8 July 2024

ਸਿਆਸੀ ਪਹੁੰਚ ਵਾਲੇ ਈਮਾਨਦਾਰ ਅਫ਼ਸਰ ਦਾ ਜ਼ਿੰਦਗੀਨਾਮਾ : ‘ਸਬੂਤੇ ਕਦਮੀਂ’— ਪ੍ਰੋ. ਨਵ ਸੰਗੀਤ ਸਿੰਘ

ਸਵੈਜੀਵਨੀ ਜਾਂ ਆਤਮਕਥਾ ਵਿੱਚ ਲੇਖਕ ਆਪਣੇ ਵਿਅਕਤਿਤਵ ਦਾ ਨਿਰਪੱਖ ਪ੍ਰਗਟਾਵਾ ਕਰਦਾ ਹੈ, ਜਿਸ ਵਿੱਚ ਉਹਦੇ ਗੁਣਾਂ/ਔਗੁਣਾਂ, ਚੰਗੇ/ਮਾੜੇ ਵਿਵਹਾਰ ਦਾ ਸਹੀ-ਸਹੀ ਨਿਰਵਾਹ ਕੀਤਾ ਜਾਂਦਾ ਹੈ। ਸਵੈਜੀਵਨੀ ਲਿਖਣ ਦੇ ਆਮ ਤੌਰ ਤੇ ਦੋ ਮੁੱਖ ਉਦੇਸ਼ ਮੰਨੇ ਗਏ ਹਨ- ਪਹਿਲਾ, ਸਵੈ-ਨਿਰਮਾਣ/ ਸਵੈ-ਪ੍ਰੀਖਿਆ/ਯਾਦਾਂ ਦੀ ਪੁਰਨ-ਸੁਰਜੀਤੀ/ਸੰਸਾਰਕ ਗੁੰਝਲਾਂ ਨੂੰ ਆਪਣੇ ਤੌਰ ਤੇ ਸੁਲਝਾਉਣਾ ਅਤੇ ਦੂਜਾ, ਲੇਖਕ ਦੇ ਅਨੁਭਵ ਤੋਂ ਦੂਜਿਆਂ ਨੂੰ ਸਿੱਖਿਆ/ਸੇਧ ਦੇਣਾ। ਪੰਜਾਬੀ ਵਿੱਚ ਪ੍ਰਿੰ. ਤੇਜਾ ਸਿੰਘ ਦੀ ਸਵੈਜੀਵਨੀ ‘ਆਰਸੀ’, ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ‘ਮੇਰੀ ਜੀਵਨ ਕਹਾਣੀ’, ਨਾਨਕ ਸਿੰਘ ਦੀ ‘ਮੇਰੀ ਦੁਨੀਆਂ’, ਅੰਮ੍ਰਿਤਾ ਪ੍ਰੀਤਮ ਦੀ ‘ਰਸੀਦੀ ਟਿਕਟ’, ਕਰਤਾਰ ਸਿੰਘ ਦੁੱਗਲ ਦੀ ‘ਕਿਸ ਪਹਿ ਖੋਲਹੁ ਗੰਠੜੀ’, ਪ੍ਰੋ. ਪੂਰਨ ਸਿੰਘ ਦੀ ‘ਆਤਮਕਥਾ’ ਤੋਂ ਲੈ ਕੇ ਨਰਿੰਦਰ ਸਿੰਘ ਕਪੂਰ ਦੀ ‘ਧੁੱਪੇ ਛਾਵੇਂ’ ਅਤੇ ਪ੍ਰੋ. ਬ੍ਰਹਮਜਗਦੀਸ਼ ਸਿੰਘ ਦੀ ‘ਕੀ ਜਾਣਾ ਮੈਂ ਕੌਣ’ ਇਸਦੇ ਉਤਕ੍ਰਿਸ਼ਟ ਨਮੂਨੇ ਹਨ।

20 ਮਈ 1949 ਨੂੰ ਪਿੰਡ ਕੱਦੋਂ (ਜ਼ਿਲ੍ਹਾ ਲੁਧਿਆਣਾ, ਤਹਿਸੀਲ ਦੋਰਾਹਾ) ਵਿਖੇ ਜਨਮੇ ਸ. ਉਜਾਗਰ ਸਿੰਘ ਆਪਣੇ ਮਾਤਾ-ਪਿਤਾ (ਗੁਰਦਿਆਲ ਕੌਰ ਤੇ ਅਰਜਨ ਸਿੰਘ) ਦੇ ਛੇ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਹਨ। ਰੀਵਿਊ ਅਧੀਨ ਸਵੈਜੀਵਨੀ (ਸਬੂਤ ਕਦਮੀਂ, ਕੈਲੀਬਰ ਪਬਲੀਕੇਸ਼ਨ ਪਟਿਆਲਾ, ਪੰਨੇ 93, ਮੁੱਲ 160/-) ਦੇ ਮੁੱਢ ਵਿੱਚ ਲੇਖਕ ਨੇ ਆਪਣੇ ਦਾਦੇ ਤੋਂ ਪੋਤੇ ਪੋਤੀਆਂ ਤੱਕ ਦਾ ਕੁਰਸੀਨਾਮਾ ਅੰਕਿਤ ਕੀਤਾ ਹੈ। ਐਮਏ ਪੰਜਾਬੀ ਤੇ ਗਿਆਨੀ ਦੀ ਪ੍ਰੀਖਿਆ ਪਾਸ ਕਰਕੇ ਲੇਖਕ ਨੇ ਕੁਝ ਸਮਾਂ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕ ਵਜੋਂ ਕੰਮ ਕੀਤਾ। ਫਿਰ ਸਥਾਈ ਤੌਰ ਤੇ ਨਿਬੰਧਕਾਰ (ਪੰਜਾਬੀ) ਵਜੋਂ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਸਕ੍ਰਿਪਟ ਰਾਈਟਰ, ਸਹਾਇਕ ਲੋਕ ਸੰਪਰਕ ਅਧਿਕਾਰੀ, ਸੂਚਨਾ ਤੇ ਲੋਕ ਸੰਪਰਕ ਅਧਿਕਾਰੀ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਪੀਆਰਓ ਪੰਜਾਬੀ, ਪੀਆਰਓ ਮੁੱਖ ਮੰਤਰੀ ਜਿਹੇ ਉੱਚ ਅਹੁਦਿਆਂ ਤੇ ਕਾਰਜ ਕਰਦਿਆਂ ਮਈ 2007 ਵਿੱਚ ਸੇਵਾਮੁਕਤ ਹੋਏ। ਸਰਕਾਰੀ ਮੈਗਜ਼ੀਨ ‘ਜਾਗ੍ਰਤੀ’ ਦੇ ਸਹਾਇਕ ਸੰਪਾਦਕ ਤੋਂ ਇਲਾਵਾ ਲੇਖਕ ਨੇ ‘ਵਹਿਣ’ ਅਤੇ ‘ਮਿੱਟੀ ਮਾਲਵੇ ਦੀ’ ਦੀ ਸੰਪਾਦਨਾ ਸਮੇਤ ਵੱਖ ਵੱਖ ਅਖ਼ਬਾਰਾਂ ਲਈ 500 ਤੋਂ ਵਧੇਰੇ ਸਾਹਿਤਕ, ਰਾਜਸੀ ਲੇਖ; 11 ਕਿਤਾਬਾਂ (8 ਵਾਰਤਕ, 3 ਸੰਪਾਦਿਤ) ਦੀ ਰਚਨਾ ਵੀ ਕੀਤੀ। ਲੇਖਕ ਕਾਲਜ ਲੈਕਚਰਾਰ ਲੱਗਣਾ ਚਾਹੁੰਦਾ ਸੀ ਪਰ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਉਹਨੂੰ ਗ਼ੈਰ-ਅਧਿਆਪਨ ਨੌਕਰੀ ਨਾਲ ਸਬਰ ਕਰਨਾ ਪਿਆ। ਆਪਣੇ ਸਾਹਿਤਕ ਸ਼ੌਕ ਨੂੰ ਉਨ੍ਹਾਂ ਨੇ ਕਿਤਾਬਾਂ, ਸੰਪਾਦਨਾ ਅਤੇ ਲੇਖਾਂ ਰਾਹੀਂ ਪੂਰਾ ਕੀਤਾ ਹੈ। ਅੱਜ ਪੌਣੀ ਸਦੀ ਦੀ ਉਮਰ ਵਿੱਚ ਵੀ ਉਹ ਪੱਤਰ-ਪੱਤ੍ਰਿਕਾਵਾਂ ਲਈ ਲਗਾਤਾਰ ਲਿਖ ਰਹੇ ਹਨ।

 ਸ. ਉਜਾਗਰ ਸਿੰਘ ਨੇ ਸਿਆਸੀ ਲੋਕਾਂ ਨਾਲ ਵਿਚਰਦਿਆਂ ਉਨ੍ਹਾਂ ਨਾਲ ਦੋਸਤੀਆਂ ਪੁਗਾਈਆਂ, ਜਿਨ੍ਹਾਂ ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਨਾਂ ਸਭ ਤੋਂ ਪ੍ਰਮੁੱਖ ਹੈ। ਇਨ੍ਹਾਂ ਤੋਂ ਬਿਨਾਂ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਕੈਪਟਨ ਅਮਰਿੰਦਰ ਸਿੰਘ, ਲਾਲ ਸਿੰਘ, ਸੰਤ ਰਾਮ ਸਿੰਗਲਾ, ਕੈਪਟਨ ਕੰਵਲਜੀਤ ਸਿੰਘ ਆਦਿ ਨਾਲ ਵੀ ਉਨ੍ਹਾਂ ਦੇ ਸੁਖਾਵੇਂ ਸੰਬੰਧ ਰਹੇ। ਬੇਅੰਤ ਸਿੰਘ ਨੇ ਲੇਖਕ ਨੂੰ ਪਾਇਲ ਤੋਂ ਚੋਣ ਲੜਨ ਲਈ ਵੀ ਜ਼ੋਰ ਪਾਇਆ ਪਰ ਲੇਖਕ ਨੇ ਨਿਮਰਤਾ ਸਹਿਤ ਇਨਕਾਰ ਕਰ ਦਿੱਤਾ। ਲੇਖਕ ਨੂੰ ਸਿਆਸਤਦਾਨਾਂ ਦੇ ਅੰਦਰਲੇ ਰਾਜ਼ ਅਤੇ ਅਸਲੀਅਤਾਂ ਦਾ ਵੀ ਪਤਾ ਸੀ। ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਗੱਲੋਂ ਖ਼ਫ਼ਾ ਹੋ ਕੇ ਲੇਖਕ ਨੂੰ ਧਮਕੀ ਦਿੱਤੀ, “ਬੰਦਾ ਬਣ ਜਾ, ਨਹੀਂ ਮੈਂ ਤੈਨੂੰ ਪੁੱਠਾ ਟੰਗ ਦਿਆਂਗਾ।” ਲੇਖਕ ਨੇ ਵੀ ਪੂਰੀ ਜ਼ੁੱਰਅਤ ਨਾਲ ਕਹਿ ਦਿੱਤਾ, “ਜੇ ਹਿੰਮਤ ਹੈ ਤਾਂ ਮੈਂ ਹੁਣੇ ਤੁਹਾਡੇ ਪੈਲੇਸ ਆ ਜਾਂਦਾ ਹਾਂ, ਪੁੱਠਾ ਟੰਗ ਕੇ ਵੇਖ ਲਿਓ।” ਇਹ ਸੁਣ ਕੇ ਕੈਪਟਨ ਠੰਡਾ ਪੈ ਗਿਆ। (ਪੰਨਾ 51) ਇਵੇਂ ਹੀ ਇੱਕ ਵਾਰ ਪ੍ਰਕਾਸ਼ ਸਿੰਘ ਬਾਦਲ ਪਟਿਆਲਾ ਜੇਲ੍ਹ ਵਿੱਚ ਸਨ ਤਾਂ ਸ. ਬੇਅੰਤ ਸਿੰਘ ਨੇ ਲੇਖਕ ਨੂੰ ਉਨ੍ਹਾਂ ਦਾ ਹਾਲਚਾਲ ਪੁੱਛਣ ਲਈ ਭੇਜਿਆ ਅਤੇ ਅਮਰਜੀਤ ਸਿੰਘ ਸਿੱਧੂ ਆਈਏਐੱਸ ਦੇ ਘਰੋਂ ਰੋਟੀ ਮੰਗਵਾਉਣ ਦੀ ਆਗਿਆ ਦੇ ਦਿੱਤੀ। ਲੇਖਕ ਨੇ ਸਪਸ਼ਟ ਕੀਤਾ ਹੈ ਕਿ ਸੁਲਝੇ ਸਿਆਸਤਦਾਨ ਸਿਆਸਤ ਨੂੰ ਨਿੱਜੀ ਕਿੜਾਂ ਕੱਢਣ ਲਈ ਨਹੀਂ ਸਨ ਵਰਤਦੇ। (ਪੰਨਾ 34) ਇਸੇ ਤਰ੍ਹਾਂ ਇੱਕ ਵਾਰ ਪੰਜਾਬ ਦੇ ਸੁਪਰ ਕੌਪ ਕੇਪੀਐੱਸ ਗਿੱਲ ਨਾਲ ਲੇਖਕ ਦਾ ਪੰਗਾ ਪੈ ਗਿਆ ਸੀ। (ਪੰਨਾ 38-40) ਲੇਖਕ ਨੇ ਸ. ਬੇਅੰਤ ਸਿੰਘ ਦੀ ਫ਼ਰਾਖ਼ਦਿਲੀ ਦੀਆਂ ਵੀ ਬਹੁਤ ਉਦਾਹਰਣਾਂ ਦਿੱਤੀਆਂ ਹਨ।

ਉਜਾਗਰ ਸਿੰਘ ਪਟਿਆਲਾ

 ਆਪਣੀ ਈਮਾਨਦਾਰੀ, ਲੜਕੀਆਂ/ਔਰਤਾਂ ਪ੍ਰਤੀ ਉਦਾਰ ਨਜ਼ਰੀਆ, ਨੌਕਰੀ ਤੋਂ ਬਰਖ਼ਾਸਤ ਕਰਨ ਦੀਆਂ ਮਿਲਣ ਵਾਲੀਆਂ ਧਮਕੀਆਂ, ਤਿੰਨ-ਚਾਰ ਭਿਆਨਕ ਹਾਦਸਿਆਂ, ਸੱਜੀ ਅੱਖ ਵਿੱਚ ਸਦੀਵੀ ਨੁਕਸ ਪੈਣਾ ਆਦਿ ਦਾ ਬੇਬਾਕ ਵਰਣਨ ਲੇਖਕ ਨੇ ਆਪਣੀ ਸਵੈਜੀਵਨੀ ਵਿੱਚ ਕੀਤਾ ਹੈ।

ਸੇਵਾਮੁਕਤੀ ਪਿੱਛੋਂ ਲੇਖਕ ਨੇ ਸਮਾਜ ਸੇਵਾ ਦੇ ਕੰਮਾਂ ਵਿੱਚ ਖ਼ੁਦ ਨੂੰ ਮਸਰੂਫ਼ ਕਰ ਲਿਆ ਹੈ। ਵਾਤਾਵਰਣ, ਸੋਸ਼ਲ ਵੈੱਲਫ਼ੇਅਰ, ਪੰਜਾਬੀ ਸੱਥ, ਸੀਨੀਅਰ ਸਿਟੀਜ਼ਨ, ਵਿਦਿਅਕ ਟਰੱਸਟ, ਕਲਚਰਲ ਫੋਰੱਮ, ਧਾਰਮਿਕ ਗਤੀਵਿਧੀਆਂ ਆਦਿ ਨਾਲ ਸੰਬੰਧਿਤ ਹੋ ਕੇ ਲੇਖਕ ਪਟਿਆਲਾ ਦੇ ਅਰਬਨ ਐਸਟੇਟ ਵਿਖੇ ਆਪਣੇ ਪਰਿਵਾਰ ਨਾਲ ਸ਼ਾਂਤਮਈ ਤੇ ਖ਼ੁਸ਼ਨੁਮਾ ਜ਼ਿੰਦਗੀ ਬਸਰ ਕਰ ਰਿਹਾ ਹੈ।

ਅਸਲ ਵਿੱਚ ‘ਸਬੂਤੇ ਕਦਮੀਂ’ ਰਾਹੀਂ ਲੇਖਕ ਦ‍ਾ ਰਾਜਸੀਤੰਤਰ ਨਾਲ ਮੇਲਜੋਲ ਪ੍ਰਾਥਮਿਕ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਕਰਕੇ ਸ. ਉਜਾਗਰ ਸਿੰਘ ਦੀ ਸ਼ਖ਼ਸੀਅਤ ਦੇ ਹੋਰ ਗੌਲਣਯੋਗ ਪਹਿਲੂ ਦੱਬ ਕੇ ਰਹਿ ਗਏ ਹਨ। ਤਾਂ ਵੀ ਨਿੱਕੇ ਨਿੱਕੇ ਸਿਰਲੇਖਾਂ ਰਾਹੀਂ ਲੇਖਕ ਨੇ ਆਪਣੀ ਜ਼ਿੰਦਗੀ ਦੇ ਮਹੱਤਵਪੂਰਣ ਕਾਰਜਾਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਇਹ ਸਵੈਜੀਵਨੀ ਪੰਜਾਬੀ ਵਿੱਚ ਲਿਖੀਆਂ ਹੋਰ ਸਵੈਜੀਵਨੀਆਂ ਨਾਲੋਂ ਬਿਲਕੁਲ ਵੱਖਰੀ ਭਾਂਤ ਦੀ ਹੈ, ਜਿਸ ਵਿੱਚੋਂ ਲੇਖਕ ਦੇ ਸਿਆਸੀ ਤਾਲਮੇਲ, ਉੱਚ ਚਰਿੱਤਰ, ਬੇਲਾਗ ਸ਼ਖ਼ਸੀਅਤ, ਈਮਾਨਦਾਰ ਅਫ਼ਸਰ, ਸਖ਼ਤ ਮਿਹਨਤ, ਦ੍ਰਿੜ ਇਰਾਦੇ ਅਤੇ ਸੰਘਰਸ਼ ਦੀ ਨਿਸ਼ਾਨਦੇਹੀ ਹੁੰਦੀ ਹੈ। ਪੰਜਾਬੀ ਸਵੈਜੀਵਨੀ ਸਾਹਿਤ ਵਿੱਚ ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।
***
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
941769205. 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1369
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →