28 April 2024

ਇਹਦੀ ਸ਼ਾਨ ਨਵਾਬੀ — ਪ੍ਰੋ. ਨਵ ਸੰਗੀਤ ਸਿੰਘ 

ਇਹਦੀ ਸ਼ਾਨ ਨਵਾਬੀ
 

 

 

 

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ।
ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ।
ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ,
ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ,
ਪੰਜਾਬੀ ਇਨਸਾਨ ਬਣਾਇਆ, ਸਾਨੂੰ ਸਿਰਜਣਹਾਰ।
ਮਾਤ-ਭਾਸ਼ਾ ਦਾ…

ਇਸ ਭਾਸ਼ਾ ਵਿੱਚ ਫ਼ਰੀਦ, ਕਬੀਰ ਜੀ, ਰਚੇ ਨੇ ਕਈ ਸ਼ਲੋਕ,
ਦੇਸ਼-ਵਿਦੇਸ਼ ‘ਚ ਲੱਖਾਂ, ਏਹੋ ਬੋਲੀ ਬੋਲਣ ਲੋਕ,
ਉਨ੍ਹਾਂ ਦਰਵੇਸ਼ਾਂ ਜਿਹਾ ਹੋਵੇ, ਸਾਡਾ ਵੀ ਕਿਰਦਾਰ।
ਮਾਤ-ਭਾਸ਼ਾ ਦਾ…

ਗੁਰਬਾਣੀ ਤੇ ਸੂਫ਼ੀ ਕਵਿਤਾ, ਵਾਰਾਂ- ਕਿੱਸੇ- ਦੋਹੇ,
ਇਸ ਭਾਸ਼ਾ ਵਿੱਚ ਵਾਰਿਸ ਸ਼ਾਹ ਨੇ, ਇਸ਼ਕ ਦੇ ਨਗ਼ਮੇ ਛੋਹੇ,
ਵਿਚ ਪੰਜਾਬੀ ਲਿਖਿਆ ਪੀਲੂ, ਮੁਕਬਲ, ਅਹਿਮਦ ਯਾਰ।
ਮਾਤ-ਭਾਸ਼ਾ ਦਾ…

ਹਾਸ਼ਮ ਸ਼ਾਹ ਤੇ ਸ਼ਿਵ ਕੁਮਾਰ ਨੇ, ਲਿਖੇ ਨੇ ਬਿਰਹਾ ਗੀਤ,
ਏਸੇ ਭਾਸ਼ਾ ਵਿੱਚ ਲਿਖਦਾ ਹੈ, ਕਵਿਤਾ ‘ਨਵ ਸੰਗੀਤ’, 
ਸਾਰੇ ਨੇ ਪੰਜਾਬੀ, ਹਿੰਦੂ-ਮੁਸਲਿਮ ਤੇ ਸਰਦਾਰ।
ਮਾਤ-ਭਾਸ਼ਾ ਦਾ…

ਕਦੇ ਏਸਨੂੰ ਸਮਝ ਗੰਵਾਰੂ, ਪੈਰਾਂ ਵਿੱਚ ਹੈ ਰੋਲੀ,
ਬੋਲ ਕੇ ਵੇਖ ਪੰਜਾਬੀ ਭਾਸ਼ਾ, ਹੈ ਨਾ ਮਿਸ਼ਰੀ ਘੋਲੀ, 
ਮਾਂ-ਬੋਲੀ ਬੋਲਣ ਵਾਲੇ ਨੂੰ, ਨਾ ਪਾਈਏ ਫਿਟਕਾਰ।
ਮਾਤ-ਭਾਸ਼ਾ ਦਾ…

ਪਿਉ-ਦਾਦੇ ਦਾ ਖੋਲ੍ਹ ਵੇਖੀਏ, ਇਹ ਅਨਮੋਲ ਖ਼ਜ਼ਾਨਾ,
ਆਪਸ ਵਿੱਚ ਪੰਜਾਬੀ ਬੋਲੋ, ਕੋਈ ਨਾ ਦਿਸੇ ਬੇਗਾਨਾ,
ਮਾਂ-ਬੋਲੀ ਦਾ ਉੱਚਾ ਰੁਤਬਾ, ਵਿਰਸਾ, ਸਭਿਆਚਾਰ।
ਮਾਤ-ਭਾਸ਼ਾ ਦਾ…

ਜਨਮ-ਮਰਨ ਤੇ ਵਿਆਹ ਦੇ ਮੌਕੇ, ਜਾਂ ਫਿਰ ਖ਼ੁਸ਼ੀ-ਗ਼ਮੀ ਵਿੱਚ,
ਇਹੋ ਭਾਸ਼ਾ ਤ੍ਰਿਪਤੀ ਦੇਵੇ, ਸਾਨੂੰ ਖੁਸ਼ਕ-ਨਮੀ ਵਿੱਚ,
ਗਿਣੇ ਨਾ ਜਾਵਣ ਮਾਂ-ਬੋਲੀ ਦੇ, ਕਿੰਨੇ ਨੇ ਉਪਕਾਰ।
ਮਾਤ-ਭਾਸ਼ਾ ਦਾ…

ਵਿੱਚ ਸੰਸਾਰ ਦੇ ਇਸ ਭਾਸ਼ਾ ਨੂੰ, ਮਿਲਿਆ ਉੱਚਾ ਦਰਜਾ,
ਮੰਨੀਏ ਖ਼ੁਦ ਨੂੰ ਜੇ ਪੰਜਾਬੀ, ਬਿਨ ਇਹਦੇ ਨਾ ਸਰਦਾ,
ਰਫ਼ਤਾ-ਰਫ਼ਤਾ ਕਰਕੇ ਇਸ ਦੀ, ਤੇਜ਼ ਹੋਈ ਰਫ਼ਤਾਰ।
ਮਾਤ-ਭਾਸ਼ਾ ਦਾ…

ਕੁਝ ਪਡ਼੍ਹਦੇ ਅਖ਼ਬਾਰ ਰਸਾਲੇ, ਪੜ੍ਹਨ ਕਈ ਗੁਰਬਾਣੀ,
ਮਾਂ-ਬੋਲੀ ਪੰਜਾਬੀ ਸਾਡੀ, ਗੱਲ ਇਹ ਸੱਚੀ ਜਾਣੀ, 
ਦੇਸ਼-ਵਿਦੇਸ਼ੀਂ ਬੋਲਣ, ਮੰਦਿਰ-ਮਸਜਿਦ-ਗੁਰ ਦਰਬਾਰ।
ਮਾਤ-ਭਾਸ਼ਾ ਦਾ…

ਸਮਝੋ-ਸਿੱਖੋ ਹੋਰ ਬੋਲੀਆਂ, ਛੱਡੋ ਨਾ ਪੰਜਾਬੀ, 
‘ਰੂਹੀ’ ਉੱਚੀ ਆਖ ਸੁਣਾਵੇ: ਇਹਦੀ ਸ਼ਾਨ ਨਵਾਬੀ, 
ਮਾਂ-ਬੋਲੀ ਸੁਣ ਕੇ ਹੈ ਛਿੜਦੀ, ਕਣ ਕਣ ਵਿੱਚ ਝੁਣਕਾਰ।
ਮਾਤ-ਭਾਸ਼ਾ ਦਾ… 
***
# ਪੋਸਟਗ੍ਰੈਜੂਏਟ ਪੰਜਾਬੀ ਵਿਭਾਗ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ) 9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1306
***

About the author

ਪ੍ਰੋ. ਨਵ ਸੰਗੀਤ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →