ ਜਾਣਦੀਆਂ ਸਨ। ਅਸਲ ਵਿੱਚ ਹਰਿਆਣੇ ਦੇ ਬਹੁਤੇ ਸਿੱਖ ਅਤੇ ਪੰਜਾਬੀ ਲੋਕ ਉਨ੍ਹਾਂ ਨੂੰ ਇਸ ਕਰਕੇ ਜਾਣਦੇ ਹਨ ਕਿਉਂਕਿ ਉਹ ਕਥਾ-ਵਿਚਾਰ ਕਰਨ ਲਈ ਨੇੜੇ-ਤੇੜੇ ਦੇ ਪਿੰਡਾਂ ਵਿੱਚ ਅਕਸਰ ਹੀ ਜਾਂਦੇ ਸਨ। ਇੱਕ ਪਿੰਡ ਦੇ ਅੱਡੇ ਤੋਂ ਇੱਕ ਚਾਲੀ-ਪੰਤਾਲੀ ਕੁ ਸਾਲਾਂ ਦਾ ਬੰਦਾ ਬੱਸ ਵਿੱਚ ਚੜ੍ਹਿਆ। ਕੰਬਲ ਦੀ ਬੁੱਕਲ ਮਾਰੀ ਉਸ ਬੰਦੇ ਨੇ ਮੂੰਹ ਵਿੱਚ ਬੀੜੀ ਲਾਈ ਹੋਈ ਸੀ। ਹਾਲਾਂਕਿ ਬੱਸਾਂ ਵਿੱਚ ਬੀੜੀ-ਸਿਗਰੇਟ ਪੀਣਾ ਮਨ੍ਹਾ ਹੁੰਦਾ ਹੈ ਪਰ ਬਹੁਤਾ ਗਿਆਨ ਨਾ ਹੋਣ ਕਰਕੇ ਹਰਿਆਣੇ ਦੇ ਪੇਂਡੂ ਇਲਾਕਿਆਂ ਵਿੱਚ ਕਈ ਵਾਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਬਹੁਤੀ ਵਾਰ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਵੀ ਨਹੀਂ ਹੁੰਦਾ। ਹਾਂ, ਕਦੇ-ਕਦੇ ਕੁਝ ਸ਼ਰਾਰਤੀ ਬੰਦੇ ਜਾਣਬੁੱਝ ਕੇ ਵੀ ਸ਼ਰਾਰਤ ਕਰਦੇ ਹਨ ਤਾਂ ਕਿ ਲੜਾਈ-ਝਗੜੇ ਵਾਲਾ ਮਾਹੌਲ ਬਣ ਜਾਵੇ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਖ਼ੈਰ! ਉਹ ਬੰਦਾ ਜਿਵੇਂ ਹੀ ਬੱਸ ਵਿੱਚ ਚੜ੍ਹਿਆ ਤਾਂ ਬੱਸ ਵਿੱਚ ਅਜ਼ੀਬ ਦੀ ਮੁਸ਼ਕ ਫੈਲ ਗਈ। ਬੱਸ ਵਿੱਚ ਬੈਠੀਆਂ ਬਹੁਤੀਆਂ ਸਵਾਰੀਆਂ ਨੂੰ ਇਸ ਗੱਲ ਦਾ ਕੋਈ ਬਹੁਤਾ ਫ਼ਰਕ ਨਾ ਪਿਆ। ਪਰ ਗਿਆਨੀ ਜੀ ਨੂੰ ਬਹੁਤ ਬੁਰਾ ਲੱਗਿਆ ਅਤੇ ਉਹ ਅਸਹਿਜ ਹੋ ਗਏ। ਪਾਠ ਕਰਦਿਆਂ ਉਨ੍ਹਾਂ ਦਾ ਧਿਆਨ ਭਟਕ ਗਿਆ। ਇੰਨੀ ਦੇਰ ਨੂੰ ਉਹ ਸਖਸ਼ ਹੱਥ ਵਿੱਚ ਬੀੜੀ ਫੜ ਕੇ ਗਿਆਨੀ ਜੀ ਦੇ ਨਾਲ ਵਾਲੀ ਸੀਟ ’ਤੇ ਆ ਕੇ ਬਹਿ ਗਿਆ ਅਤੇ ਫੇਰ ਬੀੜੀ ਪੀਣ ਲੱਗਿਆ। ਕੁਝ ਚਿਰ ਉਡੀਕ ਤੋਂ ਬਾਅਦ ਗਿਆਨੀ ਜੀ ਨੇ ਉਸ ਬੰਦੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘ਕਾਕਾ, ਬੀੜੀ ਪੀਣੀ ਬੰਦ ਕਰ।’ ਉਹ ਅੱਗਿਓਂ ਵੇਰ ਕੇ ਕਹਿੰਦਾ, ‘ਮੈਂ ਪੈਸੇ ਖ਼ਰਚੇ ਨੇ, ਮੈਂ ਨਹੀਂ ਕਰਦਾ।’ ਗਿਆਨੀ ਜੀ ਕਹਿੰਦੇ, ‘ਤੈਨੂੰ ਪਤਾ ਨਹੀਂ ਹੈ ਕਿ ਬੱਸਾਂ ਵਿੱਚ ਇੰਝ ਬੀੜੀ-ਸਿਗਰੇਟ ਪੀਣੀ ਮਨ੍ਹਾ ਹੁੰਦੀ ਹੈ?’ ਉਹ ਅੱਗਿਓਂ ਫੇਰ ਵੀ ਨਾ ਮੰਨਿਆ ਅਤੇ ਤੈਸ਼ ਵਿੱਚ ਆ ਗਿਆ। ਉਹ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲ ਪਿਆ। ਇਹ ਸੁਣ ਕੇ ਗਿਆਨੀ ਜੀ ਨੂੰ ਵੀ ਗੁੱਸਾ ਆ ਗਿਆ। ਜਦੋਂ ਉਸ ਬੰਦੇ ਨੇ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲਿਆ ਤਾਂ ਅੱਗਿਓਂ ਗਿਆਨੀ ਜੀ ਨੇ ਵੀ ਉਸ ਨੂੰ ਗਾਲ਼ ਕੱਢ ਦਿੱਤੀ। ਗਿਆਨੀ ਜੀ ਦੇ ਮੂੰਹੋਂ ਗਾਲ਼ ਸੁਣਦਿਆਂ ਹੀ ਉਹ ਬੰਦਾ ਅਚਾਨਕ ਨਰਮ ਪੈ ਗਿਆ। ਬੀੜੀ ਨੂੰ ਬੱਸ ਦੀ ਤਾਕੀ ਵਿੱਚੋਂ ਬਾਹਰ ਸੁੱਟ ਕੇ ਉਹਨੇ ਗਿਆਨੀ ਜੀ ਦੇ ਪੈਰ ਫੜ ਲਏ ਤੇ ਕਹਿੰਦਾ, ‘ਗਿਆਨੀ ਜੀ, ਮੈਂ ਤਾਂ ਮੂਰਖ਼ ਹਾਂ, ਅਨਪੜ ਹਾਂ। ਮੈਂ ਕੋਈ ਗਿਆਨੀ ਵਿਅਕਤੀ ਨਹੀਂ ਪਰ ਤੁਸੀਂ ਇੰਨੇ ਗਿਆਨਵਾਨ ਹੋ, ਸਿਆਣੇ ਹੋ। ਤੁਸੀਂ ਮੈਨੂੰ ਗਾਲ਼ ਕਿਓਂ ਕੱਢੀ? ਗਿਆਨੀ ਜੀ ਨੂੰ ਉਸ ਬੰਦੇ ਤੋਂ ਇਸ ਤਰ੍ਹਾਂ ਦੇ ਚੰਗੇ ਵਰਤਾਓ ਦੀ ਆਸ ਉੱਕਾ ਹੀ ਨਹੀਂ ਸੀ। ਗਿਆਨੀ ਜੀ ਵੀ ਨਰਮ ਪੈ ਗਏ ਅਤੇ ਉਨ੍ਹਾਂ ਨੂੰ ਕੋਈ ਜੁਆਬ ਨਾ ਅਹੁੜੇ। ਇਸ ਲਈ ਉਹ ਚੁੱਪ ਧਾਰ ਗਏ। ਉਹ ਬੰਦਾ ਫਿਰ ਬੋਲਿਆ, ‘ਗਿਆਨੀ ਜੀ, ਮੂਰਖ਼ ਬੰਦਾ ਗਲਤੀ ਕਰੇ ਤਾਂ ਕੁਝ ਹੱਦ ਤੱਕ ਸਵੀਕਾਰ ਕੀਤੀ ਜਾ ਸਕਦੀ ਹੈ ਪਰ ਗਿਆਨੀ ਬੰਦਾ ਗਲਤੀ ਕਰੇ ਤਾਂ ਉਸ ਨੂੰ ਤਾਂ ਮੁੱਢੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾ।’ ਗਿਆਨੀ ਜੀ ਨੇ ਉਸਦੀ ਗੱਲ ਸੁਣ ਕੇ ਅੱਗਿਓਂ ਹਾਂ ਵਿੱਚ ਸਿਰ ਹਿਲਾਇਆ। ਪਰ ਉਹ ਬੰਦਾ ਕਿੱਥੇ ਮੰਨੇ? ਉਹ ਫੇਰ ਕਹਿੰਦਾ, ‘ਗਿਆਨੀ ਜੀ, ਜੁਆਬ ਦਿਓ। ਮੈਂ ਤਾਂ ਮੂਰਖ਼ ਹਾਂ ਪਰ ਤੁਸੀਂ ਗਿਆਨੀ ਹੋ ਕੇ ਵੀ ਮੈਨੂੰ ਗਾਲ਼ ਕਿਓਂ ਕੱਢੀ? ਤੁਸੀਂ ਮੈਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀ। ਹੁਣ ਤੁਹਾਡੇ ਗਿਆਨ ਅਤੇ ਮੇਰੇ ਅਗਿਆਨ ਵਿੱਚ ਕੀ ਫ਼ਰਕ ਰਹਿ ਗਿਆ?’ ਗਿਆਨੀ ਜੀ ਕਹਿੰਦੇ, ‘ਬੇਟਾ, ਮੇਰੇ ਤੋਂ ਗਲਤੀ ਹੋ ਗਈ। ਮੈਨੂੰ ਮੁਆਫ਼ ਕਰੋ।’ ਉਹ ਕਹਿੰਦਾ, ‘ਮੈਂ ਕੌਣ ਹੁੰਦਾ ਹਾਂ ਮੁਆਫ਼ ਕਰਨ ਵਾਲਾ। ਤੁਸੀਂ ਗਿਆਨਵਾਨ ਹੋ ਕੇ ਗਲਤੀ ਕਰ ਸਕਦੇ ਹੋ ਅਤੇ ਮੈਂ ਮੂਰਖ ਹੋ ਕੇ ਕਿਓਂ ਨਹੀਂ ਕਰ ਸਕਦਾ?’ ਖ਼ੈਰ, ਗੱਲ ਕੀ? ਗਿਆਨੀ ਜੀ ਕਹਿੰਦੇ ਮੈਂ ਉਸ ਬੰਦੇ ਤੋਂ ਮੁਆਫ਼ੀ ਮੰਗ ਕੇ ਆਪਣੀ ਗਲਤੀ ਦਾ ਪਛਤਾਵਾ ਕੀਤਾ। ਇਸ ਤੋਂ ਬਾਅਦ ਤਾ-ਉਮਰ ਮੈਂ ਆਪਣੀ ਹੱਦਬੰਦੀ ਕਦੇ ਪਾਰ ਨਹੀਂ ਕੀਤੀ। ਹਾਂ, ਕਈ ਵਾਰ ਕੁਝ ਬੰਦੇ ਪਿਆਰ ਦੀ ਬੋਲੀ ਨਹੀਂ ਸਮਝਦੇ ਫੇਰ ਉਨ੍ਹਾਂ ਨੂੰ ਗੁੱਸੇ ਨਾਲ ਵੀ ਸਮਝਾਉਣਾ ਪੈਂਦਾ ਹੈ ਪਰ ਬੰਦੇ ਦੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਹੁੰਦਾ ਹੈ ਕਿ ਸਾਹਮਣੇ ਵਾਲੇ ਬੰਦੇ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ। ਦੂਜੀ ਗੱਲ, ਗੁੱਸੇ ਵਿੱਚ ਵੀ ਆਪਣੀ ਮਰਿਆਦਾ ਦੀ ਉਲੰਘਣਾ ਕਰਨਾ ਸਿਆਣੇ ਬੰਦੇ ਨੂੰ ਕਦੇ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਰਦਾਸ਼ਤ ਕਰਨ ਦੀ ਇੱਕ ਹੱਦ ਹੁੰਦੀ ਹੈ ਉਸੇ ਤਰ੍ਹਾਂ ਕਰੋਧ ਕਰਨ ਦੀ ਵੀ ਇੱਕ ਸੀਮਾ ਹੁੰਦੀ ਹੈ। ਦਾਇਰੇ ਤੋਂ ਪਾਰ ਕੀਤਾ ਗਿਆ ਕਰੋਧ ਵੀ ਅਕਸਰ ਨੁਕਸਾਨਦਾਇਕ ਹੀ ਸਾਬਿਤ ਹੁੰਦਾ ਹੈ। ਸਿਆਣੇ ਬੰਦੇ ਨੂੰ ਕਰੋਧ ਦੀ ਅਵਸਥਾ ਵਿੱਚ ਵੀ ਚੇਤੰਨ ਰਹਿਣਾ ਚਾਹੀਦਾ ਹੈ। ਸੋ ਦੋਸਤੋ, ਇਹ ਗੱਲ ਅੱਜ ਦੇ ਪ੍ਰਸੰਗ ਵਿੱਚ ਵੀ 100 ਫ਼ੀਸਦੀ ਢੁੱਕਦੀ ਹੈ। ਅਸੀਂ ਹਰ ਬੰਦੇ ਕੋਲੋਂ ਉਸੇ ਵਰਤਾਓ ਦੀ ਆਸ ਰੱਖਦੇ ਹਾਂ ਜਿਹੜਾ ਕਿ ਸਾਡੇ ਆਪਣੇ ਜ਼ਿਹਨ ਵਿੱਚ ਹੁੰਦਾ ਹੈ। ਪਰ ਸਾਡੀ ਲਿਆਕਤ, ਸਿੱਖਿਆ ਅਤੇ ਪਾਲਣ-ਪੋਸ਼ਣ ਸਾਡੀ ਬੋਲੀ, ਵਰਤਾਓ ਅਤੇ ਪਹਿਰਾਵੇ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਮੂਰਖ਼ ਬੰਦੇ ਕੋਲੋਂ ਸਿਆਣਪ ਦੀ ਆਸ ਨਿਰੀ ਮੂਰਖ਼ਤਾ ਹੀ ਕਹੀ ਜਾ ਸਕਦੀ ਹੈ ਅਤੇ ਕਿਸੇ ਸਿਆਣੇ ਬੰਦੇ ਤੋਂ ਮੂਰਖ਼ਤਾ ਦੀ ਗੱਲ ਮੁੱਢੋਂ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇਕਰ ਸਾਹਮਣੇ ਵਾਲਾ ਸਖਸ਼ ਕੁਝ ਮੰਦਾ-ਚੰਗਾ ਬੋਲ ਰਿਹਾ ਹੈ ਤਾਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹ ਕਿਸ ਸਮਾਜ ਦਾ ਹਿੱਸਾ ਹੋ ਸਕਦਾ ਹੈ। ਉਸਦੀ ਸਿੱਖਿਆ ਕਿੰਝ ਦੀ ਹੋਈ ਹੋਵੇਗੀ। ਉਸਦਾ ਮਾਨਸਿਕ ਪੱਧਰ ਕਿਸ ਲੇਵਲ ਦਾ ਹੋਵੇਗਾ ਅਤੇ ਉਸਨੂੰ ਮਾਂ-ਬਾਪ ਕੋਲੋਂ ਕਿੰਝ ਦੇ ਸੰਸਕਾਰ ਮਿਲੇ ਹੋਣਗੇ। ਮੂਰਖ਼ ਬੰਦੇ ਕੋਲੋਂ ਸਿਆਣਪ ਦੀ ਆਸ ਅਸਲ ਵਿੱਚ ਮੂਰਖ਼ਤਾ ਹੀ ਹੁੰਦੀ ਹੈ, ਹੋਰ ਕੁਝ ਨਹੀਂ। ਜਿਉਂਦੇ-ਵੱਸਦੇ ਰਹੋ ਸਾਰੇ। ਸੰਪਰਕ: 90414-98009. |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

by