18 October 2025

ਬਲਦੇਵ ਸਿੰਘ ਖੁਰਾਣਾ ਦੀ ‘ਸਾਂਭੇ ਮੋਤੀ’ : ਇਕ ਨਰੋਆ ਸਾਹਿਤਕ ਉਪਰਾਲਾ — ਰਵਿੰਦਰ ਸਿੰਘ ਸੋਢੀ

ਵਿਸ਼ਵ ਪੱਧਰ ਤੇ ਸਾਹਿਤ ਦੇ ਕਈ ਰੂਪ ਹਨ, ਪਰ ਕੁਝ ਕੁ ਵਿਧਾਵਾਂ ਜਿਆਦਾ ਪ੍ਚਲਿਤ ਹਨ, ਜਿਵੇਂ: – ਨਾਵਲ, ਕਹਾਣੀ, ਕਵਿਤਾ, ਵਾਰਤਕ, ਆਲੋਚਨਾ, ਨਾਟਕ, ਜੀਵਨੀ, ਸਵੈ-ਜੀਵਨੀ ਆਦਿ। ਸਮੇਂ-ਸਮੇਂ ਇਹਨਾਂ ਸਾਹਿਤਕ ਰੂਪਾਂ ਦੇ ਵੀ ਕਈ ਹੋਰ ਉਪ-ਰੂਪ ਸਾਹਮਣੇ ਆਉਂਦੇ ਰਹਿੰਦੇ ਹਨ। ਜੇ ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਬਹੁਤੇ ਪੰਜਾਬੀ ਲੇਖਕ ਪ੍ਚਲਿਤ ਰੂਪਾਂ ਦੇ ਦਾਇਰੇ ਵਿਚ ਹੀ ਘੁੰਮਦੇ ਰਹਿੰਦੇ ਹਨ। ਪੰਜਾਬੀ ਭਾਸ਼ਾ ਵਿਚ ਅਜੇ ਤੱਕ ਤਾਂ ਮੇਰੀ ਨਜ਼ਰ ਵਿਚ ਕੋਈ ਅਜਿਹੀ ਪੁਸਤਕ ਨਹੀਂ ਆਈ ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਪ੍ਸਿਧੀ ਪਰਾਪਤ ਕਰ ਚੁੱਰੇ ਵਿਦਵਾਨਾਂ ਦੇ ਵਿਚਾਰ ਜਾਂ ਕਿਸੇ ਲੇਖਕ ਵੱਲੋਂ ਆਪਣੇ ਮੌਲਿਕ ਕਥਨਾ ਦੀ ਕੋਈ ਪੁਸਤਕ ਪ੍ਰਕਾਸ਼ਿਤ ਕਰਵਾਈ ਹੋਈ। ਅੰਗਰੇਜ਼ੀ ਵਿਚ ਅਜਿਹੀਆਂ ਕਈ ਪੁਸਤਕਾਂ ਮਿਲਦੀਆਂ ਹਨ। ਇਹ ਜ਼ਰੂਰ ਹੈ ਕਿ ਅਜਿਹੀਆਂ ਕਿਤਾਬਾਂ ਵਿਚ ਕਥਾ ਰਸ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਪਰ ਸਾਹਿਤ ਦਾ ਮੁੱਖ ਮੰਤਵ  ਜਿਥੇ ਪਾਠਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ, ਉਥੇ ਉਹਨਾਂ ਦੇ ਗਿਆਨ ਵਿਚ ਵਾਧਾ ਕਰਨਾ ਵੀ ਹੁੰਦਾ ਹੈ।

ਮੇਰੇ ਸਾਹਮਣੇ ਬਲਦੇਵ ਸਿੰਘ ਖੁਰਾਣਾ ਦੀ ਨਵੀਂ ਛਪੀ ਕਿਤਾਬ ‘ਸਾਂਭੇ ਮੋਤੀ’ ਪਈ ਹੈ। ਸਾਹਿਤਕ ਖੇਤਰ ਵਿਚ ਭਾਵੇਂ  ਇਹ ਉਹਨਾਂ ਦਾ ਪਲੇਠਾ ਉੱਦਮ ਹੈ, ਪਰ ਰਾਜਪੁਰਾ ਦੇ ਸਾਹਿਤਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਉਹ ਇਕ ਚਰਚਿਤ ਸਖਸ਼ੀਅਤ ਹਨ। ਪੇਸ਼ੇ ਵੱਜੋਂ ਉਹ ਅਧਿਆਪਕ ਦੇ ਤੌਰ ਤੇ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਉਮਰ ਦੇ ਪੱਖੋਂ ਵੀ ‘ਸੀਨੀਅਰ ਸਟੀਜ਼ਨ’ ਦੀ ਸ਼੍ਰੇਣੀ ਵਿਚ ਆਉਂਦੇ ਹਨ, ਪਰ ਹਿੰਮਤ ਦੇ ਪੱਖੋਂ ਨੌਜਵਾਨਾਂ ਨੂੰ ਆਪਣੇ ਨੇੜੇ ਨਹੀਂ ਢੁਕਣ ਦਿੰਦੇ। ਆਪਣੇ ਵਿਦਿਆਰਥੀ ਨਾਲ ਦੋਸਤਾਂ-ਮਿੱਤਰਾਂ ਦੀ ਤਰਾਂ ਵਿਚਰਦੇ ਹੋਏ  ਨੌਜਵਾਨਾਂ ਵਾਲੀ ਚੁਸਤੀ-ਫੁਰਤੀ ਉਹਨਾਂ ਦੀ ਜੀਵਨ ਸ਼ੈਲੀ ਬਣ ਚੁੱਕੀ ਹੈ।

ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਤ ਕੁਝ ਮੌਲਿਕ ਵਿਚਾਰਾਂ, ਕੁਝ ਪ੍ਸਿੱਧ ਵਿਅਕਤੀਆਂ ਦੇ ਕਥਨ, ਦੋ-ਦੋ ਸਤਰਾਂ ਦੀਆਂ ਕਾਵਿ ਟੁਕੜੀਆਂ, ਮੁਹਾਵਰੇ, ਅਖਾਣਾ ਆਦਿ ਨੂੰ ਇੱਕਠੇ ਕਰਕੇ ਆਪਣੇ ਦੋਸਤਾਂ-ਮਿੱਤਰਾਂ ਨਾਲ ਸਾਂਝੇ ਕਰਨ ਦਾ ਰੁਝਾਨ ਬਣਾਇਆ ਹੋਇਆ ਹੈ। ਹੁਣ ਤੱਕ ਉਹ ਤਕਰਿਬਨ ਚਾਰ ਹਜ਼ਾਰ ਵੱਡਮੁਲੇ ਵਿਚਾਰ ਇੱਕਠੇ ਕਰ ਚੁੱਕੇ ਹਨ, ਜਿੰਨਾਂ ਵਿਚੋ ਬਹੁਤੇ ਉਹਨਾਂ ਦੇ ਆਪਣੇ ਮੌਲਿਕ ਹਨ। ਇਹਨਾਂ ਵਿਚੋਂ ਪੰਦਰਾਂ ਸੌ ਕਥਨਾ ਨੂੰ ਉਹਨਾਂ ਨੇ ਆਪਣੀ ਪ੍ਰਸਤੁਤ ਪੁਸਤਕ ‘ਸਾਂਭੇ ਮੋਤੀ’ ਵਿਚ ਦਰਜ ਕੀਤਾ ਹੈ। ਪੁਸਤਕ ਦੇ ਮੁੱਢ ਵਿਚ ਲੇਖਕ ਨੇ ਇਕ ਗੱਲ ਬਹੁਤ ਹੀ ਦਰੁਸਤ ਲਿਖੀ ਹੈ ਕਿ “ਸ਼ਬਦ ਮਰਦੇ ਨਹੀਂ ਬੋਲਦੇ ਹਨ” ਅਤੇ ਉਹਨਾਂ ਦਾ ਵਿਚਾਰ ਹੈ ਕਿ “ਨਿੱਤ ਨਵੇਂ ਗਿਆਨ ਸਰੋਤਾਂ ਨਾਲ ਸੁਚੇਤ ਹੋ ਕੇ ਜੁੜਿਆ ਰਹਿਣਾ ਚਾਹੀਦਾ ਹੈ”। ਅਸਲ ਵਿਚ ਜੋ ਇਨਸਾਨ ਆਪਣੀ ਉਮਰ ਦੇ ਸਾਲਾਂ ਨੂੰ ਭੁੱਲ ਕੇ ਆਪਣੀ ਗਿਆਨ ਪਰਾਪਤੀ ਦੀ ਭੁੱਖ ਨੂੰ ਮਘਾਈ ਰੱਖਦਾ ਹੈ, ਉਹ ਕਦੀ ਦਿਮਾਗੀ ਤੌਰ ਤੇ ਬੁੱਢਾ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਨਵੀਂ ਪੀੜੀ ਵੱਲੋਂ ‘ਪੁਰਾਣੇ ਖਿਆਲਾਂ ਵਾਲੇ’ ਇਨਸਾਨ ਦੇ ਤਾਹਨੇ-ਮਿਹਨੇ ਸੁਣਨੇ ਪੈਂਦੇ ਹਨ। ਪੰਜਾਬੀ ਸਾਹਿਤ ਦੀ ਇਕ ਅਜ਼ੀਮ ਸਖਸ਼ੀਅਤ ਡਾ. ਅਮਰਜੀਤ ਕੌਂਕੇ ਨੇ ਵੀ ਪੁਸਤਕ ਦੇ ਮੁੱਢ ਵਿਚ ‘ਕੁਝ ਸ਼ਬਦ’ ਸਿਰਲੇਖ ਹੇਠ ਲਿਖਿਆ ਹੈ, “ਨਿੱਕੇ ਨਿੱਕੇ ਵਾਕਾਂ ਵਿਚ ਜੀਵਨ ਦੇ ਵੱਡੇ ਸੱਚ ਉਜਾਗਰ ਕੀਤੇ ਗਏ ਹਨ”।

ਜਿਵੇਂ ਮੈਂ ਉੱਪਰ ਲਿਖਿਆ ਹੈ ਕਿ ਪ੍ਰਸਤੁਤ ਪੁਸਤਕ ਵਿਚ ਲੇਖਕ ਨੇ ਕਈ ਖੇਤਰਾਂ ਸੰਬੰਧੀ ਵਿਚਾਰ ਇਕੱਤਰ ਕੀਤੇ ਹਨ, ਜਿਵੇਂ: – ਸਮਾਜਕ, ਅਧਿਆਤਮਵਾਦ, ਜੀਵਨ-ਜਾਚ, ਸਿੱਖ ਧਰਮ, ਇਨਸਾਨੀ ਫਿਤਰਤ,  ਜ਼ਿੰਦਗੀ ਵਿਚ ਗੁਰੂ ਦਾ ਸਥਾਨ, ਭਰਿਸ਼ਟਾਚਾਰ, ਸਮਾਜ ਸੇਵਾ, ਰਾਜਨੀਤੀ, ਜੰਗ ਦੇ ਨੁਕਸਾਨ, ਬੇਟੀਆਂ ਦੇ ਹੱਕ ਵਿਚ, ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਹੋਕਾ, ਬੀਤ ਚੁੱਕੇ ਨੂੰ ਭੁੱਲ ਕੇ ਭਵਿਖ ਬਾਰੇ ਸੋਚੋ, ਵਾਤਾਵਰਣ, ਸਵੈ ਪੜਚੋਲ, ਚੰਗੇ ਲੋਕਾਂ ਦੀ ਸੰਗਤ, ਹਿੰਮਤ, ਕਿਰਤ ਦੀ ਮਹਤੱਤਾ, ਇਸਤਰੀ ਦੀ ਮਹਤੱਤਾ, ਹਲਕੇ-ਫੁਲਕੇ, ਦਿਲ ਨੂੰ ਖੁਸ਼ ਕਰਨ ਵਾਲੇ ਵਿਚਾਰ ਆਦਿ। ਅਸਲ ਵਿਚ ਇਸ ਪੁਸਤਕ ਵਿਚ ਦਰਜ ਪੰਦਰਾਂ ਸੌ ਕਥਨਾ ਨੂੰ ਜੇ ਵੱਖ-ਵੱਖ ਵਿਸ਼ਿਆਂ ਵਿਚ ਵੰਡਣਾ ਹੋਵੇ ਤਾਂ ਸੌ ਤੋਂ ਵਧ ਵਿਸ਼ੇ ਹੋਣਗੇ।

ਪੁਸਤਕ ਵਿਚ ਦਰਜ਼ ਪੰਦਰਾਂ ਸੌ ਕਥਨਾ ਵਿਚੋਂ ਕੁਝ ਇਸ ਪ੍ਰਕਾਰ ਹਨ: –  ਆਪਣੇ ਬਜ਼ੁਰਗਾਂ ਦੀ ਕਦਰ ਕਰੋ, ਕਿਉਂ ਕਿ ਤੁਸੀਂ ਵੀ ਹਮੇਸ਼ਾ ਜਵਾਨ ਨਹੀਂ ਰਹਿਣਾ; ਝੂਠ ਦੀ ਉਮਰ ਬਹੁਤ ਛੋਟੀ ਹੁੰਦੀ ਹੈ; ਔਰਤ ਦੀ ਇਜ਼ਤ, ਸੈਨਿਕ ਦੀ ਜਾਨ ਅਤੇ ਕਿਸਾਨ ਦੀ ਮਿਹਨਤ। ਇਹਨਾਂ ਨੂੰ ਛੱਡ ਕੇ ਇਸ ਦੇਸ਼ ਵਿਚ ਸਭ ਕੁਝ ਮਹਿੰਗਾ ਹੈ;  ਸਾਹਮਣੇ ਮਿਲਦੇ ਹਨ ਸਲਾਮੀ ਕਰਦੇ ਹਨ, ਪਰ ਪਿੱਠ ਪਿੱਛੇ ਬਦਨਾਮੀ ਕਰਦੇ ਹਨ;  ਮੈਂ ਚਨਾਬ ਬੋਲਦਾ ਹਾਂ। ਅੱਧਾ ਏਧਰੋਂ ਤੇ ਅੱਧਾ ਓਧਰੋਂ ਬੋਲਦਾ ਹਾਂ;  ਜਬ ਕਰਮ ਹੋ ਕਾਲਾ ਤੋਂ ਕਿਆ ਕਰੇਗੀ ਮਾਲਾ; ਜੇ ਪੂਰਾ ਕਰਨਾ ਖੁਆਬਾਂ ਨੂੰ, ਤਾਂ ਰਖੀਓ ਨਾਲ ਕਿਤਾਬਾਂ ਨੂੰ; ਜੰਗ ਸ਼ਬਦ ਛੋਟਾ ਹੈ, ਪਰ ਇਸ ਦਾ ਨਤੀਜ਼ਾ ਬਹੁਤ ਮਾੜਾ ਹੈ; ਅੱਜ ਕੱਲ ਮੌਸਮ ਘੱਟ ਬਦਲਦੇ ਹਨ, ਇਨਸਾਨ ਜ਼ਿਆਦਾ; ਜ਼ਿੰਦਗੀ ਹੈ ਤਾਂ ਦੁੱਖ ਵੀ ਹੋਣਗੇ; ਵਿਦੇਸ਼ਾਂ ਵਿਚ ਡਾਲਰ ਬਿਨਾ ਮਿਹਨਤ ਦੇ ਨਹੀਂ ਬਣਦੇ; ਧੀਆਂ ਬੋਝ ਨਹੀਂ  ਸਿਰ ਦਾ ਤਾਜ਼ ਨੇ, ਪਹਿਲਾਂ ਇਹ ਚਿੜੀਆਂ ਸਨ, ਹੁਣ ਬਾਜ਼ ਵੀ ਨੇ; ਬਹੁਤਾ ਭੋਜਨ, ਬਹੁਤੇ ਰੋਗ; ਜੇ ਪੰਜਾਬ ਵਿਚ ਕੰਮ ਨਾ ਹੁੰਦਾ ਤਾਂ ਪ੍ਰਵਾਸੀ ਇਥੇ ਆ ਕੇ ਕਦੀ ਵੀ ਕਾਮਯਾਬ ਨਾ ਹੁੰਦੇ;  ਉਚਾਈ ਤੇ ਜਰੂਰ ਜਾਓ, ਪਰ ਧਰਤੀ ਤੇ ਵੇਖਣਾ ਨਾ ਭੁੱਲੋ; ਮਿਹਨਤ ਕੀਤੇ ਬਿਨਾ ਸਫਲਤਾ ਦਾ ਦਰਵਾਜ਼ਾ ਨਹੀਂ ਖੁੱਲ ਸਕਦਾ; ਖੁਸ਼ ਰਹਿਣ ਵਾਲੇ ਬੰਦੇ ਵਿਚ ਸਭ ਤੋਂ ਵਧੇਰੇ ਉਤਸ਼ਾਹ ਹੁੰਦਾ ਹੈ; ਪੌਦਾ ਲਾਉਂਦਿਆਂ ਹੀ ਦਰਖ਼ਤ ਨਹੀਂ ਬਣਦਾ, ਦਰਖ਼ਤ ਬਣਨ ਲਈ ਸਮਾਂ ਲੱਗਦਾ ਹੈ; ਬੇਲੋੜੀ ਚਿੰਤਾ ਬਿਮਾਰੀ ਦਾ ਘਰ ਹੈ; ਅਸੰਭਵ ਅਕਸਰ ਉਹ ਹੁੰਦਾ ਹੈ ਜਿਸਨੂੰ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ; ਭਲਾ ਆਦਮੀ ਆਪਣੇ ਬਾਰੇ ਸਭ ਤੋਂ ਅਖੀਰ ਵਿਚ ਸੋਚਦਾ ਹੈ; ਮੁਸੀਬਤ ਮਨੁੱਖ ਦੀ ਅਸਲੀ ਕਸੌਟੀ ਹੈ; ਸੱਚਾ ਇਨਸਾਨ ਗਲਤੀ ਕਰ ਸਕਦਾ ਹੈ, ਪਰ ਕਿਸੇ ਨਾਲ ਗਲਤ ਨਹੀਂ ਕਰ ਸਕਦਾ; ਮਰਿਆਂ ਪਿੱਛੋਂ ਰੋ ਕੇ ਕੀ ਕਰੇਂਗਾ, ਜਿਉਂਦਿਆਂ ਨਾਲ ਹੱਸਿਆ ਕਰ; ਬਿਰਧ ਆਸ਼ਰਮ ਸਮਾਜ ਦੇ ਮੱਥੇ ਤੇ ਧੱਬਾ ਹੈ; ਹੌਂਸਲਾ ਜਿੰਨਾ ਵੱਡਾ ਹੋਵੇਗਾ, ਮੁਸੀਬਤ ਓਨੀ ਹੀ ਛੋਟੀ ਹੋਵੇਗੀ ਆਦਿ। ਇਹਨਾਂ ਵਿਚਾਰਾਂ ਤੋਂ ਇਹ ਨਤੀਜਾ ਸਹਿਜੇਵਹੀ ਕੱਢਿਆ ਜਾ ਸਕਦਾ ਹੈ ਕਿ ਬਲਦੇਵ ਸਿੰਘ ਖੁਰਾਣਾ ਨੂੰ ਚੰਗੀਆਂ ਅਤੇ ਗਿਆਨ ਵਿਚ ਵਾਧਾ ਕਰਨ ਵਾਵੀਆਂ ਪੁਸਤਕਾਂ ਦੇ ਅਧਿਐਨ ਦਾ ਸ਼ੌਕ ਹੀ ਨਹੀਂ ਬਲਕਿ ਉਹ ਕਿਤਾਬਾਂ ਵਿਚ ਦਰਜ ਨਵੇਂ ਅਤੇ ਨਰੋਏ ਵਿਚਾਰਾਂ ਨੂੰ ਸਾਂਭਣਾ ਵੀ ਬਾ-ਖੂਬੀ ਜਾਣਦੇ ਹਨ।

ਪ੍ਰਤੀਕ ਪਬਲੀਕੇਸਨ ਵੱਲੋਂ ਪ੍ਰਕਾਸ਼ਿਤ 96 ਪੰਨਿਆ ਦੀ ਇਸ ਪੁਸਤਕ ਦੀ ਕੀਮਤ  200 ਰੁਪਏ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1631
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ