7 December 2024

ਕੇਸਰ ਸਿੰਘ ਨੀਰ ‘ਲਾਈਫ਼ਟਾਈਮ ਐਵਾਰਡ’ ਨਾਲ ਸਨਮਾਨਿਤ, ਸੇਖੋਂ ਦੀ ਪੁਸਤਕ ਲੋਕ-ਅਰਪਣ—ਸਤਨਾਮ ਸਿੰਘ ਢਾਅ

ਕੈਲਗਰੀ(ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ, ਕੈਲਗਰੀ ਦੀ ਮਾਸਿਕ ਇਕੱਤਰਤਾ 13 ਜੁਲਾਈ ਨੂੰ ਕੋਸੋ ਹਾਲ ਵਿਚ ਡਾ. ਜੋਗਾ ਸਿੰਘ ਸਹੋਤਾ, ਕੇਸਰ ਸਿੰਘ ਨੀਰ, ਸੇਵਾ ਸਿੰਘ ਪ੍ਰੇਮੀ ਅਤੇ ਜਸਵੰਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ। ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦੇ ਮਾਹਰ ਸ੍ਰ ਜਗਦੇਵ ਸਿੰਘ ਸਿੱਧੂ ਨੇ ਸਟੇਜ ਸੰਭਾਲਦਿਆਂ, ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਆਏ ਹੋਏ ਸਾਹਿਤਕਾਰਾਂ, ਅਦੀਬਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਨਾਲ ਹੀ ਕੈਨੇਡਾ ਦੇ ਮੂਲ ਨਿਵਾਸੀਆਂ ਦੀ ਗੱਲ ਕਰਦਿਆਂ ਹੋਇਆਂ ਆਖਿਆ ਕਿ ਸਾਨੂੰ ਉਨ੍ਹਾਂ ਦਾ ਬਣਦਾ ਪਿਆਰ ਸਤਿਕਾਰ ਦੇਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਨਾਲ ਕੈਨੇਡੀਅਨ ਸਮਾਜ ਵੱਲੋਂ ਬਹੁਤ ਜਿਆਦਤੀਆਂ ਹੋਈਆਂ ਹਨ। ਸਾਨੂੰ ਆਪਣੇ ਕਲਚਰ ਦੇ ਨਾਲ ਨਾਲ ਦੂਜੇ ਕਲਚਰਾਂ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ। ਨਾਲ ਹੀ ਉਨ੍ਹਾਂ ਕੇਸਰ ਸਿੰਘ ਨੀਰ ਅਤੇ ਜਸਵੰਤ ਸਿੰਘ ਸੇਖੋਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਬਾਰੇ ਬਹੁਤ ਹੀ ਸੰਖੇਪ ਅਤੇ ਭਾਵਪੂਰਤ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਦੀ ਸ਼ੂਰੂਆਤ ਨਾਮਵਰ ਕਵੀਸ਼ਰ ਸਰੂਪ ਸਿੰਘ ਮੁੰਡੇਰ ਨੇ ਜਸਵੰਤ ਸਿੰਘ ਸੇਖੋਂ ਬਾਰੇ ਲਿਖੀ ਕਵਿਤਾ ਰਾਹੀਂ ਕੀਤੀ। ਉਪਰੰਤ ਅਰਪਨ ਲਿਖਾਰੀ ਸਭਾ ਦੇ ਮੈਂਬਰਾਂ ਵੱਲੋਂ ਸਭਾ ਦੇ ਮੋਢੀ ਅਤੇ ਉੱਘੇ ਸਾਹਿਤਕਾਰ ਕੇਸਰ ਸਿੰਘ ਨੀਰ ਨੂੰ ਤਾੜੀਆਂ ਦੀ ਗੂੰਜ ਵਿਚ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਪ੍ਰਦਾਨ ਕਰ ਕੇ ਸਨਮਾਨਿਆ ਗਿਆ। ਮੁੱਖ ਬੁਲਾਰਿਆਂ ਨੇ ਨੀਰ ਨੂੰ ਵਧਾਈ ਦੇਣ ਸਮੇਂ ਉਸ ਦੁਆਰਾ ਸਿੱਖਿਆ, ਲੋਕ-ਲਹਿਰਾਂ ਅਤੇ ਸਾਹਿਤ ਸਿਰਜਣਾ ਦੇ ਖੇਤਰ ਵਿਚ ਪਾਏ ਉਲੇਖਯੋਗ ਯੋਗਦਾਨ ਦੀ ਚਰਚਾ ਕੀਤੀ।

ਜਗਦੇਵ ਸਿੰਘ ਨੇ ਕੇਸਰ ਸਿੰਘ ਨੀਰ ਬਾਰੇ ਗੱਲ ਕਰਦਿਆਂ, ਨੀਰ ਦਾ ਅਧਿਆਪਨ ਕਾਰਜ, ਉਸ ਦੀਆਂ ਕਵਿਤਾ, ਗ਼ਜ਼ਲ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ, ਸਾਹਿਤ ਸਭਾ ਜਗਰਾਉਂ ਦੇ ਮੋਢੀ ਮੈਂਬਰ ਵਜੋਂ ਕੀਤੀ ਅਗਵਾਈ, ਪੰਜਾਬੀ ਕੇਂਦਰੀ ਲੇਖਕ ਸਭਾ ਲਈ ਨਿਭਾਈ ਅਹਿਮ ਭੂਮਿਕਾ, ਪੰਜਾਬ ਦੇ ਭਾਸ਼ਾ ਵਿਭਾਗ ਦੁਆਰਾ ਦਿੱਤਾ ‘ਸ਼੍ਰੋਮਣੀ ਸਾਹਿਤਕਾਰ ਪੁਰਸਕਾਰ’(ਪਰਵਾਸੀ), ਬੇਰੁਜ਼ਗਾਰ ਅਧਿਆਪਕਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਦੌਰਾਨ ਜੇਲ੍ਹ ਯਾਤਰਾਵਾਂ ਅਤੇ ਕੈਲਗਰੀ ਵਿਖੇ ਸਾਹਿਤ ਸਭਾਵਾਂ ਦੀ ਸਥਾਪਨਾ ਅਤੇ ਵਿਕਾਸ ਲਈ ਪਾਇਆ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਕੇਸਰ ਸਿੰਘ ਨੀਰ ਨੇ ਸਭਾ ਦੇ ਸਮੁੱਚੇ ਮੈਂਬਰਾਂ ਪ੍ਰਤੀ ਨਿਮਰਤਾ ਸਹਿਤ ਆਭਾਰ ਪ੍ਰਗਟ ਕੀਤਾ। ਇਸ ਮਗਰੋਂ ਜਸਵੰਤ ਸਿੰਘ ਸੇਖੋਂ ਦੀ ਪੰਜਵੀਂ ਪੁਸਤਕ ‘ਸੇਖੋਂ ਸੂਰਮੇ’ ਨੂੰ ਲੋਕ-ਅਪਣ ਕਰਨ ਦੀ ਰਸਮ ਅਦਾ ਕੀਤੀ ਗਈ। 

ਕੈਲਗਰੀ ਵਿਚ ਨਾਮਵਰ ਜਰਨਲਿਸਟ, ਕੈਨੇਡਾ ਅਤੇ ਪੰਜਾਬ ਦੀ ਆਵਾਜ਼ ਰਿਸ਼ੀ ਨਾਗਰ ਨੇ ਕੇਸਰ ਸਿੰਘ ਨੀਰ ਨੂੰ ਵਧਾਈ ਦਿੱਤੀ, ਨਾਲ ਹੀ ਜਸਵੰਤ ਸਿੰਘ ਸੇਖੋਂ ਦੀ ਪੁਸਤਕ ‘ਸੇਖੋਂ ਸੂਰਮੇ’ ਬਾਰੇ ਵਿਚਾਰ ਰੱਖਦਿਆਂ ਕਿਹਾ ਕਿ ਇਸ ਵਿਲੱਖਣ ਲਿਖਤ ਰਾਹੀਂ ਸੇਖੋਂ ਨੇ ਪੰਜਾਬ ਦੇ ਗੌਰਵਮਈ ਪੁਰਾਤਨ ਵਿਰਸੇ ਨੂੰ ਬੜੀ ਖੋਜ ਕਰਕੇ ਪੁਨਰ ਸੁਰਜੀਤ ਕੀਤਾ ਹੈ। ਉਨ੍ਹਾਂ ਨੇ ਇਸ ਪੁਸਤਕ ਨੂੰ ਇਤਿਹਾਸਕ ਦਸਤਾਵੇਜ਼ ਹੋਣ ਦਾ ਦਰਜਾ ਦਿੱਤਾ। ਸਾਹਿਤ ਅਤੇ ਭਾਸ਼ਾ-ਮਾਹਿਰ ਡਾ.ਸਰਬਜੀਤ ਕੌਰ ਜਵੰਧਾ ਨੇ ਇਸ ਪੁਸਤਕ ਦਾ ਮੁਲਾਂਕਣ ਕਰਦਿਆਂ, ਆਲੋਚਕ ਦ੍ਰਿਸ਼ਟੀ ਤੋਂ ਪਰਖਦਿਆਂ ਕਿਹਾ ਕਿ ਇਸ ਪੁਸਤਕ ਦੇ ਮੁੱਖ ਗੁਣ ਵਿਸ਼ਿਆਂ ਦੀ ਨਵੀਨਤਾ, ਸ਼ਾਇਰੀ, ਲੈਅ, ਛੰਦ-ਵਿਧਾਨ ਅਤੇ ਹਰ ਪੱਖ ਤੋਂ ਨਿਭਾਅ ਦੀ ਪ੍ਰਬੀਨਤਾ ਹੈ। ਅਮਨਪ੍ਰੀਤ ਸਿੰਘ ਦੁੱਲਟ ਨੇ ਪੁਸਤਕ ਬਾਰੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸੇਖੋਂ ਨੇ ਦਿੱਲੀ ‘ਚ ਸਿੱਖ ਕਤਲੇਆਮ ਦੀ ਜੋ ਦਾਸਤਾਨ ਪੇਸ਼ ਕੀਤੀ ਹੈ ਇਹ ਇਕ ਖੋਜੀ ਲੇਖਕ ਹੀ ਪੇਸ਼ ਕਰ ਸਕਦਾ ਹੈ। ਜਗਦੇਵ ਸਿੱਧੂ ਨੇ ਇਸ ਨੂੰ ਖੋਜ-ਭਰਪੂਰ, ਸ਼ਾਨਦਾਰ ਵਾਰਤਕ ਅਤੇ ਉੱਤਮ ਸ਼ਾਇਰੀ ਦਾ ਸੁਮੇਲ ਦੱਸਿਆ।

ਡਾ. ਜੋਗਾ ਸਿੰਘ ਸਹੋਤਾ ਅਤੇ ਸੁਖਵਿੰਦਰ ਤੂਰ ਨੇ ਨੀਰ ਦੀਆਂ ਗ਼ਜ਼ਲਾਂ ਦਾ ਗਾਇਨ ਕਰ ਕੇ ਸੰਗੀਤਕ ਮਾਹੌਲ ਸਿਰਜਿਆ। ਜਸਵਿੰਦਰ ਸਿੰਘ ਰੁਪਾਲ, ਜਗਦੀਸ਼ ਕੌਰ ਸਰੋਆ, ਗੁਰਦੀਸ਼ ਕੌਰ ਗਰੇਵਾਲ, ਸਰਬਜੀਤ ਕੌਰ ਉੱਪਲ ਅਤੇ ਗੁਰਚਰਨ ਕੌਰ ਥਿੰਦ ਨੇ ਕਵਿਤਾਵਾਂ ਦਾ ਉਚਾਰਨ ਕਰ ਕੇ ਪੇਸ਼ਕਾਰੀ ਦੀ ਮਿਸਾਲ ਪੇਸ਼ ਕੀਤੀ। ਜਸਵੀਰ ਸਿਹੋਤੇ ਨੇ ਕਮਾਲ ਦੀ ਮੁਹਾਰਤ ਨਾਲ ਟੱਪੇ ਸੁਣਾਏ। ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਦੀ ਛਹਿਬਰ ਲਾਈ। ਦਰਸ਼ਨ ਸਿੰਘ ਦਲੇਰ ਦੇ ਢਾਡੀ ਜੱਥੇ ਨੇ ਸੇਖੋਂ ਦਾ ਲਿਖਿਆ ਢਾਡੀ ਰਾਗ ਵਿਚ ਸਾਕਾ ਪੇਸ਼ ਕਰ ਕੇ ਹਾਲ ਨੂੰ ਗੂੰਜਣ ਲਾ ਦਿੱਤਾ। ਗੁਰਮੀਤ ਕੌਰ ਸਰਪਾਲ ਨੇ ਕਿਤਾਬਾਂ ਦੀ ਅਹਿਮੀਅਤ ਬਾਰੇ ਕੀਮਤੀ ਵਿਚਾਰ ਰੱਖੇ।ਇਸ ਮੌਕੇ ਤੇ ਦੋਨਾਂ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਵੀ ਭਰਪੂਰ ਹਜ਼ਾਰੀ ਭਰੀ 

ਸਤਨਾਮ ਢਾਅ ਨੇ ਦੋਹਾਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਰਪਨ ਲਿਖਾਰੀ ਸਭਾ ਨੇ ਅੱਜ ਪਹਿਲਾ ‘ਲਾਈਫ਼ਟਾਈਮ ਅਚੀਵਮੈਂਟ ਐਵਾਰਡ’ ਪ੍ਰਦਾਨ ਕਰਕੇ ਅਤੇ ਸਮੇਂ ਸਮੇਂ ਆਪਣੇ ਮੈਂਬਰਾਂ ਵੱਲੋਂ ਲਿਖੀਆਂ ਪੁਸਤਕਾਂ ਰਿਲੀਜ਼ ਕਰ ਕੇ ਨਵਾਂ ਮੀਲ-ਪੱਥਰ ਸਥਾਪਿਤ ਕੀਤਾ ਹੈ। ਜਿਸ ਲਈ ਸਾਰੇ ਮੈਂਬਰ ਅਤੇ ਹਾਜ਼ਰ ਸਾਹਿਤ ਪ੍ਰੇਮੀ ਵਧਾਈ ਦੇ ਪਾਤਰ ਹਨ। ਆਸ ਕਰਦੇ ਹਾਂ ਕਿ ਸੇਖੋਂ ਸਾਹਿਬ ਇਸੇ ਤਰ੍ਹਾਂ ਪੰਜਾਬੀ ਸਾਹਿਤ, ਸਿੱਖ ਇਤਿਹਾਸ ਦੀ ਖੋਜ ਅਤੇ ਸ਼ਾਇਰੀ ਖ਼ਾਸ ਕਰਕੇ ਕਵੀਸ਼ਰੀ ਪਰੰਮਪਰਾ ਅਤੇ ਢਾਡੀਆਂ ਦੀ ਦੁਨੀਆ ਵਿਚ ਆਪਣਾ ਯੋਗਦਾਨ ਪਾਉਦੇ ਰਹਿਣਗੇ। ਢਾਅ ਨੇ ਕਿਹਾ ਇਹ ਪੁਸਤਕ ਪੜ੍ਹਨ ਯੋਗ ਅਤੇ ਸਾਂਭਣ ਯੋਗ ਹੈ। ਉੱਘੇ ਸਮਾਜ-ਸੇਵੀ ਸੇਵਾ ਸਿੰਘ ਪ੍ਰੇਮੀ ਨੇ ਪੰਜਾਬੀ ਦੇ ਵਿਕਾਸ ਲਈ ਸਭਾ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜਸਵੰਤ ਸਿੰਘ ਸੇਖੋਂ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਏ ਹੋਏ ਅਦੀਬਾਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ।

ਅਖ਼ੀਰ ਵਿਚ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਸਮਾਗਮ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਚਲਾਉਣ ਦੀ ਜ਼ਿੰਮੇਵਾਰੀ ਜਗਦੇਵ ਸਿੰਘ ਸਿੱਧੂ ਨੇ ਬਾਖੂਬੀ ਨਿਭਾਈ। ਫੋਟੋਗ੍ਰਾਫ਼ੀ ਲਈ ਦਲਜੀਤ ਹੁੰਝਣ ਦਾ ਸਹਿਯੋਗ ਬਹੁਤ ਹੀ ਸ਼ਲਾਘਾ ਰਿਹਾ। ਹੋਰ ਜਾਣਕਾਰੀ ਲਈ 403-407-4412 ‘ਤੇ ਜੋਗਾ ਸਿੰਘ ਸਹੋਤਾ ਨੂੰ ਅਤੇ 403-681-3132 ‘ਤੇ ਜਸਵੰਤ ਸਿੰਘ ਸੇਖੌ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1375
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →