|
ਡਾ. ਬਾਠ ਦੀ ਸਮੀਖਿਆਤਮਕ ਪੁਸਤਕ “ਸਮੇਂ ਦਾ ਸਾਹਿਤ” ਅਸਲ ਵਿੱਚ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਉੱਤੇ ਕੀਤੀਆਂ ਗਈਆਂ ਪੜਚੋਲਾਂ ਦਾ ਸੰਕਲਨ ਹੈ। ਇਸ ਪੁਸਤਕ ਵਿੱਚ ਛੱਬੀ ਰਚਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਵਿਤਾ, ਨਾਵਲ, ਯਾਤਰਾ-ਵ੍ਰਿਤਾਂਤ, ਕਹਾਣੀ ਅਤੇ ਹੋਰ ਸਾਹਿਤਕ ਰੂਪਾਂ ਦੀਆਂ ਕਿਤਾਬਾਂ ਸ਼ਾਮਲ ਹਨ। ਇਹ ਰਚਨਾਵਾਂ ਸਮਕਾਲੀ ਪੰਜਾਬੀ ਸਾਹਿਤ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਪੁਸਤਕ ਵਿੱਚ ਜਿਨ੍ਹਾਂ ਕਿਤਾਬਾਂ ਦੀ ਸਮੀਖਿਆ ਕੀਤੀ ਗਈ ਹੈ, ਉਨ੍ਹਾਂ ਵਿੱਚ ਮੁੱਖ ਤੌਰ ‘ਤੇ “ਲਾਹੌਰ ਦੀ ਫਿਜ਼ਾ”, “ਹਾਜ਼ਰ-ਗੈਰਹਾਜ਼ਰ”, “ਪ੍ਰੀਤੀ”, “ਤੁਰ ਗਏ ਯਾਰ ਨਿਰਾਲੇ”, “ਤੀਲਾ”, “ਅੱਖਰਵਿਤਾ”, “ਜ਼ਿੰਦਗੀ ਜਸ਼ਨ ਹੈ”, “ਕਿਸ ਨੂੰ ਆਖਾਂ”, “ਅਲਵਿਦਾ! ਕਦੇ ਵੀ ਨਹੀਂ”, “The Bleeding Women”, “ਮੁਆਫੀਨਾਮਾ”, “ਨਾਰਥ ਪੋਲ – ਧਰਤੀ ਦਾ ਮੁਕਟ”, “ਇਸ ਧਰਤੀ ‘ਤੇ ਰਹਿੰਦਿਆਂ”, “ਤਲਾਸ਼ ਜਾਰੀ ਹੈ”, “ਸੁਰਖ ਰਾਹਾਂ ਦੇ ਹਮਸਫ਼ਰ”, “ਦੀਵਿਆਂ ਦੀ ਡਾਰ”, “ਖਾਲੀ ਆਲ੍ਹਣਾ”, “ਚਾਲੀ ਦਿਨ”, “ਕੱਚੇ ਪੱਕੇ ਰਾਹ”, “ਅਦੀਬ ਸਮੁੰਦਰੋਂ ਪਾਰ ਦੇ”, “ਵੇਖਿਆ ਸ਼ਹਿਰ ਬੰਬਈ”, “ਹਾਲ ਉਠਾਈਂ ਕਹੀਏ”, “ਕੁੜੀ ਕਹਾਣੀ ਬਣਦੀ ਗਈ”, “ਤਰਕਸ਼”, “ਸਤਨਾਜਾ” ਅਤੇ “ਰਾਵਣ ਹੀ ਰਾਵਣ” ਵਰਗੀਆਂ ਰਚਨਾਵਾਂ ਸ਼ਾਮਲ ਹਨ। ਇਹ ਸੂਚੀ ਸਿਰਫ਼ ਨਾਮਾਂ ਦੀ ਗਿਣਤੀ ਨਹੀਂ, ਬਲਕਿ ਪੰਜਾਬੀ ਸਾਹਿਤ ਦੀ ਵਿਭਿੰਨ ਧਾਰਾਵਾਂ ਦਾ ਦਰਪਣ ਹੈ। ਡਾ. ਬਾਠ ਨੇ ਹਰ ਰਚਨਾ ਨੂੰ ਕੇਵਲ ਸਰਲ ਜਾਣਕਾਰੀ ਦੇ ਪੱਧਰ ‘ਤੇ ਨਹੀਂ ਪੜ੍ਹਿਆ, ਸਗੋਂ ਉਸ ਦੀ ਅੰਦਰੂਨੀ ਆਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਡਾ. ਬਾਠ ਦੀ ਸਮੀਖਿਆ ਕਲਾ ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਉਹ ਕਿਸੇ ਵੀ ਰਚਨਾ ਨੂੰ ਸਿਰਫ਼ ਸਿਧਾਂਤਕ ਅਲੋਚਨਾ ਦੇ ਸਾਂਚੇ ਵਿੱਚ ਨਹੀਂ ਫਸਾਉਂਦਾ। ਉਹ ਰਚਨਾ ਨੂੰ ਮਨੁੱਖੀ ਅਨੁਭਵਾਂ ਅਤੇ ਸਮਾਜਕ ਸੰਦਰਭਾਂ ਨਾਲ ਜੋੜ ਕੇ ਵੇਖਦਾ ਹੈ। ਉਦਾਹਰਣ ਵਜੋਂ ਪੁਸਤਕ “ਲਾਹੌਰ ਦੀ ਫਿਜ਼ਾ” ਦੀ ਸਮੀਖਿਆ ਕਰਦਿਆਂ ਉਹ ਸਿਰਫ਼ ਯਾਤਰਾ-ਵ੍ਰਿਤਾਂਤ ਦੇ ਵੇਰਵਿਆਂ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਵੰਡ ਦੀ ਪੀੜ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਵੀ ਉਜਾਗਰ ਕਰਦਾ ਹੈ। ਇਸੇ ਤਰ੍ਹਾਂ “ਹਾਜ਼ਰ-ਗੈਰਹਾਜ਼ਰ” ਵਰਗੀ ਰਚਨਾ ਬਾਰੇ ਗੱਲ ਕਰਦਿਆਂ ਉਹ ਯਾਦਾਂ ਅਤੇ ਇਤਿਹਾਸ ਦੇ ਆਪਸੀ ਸੰਬੰਧ ਨੂੰ ਰੌਸ਼ਨ ਕਰਦਾ ਹੈ। ‘ਅੱਖਰਵਿਤਾ’ ਵਿਚ ਉਹ ਕਾਵਿ ਦੀ ਬਣਤਰ ਅਤੇ ਭਾਸ਼ਾਈ ਪ੍ਰਯੋਗਾਂ ‘ਤੇ ਵਿਸ਼ੇਸ਼ ਧਿਆਨ ਦਿੰਦਾ ਹੈ। ਉਹ ਦਰਸਾਉਂਦਾ ਹੈ ਕਿ ਆਧੁਨਿਕ ਕਾਵਿ ਵਿਚ ਪ੍ਰਯੋਗਸ਼ੀਲਤਾ ਕਿਵੇਂ ਨਵੇਂ ਰਾਹ ਖੋਲ੍ਹ ਸਕਦੀ ਹੈ। ਅਜਿਹੀ ਪੜਚੋਲ ਵਿਚ ਲੇਖਕ ਦੀ ਆਲੋਚਨਾਤਮਕ ਦ੍ਰਿਸ਼ਟੀ ਅਤੇ ਭਾਸ਼ਾਈ ਸੰਵੇਦਨਸ਼ੀਲਤਾ ਉਘੜਵੇਂ ਰੂਪ ਵਿਚ ਰੂਪਮਾਨ ਹੁੰਦੀ ਹੈ। ‘ਨਾਰਥ ਪੋਲ-ਧਰਤੀ ਦਾ ਮੁਕਟ’ ਵਿਚ ਵਿਦਵਾਨ ਆਲੋਚਕ ਯਾਤਰਾ-ਵ੍ਰਿਤਾਂਤ ਦੀ ਗੱਲ ਕਰਦਾ ਹੋਇਆ ਸਫਰ ਦੇ ਬਿਰਤਾਂਤ ਦੀ ਗੱਲ ਕਰਦਾ ਹੋਇਆ ਵਿਗਿਆਨਕ ਅਤੇ ਭੂਗੋਲਿਕ ਪੱਖਾਂ ਨੂੰ ਵੀ ਸਮਝਣ ਦਾ ਯਤਨ ਕਰਦਾ ਹੈ ਅਤੇ ਉਸ ਅਣਜਾਣ ਅਤੇ ਅਣੋਖੀ ਧਰਤੀ ਨੂਂ ਅਜਿਹੇ ਢੰਗ ਨਾਲ ਪੇਸ਼ ਕਰਦਾ ਹੈ ਕਿ ਪੜਚੋਲ ਪੜ੍ਹਨ ਵਾਲੇ ਪਾਠਕ ਆਪ ਉਸ ਧਰਤੀ ਤੇ ਪਹੁੰਚੇ ਮਹਿਸੂਸ ਕਰਦੇ ਹਨ। ਅਜਿਹੀ ਆਲੋਚਨਾ ਕਹਾਣੀ ਜਾਂ ਨਾਵਲ ਦੇ ਕਹਾਣੀ ਰਸ ਵਰਗੀ ਜਾਪਦੀ ਹੈ। ‘ਕੱਚੇ-ਪੱਕੇ ਰਾਹ’ ਦੀ ਪੜਚੋਲ ਦੌਰਾਨ ਡਾ. ਬਾਠ ਮਨੁੱਖੀ ਸੰਘਰਸ਼ ਅਤੇ ਜੀਵਨ ਯਾਤਰਾ ਦੇ ਅਰਥਾਂ ਨੂੰ ਵੀ ਉਭਾਰਦਾ ਹੈ।
ਪ੍ਸਤੁਤ ਪੁਸਤਕ ਦੀਆਂ ਕੁਝ ਹੋਰ ਸਮੀਖਿਆਵਾਂ, ਜਿਵੇਂ “ਤਰਕਸ਼”, “ਸਤਨਾਜਾ” ਅਤੇ “ਰਾਵਣ ਹੀ ਰਾਵਣ”, ਵਿੱਚ ਡਾ. ਬਾਠ ਦੀ ਲਿਖਤ ਹੋਰ ਵੀ ਸੰਵੇਦਨਸ਼ੀਲ ਹੋ ਜਾਂਦੀ ਹੈ। ਇਨ੍ਹਾਂ ਰਚਨਾਵਾਂ ਬਾਰੇ ਲਿਖਦਿਆਂ ਉਹ ਕਈ ਵਾਰ ਆਪਣੇ ਅੰਦਰਲੇ ਕਵੀ ਨੂੰ ਵੀ ਬੋਲਣ ਦਿੰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਸਮੀਖਿਆ ਕਈ ਥਾਵਾਂ ‘ਤੇ ਨੀਰਸ ਜਿਹੀ ਅਲੋਚਨਾ ਹੀ ਨਹੀਂ ਰਹਿੰਦੀ, ਬਲਕਿ ਇੱਕ ਰਚਨਾਤਮਕ ਲਿਖਤ ਦਾ ਰੂਪ ਧਾਰ ਲੈਂਦੀ ਹੈ। ਇਸ ਪੁਸਤਕ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਡਾ. ਬਾਠ ਹਰ ਕਿਤਾਬ ਲਈ ਦਿੱਤੇ ਸਿਰਲੇਖਾਂ ਰਾਹੀਂ ਹੀ ਉਸ ਦੀ ਰੂਹ ਨੂੰ ਪਕੜਣ ਦਾ ਯਤਨ ਕਰਦਾ ਹੈ। ਇਹ ਸਿਰਲੇਖ ਸਿਰਫ਼ ਆਕਰਸ਼ਕ ਨਹੀਂ, ਸਗੋਂ ਪੂਰੀ ਰਚਨਾ ਦਾ ਸੰਕੇਤਕ ਨਿਚੋੜ ਵੀ ਹੁੰਦੇ ਹਨ। ਇਸ ਤਰੀਕੇ ਨਾਲ ਪਾਠਕ ਨੂੰ ਰਚਨਾ ਦੇ ਮੂਲ ਭਾਵ ਤੱਕ ਪਹੁੰਚਣ ਵਿੱਚ ਆਸਾਨੀ ਹੁੰਦੀ ਹੈ। ਸਾਰ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ “ਸਮੇਂ ਦਾ ਸਾਹਿਤ” ਸਿਰਫ਼ ਇੱਕ ਸਮੀਖਿਆ ਪੁਸਤਕ ਨਹੀਂ, ਬਲਕਿ ਸਮਕਾਲੀ ਪੰਜਾਬੀ ਸਾਹਿਤ ਨਾਲ ਇੱਕ ਗੰਭੀਰ ਸੰਵਾਦ ਹੈ। ਉਸਦੀ ਆਲੋਚਨਾ ਸਿਰਫ ਸੰਬੰਧਤ ਪੁਸਤਕ ਦੀ ਸਤਹੀ ਜਿਹੀ ਜਾਣਕਾਰੀ ਹੀ ਪ੍ਰਦਾਨ ਨਹੀਂ ਕਰਦੀ, ਸਗੋਂ ਪੁਸਤਕ ਦੀ ਰੂਹ ਤੱਕ ਪਹੁੰਚਣ ਦਾ ਯਤਨ ਕਰਦੀ ਹੈ। ਡਾ. ਕੁਲਵਿੰਦਰ ਸਿੰਘ ਬਾਠ ਨੇ ਇਸ ਰਚਨਾ ਰਾਹੀਂ ਇਹ ਸਾਬਤ ਕੀਤਾ ਹੈ ਕਿ ਇੱਕ ਸਚਾ ਪਾਠਕ ਹੀ ਇੱਕ ਵਧੀਆ ਸਮੀਖਿਆਕਾਰ ਬਣ ਸਕਦਾ ਹੈ। ਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਸਾਹਿਤ ਦੇ ਪਾਠਕਾਂ ਲਈ ਰਚਨਾਵਾਂ ਨੂੰ ਸਮਝਣ ਵਿਚ ਸਹਾਇਤਾ ਵੀ ਕਰਦੀ ਹੈ। ਐੱਸ ਪ੍ਕਾਸ਼ਨ, ਦਿੱਲੀ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ 158 ਪੰਨਿਆ ਦੀ ਕੀਮਤ 425 ਰੁਪਏ ਹੈ।
ਰਵਿੰਦਰ ਸਿੰਘ ਸੋਢੀ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਡਾ. ਕੁਲਵਿੰਦਰ ਸਿੰਘ ਬਾਠ ਵਿਗਿਆਨ ਦੇ ਖੇਤਰ ਨਾਲ ਸੰਬੰਧਤ ਹੈ। ਪੇਸ਼ੇ ਦੇ ਤੌਰ ‘ਤੇ ਉਹ ਮਾਈਕਰੋ ਵਿਗਿਆਨੀ ਹੈ, ਪਰ ਉਸਦਾ ਮਨ ਸਾਹਿਤ ਨਾਲ ਵੀ ਨਾਲ ਜੁੜਿਆ ਹੋਇਆ ਹੈ। ਸਮਾਂ ਪਾ ਕੇ ਉਸਦਾ ਇਹ ਸ਼ੌਕ ਜਨੂੰਨ ਬਣ ਗਿਆ। ਸਵੇਰ ਤੋਂ ਸ਼ਾਮ ਤੱਕ ਉਹ ਰੁੱਖਾ ਜਿਹਾ ਵਿਸ਼ਾ ਕਹਿਣ ਵਾਲੇ ਵਿਗਿਆਨ ਦੇ ਖੇਤਰ ਜੁੜਿਆ ਰਹਿੰਦਾ ਹੈ ਅਤੇ ਉਧਰੋ ਵਿਹਲਾ ਹੁੰਦੇ ਹੀ ਰੇਲ ਗੱਡੀ ਦੇ ਕਾਂਟਾ ਬਦਲਣ ਵਾਂਗ ਸਾਹਿਤਕ ਰੁਚੀਆਂ ਨਾਲ ਜੁੜ ਜਾਂਦਾ ਹੈ। ਉਸ ਦਾ ਸਾਹਿਤਕ ਸ਼ੌਕ ਕਈ ਵਾਰ ਤਾਂ ਕੁਲ ਵਕਤੀ ਸਾਹਿਤਕਾਰਾਂ ਨੂੰ ਵੀ ਮਾਤ ਪਾਉਂਦਾ ਹੈ। ਉਸ ਦੀ ਕਵਿਤਾ ਵਿੱਚ ਲੋਹੜੇ ਦੀ ਕਾਵਿਕਤਾ ਹੈ, ਵਾਰਤਕ ਵਿੱਚ ਕਹਾਣੀ ਰਸ ਡੁੱਲ-ਡੁੱਲ ਪੈਂਦਾ ਹੈ, ਕਹਾਣੀ ਵਿੱਚ ਕਾਵਿਕ ਰੰਗਣ ਦੀ ਸੁਗੰਧ ਹੁੰਦੀ ਹੈ ਅਤੇ ਜਦੋਂ ਉਹ ਅਲੋਚਨਾ ਦੇ ਖੇਤਰ ਵਿੱਚ ਕਦਮ ਰੱਖਦਾ ਹੈ ਤਾਂ ਜਿਵੇਂ ਉਸਦਾ ਤੀਜਾ ਨੇਤਰ ਖੁਲ੍ਹ ਜਾਂਦਾ ਹੈ। ਇਹ ਗੁਣ ਉਸ ਨੂੰ ਇੱਕ ਸੰਵੇਦਨਸ਼ੀਲ ਅਤੇ ਸੁਚੇਤ ਸਮੀਖਿਆਕਾਰ ਵਜੋਂ ਸਥਾਪਤ ਕਰਦੇ ਹਨ।
“ਅਲਵਿਦਾ! ਕਦੇ ਵੀ ਨਹੀਂ”, “The Bleeding Women” ਦੀ ਸਮੀਖਿਆ ਵਿੱਚ ਡਾ. ਬਾਠ ਦੀ ਵਿਸ਼ਲੇਸ਼ਣਕ ਦ੍ਰਿਸ਼ਟੀ ਹੋਰ ਵੀ ਤੀਖੀ ਹੋ ਜਾਂਦੀ ਹੈ। ਇੱਥੇ ਉਹ ਕੇਵਲ ਰਚਨਾ ਦ ਕਥਾ ਜਾਂ ਵਿਸ਼ੇ ਤੱਕ ਹੀ ਨਹੀਂ ਰੁਕਦਾ, ਸਗੋਂ ਉਸ ਦੀ ਭਾਵਾਤਮਕ ਗਹਿਰਾਈ, ਸਮਾਜਕ ਸੰਦੇਸ਼ ਅਤੇ ਕਲਾਤਮਕ ਸੰਰਚਨਾ ਨੂੰ ਵੀ ਪਰਖਦਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਇੱਕ ਪੱਕੇ ਅਤੇ ਤਜਰਬੇਕਾਰ ਪਾਠਕ ਦੀ ਨਜ਼ਰ ਨਾਲ ਰਚਨਾ ਨੂੰ ਸਮਝਣ ਦਾ ਯਤਨ ਕਰਦਾ ਹੈ। ਪੁਸਤਕ ਪੜਚੋਲ ਦੀ ਅਜਿਹੀ ਵਿਧੀ ਤੋਂ ਪੰਜਾਬੀ ਦੇ ਬਹੁਤੇ ਰੀਵਿਊਕਾਰ ਦੂਰ ਹੀ ਰਹਿੰਦੇ ਹਨ।
