4 November 2025

ਵਾਰਤਕ, ਕਹਾਣੀ, ਕਵਿਤਾ ਦਾ ਸੁਹਜਮਈ ਸੁਮੇਲ: ਕੁਲਵਿੰਦਰ ਸਿੰਘ ਬਾਠ ਦੀ ‘ਤਾਣੇ-ਬਾਣੇ’—- ਰਵਿੰਦਰ ਸਿੰਘ ਸੋਢੀ

ਇਕ ਪੜ੍ਹਨਯੋਗ ਪੁਸਤਕ

ਵਾਰਤਕ, ਕਹਾਣੀ, ਕਵਿਤਾ ਦਾ ਸੁਹਜਮਈ ਸੁਮੇਲ: ਕੁਲਵਿੰਦਰ ਸਿੰਘ ਬਾਠ ਦੀਤਾਣੇਬਾਣੇ

-ਰਵਿੰਦਰ ਸਿੰਘ ਸੋਢੀ-

ਪੰਜਾਬੀ ਪਾਠਕਾਂ ਲਈ ਡਾ. ਕੁਲਵਿੰਦਰ ਸਿੰਘ ਬਾਠ ਸ਼ਾਇਦ ਨਵਾਂ ਨਾਂ ਹੋਵੇ ਕਿਉਂਕਿ ਪ੍ਰਸਤੁਤ ਪੁਸਤਕ ਤੋਂ ਪਹਿਲਾਂ ਉਸਦਾ ਇਕ ਕਾਵਿ ਸੰਗ੍ਰਹਿ ‘ਜ਼ਿੰਦਾਦਿਲੀ’ ਹੀ ਪ੍ਰਕਾਸ਼ਿਤ ਹੋਇਆ ਹੈ, ਪਰ ਪੰਜਾਬੀ ਲੇਖਕਾਂ ਲਈ ਇਹ ਨਾਂ ਓਪਰਾ ਨਹੀਂ, ਕਿਉਂਕਿ ਸਾਹਿਤਕ ਪੁਸਤਕਾਂ ਦੇ ਰਿਵਿਊ ਕਰਨ ਵਿਚ ਉਹ ਇਕ ਵਿਸ਼ੇਸ਼ ਮੁਕਾਮ ਹਾਸਲ ਕਰ ਚੁੱਕਿਆ ਹੈ। ਭਾਵੇਂ ਕੁਲਵਿੰਦਰ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ ਅਤੇ ਅੱਜ ਕੱਲ ਅਮਰਿਕਾ ਰਹਿੰਦਾ ਹੋਇਆ ਵੀ ਉਹ ਵਿਗਿਆਨ (ਮਾਈਕਰੋ ਬਾਇਲੌਜੀ) ਦੇ ਖੇਤਰ ਵਿਚ ਕਾਰਜਸ਼ੀਲ ਹੈ ਅਤੇ ਪੰਜਾਬੀ ਤਾਂ ਉਸਨੇ ਸਕੂਲ ਦੇ ਸਮੇਂ ਹੀ ਪੜ੍ਹੀ ਸੀ, ਪਰ ਪਤਾ ਨਹੀਂ ਉਹ ਪੰਜਾਬੀ ਦੀ ਉੱਚ ਪੜ੍ਹਾਈ ਕੀਤੇ ਕਈ ਅਖੌਤੀ ਵਿਦਵਾਨਾਂ ਨਾਲੋਂ ਵਧੀਆ ਪੰਜਾਬੀ ਕਿਵੇਂ ਲਿਖ ਲੈਂਦਾ ਹੈ?

ਪੁਸਤਕ ਦੇ ਨਾਂ ‘ਤਾਣੇ-ਬਾਣੇ’ ਦੇ ਨਾਲ ਉਸਨੇ ਵਾਰਤਕ ਸ਼ਬਦ ਲਿਖਿਆ ਹੈ, ਪਰ ਪੁਸਤਕ ਦੇ ਅਧਿਐਨ ਸਮੇਂ ਮੈਨੂੰ ਇਹ ਹੈਰਾਨੀ ਹੋ ਰਹੀ ਸੀ ਕਿ ਕੋਈ ਨਵਾਂ ਲੇਖਕ ਆਪਣੀ ਪਹਿਲੀ ਹੀ ਵਾਰਤਕ ਪੁਸਤਕ ਵਿਚ ਅਜਿਹੀ ਪ੍ਰਪੱਕ ਵਾਰਤਕ ਸ਼ੈਲੀ ਕਿਵੇਂ ਵਰਤ ਸਕਦਾ ਹੈ? ਵਾਰਤਕ ਸ਼ੈਲੀ ਦੇ ਨਾਲ-ਨਾਲ ਜਿਵੇਂ ਉਸਨੇ ਵਾਰਤਕ ਵਿਚ ਕਹਾਣੀ ਰਸ ਪੈਦਾ ਕੀਤਾ ਹੈ, ਕਾਵਿਕ ਰੰਗਣ ਦੀ ਪੁੱਠ ਚਾੜੀ ਹੈ, ਹਾਸ-ਰਸ ਪੈਦਾ ਕੀਤਾ ਹੈ ਅਤੇ ਵਿਅੰਗ-ਬਾਣ ਚਲਾਏ ਹਨ, ਗੁਰਬਾਣੀ ਵਿਚੋਂ ਢੁਕਵੀਆਂ ਉਦਾਹਰਣਾਂ ਦੇ ਕੇ ਕਈ ਥਾਂ ਗੁਰਬਾਣੀ ਦੇ ਸ਼ਾਬਦਿਕ ਅਰਥਾਂ ਨਾਲੋਂ ਨਵੇਂ ਸਿਰੇ ਤੋਂ ਵਿਆਖਿਆ ਕੀਤੀ ਹੈ ਅਤੇ ਮੁਹਾਵਰਿਆਂ, ਅਖਾਣਾ ਦੀ ਵਰਤੋਂ ਕਰਕੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ, ਉਹ ਕਾਬਲੇ ਤਾਰੀਫ਼ ਵੀ ਹੈ ਅਤੇ ਮੇਰੇ ਵਰਗੇ ਕਲਮ ਝਰੀਟ ਲਈ ਕਾਬਲੇ ਰਖ਼ਸ਼ ਵੀ।

ਪ੍ਰਸਤੁਤ ਪੁਸਤਕ ਵਿਚ ਡਾ. ਬਾਠ ਨੇ 42 ਵੱਖ-ਵੱਖ ਵਿਸ਼ਿਆਂ ਤੇ ਲੇਖ ਲਿਖੇ ਹਨ, ਇਹਨਾਂ ਵਿਚੋਂ ਕੁਝ ਤਾਂ ਨਿੱਕੀਆਂ ਕਹਾਣੀਆਂ ਦਾ ਰੂਪ ਹੀ ਹਨ। ਇਹ ਕਹਾਣੀਆਂ ਅਸਲ ਵਿਚ ਉਸਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਤੇ ਅਧਾਰਿਤ ਹਨ, ਜਿੰਨਾਂ ਨੂੰ ਉਸਨੇ ਆਪਣੇ ਨਵੇਕਲੇ ਅੰਦਾਜ਼ ਵਿਚ ਕਲਮ ਬਦ ਕਰਕੇ ਯਾਦਗਾਰੀ ਬਣਾ ਦਿੱਤਾ ਹੈ। ਇਹ ਕਹਾਣੀਆਂ ਮਿੰਨੀ ਕਹਾਣੀਆਂ ਨਾਲੋਂ ਵੱਡੀਆਂ ਹਨ ਅਤੇ ਆਮ ਕਹਾਣੀਆਂ ਨਾਲੋਂ ਛੋਟੀਆਂ, ਪਰ ਪੜ੍ਹਨ ਵਾਲੇ ਤੇ ਇਹਨਾਂ ਦਾ ਪ੍ਰਭਾਵ ਥਿਰ ਜੀਵੀ ਹੈ। ਲੇਖ ਵੀ ਸੰਖੇਪ ਹਨ। ਅਜਿਹੇ ਲੇਖਾਂ ਨੂੰ ਪ੍ਰਸਿੱਧ ਪੰਜਾਬੀ ਲੇਖਕ ਡਾ. ਕੁਲਬੀਰ ਸਿੰਘ ਕਾਂਗ ਨੇ ਕਦੇ ‘ਲਲਿਤ ਨਿਬੰਧ’ ਦਾ ਨਾਂ ਦਿੱਤਾ ਸੀ। ਕੁਝ ਲੇਖਕ ਅਜਿਹੇ ਲੇਖਾਂ ਨੂੰ ‘ਲਘੂ ਨਿਬੰਧ’ ਵੀ ਕਹਿੰਦੇ ਹਨ।

ਇਸ ਪੁਸਤਕ ਵਿਚ ਸ਼ਾਮਲ ਕੀਤੀਆਂ ਕਹਾਣੀਆਂ ਦੀ ਗੱਲ ਕਰੀਏ ਤਾਂ ਜੋਬਨ ਰੁੱਤੇ ਵਿੱਛੜ ਗਿਆਂ ਦਾ ਦਰਦ, ਰਾਜੋ, ਇਹਨਾਂ ਪੰਡਾਂ ਦਾ ਕੀ ਕਰੀਏ, ਹੁਕਮਾ, ‘ਦ ਬਿੱਗ ਸਟੋਰੀ ਟੈਲਰ, ਤੁਸੀਂ ਤਾਂ ਭਾਗਾਂ ਵਾਲੇ ਹੋ ਬਾਦਸ਼ਾਹੋ!, ਅੰਦਾਜ਼ ਆਪਣਾ ਆਪਣਾ…, ਡਰ-ਡਰ ਕੇ ਜੀਵਨ ਜਿਉਂਦਿਆਂ, ਪਿੰਡ ਨੂੰ ਜਾਂਦੀ ਆਖਰੀ ਬੱਸ, ਮੇਰੇ ਪੇਂਡੂ ਦੇ ਸਹੁਰਾ ਸਾਹਿਬ, ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ, ਕੁੱਤੇ ਝੱਗੀ ਅਤੇ ਬਾਬੇ ਦੀ ਮਾਇਆ-ਝੱਗੀ ਆਦਿ ਅਸਲ ਵਿਚ ਲੇਖਕ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ‘ਤੇ ਅਧਾਰਿਤ ਕਹਾਣੀਆਂ ਹਨ ਅਤੇ ਜਾਂ ਇਹ ਵੀ ਹੋ ਸਕਦਾ ਹੈ ਕਿ ਡਾ. ਬਾਠ ਨੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਦੇ ਤੌਰ ਤੇ ਪੇਸ਼ ਕਰ ਦਿੱਤਾ ਹੋਵੇ। ਇਹਨਾਂ ਦੋਹਾਂ ਵਿਚੋਂ ਕੋਈ ਗੱਲ ਵੀ ਸਹੀ ਹੋਵੇ ਲੇਖਕ ਦੀ ਇਸ ਗੱਲੋਂ  ਤਾਰੀਫ਼ ਕਰਨੀ ਬਣਦੀ ਹੈ ਕਿ ਉਸ ਵਿਚ ਇਕ ਵਧੀਆ ਕਹਾਣੀਕਾਰ ਵਰਗੀ ਕੁਦਰਤੀ ਕਲਾ ਹੈ ਅਤੇ ਮੇਰਾ ਖਿਆਲ ਹੈ ਕਿ ਜੇ ਉਹ ਕਹਾਣੀ ਰਚਨਾ ਵੱਲ ਵੀ ਕਦਮ ਪੁੱਟੇ ਤਾਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਵੀ ਵੱਡਾ ਮੁਕਾਮ ਹਾਸਲ ਕਰ ਸਕਦਾ ਹੈ।

‘ਜੋਬਨ ਰੁੱਤੇ ਵਿੱਛੜ ਗਿਆਂ ਦਾ ਦਰਦ’ ਇਕ ਦੁਖਾਂਤਕ ਕਹਾਣੀ ਹੈ, ਜੋ ਪਾਠਕਾਂ ਨੂੰ ਸੋਗਮਈ ਵਾਤਾਵਰਣ ਵਿਚ ਲੈ ਜਾਂਦੀ ਹੈ। ਹੁਕਮਾ ‘ਦ ਬਿੱਗ ਸਟੋਰੀ ਟੈਲਰ, ਮੇਰੇ ਪੇਂਡੂ ਦੇ ਸਹੁਰਾ ਸਾਹਿਬ, ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ ਆਦਿ ਪਾਤਰ  ਪ੍ਰਧਾਨ ਕਹਾਣੀਆਂ ਹਨ, ਜਿੰਨਾਂ ਦੇ ਮੁੱਖ ਪਾਤਰ ਲੰਮੇ ਸਮੇਂ ਤੱਕ ਵੀ ਪਾਠਕਾਂ ਨੂੰ ਯਾਦ ਰਹਿਣ ਵਾਲੇ ਹਨ। ‘ਪਿੰਡ ਨੂੰ ਜਾਂਦੀ ਆਖਰੀ ਬੱਸ’ ਵੈਸੇ ਤਾਂ ਸੱਚੀ ਘਟਨਾ ‘ਤੇ ਅਧਾਰਿਤ ਹੀ ਲੱਗਦੀ ਹੈ, ਪਰ ਜੇ ਕਾਲਪਨਿਕ ਵੀ ਹੋਵੇ ਤਾਂ ਵੀ ਡਾ. ਬਾਠ ਨੇ ਇਸ ਕਹਾਣੀ ਵਿਚ ਤਾਂਬੇ (ਕਲਪਨਾ) ‘ਤੇ ਸੋਨੇ (ਯਥਾਰਥ) ਦੀ ਅਜਿਹੀ ਪਰਤ ਚੜ੍ਹਾਈ ਹੈ ਕਿ ਇਹ ਪਰਤ ਸੋਨੇ ਨੂੰ ਵੀ ਮਾਤ ਪਾਉਂਦੀ ਹੈ। ਪੰਜਾਬ ਦੀਆਂ ਪਿੰਡਾਂ ਦੀਆਂ ਮਾੜੀਆਂ ਸੜਕਾਂ, ਬੱਸ ਚਾਲਕਾਂ ਦੀ ਅੰਨੇ ਵਾਹ ਡਰਾਇਵਰੀ ਅਤੇ ਪੇਂਡੂ ਪਾਤਰਾਂ ਨੂੰ ਹੂ-ਬ-ਹੂ ਚਿੱਤਰ ਦਿੱਤਾ ਹੈ। ਬੁੱਢੀ ਦਾ ਐਨਕ ਨੂੰ ‘ਸ਼ੀਸ਼ਾ’ ਕਹਿਣਾ ਅਤੇ ਲੇਖਕ ਵੱਲੋਂ ਬੁੱਢੀ ਦੇ ਸ਼ੀਸ਼ੇ ਸੰਬੰਧੀ ਮਨ ਵਿਚ ਫੁਰਦੇ ਖਿਆਲ ਪਾਠਕਾਂ ਦਾ ਮਨੋਰੰਜਨ ਕਰਦੇ ਹਨ।

‘ਤਾਣੇ-ਬਾਣੇ’ ਵਿਚਲੇ ਬਹੁਤੇ ਲੇਖ, ਲੇਖਕ ਦੇ ਪਿੰਡ ਵਿਚ ਬਿਤਾਏ ਸਮੇਂ, ਕਾਲਜ, ਯੂਨੀਵਰਸਿਟੀ ਦੇ ਵਿਦਿਆਰਥੀ ਜੀਵਨ ਅਤੇ ਉਸਦੇ ਪਰਵਾਸ ਸਮੇਂ ਦੀਆਂ ਦਿਲਚਸਪ ਯਾਦਾਂ ਨਾਲ ਸੰਬੰਧਿਤ ਹਨ। ਕਈ ਲੇਖ ਵੀ ਕਹਾਣੀ ਰਸ ਨਾਲ ਭਰਪੂਰ ਹਨ। ਆਮ ਤੌਰ ਤੇ ਪਾਠਕ ਲੇਖਾਂ ਦੀ ਪੁਸਤਕ ਤੋਂ ਦੂਰ ਇਸ ਲਈ ਰਹਿੰਦੇ ਹਨ ਕਿ ਲੇਖਾਂ ਦੇ ਨੀਰਸ ਜਿਹੇ ਵਿਸ਼ਿਆਂ ਤੋਂ ਉਹ ਜਲਦੀ ਹੀ ਉਕਤਾ ਜਾਂਦੇ ਹਨ, ਪਰ ਡਾ. ਕੁਲਵਿੰਦਰ ਸਿੰਘ ਬਾਠ ਦੇ ਲੇਖਾਂ ਦੇ ਵਿਸ਼ੇ ਦਿਲਚਸਪ ਹਨ, ਆਮ ਲੋਕਾਂ ਦੇ ਮਸਲਿਆ ਨਾਲ ਸੰਬੰਧਿਤ ਹਨ, ਜਿਸ ਕਾਰਨ ਪਾਠਕ ਉਹਨਾਂ ਨਾਲ ਜਲਦੀ ਹੀ ਇਕ-ਮਿਕ ਹੋ ਜਾਂਦੇ ਹਨ। ਅਸਲ ਵਿਚ ਜੇ ਲੇਖਕ ਆਪਣੇ ਲੇਖ ਦੇ ਵਿਸ਼ਿਆਂ ਨੂੰ ਲੋਕ ਮਸਲਿਆ ਨਾਲ ਜਾਂ ਆਪਣੇ ਆਲੇ-ਦੁਆਲੇ ਦੇ ਮਾਹੌਲ ਨਾਲ ਜੋੜਦਾ ਹੈ, ਉਹ ਆਮ ਪਾਠਕਾਂ ਵਿਚ ਜਿਆਦਾ ਪ੍ਰਵਾਣ ਵੀ ਚੜ੍ਹਦੇ ਹਨ ਅਤੇ ਪਸੰਦ ਵੀ ਕੀਤੇ ਜਾਂਦੇ ਹਨ।

‘ਤਾਣੇ-ਬਾਣੇ’ ਦੇ ਕੁਝ ਲੇਖ ਹਨ: –  ਜ਼ਿੰਦਗੀ ਦੇ ਸੁੰਦਰ ਅਤੇ ਯਾਦਗਾਰੀ ਪਲ (ਵਿਦਿਆਰਥੀ ਜੀਵਨ ਨਾਲ ਸੰਬੰਧਿਤ), ਗੱਲ ਐਥੇ ਈ… ਨਹੀਂ ਮੁੱਕ ਜਾਂਦੀ!, ਸ਼ਗਨਾਂ ਵਾਲਾ ਲਿਫ਼ਾਫ਼ਾ (ਵਿਦੇਸ਼ਾਂ ਵਿਚ ਇਮਾਨਦਾਰੀ ਅਤੇ ਪਰਵਾਸੀਆਂ ਵੱਲੋਂ ਆਪਣੀਆਂ ਆਦਤਾਂ ਤੋਂ ਵਿਦੇਸ਼ਾਂ ਵਿਚ ਵੀ ਬਾਜ ਨਾ ਆਉਣਾ), ਰਿਸ਼ਤਿਆਂ ਦੇ ਤਾਣੇ-ਬਾਣੇ ਦੀਆਂ ਤੰਦਾਂ (ਪੰਜਾਬੀਆਂ ਵਿਚ ਕੁਝ ਰਿਸ਼ਤੇਦਾਰੀਆਂ ਦਾ ਦਾਬਾ), ਜ਼ਰਾ ਸੰਭਲ ਕੇ ਬਈ (ਮਨੁੱਖ ਵਿਚ ਇਨਸਾਨੀਅਤ ਹੋਣੀ ਬਹੁਤ ਜ਼ਰੂਰੀ ਹੈ), ਮੇਰੇ ਪਰਵਾਸੀ ਜੀਵਨ ਦੇ ਸੰਘਰਸ਼ ਭਰੇ ਦਿਨ…(ਪਰਦੇਸ ਦਾ ਸੰਘਰਸ਼ਮਈ ਜੀਵਨ), ਚਿੱਤ ਚੇਤਿਆਂ ‘ਚ ਵੱਸਿਆ ਮੇਰਾ ਪਿੰਡ (ਪਿੰਡਾਂ ਦੀ ਬਦਲਦੀ ਨੁਹਾਰ ਅਤੇ ਪੰਜਾਬੀਆਂ ਵਿਚ ਦਿਖਾਵੇ ਦੀ ਰੁਚੀ), ਸਾਡੇ ਪਿੰਡ ਦਾ ਬੋਹੜ ਅਤੇ ਘੱਚਾ ਬੁੜਾ (ਪਿੰਡ ਵਿਚ ਬਜ਼ੁਰਗਾਂ ਦੀ ਸੱਥ ਸੰਬੰਧੀ), ਅੰਨੀ ਕੁਕੜੀ ਖਸ-ਖਸ ਦਾ ਚੋਗਾ (ਵਿਦਿਆਰਥੀ ਜੀਵਨ ਦੀਆਂ ਯਾਦਾਂ) ਆਦਿ। ਕਈ ਲੇਖਾਂ ਦੇ ਸਿਰਲੇਖ ਹੀ ਅਜਿਹੇ ਦਿਲ ਟੁੰਬਵੇਂ ਹਨ ਕਿ ਪਾਠਕ ਇਕੋ ਦਮ ਪੜ੍ਹਨ ਲਈ ਉਤਸੁਕ ਹੋ ਜਾਂਦਾ ਹੈ, ਜਿਵੇਂ: – ਕੁੱਤੇ-ਝੱਗੀ ਅਤੇ ਬਾਬੇ ਦੀ ਮਾਇਆ-ਝੱਗੀ, ਝੱਲ-ਵਲੱਲੀਆਂ ਗੱਲਾਂ, ਅੜਬ ਜਵਾਈ ਜਿਹੇ ਜੰਗਾਲ਼ ਖਾਧੇ ਜਿੰਦਰੇ, ਬੱਸ ਉਂਗਲੀ ਈ ਲੱਗ ਗਈ ਐਵੇਂ ਆਦਿ।

ਲੇਖਾਂ ਵਿਚ ਲੇਖ ਦੇ ਵਿਸ਼ੇ ਦੇ ਨਾਲ-ਨਾਲ ਲੇਖਕ ਦੀ ਗੱਲ ਕਰਨ ਦੀ ਕਲਾ ਭਾਵ ਉਸਦੀ ਸ਼ੈਲੀ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਚੰਗੀ ਸ਼ੈਲੀ ਘੱਟ ਮਹੱਤਵਪੂਰਨ ਵਿਸ਼ੇ ਨੂੰ ਵੀ ਰੌਚਕ ਬਣਾ ਦਿੰਦੀ ਹੈ, ਪਰ ਇਸਦੇ ਉਲਟ ਵਧੀਆ ਵਿਸ਼ੇ ਵਾਲਾ ਲੇਖ ਵੀ ਮਾੜੀ ਸ਼ੈਲੀ ਕਰ ਕੇ ਪੜ੍ਹਨਯੋਗ ਨਹੀਂ ਰਹਿੰਦਾ। ਮੈਂ ਪਾਠਕਾਂ ਨਾਲ ਡਾ. ਕੁਲਵਿੰਦਰ ਸਿੰਘ ਬਾਠ ਦੀਆਂ ਵਧੀਆ ਵਾਰਤਕ ਸ਼ੈਲੀ ਦੀਆਂ ਕੁਝ ਉਦਾਹਰਨਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ: ਸੱਚ ਤਾਂ ਇਹ ਹੈ ਕਿ ‘ਜੀਭ ਅਤੇ ਉਂਗਲੀ’ ਸਰੀਰ ਦੇ ਦੋ ਐਸੇ ਅੰਗ ਹਨ ਜੋ ਅਕਸਰ ਫਿਸਲਦੇ ਅਤੇ ਲੱਗਦੇ-ਲੁੱਗਦੇ ਈ ਰਹਿੰਦੇ ਆ ਜਾਂ ਫਿਰ ਫਿਸਲਣ/ਲੱਗਣ ਨੂੰ ਕਾਹਲੇ ਹੀ ਰਹਿੰਦੇ ਹਨ (ਬੱਸ ਉਂਗਲੀ ਈ ਲੱਗ ਗਈ ਐਵੇਂ); ਸਵਾਸ, ਆਸ, ਵਿਸ਼ਵਾਸ ਅਤੇ ਅਰਦਾਸ ਦਿਖਦੇ ਤਾਂ ਨਹੀਂ, ਪਰ ਜ਼ਿੰਦਗੀ ਨੂੰ ਨਰੋਏ ਅਤੇ ਚਲਦੇ ਰੱਖਣ ਵਿਚ ਬੜੇ ਸਹਾਈ ਹੁੰਦੇ ਹਨ (ਦੁਰਗਾ ਦਾਸ ਨਾ ਕਿਸੇ ਨੇ ਬਣ ਜਾਣਾ); ਉਹਨੂੰ ਭੌਂਕਦੇ ਸੁਣ ਕੇ ਗੁਆਂਢੀਆਂ ਦੇ ਕੁੱਤਿਆਂ ਨੇ ਵੀ ਖੌਰੂ ਪਾ ਦਿੱਤਾ। ਰਲ਼-ਮਿਲ ਕੇ ਮਾਹੌਲ ਇੰਜ ਬਣ ਗਿਆ ਜਿਵੇਂ ‘ਸਿਆਲੂ ਰੁੱਤ ਦੀਆਂ ਧੁੱਪਾਂ  ਵਿਚ ਪਿੰਡ ਦੀਆਂ ਹਰੀਆਂ ਕਣਕਾਂ ਅਤੇ ਕਮਾਦਾਂ ਵਿਚੋਂ ਸਹੇ, ਤਿੱਤਰ ਜਾਂ ਬਟੇਰੇ ਫੜਨ ਲਈ ਸ਼ਿਕਾਰੀ ਆਪਣੇ ਕੁੱਤਿਆਂ ਦਾ ਝੁੰਡ ਲੈ ਕੇ ਜਾਇਆ ਕਰਦੇ ਸਨ (ਆਪਣਿਆਂ ਦਾ ਤਾਣਾ-ਬਾਣਾ); ਪਕੌੜੇ ਨੂੰ ਢਿੱਡ ਵਿਚ ਸੁੱਟਦਿਆਂ ਹੀ ਫਿਰ ਦੋਹਾਂ ਹੱਥਾਂ ਨਾਲ ਆਪਣੀਆਂ ਮੁੱਛਾਂ ਨੂੰ ਖੱਬਿਉਂ ਅਤੇ ਸੱਜਿਉਂ ਖਿੱਚ ਕੇ ਇੱਕੋ ਜਿਹਾ ਕਰ ਕੇ ਉਹਨਾਂ ਨੇ ਆਪਣੀ ਲੰਬੀ ਅਤੇ ਸਫੇਦ ਮਖ਼ਮਲੀ ਦਾਹੜੀ ਨੂੰ ਹੇਠਾਂ ਢਿੱਡ ਵੱਲ ਨੂੰ ਖਿੱਚ ਕੇ ਉਹਦੇ ਵਲ਼ ਕੱਢੇ। ਚਾਹ ਦਾ ਕੱਪ ਚੁੱਕ ਕੇ ਇਕ ਲੰਮਾ ਅਤੇ ਫੁਰਰ-ਫੁਰਰ ਕਰਦਾ ਘੁੱਟ ਭਰਿਆ (ਮੇਰੇ ਪੇਂਡੂ ਦੇ ਸਹੁਰਾ ਸਾਹਿਬ) ਆਦਿ।

ਕੁਲਵਿੰਦਰ ਦੀ ਵਾਰਤਕ ਕਲਾ ਦੀ ਇਕ ਹੋਰ ਖੂਬੀ ਹੈ ਕਿ ਉਹ ਆਪਣੇ ਸ਼ਬਦਾਂ ਨਾਲ ਗੁੱਝਾ ਹਾਸ-ਰਸ ਪੈਦਾ ਕਰ ਦਿੰਦਾ ਹੈ। ਇਸ ਪੱਖੋਂ ਉਸਦਾ ਇਹ ਵਰਣਨ ਦੇਖਣ ਵਾਲਾ ਹੈ, “ਦੇਖਦੇ ਹੀ ਦੇਖਦੇ ਫੁੱਫੜ ਨੇ ਪਰੌਂਠੇ ਅਤੇ ਭੁਰਜੀ ਬੰਨੇ ਲਾ ਦਿੱਤੀ ਅਤੇ ਫੁਰਰ-ਫੁਰਰ ਕਰ ਕੇ ਲੱਤ ਜਿੱਡਾ ਲੱਸੀ ਦਾ ਗਲਾਸ ਵੀ ਇੱਕੋ ਸਾਹੇ ਚਾੜ੍ਹ ਲਿਆ। ਫੇਰ ਲੰਬਾ ਸਾਰਾ ਅਤੇ ‘ਗਿੱਲਾ ਡਕਾਰ’ ਮਾਰ ਕੇ ਕੜਾਹ ਵਾਲੇ ਛੰਨੇ ਤੇ ਟੁੱਟ ਕੇ ਪੈ ਗਿਆ… ਅਤੇ ‘ਕੜਾਹ ਸਵੀਟ ਡਿਸ਼’ ਵੀ ਬੰਨੇ ਲਾ ਦਿੱਤੀ। ਉਸਨੇ ਚਮਚਾ ਥਾਲ ਵਿਚ ਰੱਖ ਕੇ ਉਂਗਲੀ ਨਾਲ ਕੜਾਹ ਵਾਲੇ ਛੰਨੇ ਨੂੰ ਮਾਂਜਣ ਵਾਂਗ ਚਮਕਾ ਦਿੱਤਾ। ਰਸੋਈ ਵਿਚ ਕੱਲ੍ਹ ਦੀ ਬੇਹੀ ‘ਮਸਰਾਂ ਦੀ ਦਾਲ’ ਨਾਲ ਰੋਟੀ ‘ਅੰਦਰ ਸੁੱਟ’ ਜਦ ਹਰਦੇਵ, ਫੁੱਫੜ ਨੂੰ ਚਾਹ ਫੜਾਉਣ ਗਿਆ ਤਾਂ… ਫੁੱਫੜ ਬਰਸਾਤੀ ਡੱਡੂ ਅਤੇ ਸੂਰਾਂ ਦੇ ਖੌਰੂ ਪਾਉਣ ਵਾਂਗ ਬਦਲ-ਬਦਲ ਕੇ ਘੁਰਾੜੇ ਮਾਰ ਰਿਹਾ ਸੀ, ਦੇਸੀ ਆਂਡਿਆਂ ਦੀ ਭੁਰਜੀ ਅਤੇ ਦੇਸੀ ਘਿਓ ਦੇ ਕੜਾਹ ਦੀ ਦੇਗ ਦੀ ਘੂਕੀ ਨੇ … ਅੱਜ ਅੜਬ ਫੁੱੜੜ ਢਾਹ ਲਿਆ ਸੀ।” (ਰਿਸ਼ਤਿਆਂ ਦੇ ਤਾਣੇ ਬਾਣੇ ਦੀਆਂ ਤੰਦਾਂ)। ਲੇਖਕ ਦੀ ਵਿਅੰਗਕਲਾ ਵੀ ਦੇਖਣ ਵਾਲੀ ਹੈ–“ਹਰ ਰੋਜ਼ ਅਰਦਾਸ ਕਰਦੇ ਹਾਂ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਾਉਣਾ। ਇਹ ਬਚਾਉਣ ਦੀ ਜ਼ੁਮੇਵਾਰੀ ਵੀ ਅਕਾਲ ਪੁਰਖ ਦੀ ਹੈ, ਸਾਡੀ ਥੋੜ੍ਹੀ ਆ। ਜ਼ੁਮੇਵਾਰੀ ਗੁਰੂ ਨੂੰ ਦੇ ਕੇ ਆਪ ਸੁਰਖ਼ਰੂ ਹੋ ਜਾਣ ਨਾਵੋਂ ਵੱਧੀਆ ਕੀ ਹੱਲ ਹੋ ਸਕਦਾ? (ਚਿੱਤ ਚੇਤਿਆਂ ‘ਚ ਵੱਸਿਆ ਮੇਰਾ ਪਿੰਡ)। ‘ਇਹ ਦੋ ਨੈਣ’ ਲੇਖ ਵਿਚ ਫ਼ਰੀਦ ਜੀ ਦੇ ਸਲੋਕ, “ਕਾਗਾ ਕਰੰਗ ਢੰਢੋਲਿਆ… ਦੀ ਵਿਆਖਿਆ ਬਹੁਤ ਵਧੀਆ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸਦੀ ਗੁਰਬਾਣੀ ‘ਤੇ ਵੀ ਪਕੜ ਹੈ।

ਪ੍ਰਸਤੁਤ ਪੁਸਤਕ ਭਾਵੇਂ ਵਾਰਤਕ ਦੀ ਹੈ, ਪਰ ਵਾਰਤਕ ਵਿਚੋਂ ਝਲਕਦੀ ਕਾਵਿਕਤਾ ਵੀ ਸਲਾਹੁਣਯੋਗ ਅਤੇ ਮਾਣਨਯੋਗ ਹੈ। ਜਿਵੇਂ: –

ਸਿਰਫ ਕੰਧ-ਟੰਗੀ, ਹਾਰ ਪਾਈ ਮੂਰਤ ਨਹੀਂ ਹਾਂ ਮੈਂ/ ਨਾ ਹੀ ਕਦੇ ਕੈਦ ਕਰਨਾ ਮੈਨੂੰ ਇਹਨਾਂ ਧੂੜਾਂ-ਲੱਦੇ ਹਾਰਾਂ ‘ਚ/ ਬਸ ਚੇਤਿਆਂ ਬਰਕਕਾਰ ਰੱਖਣਾ, ਉਦੋਂ ਤੱਕ/ ਜਦ ਤੱਕ … ਨਹੀਂ ਮਿਲਦੇ … ਆਪਾਂ ਦੋਬਾਰਾ…। (ਪੰਨਾ 49)

‘ਸ਼ਗਨਾਂ ਵਾਲਾ ਲਿਫ਼ਾਫ਼ਾ’ ਲੇਖ ਦੇ ਅੰਤ ਵਿਚ ਦਿੱਤੀਆਂ ਸਤਰਾਂ ਵਿਚ ਛੁਪੀ ਕਾਵਿਕਤਾ ਵੀ ਬਾ-ਕਮਾਲ ਹੈ: – ਕੱਲ੍ਹ/ ਝੱਖੜ ਐਸੇ ਝੁੱਲ ਗਏ/ ਕੋਈ ਦਿਸਦਾ ਨਹੀਂ ਸੀ ਰਾਹ/  ਅੱਜ / ਉੱਠ ਸਵੇਰੇ ਦੇਖਿਆ/ ਪਈ ਵਗੇ ਪਿਆਰ ਦੀ ਵਾਅ।

ਆਪਣੇ ਇਹਨਾਂ ਦਰਵਾਜ਼ਿਆਂ ਨੂੰ/ ਹੱਥੀਂ ਲਾਏ ਜਿੰਦਰੇ ਖੋਲਣ ਲਈ/ ਬੂਹਿਆਂ ਦੀ ‘ਸਰਦਲ’ ਛੋਹਣ ਲਈ/ ਉਮਰ ਭਰ ਤਰਸਦੇ ਹੀ ਰਹਿ ਗਏ। ਪੰਨਾ (176)

ਐਵਿਸ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ 232 ਪੰਨਿਆ ਦੀ ਇਸ ਪੁਸਤਕ ਦੀ ਛਪਾਈ ਅਤੇ ਦਿੱਖ ਪ੍ਰਭਾਵਸ਼ਾਲੀ ਹੈ। ਪਾਠਕਾਂ ਦੀ ਸਾਹਿਤਕ ਭੁੱਖ ਨੂੰ ਤ੍ਰਿਪਤ ਕਰਦੀਆਂ ਅਜਿਹੀਆਂ ਸਾਹਿਤਕ ਪੁਸਤਕਾਂ ਨੂੰ ਭਰਵਾਂ ਹੁਲਾਰਾ ਮਿਲਣਾ ਚਾਹੀਦਾ ਹੈ।
***
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1647
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ