15 September 2025

ਔਰਤ ਮਨ ਦੇ ਅੰਤਰ ਦਵੰਦ ਦੀ ਪੇਸ਼ਕਾਰੀ: ਨਿਰੰਜਣ ਬੋਹਾ ਦਾ ਕਹਾਣੀ ਸੰਗ੍ਰਹਿ ‘ਇਹ ਤਾਂ ਮੈਂ ਹੀ ਹਾਂ’ — ਰਵਿੰਦਰ ਸਿੰਘ ਸੋਢੀ

ਨਿਰੰਜਣ ਬੋਹਾ

ਸਾਹਿਤਕ ਖੇਤਰ ਵਿਚ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਇਸਤਰੀ ਪਾਤਰਾਂ ਦੀ ਅਵਾਜ਼, ਇਸਤਰੀ ਲੇਖਿਕਾਵਾਂ ਹੀ ਬਣਦੀਆਂ ਹਨ। ਇਸਦਾ ਸਭ ਤੋਂ ਵੱਡਾ ਕਾਰਨ ਤਾਂ ਇਹੋ ਹੋ ਸਕਦਾ ਹੈ ਕਿ ਲੇਖਿਕਾਵਾਂ ਆਪ ਅਜਿਹੀਆਂ ਅਵਸਥਾਵਾਂ ਨਾਲ ਦੋ-ਚਾਰ ਹੋ ਚੁੱਕੀਆਂ ਹੁੰਦੀਆਂ ਹਨ, ਪਰ ਕਈ ਮਰਦ ਲੇਖਕ ਵੀ ਆਪਣੀਆਂ ਸਾਹਿਤਕ ਕਿਰਤਾਂ ਵਿਚ ਮਰਦ ਅਤੇ ਔਰਤ ਦੋਹਾਂ ਦੇ ਅੰਦਰੂਨੀ ਵਿਚਾਰਾਂ ਦੀ ਤਰਜਮਾਨੀ ਕਰਨ ਦੇ ਯੋਗ ਹੁੰਦੇ ਹਨ। ਕੁਝ ਲੇਖਕ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਵਿਚ ਪਰਵੀਨ ਹੁੰਦੇ ਹਨ।

ਪ੍ਰਸਤੂਤ ਪੁਸਤਕ ‘ਇਹ ਤਾਂ ਮੈਂ ਹੀ ਹਾਂ ‘ਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਇਕ ਸਫ਼ਲ ਕਹਾਣੀ ਸੰਬੰਧੀ ਕੁਝ ਕਹਿਣਾ ਚਾਹੁੰਦਾ ਹਾਂ। ਕਹਾਣੀ ਜਾਂ ਕਹਾਣੀਆਂ ਦੀ ਪਰਖ ਸਮੇਂ ਕਹਾਣੀਕਲਾ ਦੇ ਕੁਝ ਸਮਾਂ ਵਿਹਾ ਚੁੱਕੇ ਤਕਨਿਕੀ ਨੁਕਤਿਆਂ ਨੂੰ ਮੈਂ ਬਹੁਤਾ ਨਹੀਂ ਗੌਲਦਾ। ਮੇਰੇ ਲਈ ਉਹੀ ਕਹਾਣੀ ਸਫਲ ਹੈ ਜੋ ਆਮ ਲੋਕਾਂ ਦੀਆਂ ਜੀਵਨ ਝਲਕਾਂ ਨੂੰ ਉਹਨਾਂ ਦੀ ਭਾਸ਼ਾ ਵਿਚ ਹੀ ਪੇਸ਼ ਕਰੇ। ਕਹਾਣੀ ਪੜ੍ਹਨ ਉਪਰੰਤ ਪਾਠਕ ਨੂੰ ਇਹ ਲੱਗੇ ਕਿ ਲੇਖਕ ਨੇ ਉਸਦੀ ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਆਪਣੇ ਸ਼ਬਦਾਂ ਵਿਚ ਪੇਸ਼ ਕਰ ਦਿੱਤਾ ਹੈ ਜਾਂ ਅਜਿਹੀਆਂ ਘਟਨਾਵਾਂ ਤਾਂ ਉਸਦੇ ਆਲੇ-ਦੁਆਲੇ ਵਾਪਰਦੀਆਂ ਰਹਿੰਦੀਆਂ ਹਨ ਜਾਂ ਵਾਪਰ ਸਕਦੀਆਂ ਹਨ। ਕਹਾਣੀ ਪੜ੍ਹਨ ਤੋਂ ਬਾਅਦ ਪਾਠਕ ਦੇ ਜ਼ਹਿਨ ਵਿਚ ਕਹਾਣੀ ਲੰਬਾ ਸਮਾਂ ਖੌਰੂ ਪਾਉਂਦੀ ਰਹੇ ਅਤੇ ਉਹ ਵੀ ਸੋਚਣ ਤੇ ਮਜ਼ਬੂਰ ਹੋ ਜਾਵੇ ਕਿ ਜੇ ਉਹ ਆਪ ਵੀ ਕਹਾਣੀ ਵਾਲੇ ਪਾਤਰ ਦੀ ਅਵਸਥਾ ਵਿਚ ਹੁੰਦਾ ਤਾਂ ਉਸਦਾ ਰਵਈਆ ਵੀ ਕਹਾਣੀ ਦੇ ਪਾਤਰ ਵਰਗਾ ਹੀ ਹੁੰਦਾ। ਕਹਾਣੀਕਾਰ ਆਪਣੀ ਕਹਾਣੀ ਦੇ ਪਾਤਰਾਂ ਦੇ ਮੂੰਹ ਵਿਚ ਆਪਣੇ ਸ਼ਬਦ ਨਾ ਪਾਏ ਬਲਕਿ ਪਾਤਰ ਦੀ ਮਨੋਦਸ਼ਾ ਅਨੁਸਾਰ ਉਸ ਨੂੰ ਬੋਲਣ ਦੇਵੇ ਜਾਂ ਮਨ ਬਚਨੀ (ਆਪਣੇ ਆਪ ਨਾਲ ਗੱਲਾਂ ਕਰਨੀਆਂ) ਕਰਨ ਦੇਵੇ।

ਨਿਰੰਜਣ ਬੋਹਾ ਦਾ ਨਵਾਂ ਕਹਾਣੀ ਸੰਗ੍ਰਹਿ ‘ਇਹ ਤਾਂ ਮੈਂ ਹੀ ਹਾਂ’ ਨਾ ਕੇਵਲ ਇਕ ਕਹਾਣੀ ਸੰਗ੍ਰਹਿ ਦੀ ਇਕ ਕਹਾਣੀ ਦਾ ਸਿਰਲੇਖ ਹੀ ਨਹੀਂ, ਸਗੋਂ ਮੇਰੇ ਉਪਰੋਕਤ ਕਥਨ ਦੀ ਪ੍ਰੋੜਤਾ ਕਰਨ ਵਾਲਾ ਵੀ ਹੈ। ਪ੍ਸਤੁਤ ਪੁਸਤਕ ਦੀਆਂ ਕਹਾਣੀਆਂ ਨੂੰ ਪੜਚੋਲਵੀਂ ਨਜ਼ਰ ਤੋਂ ਨਿਹਾਰਣ ਤੋਂ ਪਹਿਲਾਂ ਦੋ ਕੁ ਗੱਲਾਂ ਲੇਖਕ ਸੰਬੰਧੀ ਕਰਨੀਆਂ ਚਾਹੁੰਦਾ ਹਾਂ। ਨਿਰੰਜਣ ਬੋਹਾ ਨੇ ਕਦੇ ਇਹ ਸੋਚ ਕੇ ਕਹਾਣੀ ਨਹੀਂ ਲਿਖੀ ਕਿ ਉਸਨੇ ਬਹੁਤ ਦੇਰ ਤੋਂ ਕਹਾਣੀ ਨਹੀਂ ਲਿਖੀ, ਇਸ ਲਈ ਹੁਣ ਨਵੀਂ ਕਹਾਣੀ ਲਿਖਣੀ ਚਾਹੀਦੀ ਹੈ। ਉਹ ਸਮਾਜ ਦੇ ਦਿਸਦੇ ਪਸਾਰੇ ਨੂੰ ਨੀਝ ਨਾਲ ਦੇਖਦਾ ਰਹਿੰਦਾ ਹੈ। ਕਈ ਵਰਤਾਰੇ ਉਸਦੇ ਦਿਮਾਗ ਵਿਚ ਕਹਾਣੀਆਂ ਦੀ ਰੂਪ-ਰੇਖਾ ਨੂੰ ਸਮੁੰਦਰੀ ਜਵਾਰ-ਭਾਟਾ ਦੀ ਤਰਾਂ ਉੱਪਰ-ਹੇਠ ਕਰਦੇ ਰਹਿੰਦੇ ਹਨ। ਕਹਾਣੀਆਂ ਦੇ ਪਾਤਰਾਂ ਦੇ ਕਈ ਰੂਪ ਉਸ ਨਾਲ ਲੁਕਨ-ਮਿਟੀ ਦੀ ਖੇਡ ਖੇਡਦੇ ਰਹਿੰਦੇ ਹਨ ਅਤੇ ਸਮਾਂ ਪਾ ਕੇ ਜਦੋਂ ਕਹਾਣੀ ਦੇ ਕਈ ਰੂਪ ਉਸਦੇ ਸਾਹਮਣੇ ਇਕ ਤਸਵੀਰ ਜਿਹੀ ਉਲੀਕਦੇ ਹਨ ਤਾਂ ਉਹ ਸਭ ਤੋਂ ਉਘੜਵੀਂ ਤਸਵੀਰ ਵਿਚ ਸ਼ਬਦਾਂ ਨਾਲ ਰੰਗ ਭਰਣੇ ਸ਼ੁਰੂ ਕਰ ਦਿੰਦਾ ਹੈ। ਇਹ ਰੰਗ ਭਰਦਾ ਵੀ ਉਹ ਕਦੇ ਕਾਹਲੀ ਨਹੀਂ ਕਰਦਾ ਅਤੇ ਬਾਰ-ਬਾਰ ਕੈਨਵਸ ਬਦਲ ਕੇ ਰੰਗਾਂ ਦੀ ਲੀਪਾ-ਪੋਚੀ ਕਰਦਾ ਰਹਿੰਦਾ ਹੈ। ਨਿਰਸੰਦੇਹ ਅਜਿਹੇ ਸ਼ਬਦੀ ਮੰਥਨ ਉਪਰੰਤ ਅੰਮ੍ਰਿਤ ਰੂਪੀ ਘੜਾ(ਪੂਰੀ ਕਹਾਣੀ) ਭਰਦਾ ਹੈ ਤਾਂ ਲੇਖਕ ਦੇ ਨਾਲ-ਨਾਲ ਪਾਠਕ ਵੀ ਉਹ ਕਹਾਣੀ ਪੜ੍ਹ ਕੇ ਸਰਸ਼ਾਰ ਹੋ ਜਾਂਦਾ ਹੈ। ਆਪਣੇ ਪਾਤਰਾਂ ਨੂੰ ਘੜਦੇ ਹੋਏ ਉਸਦੇ ‘ਫ਼ੋਟੋਗਰਾਫ਼ਰ’ ਹੋਣ ਦਾ ਪੇਸ਼ਾ ਬਹੁਤ ਕੰਮ ਆਉਂਦਾ ਹੈ। ਜਦੋਂ ਕੋਈ ਉਸ ਕੋਲ ਫ਼ੋਟੋ ਖਿਚਵਾਉਣ ਆਉਂਦਾ ਜਾਂ ਕਿਸੇ ਵਿਆਹ-ਸ਼ਾਦੀ ਤੇ ਉਹ ਆਪਣੇ ਕੈਮਰੇ ਵਿਚ ਰੰਗ-ਬਿਰੰਗੇ ਚਿਹਰਿਆਂ ਨੂੰ ਕੈਦ ਕਰਦਾ ਤਾਂ ਉਹ ਆਪਣੇ ਤੀਜੇ ਨੇਤਰ ਰਾਹੀਂ ਫ਼ੋਟੋ ਖਿਚਵਾਉਣ ਵਾਲਿਆਂ ਦੇ ਦਿਲੋ-ਦਿਮਾਗ ਵਿਚ ਚੱਲ ਰਹੇ ਚੰਗੇ-ਮਾੜੇ, ਅਸਲੀ ਜਾਂ ਨਕਲੀ ਮੁਸਕਰਾਹਟ ਨੂੰ ਵੀ ਪੜ੍ਹ ਲੈਂਦਾ। ਆਪਣੀ ਇਸੇ ਖੂਬੀ ਨੂੰ ਉਹ ਕਹਾਣੀਆਂ ਦੇ ਸਿਰਜਕ ਪਲਾਂ ਵਿਚ ਵੀ ਵਰਤਦਾ ਹੈ, ਇਸੇ ਲਈ ਉਹ ਆਪਣੇ ਪਾਤਰਾਂ ਦੀ ਅੰਦਰੂਨੀ ਕਸ਼-ਮ-ਕਸ਼ ਨੂੰ ਸ਼ਬਦਾਂ ਦੇ ਕੈਮਰੇ ਰਾਹੀਂ ਰੂਪਮਾਨ ਕਰਦਾ ਹੈ। ਉਹ ਫ਼ੋਟੋਗਰਾਫ਼ੀ ਕਰਦਾ ਕੈਮਰੇ ਨੂੰ ਹੀ ਹਰਕਤ ਵਿਚ ਨਹੀਂ ਸੀ ਰਖੱਦਾ ਸਗੋਂ ਲੋਕਾਂ ਦੇ ਮੂੰਹੋ ਨਿਕਲਦੇ ਸ਼ਬਦਾਂ ਨੂੰ ਵੀ ਆਪਣੇ ਕੰਨਾਂ ਵਿਚ ਵਸਾ ਲੈਂਦਾ। ਜ਼ਿਦੰਗੀ ਦੇ ਇਸ ਪੜਾਅ ਤੇ ਪਹੁੰਚ ਕੇ ਉਸ ਕੋਲ ਸਮੇਂ ਅਤੇ ਸਥਾਨ ਅਨੁਸਾਰ ਢੁਕਵੀਂ ਸ਼ਬਦਾਵਲੀ ਦਾ ਅਜਿਹਾ ਅਮੁੱਕ ਖ਼ਜ਼ਨਾ ਇਕੱਠਾ ਹੋ ਚੁੱਕਿਆ ਹੈ ਕਿ ਉਸਦੇ ਪਾਤਰ ਹਾਲਾਤ ਦੀ ਤਰਜ਼ਮਾਨੀ ਕਰਦੇ ਪ੍ਤੀਤ ਹਨ। ਇਹੋ ਕਾਰਨ ਹੈ ਕਿ ਉਸ ਦੀਆਂ ਕਹਾਣੀਆਂ ਪਾਠਕਾਂ ਨੂੰ ਆਪਣੀਆਂ ਕਹਾਣੀਆਂ ਹੀ ਪ੍ਤੀਤ ਹੁੰਦੀਆਂ ਹਨ ਅਤੇ ਆਲੋਚਕਾਂ ਨੂੰ ਵੀ ਪ੍ਭਾਵਿਤ ਕਰਦੀਆਂ ਹਨ।

ਹੁਣ ਕੁਝ ਗੱਲਾਂ ਉਸਦੇ ਪ੍ਸਤੁਤ ਕਹਾਣੀ ਸੰਗ੍ਰਹਿ ਸੰਬੰਧੀ। ਪੰਨਾ 9 ਤੋਂ ਪੰਨਾ 106 ਤੱਕ, ਕੁੱਲ ਸੱਤ ਕਹਾਣੀਆਂ ਹਨ। ਹਰ ਕਹਾਣੀ ਦਾ ਵੱਖਰਾ ਹੀ ਰੰਗ ਹੈ, ਅਨੁੱਠਾ ਪ੍ਭਾਵ ਹੈ। ਜੇ ਉਸ ਦੀਆਂ ਪਹਿਲੀਆਂ ਲਿਖੀਆਂ ਕਹਾਣੀਆਂ ਨੂੰ ਵੀ ਅਵਚੇਤਨ ਮਨ ਵਿਚੋਂ ਕੱਢ ਕੇ ਨਵੀਆਂ ਕਹਾਣੀਆਂ ਨਾਵ ਤੁਲਨਾ ਕਰੀਏ ਤਾਂ ਕਿਸੇ ਵੀ ਦੋ ਕਹਾਣੀਆਂ ਵਿਚ ਸਮਾਨਤਾ ਨਹੀਂ ਮਿਲਦੀ, ਨਾ ਹੀ ਵਿਸ਼ੇ ਪੱਖੋਂ, ਪਾਤਰਾਂ ਪੱਖੋਂ ਜਾਂ ਸਮੁੱਚੇ ਪ੍ਭਾਵ ਪੱਖੋ। ਹਰ ਕਹਾਣੀ ਹੀ ਵੱਖਰੇ ਅੰਦਾਜ ਦੀ ਹੈ।

ਇਸ ਪੁਸਤਕ ਦੀ ਪਹਿਲੀ ਕਹਾਣੀ ਦਾ ਵਿਸ਼ਾ ਕੋਈ ਬਹੁਤਾ ਵਿੱਲਖਣ ਨਹੀਂ, ਪਰ ਕਹਾਣੀ ਦਾ ਅੰਤ ਬਹੁਤ ਹੀ ਭਾਵਪੂਰਤ ਹੈ. ਪੁਰਾਣੇ ਸਮੇਂ ਤੋਂ ਹੀ ਪੰਜਾਬ ਦੇ ਪਿੰਡਾ ਵਿਚ ਵੱਟ ਦਾ ਰੌਲਾ, ਸਾਂਝੀ ਕੰਧ ਪਿੱਛੇ ਲੜਾਈ-ਝਗੜਾ ਜਾਂ ਕਿਸੇ ਹੋਰ ਕਾਰਨ ਆਪਸੀ ਦੁਸ਼ਮਣੀਆਂ ਦਾ ਸਿਲਸਲਾ ਚਲਦਾ ਹੀ ਰਹਿੰਦਾ ਅਤੇ ਇਹਨਾਂ ਪਿੱਛੇ ਆਪਸੀ ਹੱਥੋ ਪਾਈ ਤਾਂ ਛੱਡੋ, ਤਲਵਾਰਾਂ-ਗੰਡਾਸਿਆਂ ਤੋਂ ਵੀ ਗੱਲ ਵਧ ਕੇ ਖੂਨ-ਖਰਾਬੇ ਤੱਕ ਜਾ ਪਹੁੰਚਦੀ ਅਤੇ ਇਹ ਝਗੜੇ ਪੁਸ਼ਤ-ਦਰ- ਪੁਸ਼ਤ ਚਲਦੇ ਰਹਿੰਦੇ ਸਨ। ‘ਨਰ ਬੰਦਾ’ ਕਹਾਣੀ ਦਾ ਤਾਣਾ-ਬਾਣਾ ਇਸੇ ਪਿਛੋਕੜ ਵਾਲਾ ਹੈ। ਸੁਖਦੇਵ ਦੇ ਪਰਿਵਾਰ ਦਾ ਨੰਬਰਦਾਰ ਦੇ ਪਰਿਵਾਰ ਨਾਲ ਵੀ ਵੱਟ ਦਾ ਝਗੜਾ ਸੀ। ਨੰਬਰਦਾਰ ਦੇ ਇਕ ਮੁੰਡੇ ਜੈਲੇ ਨੇ ਮੌਕਾ ਪਾ ਕੇ ਸੁਖਦੇਵ ਨੂੰ ਪਾਰ ਬੁਲਾ ਦਿੱਤਾ। ਸੁਖਦੇਵ ਦੀਆਂ ਆਖਰੀ ਰਸਮਾਂ ਤੋਂ ਬਾਅਦ ਉਸਦੀ ਪਤਨੀ ਨੂੂੰ ਉਸ ਦੀਆਂ ਨੰਨਦਾ ਗੱਲਾਂ-ਗੱਲਾਂ ਵਿਚ ਗੁਰਮੇਲ (ਸੁਖਦੇਵ ਦਾ ਛੋਟਾ ਭਰਾ) ਨਾਲ ਚਾਦਰ ਪਾਉਣ ਦੀ ਗੱਲ ਕਰਦੀਆਂ ਹਨ, ਉਹ ਕੋਈ ਹੁੰਗਾਰਾ ਨਹੀਂ ਭਰਦੀ। ਕੁਝ ਦਿਨਾਂ ਬਾਅਦ ਉਹ ਪੈਕੇ ਚਲੀ ਜਾਂਦੀ ਹੈ। ਇਕ ਦਿਨ ਸੁਖਦੇਵ ਦਾ ਬਾਪੂ ਅਤੇ ਉਸ ਦੀਆਂ ਕੁੜੀਆਂ ਸੁਖਦੇਵ ਦੀ ਪਤਨੀ ਅਤੇ ਉਸਦੇ ਬੱਚੇ ਨੂੰ ਮਿਲਣ ਆਉਂਦੇ ਹਨ ਅਤੇ ਫੇਰ ਉਹੀ ਗੱਲ ਕਰਦੇ ਹਨ ਤਾਂ ਸੁਖਦੇਵ ਦੀ ਪਤਨੀ ਸਾਫ ਕਹਿ ਦਿੰਦੀ ਹੈ ਕਿ ਗੁਰਮੇਲ ਤਾਂ ਬਾਬਿਆਂ ਦੇ ਡੇਰੇ ਜਾਣ ਜੋਗਾ ਹੀ ਹੈ। ਉਹਨਾਂ ਨੂੰ ਬੇਆਸ ਹੋ ਕੇ ਮੁੜਨਾ ਪੈਂਦਾ ਹੈ, ਪਰ ਸੱਸ ਦਾ ਫੋਨ ਆਏ ਤੇ ਕਿ ਉਹ ਕਦੇ ਆ ਕੇ ਉਹਨਾਂ ਦੇ ਪੋਤੇ ਬਬਲੂ ਨੂੰ ਹੀ ਮਿਲਾ ਜਾਵੇ, ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ। ਇਥੋਂ ਤੱਕ ਦੀ ਕਹਾਣੀ ਸਧਾਰਨ ਕਹਾਣੀਆਂ ਵਰਗੀ ਹੈ। ਇਸ ਤੋਂ ਬਾਅਦ ਕਹਾਣੀ ਇਕ ਨਵਾਂ ਮੋੜ ਕੱਟਦੀ ਹੈ, ਜਦੋਂ ਨੰਬਰਦਾਰ ਦਾ ਮੁੰਡਾ ਜੈਲਾ, ਗੁਰਮੇਲ ਨੂੰ ਲਲਕਾਰਦਾ ਹੈ ਤਾਂ ਅੱਗੋ ਗੁਰਮੇਲ ਆਪਣੇ ਗੰਡਾਸੇ ਨਾਲ ਜੈਲੇ ਦੀ ਲੱਤ ਵੱਢ ਦਿੰਦਾ ਹੈ। ਗੁਰਮੇਲ ਦੀ ਗਰਿਫਤਾਰੀ ਤੋਂ ਬਅਦ ਜਦੋਂ ਉਸ ਨੂੰ ਕਚਿਹਰੀ ਵਿਚ ਪੇਸ਼ ਕਰਨਾ ਹੁੰਦਾ ਹੈ ਤਾਂ ਸਾਰਾ ਪਰਿਵਾਰ ਉਸਨੂੰ ਮਿਲਣ ਜਾਂਦਾ ਹੈ। ਗੁਰਮੇਲ ਦੀ ਵਿਧਵਾ ਭਰਜਾਈ ਉਸ ਵੱਲ ਪਹਿਲੀ ਵਾਰ ਪਿਆਰ ਨਾਲ ਤੱਕਦੀ ਹੋਈ ਆਪਣੇ ਸਹੁਰੇ ਨੂੰ ਕਹਿੰਦੀ ਹੈ, “ਬਾਪੂ, ਭਾਵੇਂ ਬਬਲੂ ਦੇ ਹਿੱਸੇ ਦੀ ਸਾਰੀ ਜ਼ਮੀਨ ਲੱਗ ਜੇ– ਸਾਰੇ ਵਕੀਲ ਗੰਢ ਲਵੋ- ਥੋਡਾ ਛੋਟਾ ਪੁੱਤ ਬਰੀ ਹੋਣਾ ਚਾਹੀਦੈ—-। ਪਰਿਵਾਰ ਦੇ ਸਾਰੇ ਜੀਅ ਉਸ ਵੱਲ ਹੈਰਾਨ ਹੋ ਕੇ ਦੇਖਣ ਲੱਗੇ ਅਤੇ ਉਹਨਾਂ ਤੋਂ ਕੁਝ ਦੂਰ ਹੋ ਗਏ। ਉਹ ਗੁਰਮੇਲ ਦੇ ਨੇੜੇ ਹੁੰਦੀ ਕਹਿੰਦੀ ਹੈ, “ਗੁਰਮੈਲ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਹੁਣ ਤੂੰ ਸੰਤਾਂ ਦਾ ਚੇਲਾ ਨਹੀਂ — ਨਰ ਬੰਦਾ ਐਂ—।” ਕਹਾਣੀ ਦਾ ਇਸ ਤਰਾਂ ਦਾ ਅੰਤ ਪਾਠਕਾਂ ਨੂੰ ਅਚੰਬਤ ਹੀ ਨਹੀਂ ਕਰਦਾ, ਹਲੂਣਾ ਵੀ ਦਿੰਦਾ ਹੈ। ਸੁਖਦੇਵ ਦੀ ਵਿਧਵਾ ਦੇ ਅਜਿਹੇ ਅਹਿਸਾਸ ਅਸਲ ਵਿਚ ਔਰਤ ਦੇ ਅੰਤਰੀਵ ਭਾਵਾਂ ਦੀ ਤਰਜਮਾਨੀ ਕਰਦੇ ਹਨ। ਔਰਤ ਆਪਣੇ ਪਤੀ ਦੇ ਸਰੀਰਕ ਰੂਪ, ਉਸ ਦੀ ਸ਼ੋਹਰਤ, ਅਮੀਰੀ ਦੇ ਨਾਲ-ਨਾਲ ਇਹ ਵੀ ਇੱਛਾ ਕਰਦੀ ਹੈ ਕਿ ਉਸਦਾ ਜੀਵਨ ਸਾਥੀ ਦੱਬੂੂ ਕਿਸਮ ਦਾ ਨਾ ਹੋ ਕੇ ਬਹਾਦੁਰ ਵੀ ਹੋਵੇ। ਪਾਤਰ ਦਾ ਅਜਿਹਾ ਚਿਤਰਣ ਕਹਾਣੀ ਨੂੰ ਇਕ ਨਵੀਂ ਦਿਸ਼ਾ ਪਰਦਾਨ ਕਰਦਾ ਹੈ ਅਤੇ ਕਹਾਣੀ ਦੇ ਸਿਰਲੇਖ ਨੂੰ ਵੀ ਸਾਰਥਕ ਸਿੱਧ ਕਰਦਾ ਹੈ।

‘ਨਵੀਂ ਕੰਧ’ ਕਹਾਣੀ ਵਿਚ ਵੀ ਲੇਖਕ ਨੇ ਪੰਜਾਬ ਦੇ ਬਹੁਤੇ ਘਰਾਂ ਵਿਚ ਵੰਡ-ਵੰਡਾਈ ਨੂੰ ਲੈ ਕੇ ਘਰ ਦੇ ਵਿਹੜੇ ਵਿਚ ਉਸਰਦੀਆਂ ਕੰਧਾਂ ਵਾਲੀ ਪਿਰਤ ਦੀ ਗੱਲ ਕੀਤੀ ਹੈ, ਪਰ ਇਸ ਕਹਾਣੀ ਵਿਚ ਵੀ ਨਿਰੰਜਣ ਬੋਹਾ ਕਹਾਣੀ ਨੂੰ ਨਵੇਕਲੇ ਢੰਗ ਨਾਲ ਸਮੇਟਦਾ ਹੈ, ਜਿਸ ਤੋਂ ਉਸਦੀ ਪਰਪੱਕ ਸੂਝ ਦਾ ਪਤਾ ਲੱਗਦਾ ਹੈ। ਪਿਉ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਨੂੰਹ-ਪੁੱਤ ਦੇ ਵਤੀਰੇ ਤੋਂ ਦੁਖੀ ਹੋਇਆ ਬੈਠਾ ਹੈ। ਇਕ ਵਾਰ ਤਾਂ ਮੁੰਡੇ ਨੇ ਪਿਉ ਤੇ ਹੱਥ ਹੀ ਚੁੱਕ ਲਿਆ ਸੀ। ਉਸ ਨੂੰ ਆਪਣੀ ਮਰ ਚੁੱਕੀ ਪਤਨੀ ਸਿਮਰ ਦੀ ਗੱਲ ਯਾਦ ਆਉਂਦੀ ਹੈ ਜਿਸਨੇ ਉਸਨੂੰ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਅਜਿਹੇ ਨੂੰਹ-ਪੁੱਤ ਤੋਂ ਕਿਸੇ ਤਰਾਂ ਦੀ ਆਸ ਨਾ ਰੱਖੀ, ਆਪਣਾ ਬੁਢਾਪਾ ਅਰਾਮ ਨਾਲ ਬਿਤਾਉਣ ਲਈ ਕਿਸੇ ਲੋੜਵੰਦ ਨਾਲ ਦੁਬਾਰਾ ਘਰ ਵਸਾ ਲਈਂ। ਹਾਲਾਤ ਨੂੰ ਚੰਗੀ ਤਰਾਂ ਦੇਖਦੇ ਹੋਏ, ਉਹ ਹੋਰ ਵਿਆਹ ਕਰਵਾ ਲੈਂਦਾ ਹੈ ਅਤੇ ਰੋਜ਼ਾਨਾਂ ਦੇ ਕਲੇਸ਼ ਤੋਂ ਪਿੱਛਾ ਛਡਉਣ ਲਈ ਵਿਹੜੇ ਵਿਚ ਕੰਧ ਵੀ ਕੱਢ ਲੈਂਦਾ ਹੈ। ਇਸ ਕਹਾਣੀ ਵਿਚ ਵੀ ਲੇਖਕ ਨੇ ਪੁਰਾਣੀ ਕਹਾਵਤ ‘ਨੌਹਾਂ ਨਾਲੋ ਮਾਸ ਅੱਡ ਨਹੀਂ ਹੁੰਦਾ’ ਨੂੰ ਵੀ ਬਦਲਦੇ ਹਾਲਾਤ ਅਨੁਸਾਰ ਭੁੱਲ ਜਾਣ ਨੂੰ ਹੀ ਚੰਗਾ ਦੱਸਿਆ ਹੈ ਅਤੇ ਬਜ਼ੁਰਗਾਂ ਨੂੰ ਇਸ ਗੱਲ ਵੱਲ ਵੀ ਕੰਨ ਧਰਨ ਲਈ ਕਿਹਾ ਹੈ ਕਿ ‘ਜੇ ਕੁਝ ਜਾਇਦਾਦ ਆਪਣੇ ਨਾਂ ਰੱਖ ਲਈ ਜਾਵੇ ਕਾਂ ਬੁਢਾਪਾ ਸੌਖਾ ਲੰਘ ਜਾਂਦਾ ਹੈ।’ ਇਸ ਕਹਾਣੀ ਵਿਚ ਲੇਖਕ ਨੇ ਔਰਤ ਦੇ ਨਾਲ-ਨਾਲ ਮਰਦ ਦੀ ਅੰਦਰਲੀ ਲੁਕਵੀਂ ਚੀਸ ਨੂੰ ਕਹਾਣੀ ਦੇ ਮੁੱਖ ਪਾਤਰ ਰਾਹੀਂ ਇੰਜ ਕੁਹਾਇਆ ਹੈ, “ਆਪਣੇ-ਆਪਣੇ ਪੱਧਰ ਤੇ ਅਸੀਂ ਦੋਹੇਂ ਹੀ ਲੋੜਵੰਦ ਸਾਂ ਅਤੇ ਆਪਣੀਆਂ-ਆਪਣੀਆਂ ਲੋੜਾਂ ਦੀ ਪੂਰਤੀ ਲਈ ਇਕ ਸਮਝੌਤੇ ਅਧੀਨ ਹੀ ਇਕ ਦੂਜੇ ਦਾ ਸਾਥ ਕਬੂਲਿਆ ਹੈ।”

‘ਪੌਣ’ ਕਹਾਣੀ ਘਟਨਾਵਾਂ ਭਰਪੂਰ ਹੈ। ਕਹਾਣੀ ਵਿਚ ਕਈ ਕਹਾਣੀਆਂ ਵਾਪਰਦੀਆਂ ਹਨ। ਨਰੀ(ਨਰਦੇਵ), ਉਸਦੀ ਪਤਨੀ ਅਤੇ ਨਰੀ ਦੀ ਮਾਂ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਹੈ, ਪਰ ਮੁੱਖ ਪਾਤਰ ਨਰੀ ਦੀ ਪਤਨੀ ਹੀ ਹੈ। ਇਸ ਕਹਾਣੀ ਵਿਚ ਵੀ ਸਾਡੇ ਪੇਂਡੂ (ਸ਼ਹਿਰੀ ਵੀ) ਜ਼ਿੰਦਗੀ ਦੀਆਂ ਕੁਝ ਝਲਕੀਆਂ ਪੇਸ਼ ਕਰਦੇ ਹੋਏ ਕਹਾਣੀਕਾਰ ਨੇ ਦੱਸਿਆ ਹੈ ਕਿ ਜੇ ਇਕ ਔਰਤ ਨੂੰ ਪਤਨੀ ਦੇ ਰੂਪ ਵਿਚ ਆਪਣੇ ਪਤੀ ਦੀਆਂ ਬਾਹਾਂ ਵਿਚ ਆ ਕੇ ਕਿਸੇ ਸਮੇਂ ਸਕੂਨ ਮਿਲਦਾ ਸੀ ਤਾਂ ਉਹੀ ਪਤਨੀ ਜਦੋਂ ਪਤੀ ਦੇ ਗਲਤ ਕੰਮਾ ਤੋਂ ਦੁਖੀ ਹੁੰਦੀ ਹੈ ਤਾਂ ਦਿਲ ਵਿਚ ਸੋਚਦੀ ਹੈ, ‘ਹੁਣ ਤੂੰ ਮੇਰੀਆਂ ਨਜ਼ਰਾਂ ਵਿਚ ਜਿਉਂਦਾ ਕਿਵੇਂ ਹੋ ਸਕਦਾ ਹੈਂ?’ ਆਪਣੀ ਸੱਸ ਨੂੰ ਵੀ ਸੁਣਾ ਦਿੰਦੀ ਹੈ ਕਿ ਉਸਦੇ ਪੁੱਤਰ ਵਿਚ ਮਰਦਾਂ ਵਾਲੀ ਹੈਂਕੜ ਹੀ ਬਚੀ ਹੋਈ ਹੈ, ਮਰਦਪੁਣੇ ਵਾਲੀ ਗੈਂਰਤ ਖਤਮ ਹੋ ਚੁੱਕੀ ਹੈ’ ਅਤੇ ਉਹ ਇਹ ਕਹਿਣ ਤੇ ਮਜਬੂਰ ਹੋ ਜਾਂਦੀ ਹੈ, “ਕੀ ਥੁੜਿਆ ਪਿਆ ਐ–ਇਹੋ ਜਿਹੇ ਸਿਰ ਦੇ ਸਾਈਂ ਬਿਨਾਂ।’

ਇਸ ਕਹਾਣੀ ਵਿਚ ਲੇਖਕ ਨੇ ਔਰਤ ਦੇ ‘ਮਾਂ ਰੂਪ’ ਦੀ ਉਸ ਸਥਿਤੀ ਦਾ ਬਾ-ਕਮਾਲ ਵਰਣਨ ਕੀਤਾ ਹੈ ਜਦੋਂ ਉਸ ਨੂੰ ਪਰਿਵਾਰ ਦੀ ਮਾਇਕ ਅਵਸਥਾ ਨੂੰ ਠੁੰਮਣਾ ਦੇਣ ਲਈ ਆਪਣੀ ਕੁੱਖ ਵਿਚ ਧੜਕ ਰਹੀ ਨਵੀਂ ਜ਼ਿੰਦਗੀ ਦਾ ਮਜਬੂਰੀ ਵਿਚ ਸੌਦਾ ਕਰਨਾ ਪੈਂਦਾ ਹੈ, ਪਰ ਜਦੋਂ ਉਸ ਵਿਚੋਂ ਨਰੀ ਵਰਗਾ ਆਪਣੇ ਨਸ਼ੇ ਲਈ ਦਾਅ ਲਾ ਜਾਏ, ਤਾਂ ਹੀ ਦੁਖੀ ਹੋਈ ਪਤਨੀ ਅਜਿਹੇ ‘ਸਿਰ ਦੇ ਸਾਈਂ’ ਦੀ ਕੋਈ ਸੁੱਖ ਨਹੀਂ ਭਾਲਦੀ, ਸਗੋਂ ਚੰਡੀ ਦਾ ਰੂਪ ਧਾਰ ਕੇ ਉਸਦੀ ਛਾਤੀ ਤੇ ਸਵਾਰ ਹੋ ਜਾਂਦੀ ਹੈ। ਲੇਖਕ ਕੋਲ ‘ਗੁੱਝੀਆਂ’ ਗੱਲਾਂ ਨੂੰ ‘ਗੁੱਝੇ’ ਢੰਗ ਨਾਲ ਕਹਿਣ ਦੀ ਕਲਾ ਵੀ ਹੈ(ਪਰ ਕਿਸੇ ਵੇਲੇ ਇਸ ਵੱਲੋਂ ਧੱਕਾ ਕਰਨ ਤੇ ਮੇਰੇ ਅੰਦਰਲੀ ਔਰਤ ਦੀਆਂ ਸਰੀਰਕ ਲੋੜਾਂ ਇਸਦਾ ਕੰਮ ਅਸਾਨ ਕਰ ਦਿੰਦੀਆਂ)। ਔਰਤ ਦੀ ਮਨੋਦਸ਼ਾ ਨੂੰ ਪ੍ਗਟਾਉਂਦੇ ਅਜਿਹੇ ਵਾਰਤਾਲਾਪ ਪਾਠਕਾਂ ਨੂੰ ਟੁੰਬਦੇ ਹਨ।

‘ਹੁਣ ਮੈਂ ਤਿਆਰ ਹਾਂ’ ਕਹਾਣੀ ਵਿਚ ਇਕ ਗੋਦ ਲਿਆ ਪੁੱਤਰ ਆਪਣੇ ਪਾਲਕ ਮਾਤਾ-ਪਿਤਾ ਦੀ ਧੀ ਨੂੰ ਹੀ ਭੈੜੀਆਂ ਨਜ਼ਰਾਂ ਨਾਲ ਦੇਖਦਾ ਹੈ ਅਤੇ ਇਥੋਂ ਤੱਕ ਕਹਿ ਦਿੰਦਾ ਹੈ, ‘ਤੇਰਾ ਵੀ ਕੰਡਾ ਕੱਢਣਾ ਹੀ ਪਊ ਕਿਸੇ ਦਿਨ’ ਤਾਂ ਅੱਕ ਕੇ ਉਸ ਨੂੰ ਆਪਣੇ ਪਿਉ ਨੂੰ ਕਹਿਣਾ ਪੈਂਦਾ ਹੈ, “ਜਦੋਂ ਉਹ ਤੁਹਾਡੀ ਧੀ ਦਾ ਭਰਾ ਨਹੀਂ ਬਣਿਆ ਤਾਂ ਤੁਹਾਡਾ ਬੇਟਾ ਕਿਵੇਂ ਹੋਇਆ?” ਅਤੇ ਇਸ ਤੋਂ ਬਾਅਦ ਸਿੱਧਾ ਹੀ ਕਹਿੰਦੀ ਹੈ, “ਸਿੱਧੀ ਗੱਲ ਤਾਂ ਇਹ ਹੈ ਕਿ ਤੁਹਾਡੇ ਘਰ ਵਿਚ ਤੁਹਾਡੀ ਧੀ ਤੁਹਾਡੇ ਬਣਾਏ ਪੁੱਤਰ ਤੋਂ ਈ ਆਪਣੀ ਇਜ਼ਤ ਨੂੰ ਖਤਰਾ ਮਹਿਸੂਸ ਕਰਦੀ ਐ।” ਐਨੀ ਗੱਲ ਉਸਨੇ ਹਿੰਮਤ ਕਰਕੇ ਕਹਿ ਤਾਂ ਦਿੱਤੀ ਪਰ ਚੱਕਰ ਖਾ ਕੇ ਸੋਫ਼ੇ ਤੇ ਡਿੱਗ ਗਈ।

‘ਮਦਰ ਡੇ’ ਗਿਫਟ’ ਕਹਾਣੀ ਵਿਚ ਬੇ-ਔਲਾਦ ਜੋੜੇ ਵੱਲੋਂ ਕਿਸੇ ਗਰੀਬ ਦਾ ਬੱਚਾ ਪੈਸੇ ਦੇ ਕੇ ਗੋਦ ਲੈਣਾ ਜਾਂ ‘ਕਿਰਾਏ ਦੀ ਕੁੱਖ’ ਰਾਹੀਂ ਬੱਚਾ ਪੈਦਾ ਕਰਨ ਵਰਗੀਆਂ ਗੱਲਾਂ ਅੱਜ-ਕੱਲ੍ਹ ਦੀ ਪੀੜੀ ਲਈ ਤਾਂ ਮੰਨਣ ਯੋਗ ਹਨ, ਪਰ ਪੁਰਾਣੇ ਬਜ਼ੁਰਗਾਂ ਲਈ ਨਹੀਂ। ਇਸ ਕਹਾਣੀ ਵਿਚ ਵੀ ਹਰੀਸ਼ ਦੀ ਦਾਦੀ ਲਈ ਇਹ ਸੁਣਨਾ ਵੀ ਗਵਾਰਾ ਨਹੀਂ। ਅਸਲ ਵਿਚ ਅਜਿਹੀ ਸੋਚ ਲਈ ਉਸਦੀ ਜ਼ਿੰਦਗੀ ਵਿਚ ਵਾਪਰੀ ਇਕ ਨਿਜੀ ਘਟਨਾ ਕਰਕੇ ਹੈ। ਦੇਸ਼ ਦੀ ਵੰਡ ਵੇਲੇ ਉਸਦੀ ਗੋਦੀ ਵਿਚ ਰਤਨ ਅਜੇ ਕੁਝ ਦਿਨਾਂ ਦਾ ਹੀ ਸੀ । ਉਹਨਾਂ ਨੂੰ ਕੈਂਪ ਵਿਚ ਰਹਿਣਾ ਪਿਆ । ਕੈਂਪ ਦੇ ਭੀੜ-ਭੱੜਕੇ ਵਾਲੇ ਮਾਹੌਲ ਵਿਚ ਬੱਚਾ ਬਿਮਾਰ ਹੋ ਗਿਆ। ਕੈਂਪ ਮੈਨੇਜਰ ਨੇ ਉਸ ਨੂੰ ਅਤੇ ਉਸਦੇ ਪਤੀ ਨੂੰ ਆਪਣੇ ਦਫ਼ਤਰ ਵਿਚ ਬੁਲਾ ਕੇ ਇਕ ਸੇਠ ਨਾਲ ਮਿਲਵਾਇਆ ਅਤੇ ਕਿਹਾ ਕਿ ਇਸ ਹਾਲਾਤ ਵਿਚ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕਦੇ ਇਸ ਲਈ ਬੱਚਾ ਸੇਠ ਸਾਹਿਬ ਨੂੰ ਦੇ ਕੇ ਕੁਝ ਪੈਸੇ ਲੈ ਲੈਣ। ਇਹ ਸੁਣ ਕੇ ਪਤੀ-ਪਤਨੀ ਹੈਰਾਨ ਹੋ ਗਏ ਅਤੇ ਕੈਂਪ ਮੈਨੇਜਰ ਨੂੰ ਸਾਫ ਇਨਕਾਰ ਕਰਕੇ ਉਸਦੇ ਦਫ਼ਤਰ ਵਿਚੋਂ ਬਾਹਰ ਆ ਗਏ। ਇਸ ਗੱਲ ਨੂੰ ਭਾਵੇਂ ਬਹੁਤ ਅਰਸਾ ਬੀਤ ਚੁੱਕਿਆ ਸੀ, ਪਰ ਉਸ ਵਕਤ ਦੀ ਕੌੜੀ-ਕੁਸੇਲੀ ਯਾਦ ਅਜੇ ਵੀ ਸੀ। ਇਸੇ ਲਈ ਦਾਦੀ ਕਿਸੇ ਗਰੀਬ ਔਰਤ ਤੋਂ ਪੈਸੇ ਦੇ ਕੇ ਬੱਚਾ ਲੈਣ ਦੇ ਹੱਕ ਵਿਚ ਨਹੀਂ ਸੀ। ਉਹ ਦਿਲ ਵਿਚ ਸੋਚਦੀ ਸੀ ਕਿਸੇ ਵੀ ਮਾਂ ਤੋਂ ਉਸਦਾ ਬੱਚਾ ਦੂਰ ਨਹੀਂ ਕਰਨਾ ਚਾਹੀਦਾ।

ਕਹਾਣੀ ਦੇ ਅੰਤ ਵਿਚ ਜਦੋਂ ਹਰੀਸ਼ ਅਤੇ ਉਸਦੀ ਪਤਨੀ ਨਿਸ਼ਾ ਸ਼ਾਮ ਦੇ ਸਮੇਂ ਘਰ ਮੁੜਦੇ ਹਨ(ਮਾਂ ਦਿਵਸ ਵਾਲੇ ਦਿਨ) ਤਾਂ ਨਿਸ਼ਾ ਦੀ ਗੋਦੀ ਵਿਚ ਡੇਢ ਦੋ ਸਾਲ ਦਾ ਬੱਚਾ ਦੇਖ ਕੇ ਸਾਰੇ ਬੈਰਾਨ ਰਹਿ ਜਾਂਦੇ ਹਨ। ਅਸਲ ਵਿਚ ਹਰੀਸ਼ ਅਤੇ ਉਸਦੀ ਪਤਨੀ ਇਹ ਬੱਚਾ ਕਿਸੇ ਅਨਾਥ ਆਸ਼ਰਮ ਵਿਚੋਂ ਗੋਦ ਲੈ ਕੇ ਆਏ ਹਨ। ਇਸ ਬੱਚੇ ਦੇ ਮਾਂ-ਪਿਉ ਕੁਝ ਸਮਾਂ ਪਹਿਲਾਂ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਬੱਚੇ ਦੇ ਰਿਸ਼ਤੇਦਾਰ ਬੱਚਾ ਅਨਾਥ ਆਸ਼ਰਮ ਵਿਚ ਛੱਡ ਗਏ ਸੀ। ਦਾਦੀ ਆਪਣੇ ਪੜਪੋਤੇ ਨੂੰ ਆਪਣੀ ਹਿੱਕ ਨਾਲ ਲਾ ਲੈਂਦੀ ਹੈ।

‘ਹੁਣ ਨਹੀਂ’ ਕਹਾਣੀ ਵਿਚ ਇਹ ਦਰਸਾਇਆ ਗਿਆ ਹੈ ਕਿ ਕਿਸੇ ਨੂੰ ਸੱਚਾ ਪਿਆਰ ਕਰਨ ਵਾਲੀ ਲੜਕੀ ਭਾਵੇਂ ਹਵਸ ਦਾ ਸ਼ਿਕਾਰ ਹੋ ਕੇ, ਮਜ਼ਬੂਰੀ ਵਿਚ ਜਾਂ ਜਵਾਨੀ ਦੇ ਜੋਸ਼ ਵਿਚ ਸਮਾਜਕ ਮਰਿਆਦਾ ਪਾਰ ਕਰ ਜਾਵੇ ਅਤੇ ਉਸਦਾ ਨਤੀਜਾ ਵੀ ਭੁਗਤੇ, ਪਰ ਉਹ ਆਪਣੇ ਨਾਲ ਧੋਖਾ ਕਰਨ ਵਾਲੇ ਨੂੰ ਕਦੇ ਮੁਆਫ਼ ਨਹੀਂ ਕਰਦੀ। ਸੰਦੀਪ ਅਤੇ ਸਿਮਰਨ ਦੀ ਵੀ ਇਹੋ ਕਹਾਣੀ ਹੈ। ਦੋਵੇਂ ਭਾਵੇਂ ਇਕ- ਦੂਜੇ ਨੂੰ ਪਿਆਰ ਕਰਦੇ ਹਨ। ਸੰਦੀਪ ਨੂੰ ਮਜਬੂਰੀ, ਪਰਿਵਾਰਕ ਹਾਲਾਤ ਜਾਂ ਕੈਨੇਡਾ ਜਾਣ ਦੇ ਲਾਲਚ ਕਾਰਨ ਸਿਮਰਨ ਤੋਂ ਦੂਰ ਹੋਣਾ ਪਿਆ। ਇਹ ਤਾਂ ਸਿਮਰਨ ਦੀ ਕਿਸਮਤ ਚੰਗੀ ਸੀ ਜੋ ਉਸ ਨੂੰ ਅਸ਼ੋਕ ਮਿੱਤਲ ਵਰਗਾ ਜੀਵਨ ਸਾਥੀ ਮਿਲ ਗਿਆ, ਜਿਸਨੇ ਕਦੇ ਉਸ ਤੋਂ ਉਸਦੇ ਵਿਆਹ ਤੋਂ ਪਹਿਲਾਂ ਦੇ ਸਬੰਧਾ ਕਰਕੇ ਉਸਦੀ ਕੁੱਖ ਵਿਚ ਪਲ ਰਹੇ ਬੱਚੇ ਦੇ ਪਿਉ ਬਾਰੇ ਕਦੇ ਨਹੀਂ ਸੀ ਪੁੱਛਿਆ ਅਤੇ ਛੇ ਸਾਲ ਬਾਅਦ ਜਦੋਂ ਸੰਦੀਪ ਅਤੇ ਸਿਮਰਨ ਕਿਸੇ ਮਾਲ ਵਿਚ ਅਚਾਨਕ ਹੀ ਮਿਲੇ(ਸਿਮਰਨ ਦਾ ਪਤੀ ਅਤੇ ਉਸਦਾ ਬੱਚਾ ਅਭਿਸ਼ੇਕ ਵੀ ਨਾਲ ਸੀ) ਤਾਂ ਉਹ ਸੰਦੀਪ ਦੀ ਜਾਣ ਪਹਿਚਾਣ ਆਪਣੇ ਜਮਾਤੀ ਦੇ ਤੌਰ ਤੇ ਕਰਵਾਉਂਦੀ ਹੈ। ਅਭਿਸ਼ੇਕ ਕਿਉਂ ਜੋ ਸੰਦੀਪ ਅਤੇ ਸਿਮਰਨ ਦੇ ਆਪਸੀ ਸੰਬੰਧਾਂ ਤੋਂ ਪੈਦਾ ਹੋਇਆ ਬੱਚਾ ਸੀ, ਇਸ ਲਈ ਉਹ ਕੁਦਰਤੀ ਇਕ-ਦੂਜੇ ਵੱਲ ਖਿੱਚੇ ਜਾਂਦੇ ਹਨ। ਕਹਾਣੀ ਦੇ ਅੰਤ ਵਿਚ ਜਦੋਂ ਉਹ ਕੁਝ ਸਮੇਂ ਲਈ ਇੱਕਲੇ ਹੁੰਦੇ ਹਨ ਤਾਂ ਸੰਦੀਪ(ਜਿਸਦਾ ਪਰਿਵਾਰਕ ਜੀਵਨ ਠੀਕ ਨਹੀਂ ਸੀ), ਸਿਮਰਨ ਤੋਂ ਮੰਗ ਕਰਦਾ ਹੈ ਕੀ ਉਹ ਵਾਪਿਸ ਕੈਨੇਡਾ ਜਾਣ ਤੋਂ ਪਹਿਲਾਂ ਇਕ-ਦੋ ਬਾਰ ਆਪਣੇ ਪੁੱਤਰ ਅਭਿਸ਼ੇਕ ਨੂੰ ਮਿਲ ਸਕਦਾ ਹੈ ਤਾਂ ਉਹ ਕਹਿੰਦੀ ਹੈ, “ਹੁਣ ਨਹੀਂ, ਸੰਦੀਪ– ਤੂੰ ਪਹਿਲਾਂ ਵੀ ਮੈਨੂੰ ਧੋਖਾ ਦੇ ਚੁੱਕੈਂ, ਬੱਸ ਅੱਜ ਤੋਂ ਬਾਅਦ ਤੇਰਾ ਪਰਛਾਵਾਂ ਵੀ ਅਭਿਸ਼ੇਕ ਤੇ ਨਹੀਂ ਪੈਣਾ ਚਾਹੀਦਾ। ਅੰਤ ਵਿਚ ਉਹ ਆਪਣੇ ਪਤੀ ਦਾ ਹੱਥ ਪਕੜ ਕੇ ਸੰਦੀਪ ਵੱਲ ਨਫ਼ਰਤ ਭਰੀ ਨਜ਼ਰ ਨਾਲ ਦੇਖ ਚਲੀ ਜਾਂਦੀ ਹੈ।

ਕਿਤਾਬ ਦੇ ਨਾਂ ਵਾਲੀ ਕਹਾਣੀ ‘ਇਹ ਤਾਂ ਮੈਂ ਹੀ ਹਾਂ’ ਇਕ ਨਵੇਕਲੀ ਕਹਾਣੀ ਹੈ। ਸੱਸ ਅਤੇ ਨੂੰਹ ਮੁੱਖ ਪਾਤਰ ਹਨ। ਨਿੰਦਰ ਦਾ ਪਤੀ ਸਹਿਦੇਵ ਤਾਂ ਗੌਣ ਪਾਤਰ ਹੀ ਹੈ। ਅਸਲ ਗੱਲ ਇਹ ਹੈ ਕਿ ਸਹਿਦੇਵ ਅਤੇ ਨਿੰਦਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ। ਸ਼਼ਰੂ ਵਿਚ ਪਤੀ-ਪਤਨੀ ਦੀ ਬਾਹਵਾ ਬਣਦੀ ਸੀ, ਪਰ ਫੇਰ ਪਤਾ ਨਹੀਂ ਕੀ ਹੋਇਆ ਦੋਹਾਂ ਦਾ ਕਲੇਸ਼ ਰੋਜਾਨਾ ਹੋਣ ਲੱਗਾ। ਸਹਿਦੇਵ ਦੀ ਸ਼ਰਾਬ ਦੀ ਲਤ ਦਿਨੋ ਦਿਨ ਵੱਧਦੀ ਗਈ। ਪਤੀ ਨਾਲ ਬੋਲ-ਬੁਲਾਰੇ ਦੇ ਬਾਵਜੂਦ ਨਿੰਦਰ ਆਪਣੀ ਸੱਸ ਦਾ ਪੂਰਾ ਧਿਆਨ ਰੱਖਦੀ। ਇਸ ਲਈ ਸਹਿਦੇਵ ਦੀ ਮਾਂ ਨੂੰ ਆਪਣੇ ਪੁੱਤਰ ਦਾ ਹੀ ਜਿਆਦਾ ਕਸੂਰ ਲੱਗਦਾ। ਆਪਣੇ ਮੁੰਡੇ ਦੀ ਸ਼ਰਾਬ ਦੀ ਆਦਤ ਤੋਂ ਉਹ ਵੀ ਬਹੁਤ ਦੁਖੀ ਸੀ, ਕਿਉਂ ਕਿ ਉਸਦਾ ਘਰ ਵੀ ਸ਼ਰਾਬ ਨੇ ਹੀ ਬਰਬਾਦ ਕੀਤਾ ਸੀ। ਸਹਿਦੇਵ ਅਜੇ ਚਾਰ ਸਾਲ ਦਾ ਹੀ ਸੀ ਕਿ ਉਸਦਾ ਪਤੀ ਹਰਬੰਸ ਜਿਆਦਾ ਨਸ਼ਿਆਂ ਕਾਰਨ ਮੁੱਕ ਗਿਆ ਸੀ। ਹੌਲੀ-ਹੌਲੀ ਸਹਿਦੇਵ ਸ਼ਰਾਬ ਦੇ ਨਾਲ ਹੋਰ ਨਸ਼ੇ ਵੀ ਕਰਨ ਲੱਗ ਪਿਆ। ਸਹਿਦੇਵ ਦੇ ਨਸ਼ਿਆਂ ਕਾਰਨ ਨਿੰਦਰ ਦਾ ਝੁਕਾਅ ਆਪਣੇ ਪਤੀ ਦੇ ਤਾਏ ਦੇ ਮੁੰਡੇ ਬਲਬੀਰ ਵੱਲ ਹੋ ਗਿਆ। ਸਹਿਦੇਵ ਇਸ ਗੱਲ ਤੋਂ ਵੀ ਵੱਟਿਆ ਰਹਿੰਦਾ। ਨਿੰਦਰ ਦੀ ਸੱਸ ਨੂੰ ਵੀ ਇਹ ਚੰਗਾ ਨਾ ਲੱਗਦਾ, ਪਰ ਉਹ ਆਪਣੀ ਨੁੰਹ ਨੂੰ ਵੀ ਕੁਝ ਕਹਿਣ ਤੋਂ ਝਿਝਕਦੀ ਸੀ। ਅਸਲ ਵਿਚ ਉਸਨੂੰ ਆਪਣਾ ਸਮਾਂ ਯਾਦ ਆ ਗਿਆ ਜਦੋਂ ਉਸਦੀ ਸੱਸ ਨੇ ਉਸ ਨੂੰ ਸਰੂਪ ਨਾਲ ਬੈਠੇ ਦੇਖ ਲਿਆ ਸੀ ਅਤੇ ਸਾਰੇ ਘਰ ਵਿਚ ਇਸਦਾ ਰੌਲਾ ਵੀ ਪਾ ਦਿੱਤਾ ਸੀ।

ਇਕ ਦਿਨ ਜਦ ਸਹਿਦੇਵ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਸ ਨੂੰ ਨਿੰਦਰ ਦੇ ਕਮਰੇ ਵਿਚੋਂ ਅਵਾਜ਼ਾਂ ਆਉਂਦੀਆਂ ਸੁਣਾਈ ਦਿੱਤੀਆਂ। ਉਸਨੇ ਜਾ ਕੇ ਦਰਵਾਜ਼ਾ ਖੜਕਾਇਆ। ਕੋਈ ਪਰਛਾਵਾਂ ਜਿਹਾ ਬਾਹਰ ਨਿਕਲਿਆ। ਨਿੰਦਰ ਦੀ ਸੱਸ ਨੇ ਪਹਿਚਾਣ ਲਿਆ ਕਿ ਉਹ ਬਲਵੀਰ ਸੀ। ਨਿੰਦਰ ਬਿਲਕੁਲ ਨਾ ਘਬਰਾਈ। ਜਦੋਂ ਸੱਸ ਨੇ ਕੁਝ ਉਜਰ ਕੀਤਾ ਤਾਂ ਨਿੰਦਰ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਨਿਡਰਤਾ ਨਾਲ ਬੋਲੀ, “ਤੁਹਾਡੇ ਪੁੱਤਰ ਵਿਚ ਹੁਣ ਉਹ ਤਿੰਨ ਕਾਣੇ ਨਹੀਂ ਜੋ ਬਲਵੀਰ ਨੂੰ ਇਥੋ ਆਉਣ ਤੋਂ ਰੋਕ ਸਕਣ—ਇਹ ਕੰਮ ਮਰਦਾ ਦਾ ਹੁੰਦਾ ਹੈ– ਹੁਣ ਤੁਸੀਂ ਸੋਚੋ ਕਿ ਆਪਣੇ ਪੁੱਤਰ ਦੀ ਇੱਜ਼ਤ ਰੱਖਣੀ ਹੈ ਜਾਂ ਨਹੀਂ।” ਲੇਖਕ ਨੇ ਨਿੰਦਰ ਦਾ ਦਰਦ ਉਸਦੇ ਬੋਲਾਂ ਰਾਹੀਂ ਪ੍ਗਟਾ ਦਿੱਤਾ, ਪਰ ਸੱਸ ਦੀ ਹਾਲਤ ਉਸਦੀ ਸੋਚ ਰਾਹੀਂ ਦਰਸਾ ਦਿੱਤੀ–ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਰੰਗ ਮੰਚ ‘ਤੇ ਮੈਂ ਆਪਣੇ ਆਪ ਨੂੰ ਦੁਹਰਾ ਰਹੀ ਹਾਂ। ਇਸ ਘਰ ਨੂੰ ਜਾਇਦਾਦ ਦਾ ਵਾਰਸ ਦੇਣ ਮੈਨੂੰ ਵੀ ਤਾਂ ਅਜਿਹਾ ਕਰਨਾ ਪਿਆ ਸੀ। ਇਸ ਕਹਾਣੀ ਵਿਚ ਕਹਾਣੀਕਾਰ ਨੇ ਬੜੇ ਸੰਜਮ ਨਾਲ ਔਰਤ ਦੀਆਂ ਅੰਦਰੂਨੀ ਲਾਲਸਾਵਾਂ ਨੂੰ ਪਾਠਕਾਂ ਦੇ ਸਨਮੁੱਖ ਕਰ ਦਿੱਤਾ ਹੈ ਅਤੇ ਸੱਸ-ਨੂੰਹ ਦੇ ਇਕੋ ਜਿਹੇ ਦੁਖਾਂਤ ਨੂੰ ਕਲਮਬੰਦ ਕੀਤਾ ਹੈ। ਨਿਸ਼ਚੇ ਹੀ ਇਹ ਕਹਾਣੀ ਪੰਜਾਬੀ ਦੀਆਂ ਸਿਰਮੌਰ ਕਹਾਣੀਆਂ ਵਿਚੋਂ ਇਕ ਹੈ।

‘ਗਰਮ ਗੁਲਾਬੀ ਕੋਟ’ ਵਿਚ ਇਕ ਵਾਰ ਫੇਰ ਪਰਿਵਾਰਕ ਦੁਖਾਂਤ ਨੂੰ ਪੇਸ਼ ਕਰਦੇ ਹੋਏ ਕਹਾਣੀਕਾਰ ਨੇ ਇਕ ਬੇਬਸ ਔਰਤ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ, ਜਿਥੇ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਕੀ ਕਰੇ। ਇਹੋ ਨਹੀਂ ਸਾਡੇ ਸਮਾਜ ਦੇ ਉਸ ਵਰਤਾਰੇ ਨੂੰ ਵੀ ਚਿਤਰਿਆ ਹੈ, ਜਿਸ ਵਿਚ ਮਾੜੇ ਹਾਲਾਤ ਵਿਚ ਵੀ ਨਵੀਂ ਜ਼ਿੰਦਗੀ ਦੀ ਭਾਲ ਕਰਨ ਲਈ ਦੇਰ ਨਹੀਂ ਲਾਈ ਜਾਂਦੀ। ਕਮਲ ਦਾ ਜੀਵਨ ਸਾਥੀ ਹਰਮਨ ਛੋਟੀ ਉਮਰ ਵਿਚ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਸ ਦੁਖਦਾਇਕ ਘਟਨਾ ਦੇ ਛੇ ਦਿਨ ਬਾਅਦ ਹੀ ਕਮਲ ਦੀ ਭਰਜਾਈ ਉਸ ਨੂੰ ਪੁੱਛਦੀ ਹੈ, “ਅੱਗੇ ਲਈ ਕੀ ਸੋਚਿਐ” ਅਤੇ ਇਹ ਵੀ ਕਹਿ ਦਿੰਦੀ ਹੈ, “ਜਵਾਨ ਉਮਰ ਵਿਚ ਔਰਤ ਦੀ ਭੁੱਖ ਕੇਵਲ ਰੋਟੀ ਨਾਲ ਨਹੀਂ ਮਿਟਦੀ—-ਉਸ ਦੀਆਂ ਹੋਰ ਵੀ ਕਈ ਮਾਨਸਿਕ ਲੋੜਾਂ ਹੁੰਦੀਆਂ ਹਨ—-ਅਤੇ ਨਾਲ ਦੀ ਨਾਲ ਉਸਦੇ ਦਿਉਰ ਦਿਲਬਾਗ ਵਾਰੇ ਵੀ ਉਸਦੀ ਰਾਏ ਪੁੱਛਦੀ ਹੈ। ਕਮਲ ਦੇ ਪਿਉ ਦੀ ਵੀ ਇਕ ਗੱਲ ਕਮਲ ਤੱਕ ਪਹੁੰਚ ਜਾਦੀ ਹੈ ਕਿ “ਜਾਂ ਤਾਂ ਦਿਲਬਾਗ, ਹਰਮਨ ਦੀ ਥਾਂ ਉਹਨਾਂ ਤੋਂ ਪੱਗ ਲੈ ਲਵੇ, ਨਹੀਂ ਉਹ ਜੱਸੀ(ਕਮਲ ਅਤੇ ਹਰਮਨ ਦੀ ਛੋਟੀ ਜਿਹੀ ਬੱਚੀ) ਨੂੰ ਸਾਂਭਣ ਤੇ ਅਸੀਂ ਆਪਣੀ ਕੁੜੀ ਲਈ ਕੋਈ ਹੋਰ ਮੁੰਡਾ ਲੱਭੀਏ।’ ਅਜਿਹੇ ਵਤੀਰੇ ਰਾਂਹੀ ਇਹ ਦਰਸਾਇਆ ਹੈ ਕਿ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਤਾਂ ਸਮਝਣਾ ਹੀ ਨਹੀਂ। ਕਮਲ ਦੇ ਦਿਲੋ-ਦਿਮਾਗ ਵਿਚ ਜੋ ਹਲਚੱਲ ਮੱਚੀ ਹੋਈ ਹੈ, ਉਸ ਨੂੰ ਕੋਈ ਸਮਝਣ ਦਾ ਯਤਨ ਹੀ ਨਹੀਂ ਕਰ ਰਿਹਾ। ਅਸਲ ਵਿਚ ਕਮਲ ਨੇ ਆਪਣੇ ਦਿਉਰ ਦੇ ਕਹਿਣ ਤੇ ਉਸਦੀ ਗੱਲ ਆਪਣੀ ਬਚਪਨ ਦੀ ਸਹੇਲੀ ਜਸ਼ਨਪ੍ਰੀਤ ਨਾਲ ਕਰਵਾ ਦਿੱਤੀ ਸੀ ਅਤੇ ਦੋਹਾਂ ਨੂੰ ਇੱਕਠੇ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਉਸ ਨੂੰ ਪਤਾ ਹੈ ਕਿ ਦਿਲਬਾਗ, ਜਸਨਪ੍ਰੀਤ ਨੂੰ ਦਿਲੋਂ ਪਿਆਰ ਕਰਦਾ ਹੈ। ਉਹ ਕਿਵੇ ਆਪਣੇ ਲਈ ਉਹਨਾਂ ਦੀ ਜੋੜੀ ਤੋੜ ਦੇਵੇ। ਇਸਦੇ ਨਾਲ ਹੀ ਉਸਦੇ ਮਨ ਵਿਚ ਇਹ ਖਿਆਲ ਵੀ ਜਨਮ ਲੈਂਦਾ ਹੈ, ‘ਜਸਨਪ੍ਰੀਤ ਨੂੰ ਹੋਰ ਮੁੰਡਿਆਂ ਦਾ ਘਾਟਾ ਨਹੀਂ—ਆਪੇ ਚਾਰ ਦਿਨਾਂ ਵਿਚ ਦਿਲਬਾਗ ਨੂੰ ਭੁੱਲ ਜਾਊ—-ਪਰ ਜੱਸੀ ਨੂੰ ਦਿਲਬਾਗ ਤੋਂ ਬਗੈਰ ਹੋਰ ਕਿਸੇ ਨੇ ਬਾਪ ਦਾ ਪਿਆਰ ਨਹੀਂ ਦੇਣਾ—ਐਵੇਂ ਭਾਵੁਕ ਨਾ ਹੋ—ਠੰਡੇ ਦਿਮਾਗ ਨਾਲ ਪੇਕੇ ਘਰ ਦੀ ਤਜ਼ਵੀਜ ‘ਤੇ ਵਿਚਾਰ ਕਰ।’ ਕਮਲ ਦੀ ਅਜਿਹੀ ਦੋ ਪਾਸੜ ਸੋਚ ਗੈਰ- ਕੁਦਰਤੀ ਨਹੀਂ, ਸਗੋਂ ਉਸਦੇ ਅੰਦਰੂਨੀ ਦਵੰਦ ਨੂੰ ਪੇਸ਼ ਕਰਦੀ ਹੈ।

ਸਾਰੀਆਂ ਹੀ ਕਹਾਣੀਆਂ ਵਿਚ ਵਾਰਤਾਲਾਪ ਪਾਤਰਾਂ ਦੇ ਚਿਤਰਣ ਨੂੰ ਉਭਾਰਣ ਵਿਚ ਸਹਾਈ ਹੁੰਦੇ ਹਨ। ਕਹਾਣੀਆਂ ਪਾਠਕਾਂ ਨੂੰ ਆਪਣੇ ਵਹਾ ਵਿਚ ਵਹਾ ਕੇ ਲੈ ਜਾਂਦੀਆਂ ਹਨ। ਕਹਾਣੀ ਪੜ੍ਹਨ ਤੋਂ ਬਾਅਦ ਵੀ ਕਹਾਣੀਆਂ ਦੇ ਪਾਤਰ, ਪਾਠਕਾਂ ਦੇ ਮਨ-ਮਸਤਕ ਵਿਚ ਵਿਚਰਦੇ ਹਨ। ਨਿਰਸੰਦੇ ‘ਇਹ ਤਾਂ ਮੈਂ ਹੀ ਹਾਂ’ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਦਾ ਹੈ ਅਤੇ ਕਹਾਣੀਕਾਰ ਨਿਰੰਜਣ ਬੋਹਾ ਇਕ ਵਾਰ ਫੇਰ ਸਮਰਥ ਕਹਾਣੀਕਾਰ ਦੇ ਤੌਰ ਤੇ ਆਪਣੀ ਵੱਖਰੀ ਪਹਿਚਾਣ ਨੂੰ ਹੋਰ ਗੂੜੀ ਕਰਦਾ ਹੈ। 106 ਪੰਨਿਆ ਦੀ ਇਹ ਪੁਸਤਕ ‘ਊੜਾ ਪਬਲੀਕੇਸ਼ਨ’, ਮੋਗਾ ਨੇ ਪ੍ਕਾਸ਼ਿਤ ਕੀਤੀ ਹੈ।
***
ਰਵਿੰਦਰ ਸਿੰਘ ਸੋਢੀ
ravindersodhi51@gmail.com
ਕੈਲਗਰੀ(ਕੈਨੇਡਾ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1597

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ