9 October 2024

ਸੁਰਜੀਤ ਸਿੰਘ ਸਿਰੜੀ ਦਾ ਕਾਵਿ-ਸੰਗ੍ਰਹਿ: ਮਿੱਟੀ ਕਰੇ ਸੁਅਾਲ— ਡਾ: ਨਿਸ਼ਾਨ ਸਿੰਘ ਰਾਠੌਰ

ਪੁਸਤਕ – ਸਮੀਖਿਆ
ਪੁਸਤਕ – ਮਿੱਟੀ ਕਰੇ ਸੁਆਲ (ਕਾਵਿ- ਸੰਗ੍ਰਹਿ)
ਲੇਖਕ – ਸੁਰਜੀਤ ਸਿੰਘ ਸਿਰੜੀ
ਪੰਨੇ – 128, ਮੁੱਲ – 160 ਰੁਪਏ
ਵਰ੍ਹਾ – 2024
ਪ੍ਰਕਾਸ਼ਕ – ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ

ਹਰਿਆਣੇ ’ਚ ਰਹਿੰਦੇ ਲੇਖਕ ਸੁਰਜੀਤ ਸਿੰਘ ਸਿਰੜੀ ਦਾ ਸੱਜਰਾ ਕਾਵਿ-ਸੰਗ੍ਰਹਿ ‘ਮਿੱਟੀ ਕਰੇ ਸੁਆਲ’ ਇਸ ਵਰੵੇ 2024 ਵਿੱਚ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ’ਚ ਪੰਜਾਬੀ ਪਾਠਕਾਂ ਦਾ ਘੇਰਾ ਉੰਨਾ ਵਿਸ਼ਾਲ ਨਹੀਂ ਜਿੰਨਾ ਕਿ ਪੰਜਾਬ ਵਿੱਚ ਹੈ। ਇਸ ਲਈ ਕਿਸੇ ਹਰਿਆਣਵੀਂ ਪੰਜਾਬੀ ਲੇਖਕ ਦੀ ਪੁਸਤਕ ਦੀ ਉੰਨੀ ਚਰਚਾ ਨਹੀਂ ਹੁੰਦੀ ਜਿੰਨੀ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ ਅੰਦਰ ਦੇਖਣ– ਪੜ੍ਹਨ ਨੂੰ ਮਿਲਦੀ ਹੈ। ਖ਼ੈਰ!

‘ਮਿੱਟੀ ਕਰੇ ਸੁਆਲ’ ਨੂੰ ਪੜ੍ਹਦਿਆਂ ਇੰਝ ਪ੍ਰਤੀਤ ਹੁੰਦਾ ਹੈ ਕਿ ਸੁਰਜੀਤ ਸਿਰੜੀ ਦੀ ਸ਼ਾਇਰੀ ਪੁਖ਼ਤਾ ਸ਼ਾਇਰੀ ਹੈ ਕਿਉਂਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਕਿਸੇ ਇੱਕ ਫਿਰਕੇ ਦੀ ਗੱਲ ਤੱਕ ਸੀਮਤ ਨਹੀਂ ਰਹਿੰਦਾ ਬਲਕਿ ਉਹ ਸਮਾਜ ਦੇ ਹਰ ਫਿਰਕੇ ਦੀ ਗੱਲ ਕਰਦਾ ਹੈ। ਉਸਦੀਆਂ ਕਵਿਤਾਵਾਂ ਵਿੱਚ ਮਿੱਟੀ ਦਾ ਮੋਹ ਸਾਫ਼਼ ਪੜ੍ਹਿਆ ਜਾ ਸਕਦਾ ਹੈ। ਉਹ ਜਿੱਥੇ ਔਰਤਾਂ ਦੇ ਹੱਕਾਂ ਦੀ ਆਵਾਜ਼ ਚੁੱਕਦਾ ਹੈ ਉੱਥੇ ਹੀ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਬਿਆਨ ਕਰਦਾ ਹੈ। ਉਹ ਸਮਾਜ ਵਿਚ ਮਨੁੱਖੀ ਕਦਰਾਂ-ਕੀਮਤਾਂ ਦੇ ਹੁੰਦੇ ਘਾਣ ਤੋਂ ਅਸਹਿਜ ਦਿਖਾਈ ਦਿੰਦਾ ਹੈ। ਉਹ ਇਸ ਗੱਲ ਤੋਂ ਪ੍ਰੇਸ਼ਾਨੀ ਮਹਿਸੂਸ ਕਰਦਾ ਹੈ ਕਿ ਅੱਜ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਹੋ ਰਹੀ ਹੈ ਅਤੇ ਇਸਦਾ ਕਿਤੇ ਕੋਈ ਵਿਰੋਧ ਨਹੀਂ ਹੋ ਰਿਹਾ।

‘ਮਿੱਟੀ ਕਰੇ ਸੁਆਲ’ ਸਰਜੀਤ ਸਿਰੜੀ ਦੀ ਦੂਜੀ ਮੌਲਿਕ ਪੁਸਤਕ ਹੈ। ਇਸ ਤੋਂ ਇਲਾਵਾ ਇੱਕ ਪੁਸਤਕ ਦਾ ਅਨੁਵਾਦ ਵੀ ਸਿਰੜੀ ਵੱਲੋਂ ਕੀਤਾ ਗਿਆ ਹੈ। ਇਸ ਕਾਵਿ- ਸੰਗ੍ਰਹਿ ਵਿੱਚ 83 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਿਰੜੀ ਦੀਆਂ ਕਵਿਤਾਵਾਂ ਦਾ ਮੁਲਾਂਕਣ ਕਰਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਹਰ ਕਵਿਤਾ ਆਪਣੇ ਅੰਦਰ ਇੱਕ ਸੰਪੂਰਨ ਕਹਾਣੀ ਸਮੋਈ ਬੈਠੀ ਹੈ।

ਹਰਿਆਣੇ ਵਰਗੇ ਹਿੰਦੀ ਬਹੁ- ਗਿਣਤੀ ਸੂਬੇ ’ਚ ਗਹਿਰ- ਗੰਭੀਰ ਅਤੇ ਪੁੱਖ਼ਤਾ ਸ਼ਾਇਰੀ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਜ਼ਰੂਰਤ ਨੂੰ ‘ਮਿੱਟੀ ਕਰੇ ਸੁਆਲ’ ਕੁਝ ਹੱਦ ਤੱਕ ਪੂਰਾ ਕਰਦੀ ਦਿਖਾਈ ਦਿੰਦੀ ਹੈ।

ਸਿਰੜੀ ਦੀਆਂ ਕੁਝ ਕੁ ਕਵਿਤਾਵਾਂ ਵਿੱਚ ਅਧਿਆਤਮਕ ਰੰਗ ਵੀ ਦੇਖਣ-ਪੜ੍ਹਨ ਨੂੰ ਮਿਲਦਾ ਹੈ। ਉਸਦੀ ਕਵਿਤਾ ਸਿਖ਼ਰ ਉੱਪਰ ਸਮਾਪਤ ਹੁੰਦੀ ਹੈ ਜਿਸਦਾ ਪਾਠਕ ਨੂੰ ਭੋਰਾ ਭਰ ਵੀ ਅਹਿਸਾਸ ਨਹੀਂ ਹੁੰਦਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਡਾ: ਸਰਬਜੀਤ ਕੌਰ ਸੋਹਲ ਲਿਖਦੇ ਹਨ:

ਜ਼ਬਰ, ਜ਼ੁਲਮ, ਜੰਗ, ਭੁੱਖ, ਮੁਹੱਬਤ ਅਤੇ ਅਸਾਵੀਂ ਵੰਡ ਉੱਤੇ ਕਟਾਖ਼ਸ਼ ਕਰਦਿਆਂ ਸੁਰਜੀਤ ਬੜੀ ਸਹਿਜਤਾ ਨਾਲ ਕਵਿਤਾ ਦੀਆਂ ਅੰਤਲੀਆਂ ਸਤਰਾਂ ਨਾਲ ਚਮਤਕਾਰ ਕਰ ਜਾਂਦਾ ਹੈ। (ਡਾ: ਸਰਬਜੀਤ ਕੌਰ ਸੋਹਲ, ਮਿੱਟੀ ਕਰੇ ਸੁਆਲ ਦੀ ਭੂਮਿਕਾ ਵਿੱਚ)

ਸ਼ਬਦਾਵਲੀ ਸੰਬੰਧੀ ਗੱਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਇਹ ਕਿਸੇ ਸ਼ਾਇਰ ਦੀ ਬਿਰਤੀ ਉੱਪਰ ਨਿਰਭਰ ਕਰਦਾ ਹੈ ਕਿ ਉਹ ਆਪਣੀ ਰਚਨਾ ਵਿੱਚ ਕਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਦਾ ਹੈ ਅਤੇ ਕਿਸ ਤਰ੍ਹਾਂ ਦੀ ਕਹਾਣੀ ਨੂੰ ਕਵਿਤਾ ਰੂਪ ਵਿੱਚ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ।

‘ਅੰਦਰੋਂ ਗੁਰੂ ਹੌਲੀ ਜਿਹੀ ਸਮਝਾਉਂਦਾ
ਸਮੁੰਦਰਾਂ ਦੇ ਤਜ਼ਰਬੇ
ਥਲ ’ਤੇ ਕੰਮ ਨਹੀਂ ਆਉਂਦੇ।’ (ਮਿੱਟੀ ਕਰੇ ਸੁਆਲ, ਪੰਨਾ-112)

ਆਖ਼ਰ ’ਚ ‘ਮਿੱਟੀ ਕਰੇ ਸੁਆਲ’ ਕਾਵਿ- ਸੰਗ੍ਰਹਿ ਦੀ ਆਮਦ ’ਤੇ ਹਰਿਆਣੇ ਦੇ ਪੰਜਾਬੀਆਂ ਨੂੰ ਢੇਰ ਮੁਬਾਰਕ ਅਤੇ ਸੁਰਜੀਤ ਸਿਰੜੀ ਦੀ ਕਲਮ ਨੂੰ ਸਜਦਾ। ਸ਼ਾਲਾ! ਹਰਿਆਣੇ ਅੰਦਰ ਪੰਜਾਬੀ ਮਾਂ-ਬੋਲੀ ਦਾ ਦੀਵਾ ਇੰਝ ਹੀ ਜਗਦਾ ਰਹੇ।
***
ਡਾ: ਨਿਸ਼ਾਨ ਸਿੰਘ ਰਾਠੌਰ
ਮੋਬਾ: 90414-98009

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1401
***

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →