ਪ੍ਰਸਤੁਤ ਕਾਵਿ ਸੰਗ੍ਰਹਿ ਵਿਚ 68 ਕਵਿਤਾਵਾਂ ਹਨ। ਨੌਜਵਾਨ ਕਵੀਆਂ ਦੀ ਤਰਾਂ ਨਵਦੀਪ ਨੇ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਕੀਤੀਆਂ ਹਨ, ਇਹ ਵਖਰੀ ਗੱਲ ਹੈ ਕਿ ਸੂਫ਼ੀ ਕਾਵਿ ਧਾਰਾ ਦੀਆਂ ਦੋਵੇਂ ਵੰਨਗੀਆਂ–ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ‘ਤੇ ਕਲਮ ਚਲਾਈ ਹੈ। ਦੁਨਿਆਵੀ ਪਿਆਰ ਵਿਚੋਂ ਵੀ ਡੂੰਘੀਆਂ ਰਮਜ਼ਾਂ ਲੱਭੀਆਂ ਹਨ। ਚਾਰ-ਪੰਜ ਸਤਰੀ ਕਵਿਤਾਵਾਂ ਦੇ ਨਾਲ-ਨਾਲ ਕੁਝ ਵੱਡੀਆਂ ਕਵਿਤਾਵਾਂ ਵੀ ਹਨ। ਕਿਸੇ ਗੱਲ ਨੂੰ ਵਿਸਤਾਰ ਵਿਚ ਲਿਖਣਾ ਅਸਾਨ ਹੁੰਦਾ ਹੈ, ਪਰ ਪੰਜ-ਚਾਰ ਸਤਰਾਂ(ਉਹ ਵੀ ਪੰਜ-ਚਾਰ ਸ਼ਬਦਾਂ ਦੀਆਂ) ਵਿਚ ਸਮੇਟਣਾ ਮੁਸ਼ਕਿਲ ਹੁੰਦਾ ਹੈ। ਮੈਨੂੰ ਇਸਦਾ ਨਿਜੀ ਤਜ਼ਰਬਾ ਹੈ। ਨਵਦੀਪ ਦੀ ਕਾਵਿਕ ਸ਼ੈਲੀ ਦੀ ਖ਼ੂਬੀ ਹੈ ਕਿ ਉਹ ਪੁਰਾਣੀਆਂ ਗੱਲਾਂ, ਪੁਰਾਣੇ ਪਾਤਰਾਂ ਵਿਚੋਂ ਵੀ ਨਵੇਂ ਅਰਥ ਭਾਲ ਕੇ ਅਜਿਹੇ ਪਾਤਰਾਂ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ। ਇਸ ਪੱਖੋਂ ਉਸਦੀ ਕਵਿਤਾ ‘ਸ਼ਹੀਦ ਊਧਮ ਸਿੰਘ’ ਵਿਸ਼ੇਸ਼ ਉਲੇਖ ਦੀ ਮੰਗ ਕਰਦੀ ਹੈ। ਕਵਿਤਾ ਦੀਆਂ ਪਹਿਲੀਆਂ ਦੋ ਸਤਰਾਂ ਹੀ ਪਾਠਕਾਂ ਨੂੰ ਝੰਜੋੜਨ ਵਾਲੀਆਂ ਹਨ: ਊਧਮ ਸਿਆਂ! ਤੂੰ ਅੱਜ ਵੀ ਜਿਉਂਦਾ ਏਂ ਇਸ ਤੋਂ ਬਾਅਦ ਕਵੀ ਜਦੋਂ ਲਿਖਦਾ ਹੈ: ਇਸੇ ਕਵਿਤਾ ਵਿਚ ਜਦੋਂ ਕਵੀ ‘ਦਿੱਲੀ’ ਅਤੇ ‘ਗੋਧਰਾ’ ਜਿਹੇ ਕਾਂਡ ਦੀ ਗੱਲ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਕਵੀ ਕਲਪਨਾ ਦੇ ਘੋੜਿਆਂ ‘ਤੇ ਸਵਾਰ ਰਹਿਣ ਵਾਲਾ ਕਵੀ ਨਹੀਂ ਬਲਕਿ ਇਤਿਹਾਸਕ ਸੋਝੀ ਰੱਖਣ ਵਾਲਾ ਵੀ ਹੈ। ਪਰ ਦੂਜੇ ਹੀ ਪਲ ਜਦੋਂ ਨਵਦੀਪ ‘ਰੂਹ’ ਵਰਗੀ ਕਵਿਤਾ ਸਿਰਜਦਾ ਹੈ ਤਾਂ ਅਸਲੀ ‘ਮੁਹੱਬਤ’ ਦੀ ਤਸਵੀਰ ਪੰਜ ਸਤਰਾਂ ਵਿਚ ਹੀ ਉਲੀਕ ਦਿੰਦਾ ਹੈ: ਮੁਹੱਬਤ ਵਿਚ ਦੇਹ ਕਿਤੇ ਨਹੀਂ ਆਉਂਦੀ ਮੁਹੱਬਤ ਨੂੰ ਅਧਾਰ ਬਣਾ ਕੇ ਲਿਖੀ ਇਕ ਹੋਰ ਕਵਿਤਾ ‘ਦੇਹ ਤੱਕ’ ਵਿਚ ਕਵੀ ‘ਰੂਹ’ ਵਾਲੀ ਮੁਹੱਬਤ ਨਾਲੋਂ ਅਜੋਕੇ ਸਮੇਂ ਦੀ ‘ਦੇਹ’ ਦੁਆਲੇ ਘੁੰਮਦੀ ਮੁਹੱਬਤ ਬਾਰੇ ਲਿਖਦਾ ਹੈ: ਅੱਜਕੱਲ ਦੇਹ ਤਕ ਹੀ ਮੁਹੱਬਤ ਸੰਬੰਧੀ ਹੀ ਉਸਦੀ ਕਵਿਤਾ ‘ਮੁਹੱਬਤ’ ਵਿਚ ਉਸਨੇ ਇਕ ਨਵਾਂ -ਨਰੋਆ ਨਜ਼ਰੀਆ ਪੇਸ਼ ਕੀਤਾ ਹੈ ਕਿ ਮੁਹੱਬਤ ਕਰਨ ਵਾਲੇ ਕਦੇ ਹਾਰਦੇ ਨਹੀਂ। ਇਸ ਪੰਜ ਸਤਰੀ ਕਵਿਤਾ ਵਿਚ ਨਵਦੀਪ ਮੁਹੱਬਤ ਦੇ ਸਤਹੀ ਅਰਥਾਂ ਨਾਲੋਂ ਮਨੁੱਖਤਾ ਦੇ ਪਿਆਰ ਵਾਲੇ ਅਰਥਾਂ ਵਿਚ ਰੂਪਮਾਨ ਕਰਦਾ ਹੈ। ‘ਚੁੱਪ ਦੀ ਕਥਾ’ ਕਰਨ ਵਾਲੇ ਕਵੀ ਦਾ ਆਪਣੇ ਚੌਗਿਰਦੇ ਦੇ ਪਸਾਰੇ ਨੂੰ ਦੇਖਣ ਦੇ ਨਜ਼ਰੀਏ ਵਿਚ ਨਾਂਹ-ਪੱਖੀ ਸੁਰ ਨਾਲੋਂ ਹਾਂ-ਪੱਖੀ ਸੁਰ ਭਾਰੂ ਹੈ। ਉਹ ਮੁਹੱਬਤ ਵਿਚ ਅਸਫਲ ਅਤੇ ਦੁਖੀ ਇਨਸਾਨ ਵਾਂਗ ਰੱਬ ਨੂੰ ਉਲਾਂਭਾ ਨਹੀਂ ਦਿੰਦਾ ਬਲਕਿ ਪਿਆਰ ਵਿਚ ਅਸਫਲ ਹੋਣ ਪਿੱਛੋਂ ਵੀ ਕੁਦਰਤ ਜਾਂ ਰੱਬ ਦੀ ਰਜ਼ਾ ਵਿਚ ਰਹਿੰਦਾ ਹੋਇਆ ਲਿਖਦਾ ਹੈ: ਫਿਰ ਦੱਸ ਨਵਦੀਪ ਦੇਸ਼ ਵਿਦੇਸ਼ ਵਿਚ ਵਾਪਰੀਆਂ ਘਟਨਾਵਾਂ ਨੂੰ ਕਾਵਿਕ ਅੰਦਾਜ਼ ਵਿਚ ਬਾ-ਖੂਬੀ ਪੇਸ਼ ਕਰਦਾ ਹੈ। ਕੁਝ ਦੇਰ ਪਹਿਲਾਂ ਸਾਡੇ ਦੇਸ਼ ਵਿਚ ਇੱਕ ਗਰੀਬ ਇਨਸਾਨ ਨੂੰ ਆਪਣੀ ਪਤਨੀ ਦੇ ਲਾਸ਼ ਆਪਣੇ ਮੋਢੇ ਤੇ ਚੁੱਕ ਕਿ ਕਈ ਕਿਲੋਮੀਟਰ ਤੁਰਨਾ ਪਿਆ। ਕਵੀ ਨੇ ਉਸ ਘਟਨਾ ਨੂੰ ਮਾਰਮਰਿਕ ਢੰਗ ਨਾਲ ਚਿਤਰਿਆ ਹੀ ਨਹੀਂ ਬਲਕਿ ਸਾਡੀ ਪੁਰਾਣੀ ਸਭਿਅਤਾ ਜਿਸ ਤੇ ਅਸੀਂ ਮਾਣ ਕਰਦੇ ਹਾਂ, ਉਸ ‘ਤੇ ਕਟਾਖਸ਼ ਵੀ ਕੀਤਾ ਹੈ ਅਤੇ ਉਹਨਾਂ ਦੀਆਂ ਫ਼ੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਉਣ ਵਾਲਿਆਂ ਨੂੰ ਵੀ ਲਾਹਨਤ ਪਾਈ ਹੈ: ਮੇਰੇ ਦੇਸ਼ ਦੀ ਜਨਤਾ ਕਵੀ ਅੱਜ ਦੇ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਨੂੰ ਭਲੀ-ਭਾਂਤ ਜਾਣਦਾ ਹੈ ਕਿ ਦੂਜਿਆਂ ਨਾਲ ਤਾਂ ਸੰਵਾਦ ਰਚਾਉਂਦਾ ਰਹਿੰਦਾ ਹੈ, ਪਰ ਆਪਣੇ ਨਾਲ ਸੰਵਾਦ ਰਚਾਉਣ ਤੋਂ ਕੰਨੀ ਕਤਰਾਉਂਦਾ ਹੈ। ਜੇ ਮਨੁੱਖ ਆਪਣੇ ਨਾਲ ਗੱਲਾਂ ਕਰਨ ਦਾ, ਆਪਣੇ ਦਿਲ ਦੀ ਗੱਲ ਸੁਣਨ ਦੀ ਜੁਗਤ ਸਿੱਖ ਲਏ ਤਾਂ ਉਸ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਆਪ ਹੀ ਹਲ ਹੋ ਜਾਣ। ‘ਗੁਫ਼ਤਗੂ’ ਕਵਿਤਾ ਦੀਆਂ ਸਤਰਾਂ ਹਨ: ਦੋਸਤਾਂ ਸੰਗ ਵਰਤਮਾਨ ਸਮੇਂ ਜਦੋਂ ਔਰਤ ਨੇ ਹਿੰਮਤ ਕਰਕੇ ਆਪਣੇ ਤੇ ਹੋ ਰਹੀਆਂ ਜ਼ਿਆਦਤੀਆਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਤਾਂ ਮਰਦ ਪ੍ਰਧਾਨ ਸਮਾਜ ਤੋਂ ਇਹ ਸਹਾਰਿਆ ਨਹੀਂ ਜਾ ਰਿਹਾ, ਪਰ ਨਵਦੀਪ ਔਰਤ ਦੇ ਹੱਕ ਵਿਚ ਨਿੱਤਰਦਾ ਹੋਇਆ ਕਹਿੰਦਾ ਹੈ: ਉਹ ਬੋਲਣ ਲੱਗੀ ਹੈ ਇਹ ਨੌਜਵਾਨ ਕਵੀ ਮੌਕੇ ਅਨੁਸਾਰ ਹਲਕੇ-ਹਲਕੇ ਵਿਅੰਗ ਬਾਣ ਚਲਾ ਕੇ ਵੀ ਆਪਣੀ ਕਾਵਿ ਸ਼ੈਲੀ ਵਿਚ ਨਵੀਨਤਾ ਲਿਆਉਂਦਾ ਹੈ, ਜਿਵੇਂ, ‘ਅਜ਼ਾਦੀ’, ‘ਆਰਕੈਸਟਰਾ’ ਆਦਿ ਕਵਿਤਾਵਾਂ। ਕਈ ਕਵਿਤਾਵਾਂ ਵਿਚ ਕਵੀ ਨੇ ਜੀਵਨ ਦੀਆਂ ਸਚਾਈਆਂ ਨੂੰ ਪੇਸ਼ ਕੀਤਾ ਹੈ। ‘ਨਾਟਕ’ ਕਵਿਤਾ ਵਿਚ ਦੱਸਿਆ ਹੈ ਕਿ ਨਾਟਕ(ਦਿਖਾਵਾ) ਕਰਨਾ ਸਹਿਜ ਤੋਂ ਅਸਹਿਜਤਾ ਦਾ ਸਫਰ ਹੋਵੇ ਅਤੇ ਅਜਿਹੇ ਨਾਟਕ ਬਹੁਤੀ ਦੇਰ ਨਹੀਂ ਚਲਦੇ। ਇਸ ਕਵਿਤਾ ਵਿਚ ਕਵੀ ਨੇ ਆਪਣਾ ਸੁਨੇਹਾ ਬੜੀ ਸਹਿਜਤਾ ਨਾਲ ਦਿੱਤਾ ਹੈ ਜੋ ਨਿਸਚੇ ਹੀ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ। ਇਸ ਕਾਵਿ ਸੰਗ੍ਰਿਹ ਦੀਆਂ ਕਈ ਕਵਿਤਾਵਾਂ ਲੰਬੇ ਸਮੇਂ ਤਕ ਯਾਦ ਰਹਿਣ ਵਾਲੀਆਂ ਹਨ; ਜਿਵੇਂ, ਉਮਰ ਵਧਣ ਨਾਲ, ਗੁਬਾਰੇ ਵੇਚਦਾ ਮੁੰਡਾ, ਜ਼ਿੰਦਗੀ ਦਾ ਸਫ਼ਰ, ਰੱਬ, ਤੂੰ ਆ ਕਦੇ, ਤੇਰੇ ਜਾਣ ਤੋਂ ਬਾਅਦ, ਸੰਸਕਾਰ, ਮਾਂ-2, ਧੀਏ ਆਦਿ। ਅਮਰਜੀਤ ਕੌਂਕੇ ਨੇ ਵੀ ਪੁਸਤਕ ਦੇ ਮੁੱਖ ਬੰਦ ਵਿਚ ਨਵਦੀਪ ਮੁੰਡੀ ਦੀਆਂ ਕਵਿਤਾਵਾਂ, ਕਵਿਤਾਵਾਂ ਦੀਆਂ ਕਾਵਿ ਜੁਗਤਾਂ ਦੀਆਂ ਗੱਲਾਂ ਕੀਤੀਆਂ ਹਨ। ਕੌਂਕੇ ਦਾ ਵਿਚਾਰ ਹੈ ਕਿ ‘ਉਸ ਦੀਆਂ ਕਵਿਤਾਵਾਂ ਅਨੇਕ ਸਵਾਲ ਸਿਰਜਦੀਆਂ ਹਨ, ਪਰ ਜਵਾਬ ਨਹੀਂ ਦਿੰਦੀਆਂ’; ਨਵਦੀਪ ਦੀ ਕਵਿਤਾ ਖ਼ਾਮੋਸ਼ੀ ਦਾ ਬਿਰਤਾਂਤ ਹੈ; ਨਵਦੀਪ ਦੇ ਸ਼ਬਦਾਂ ਦੀ ਕੰਬਣੀ ਪਾਠਕ ਨੂੰ ਝੁਣਝੁਣੀ ਛੇੜਨ ਦੇ ਸਮਰਥ ਹੈ ਆਦਿ। ‘ਚੁੱਪ ਦੀ ਕਥਾ’ ਦੇ ਅਧਿਐਨ ਉਪਰੰਤ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਨਵਦੀਪ ਮੁੰਡੀ ਵਰਗੇ ਕਵੀ ਪੰਜਾਬੀ ਕਵਿਤਾ ਨੂੰ ਪਾਠਕਾਂ ਦੇ ਨੇੜੇ ਲਿਆਉਣ ਦੇ ਸਮਰਥ ਹਨ। ਸਪਰੈੱਡ ਪਬਲੀਕੇਸ਼ਨ, ਰਾਮਪੁਰ ਵੱਲੋਂ ਪ੍ਰਕਾਸ਼ਿਤ 88 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 200 ਰੁਪਏ ਹੈ। ਅਜਿਹੀਆਂ ਸਾਹਿਤਕ ਪੁਸਤਕਾਂ ਪਾਠਕਾਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਰਵਿੰਦਰ ਸਿੰਘ ਸੋਢੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |