ਵਿਸਾਖੀ ਸ਼ਬਦ ‘ਵਿਸਾਖ’ ਤੋਂ ਬਣਿਆ ਹੈ, ਜੋ ਨਾਨਕਸ਼ਾਹੀ ਸੰਮਤ ਦਾ ਦੂਜਾ ਮਹੀਨਾ ਹੈ। ਇਹ ਮਹੀਨਾ ਗਰਮੀਆਂ ਦੇ ਆਰੰਭ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ। ਵਿਸਾਖੀ ਦਾ ਤਿਉਹਾਰ ਪੁਰਾਤਨ ਕਾਲ ਤੋਂ ਹੀ ਮਨਾਇਆ ਜਾਂਦਾ ਹੈ, ਪਰ ਸਮੇਂ ਦੇ ਬਦਲਣ ਨਾਲ਼ ਇਸ ਵਿੱਚ ਪਰਿਵਰਤਨ ਹੁੰਦਾ ਗਿਆ, ਜਿਸ ਵਿੱਚ ਕਈ ਧਾਰਮਿਕ ਤੇ ਇਤਿਹਾਸਕ ਕਥਾਵਾਂ ਵੀ ਜੁੜਦੀਆਂ ਗਈਆਂ। ਸਤਾਰਵੀਂ ਸਦੀ ਦੇ ਅੰਤ (1699 ਈ.) ਵਿੱਚ ਖਾਲਸਾ ਪੰਥ ਦੀ ਸਾਜਨਾ ਹੋਈ ਅਤੇ ਵੀਹਵੀਂ ਸਦੀ ਦੇ ਮੁੱਢ (1919 ਈ.) ਵਿੱਚ ਜੱਲਿਆਂ ਵਾਲਾ ਬਾਗ਼ ਦਾ ਸਾਕਾ ਵਾਪਰਿਆ। 1699 ਈ. ਦੀ ਵਿਸਾਖੀ ਇਸ ਤਿਉਹਾਰ ਨੂੰ ਨਵਾਂ ਰੂਪ ਪ੍ਰਦਾਨ ਕਰਦੀ ਹੈ। ਇਸ ਦਿਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਇੱਕ ਨਿਆਰੇ ਪੰਥ ਦੀ ਸਿਰਜਣਾ ਕੀਤੀ ਸੀ। ਗੁਰੂ ਜੀ ਨੇ ਮਹਿਸੂਸ ਕਰ ਲਿਆ ਸੀ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਅਦੁੱਤੀ ਬਲੀਦਾਨ (1675 ਈ.) ਨਾਲ਼ ਠੱਲ ਨਹੀਂ ਪਾਈ ਜਾ ਸਕੀ। ਇਸ ਲਈ ਅਜਿਹੀਆਂ ਪਰਿਸਥਿਤੀਆਂ ਦਾ ਮੁਕਾਬਲਾ ਕਰਨ ਲਈ ਦੁਸ਼ਟ ਦਮਨ ਸਤਿਗੁਰੂ ਨੇ ਸਿਰਲੱਥ ਅਤੇ ਸਰਫ਼ਰੋਸ਼ ਪਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖ਼ਾਲਸਾ ਕੌਮ ਨੂੰ ਪੈਦਾ ਕੀਤਾ, ਜਿਸਨੇ ਦੇਸ਼, ਧਰਮ ਅਤੇ ਕੌਮ ਦੀ ਖ਼ਾਤਰ ਜਾਨਾਂ ਵਾਰਨਾ ਆਪਣਾ ਮੁਖ ਉਦੇਸ਼ ਪ੍ਰਵਾਨ ਕਰ ਲਿਆ। ਬੜੀ ਡੂੰਘੀ ਸੋਚ-ਵਿਚਾਰ ਪਿੱਛੋਂ ਸਰਬੰਸਦਾਨੀ ਗੁਰੂ ਨੇ ਫੈਸਲਾ ਕੀਤਾ ਕਿ ਉਨ੍ਹਾਂ ਦੇ ਸਿੱਖਾਂ ਨੂੰ ਹਥਿਆਰਬੰਦ ਹੋਣ ਅਤੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਲੜਨ-ਮਰਨ ਵਾਸਤੇ ਤੱਤਪਰ ਹੋਣ ਦੀ ਜ਼ਰੂਰਤ ਹੈ। 1699 ਈ. ਦੀ ਵਿਸਾਖੀ ਤੋਂ ਕਈ ਮਹੀਨੇ ਪਹਿਲਾਂ ਗੁਰੂ ਜੀ ਨੇ ਸਮੁੱਚੇ ਦੇਸ਼-ਵਾਸੀਆਂ ਨੂੰ ਸੰਦੇਸ਼ ਭੇਜਿਆ ਕਿ ਉਹ ਵਿਸਾਖੀ ਵਾਲ਼ੇ ਦਿਨ (30 ਮਾਰਚ) ਆਪੋ-ਆਪਣੇ ਘੋੜਿਆਂ ਅਤੇ ਸ਼ਸਤਰਾਂ ਨਾਲ਼ ਸੁਸੱਜਿਤ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਉਣ। ਇੱਕ ਇਤਿਹਾਸਕ ਅਤੇ ਪ੍ਰਮਾਣਿਕ ਦਸਤਾਵੇਜ਼ ਮੁਤਾਬਕ ਉਸ ਵਿਸਾਖੀ ਤੇ ਅੱਸੀ ਹਜ਼ਾਰ ਤੋਂ ਵੀ ਵੱਧ ਲੋਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕੱਠੇ ਹੋਏ। ਧਾਰਮਿਕ ਇਕੱਠ ਪੂਰੇ ਜੋਬਨ ਉੱਤੇ ਸੀ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਮੰਚ ਉੱਤੇ ਹਾਜ਼ਰ ਹੋਏ। ਉਨ੍ਹਾਂ ਨੇ ਰੋਹਬਦਾਰ ਚਿਹਰੇ ਨਾਲ ਸੰਗਤਾਂ ਦੇ ਇਕੱਠ ਉੱਤੇ ਨਜ਼ਰ ਮਾਰੀ ਅਤੇ ਕੜਕਵੀਂ ਆਵਾਜ਼ ਵਿੱਚ ਕਿਹਾ ਕਿ ਉਨ੍ਹਾਂ ਨੂੰ ਇੱਕ ਸੀਸ ਦੀ ਲੋਡ਼ ਹੈ। ਜੋ ਵਿਅਕਤੀ ਨੇਕ ਕਾਰਜ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਹੋਵੇ, ਉਹ ਸਾਹਮਣੇ ਆ ਜਾਵੇ! ਕੇਸਗੜ੍ਹ ਦੀ ਉੱਚੀ ਪਹਾੜੀ ਤੋਂ ਨੰਗੀ ਤਲਵਾਰ ਨਾਲ ਸੀਸ ਭੇਟ ਮੰਗ ਰਿਹਾ ਗੁਰੂ ਮੌਤ ਤੋਂ ਜੀਵਨ ਦੇਣ ਦਾ ਅਨੋਖਾ ਨੁਸਖਾ ਦੱਸ ਰਿਹਾ ਸੀ। ਉਨ੍ਹਾਂ ਨੇ ਐਲਾਨ ਕੀਤਾ: ਜਿਨਕੀ ਜ਼ਾਤ ਔਰ ਕੁਲ ਮਾਹੀਂ, ਸਰਦਾਰੀ ਨਹਿੰ ਭਈ ਕਦਾਹੀਂ ਅਚਾਨਕ ਅਜਿਹੀ ਅਪੀਲ ਕਾਰਨ ਸੰਗਤ ਵਿੱਚ ਸੰਨਾਟਾ ਜਿਹਾ ਛਾ ਗਿਆ। ਪਰ ਫਿਰ ਹੌਸਲਾ ਕਰਕੇ ਲਾਹੌਰ ਦਾ ਇੱਕ ਯੁਵਕ ਦਯਾ ਰਾਮ ਖਡ਼੍ਹਾ ਹੋਇਆ ਅਤੇ ਉਸਨੇ ਲਾਸਾਨੀ ਸ਼ਹੀਦੀ ਲਈ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ। ਗੁਰੂ ਜੀ ਨੂੰ ਉਸਨੂੰ ਮੰਚ ਦੇ ਪਿੱਛੇ ਬਣੇ ਇੱਕ ਤੰਬੂ ਵਿੱਚ ਲੈ ਗਏ। ਬਾਹਰ ਬੈਠੀ ਸੰਗਤ ਨੇ ਤਲਵਾਰ ਦੇ ਵਾਰ ਨੂੰ ਸੁਣਿਆ ਤਾਂ ਉਹ ਵੀ ਭੈਅਭੀਤ ਹੋ ਗਈ। ਲਹੂ ਭਿੱਜੀ ਤਲਵਾਰ ਲੈ ਕੇ ਗੁਰੂ ਜੀ ਮੰਚ ਤੇ ਆਏ ਅਤੇ ਉਨ੍ਹਾਂ ਨੇ ਦੁਬਾਰਾ ਇਕ ਹੋਰ ਸਿਰ ਦੀ ਮੰਗ ਕੀਤੀ। ਇਸ ਸਮੇਂ ਹਸਤਨਾਪੁਰ (ਦਿੱਲੀ) ਦੇ ਧਰਮਦਾਸ ਨੇ ਖੁਦ ਨੂੰ ਪੇਸ਼ ਕੀਤਾ। ਗੁਰੂ ਜੀ ਨੇ ਇਸ ਵਾਰ ਵੀ ਪਹਿਲਾਂ ਵਾਲਾ ਢੰਗ ਅਪਣਾਇਆ ਅਤੇ ਤੰਬੂ ਤੋਂ ਬਾਹਰ ਆ ਕੇ ਤੀਜੇ ਸੀਸ ਦੀ ਮੰਗ ਕੀਤੀ। ਸੰਗਤਾਂ ਸਹਿਮ ਅਤੇ ਦਹਿਸ਼ਤ ਕਰਕੇ ਖਿਸਕਣ ਲੱਗ ਪਈਆਂ ਅਤੇ ਕਈਆਂ ਨੇ ਮਾਤਾ ਗੁਜਰੀ ਜੀ ਕੋਲ ਜਾ ਕੇ ਗੁਰੂ ਜੀ ਦੀ ਸ਼ਿਕਾਇਤ ਵੀ ਕੀਤੀ। ਤੀਜੀ ਵਾਰ ਜਗਨਨਾਥਪੁਰੀ ਦੇ ਹਿੰਮਤ ਰਾਏ ਨੇ ਹਿੰਮਤ ਕੀਤੀ। ਫਿਰ ਚੌਥੀ ਅਤੇ ਪੰਜਵੀਂ ਵਾਰ ਕ੍ਰਮਵਾਰ ਦੁਆਰਕਾ ਦਾ ਮੋਹਕਮ ਚੰਦ ਅਤੇ ਬਿਦਰ ਦੇ ਸਾਹਿਬ ਚੰਦ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਇਸ ਸਮੁੱਚੇ ਵਰਤਾਰੇ ਨੂੰ ਪੰਜਾਬੀ ਦੇ ਪ੍ਰਤੀਨਿਧ ਕਵੀ ਡਾ. ਹਰਿਭਜਨ ਸਿੰਘ ਨੇ “ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ” ਕਵਿਤਾ ਵਿੱਚ ਵਿਸਥਾਰ ਸਹਿਤ ਪ੍ਰਸਤੁਤ ਕੀਤਾ ਹੈ। ਇਸ ‘ਚੋਂ ਕੁਝ ਪੰਕਤੀਆਂ ਪੇਸ਼ ਹਨ: ਸੀਸ ਵਾਲੇ ਸੀਸ ਅਰਪਨ ਵਾਸਤੇ ਜਿਉਂ ਇਹ ਪ੍ਰਕਿਰਿਆ ਸਮਾਪਤ ਹੋਈ, ਦਸਮ ਪਾਤਸ਼ਾਹ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ ਜੀਵਤ ਰੂਪ ਵਿੱਚ ਸਟੇਜ ਤੇ ਲੈ ਕੇ ਪੇਸ਼ ਹੋਏ। ਹੁਣ ਸੰਗਤ ਹੋਰ ਵੀ ਹੈਰਾਨ ਸੀ ਤੇ ਮਹਿਸੂਸ ਕਰ ਰਹੀ ਸੀ ਕਿ ਜੇ ਗੁਰੂ ਨੇ ਇਨ੍ਹਾਂ ਨੂੰ ਮਾਰਨ ਤੋਂ ਬਾਅਦ ਜ਼ਿੰਦਾ ਹੀ ਕਰ ਦੇਣਾ ਸੀ, ਤਾਂ ਅਸੀਂ ਕਿਉਂ ਨਾ ਪਹਿਲ ਕੀਤੀ! ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ। ਹੁਣ ਇਹ ਵਿਅਕਤੀ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਬਣ ਚੁੱਕੇ ਸਨ। ਇਨ੍ਹਾਂ ਨੂੰ “ਪੰਜ ਪਿਆਰੇ” ਕਿਹਾ ਗਿਆ। ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਉਨ੍ਹਾਂ ਵਿੱਚੋਂ ਜਾਤਪਾਤ, ਛੂਤਛਾਤ, ਭੇਦਭਾਵ, ਰੰਗ-ਨਸਲ ਨੂੰ ਮਿਟਾ ਦਿੱਤਾ ਗਿਆ। ਇੱਕੋ ਬਾਟੇ ਵਿੱਚੋਂ ਸਦੀਵੀ ਜੀਵਨ ਦੇਣ ਵਾਲੇ ਅੰਮਿ੍ਤ ਨੂੰ ਛਕ ਕੇ ‘ਰੰਘਰੇਟੇ’ ਸੱਚਮੁੱਚ ‘ਗੁਰੂ ਕੇ ਬੇਟੇ’ ਬਣ ਗਏ। ਹੁਣ ਉਨ੍ਹਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਅਤੇ ਵਾਸੀ ਆਨੰਦਪੁਰ ਸਾਹਿਬ ਹੋ ਚੁੱਕਾ ਸੀ। ਇਸ ਆਬੇ-ਹਯਾਤ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਅਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਕਰ ਵਿਖਾਈ।ਬਕੌਲ ਸੰਤੋਖ ਸਿੰਘ ਧੀਰ: ਪਿਆਰੀਓ ਚਿੜੀਓ! ਹੁਣ ਤੁਸੀਂ ਉਹ ਨਹੀਂ ਜਦੋਂ ਕੌਮ-ਨਿਰਮਾਤਾ ਆਪਣੇ ਹੀ ਚੇਲਿਆਂ ਸਾਹਵੇਂ ਅੰਮ੍ਰਿਤ- ਅਭਿਲਾਖੀ ਹੋਣ ਲਈ ਬੇਨਤੀ ਕਰ ਰਿਹਾ ਸੀ, ਤਾਂ ਲੋਕਾਈ ਅਸ਼ ਅਸ਼ ਕਰ ਉੱਠੀ ਅਤੇ “ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ” ਦੀ ਧੁਨੀ ਨਾਲ ਧਰਤੀ-ਆਕਾਸ਼ ਗੂੰਜ ਉੱਠੇ। ਵੱਖ-ਵੱਖ ਜਾਤੀਆਂ ਅਤੇ ਦੇਸ਼ ਦੇ ਵਿਭਿੰਨ ਖਿੱਤਿਆਂ ਤੋਂ ਆਏ ਇਹ ਪੰਜ ਪਿਆਰੇ ਹੁਣ ਸਭ ਵਹਿਮਾਂ-ਭਰਮਾਂ ਅਤੇ ਮੱਤ- ਮਤਾਂਤਰਾਂ ਤੋਂ ਸ਼ੁੱਧ ਹੋ ਚੁੱਕੇ ਸਨ। ਹੁਣ ਉਹ ਇੱਕ ਨਵੇਂ ਭਾਈਚਾਰੇ ‘ਖ਼ਾਲਸਾ ਪੰਥ’ ਵਿੱਚ ਦਾਖ਼ਲ ਹੋ ਚੁੱਕੇ ਸਨ, ਜੋ ਮਨੁੱਖੀ ਭਾਈਚਾਰੇ, ਸਮਾਜਿਕ, ਧਾਰਮਿਕ ਤੇ ਅਧਿਆਤਮਕ ਬਰਾਬਰੀ ਉੱਤੇ ਆਧਾਰਿਤ ਸੀ। ਇਨ੍ਹਾਂ ਪੰਜ ਪਿਆਰਿਆਂ ਨੂੰ ਪੰਜ ਕਕਾਰ (ਕਛਹਿਰਾ, ਕੜਾ, ਕਿਰਪਾਨ, ਕੰਘਾ, ਕੇਸ) ਧਾਰਨ ਕਰਨ ਦਾ ਆਦੇਸ਼ ਦਿੱਤਾ ਗਿਆ। ਨਵੇਂ ਪੰਥ ਵਿਚ ਪ੍ਰਵੇਸ਼ ਕਰਨ ਵਾਲੇ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ (ਕ੍ਰਮਵਾਰ ਆਦਮੀ ਅਤੇ ਔਰਤਾਂ) ਸ਼ਬਦਾਂ ਦੀ ਵਰਤੋਂ ਕਰਨ ਅਤੇ ਸਦਾਚਾਰਕ ਤੇ ਨੈਤਿਕ ਮਾਨਤਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਜਿਸ ਨੂੰ ਰਹਿਤ- ਮਰਿਆਦਾ ਦਾ ਨਾਂ ਦਿੱਤਾ ਗਿਆ। ਉਨ੍ਹਾਂ ਨੂੰ ਸੰਤ-ਸਿਪਾਹੀ ਦੀ ਜ਼ਿੰਦਗੀ ਬਿਤਾਉਣ ਲਈ ਕਿਹਾ ਗਿਆ। ਉਨ੍ਹਾਂ ਨੂੰ ਇਹ ਵੀ ਦ੍ਰਿੜ ਕਰਵਾਇਆ ਗਿਆ ਕਿ ਉਹ ਉੱਚੀਆਂ-ਸੁੱਚੀਆਂ ਕਦਰਾਂ- ਕੀਮਤਾਂ ਦੇ ਧਾਰਨੀ ਬਣਨ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ। ਫ਼ਾਰਸੀ ਦਾ ਇਕ ਸਮਕਾਲੀ ਇਤਿਹਾਸਕਾਰ ਗੁਲਾਮ ਮੁਹੱਈਉਦੀਨ ਲਿਖਦਾ ਹੈ ਕਿ 1699 ਈ. ਦੀ ਵਿਸਾਖੀ ਤੇ ਲਗਪਗ ਵੀਹ ਹਜ਼ਾਰ ਲੋਕਾਂ ਨੇ ਅੰਮ੍ਰਿਤਪਾਨ ਕੀਤਾ ਸੀ। ਇਸ ਤੋਂ ਬਾਅਦ ਗੁਰੂ ਜੀ ਦਾ ਵਧੇਰੇ ਸਮਾਂ ਜੰਗਾਂ-ਯੁੱਧਾਂ ਵਿੱਚ ਬਤੀਤ ਹੋਇਆ। ਆਖ਼ਰ 1705 ਈ. ਵਿੱਚ ਆਪ ਚੌਧਰੀ ਡੱਲੇ ਦੀ ਤਲਵੰਡੀ ਆ ਬਿਰਾਜੇ। ਜਿਸ ਨੂੰ ਅੱਜਕੱਲ੍ਹ ਸਾਬੋ ਕੀ ਤਲਵੰਡੀ, ਤਲਵੰਡੀ ਸਾਬੋ ਜਾਂ ਦਮਦਮਾ ਸਾਹਿਬ ਜਿਹੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਅਸਥਾਨ ਭਾਵੇਂ ਰੇਲਵੇ ਸਟੇਸ਼ਨ ਨਾਲ ਜੁੜਿਆ ਹੋਇਆ ਨਹੀਂ, ਪਰ ਤਾਂ ਵੀ ਇੱਥੇ ਸੰਗਤਾਂ ਦੀ ਆਮਦ ਹਮੇਸ਼ਾ ਬਣੀ ਰਹਿੰਦੀ ਹੈ। ਕਸਬਾ ਬਠਿੰਡਾ ਸ਼ਹਿਰ ਤੋਂ ਅਠਾਈ ਕਿਲੋਮੀਟਰ ਅਤੇ ਰਾਮਾ ਤੋਂ ਤੇਰਾਂ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜਿੱਥੇ ਬੱਸਾਂ ਰਾਹੀਂ ਸੌਖੇ ਢੰਗ ਨਾਲ ਆਇਆ-ਜਾਇਆ ਜਾ ਸਕਦਾ ਹੈ। ਇੱਥੇ ਗੁਰੂ ਜੀ ਨੇ ਕਰੀਬ ਇਕ ਸਾਲ ਦਾ ਸਮਾਂ ਬਿਤਾਇਆ। ਇਹ ਅਸਥਾਨ ਹੁਣ ਸਿੱਖ ਧਰਮ ਦੇ ‘ਚੌਥੇ ਤਖ਼ਤ’ ਵਜੋਂ ਪੂਰੀ ਦੁਨੀਆਂ ਵਿਚ ਵਿਖਿਆਤ ਹੈ। ਅੰਗਰੇਜ਼ ਲੇਖਕ ਡਾ. ਟਰੰਪ ਦੇ ਕਥਨ ਮੁਤਾਬਕ ਇੱਥੇ 1706 ਈ. ਵਿੱਚ ਗੁਰੂ ਜੀ ਨੇ ਕਰੀਬ ਸਵਾ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਇਸੇ ਲਈ ਵਿਸਾਖੀ ਦਾ ਤਿਉਹਾਰ ਆਨੰਦਪੁਰ ਸਾਹਿਬ ਦੇ ਨਾਲ-ਨਾਲ ਦਮਦਮਾ ਸਾਹਿਬ ਵਿਖੇ ਪੂਰੇ ਖ਼ਾਲਸਾਈ ਜਾਹੋ-ਜੱਲਾਲ ਅਤੇ ਧਾਰਮਿਕ ਰਵਾਇਤਾਂ ਅਨੁਸਾਰ ਮਨਾਇਆ ਜਾਂਦਾ ਹੈ। ਦਸਮੇਸ਼ ਪਿਤਾ ਦੀ ਨਿਰਾਲੀ ਵਿਸਾਖੀ ਬਾਰੇ ਇਹ ਕਾਵਿ-ਪੰਕਤੀਆਂ ਕਿੰਨੀਆਂ ਪ੍ਰਾਸੰਗਿਕ ਹਨ: ਪਟਨਾ ਛੱਡ ਅਨੰਦਪੁਰ ਆਉਣਾ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015