15 September 2025

ਐਵੇਂ ਹੀ ਨਹੀਂ ਹੁੰਦੇ ਪੰਜਾਬੀ ਦੇ ਅਧਿਆਪਕ — ਪ੍ਰੋ. ਨਵ ਸੰਗੀਤ ਸਿੰਘ 

ਆਮ ਤੌਰ ‘ਤੇ ਪੰਜਾਬ ਦੇ ਸਕੂਲਾਂ, ਕਾਲਜਾਂ ਤੇ ਹੋਰ ਸਿੱਖਿਆ ਸੰਸਥਾਵਾਂ ‘ਚ ਪੰਜਾਬੀ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਮਾਮੂਲੀ ਜਾਂ ਨਿਗੂਣੇ ਮੰਨਿਆ ਜਾਂਦਾ ਹੈ। ਸੰਸਥਾ ਦੇ ਮੁਖੀ ਦਾ ਖ਼ਿਆਲ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦੀ ਕੋਈ ਲੋੜ ਨਹੀਂ ਹੁੰਦੀ, ਕਿਉਂਕਿ ਇਹ ਤਾਂ ਇਨ੍ਹਾਂ ਦੀ ਮਾਂ-ਬੋਲੀ ਹੈ ਤੇ ਉਹ ਆਪੇ ਏਧਰੋਂ-ਓਧਰੋਂ, ਘਰੋਂ-ਬਾਹਰੋਂ ਇਹਨੂੰ ਸਿੱਖ ਜਾਣਗੇ। ਹਾਲਾਂਕਿ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਪੰਜਾਬੀ ਦੀ ਪੜ੍ਹਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਜੋ ਅਕਸਰ ਨਹੀਂ ਕੀਤੇ ਜਾਂਦੇ।

ਉਂਜ ਪੰਜਾਬੀ ਅਧਿਆਪਕਾਂ ਨੂੰ ਸਕੂਲਾਂ ਵਿੱਚ ‘ਗਿਆਨੀ ਜੀ’ ਕਹਿ ਕੇ ਸੰਬੋਧਨ ਕਰਨਾ ਉਨ੍ਹਾਂ ਨਾਲ ਮਜ਼ਾਕ ਦੇ ਤੁਲ ਹੁੰਦਾ ਹੈ। ਹੋਰ ਤਾਂ ਹੋਰ, ਪੰਜਾਬੀ ਦੇ ਅਧਿਆਪਕਾਂ ਬਾਰੇ ਇਹ ਸੋਚਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਹੋਰਨਾਂ ਵਿਸ਼ਿਆਂ ਖਾਸ ਕਰਕੇ ਅੰਗਰੇਜ਼ੀ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਸਿੱਖਿਆ ਸੰਸਥਾਵਾਂ ‘ਚ ਵਿਦਿਆਰਥੀ ਅੰਗਰੇਜ਼ੀ ਦੇ ਅਧਿਆਪਕ ਤੋਂ ਹੀ ਡਰਦੇ ਹੁੰਦੇ ਹਨ, ਪਰ ਕਦੇ-ਕਦਾਈਂ ਇਉਂ ਵੀ ਹੁੰਦਾ ਹੈ ਕਿ ਅੰਗਰੇਜ਼ੀ ਦਾ ਅਧਿਆਪਕ ਸਾਰੀ ਉਮਰ ਵਿਦਿਆਰਥੀਆਂ ਨੂੰ ਗ਼ਲਤ ਪੜ੍ਹਾਉਂਦਾ ਰਹਿੰਦਾ ਹੈ ਤੇ ਜੇ ਪੰਜਾਬੀ ਦਾ ਅਧਿਆਪਕ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਮੇਰੇ ਜੀਵਨ ‘ਚ ਵਾਪਰੀਆਂ ਤਿੰਨ-ਚਾਰ ਘਟਨਾਵਾਂ ਦਾ ਇੱਥੇ ਜ਼ਿਕਰ ਕਰਨਾ ਚਾਹਾਂਗਾ।

ਮੈਂ ਉਦੋਂ ਛੇਵੀਂ ਜਮਾਤ ‘ਚ ਸੀ, ਜਦੋਂ ਪਹਿਲੀ ਵਾਰ ਅੰਗਰੇਜ਼ੀ ਵਿਸ਼ਾ ਪੜ੍ਹਨਾ ਪਿਆ। ਪ੍ਰਬੁੱਧ ਪੰਜਾਬੀ ਅਧਿਆਪਕ ਦਾ ਲੜਕਾ ਹੋਣ ਕਰਕੇ ਮੈਂ ਅੰਗਰੇਜ਼ੀ ਵਿਸ਼ੇ ਵੱਲ ਵਧੇਰੇ ਧਿਆਨ ਦਿੰਦਾ ਸੀ। ਸਾਨੂੰ ਮਾਸਟਰ ਯੋਗਿੰਦਰ ਪਾਲ ਅੰਗਰੇਜ਼ੀ ਪੜ੍ਹਾਉਂਦੇ ਸਨ। ਉਨ੍ਹਾਂ ਨੇ ‘ਥਰਸਟੀ ਕ੍ਰੋਅ’ ਕਹਾਣੀ ਲਿਖਵਾਉਂਦੇ ਸਮੇਂ ਇਹ ਸਤਰ ਲਿਖਵਾਈ, ਜੋ ਅੱਜ ਅੱਧੀ ਸਦੀ ਤੋਂ ਬਾਅਦ ਵੀ ਮੈਨੂੰ ਇੰਨ-ਬਿੰਨ ਯਾਦ ਹੈ, “ਹੀ ਸਕੁਐਂਚਡ ਹਿਜ਼ ਥਰਸਟ ਐਂਡ ਫਲਿਊ ਅਵੇਅ।” (ਉਸ ਨੇ ਆਪਣੀ ਪਿਆਸ ਬੁਝਾਈ ਤੇ ਉੱਡ ਗਿਆ) ਮੈਂ ਘਰ ਆ ਕੇ ਇਹ ਕਹਾਣੀ ਪੜ੍ਹੀ, ਫਿਰ ਲਿਖੀ ਤੇ ਯਾਦ ਕਰਨ ਲੱਗ ਪਿਆ। ਮੇਰੇ ਪਿਤਾ ਸਾਡੇ ਸਕੂਲ ‘ਚ ਪੰਜਾਬੀ ਦੇ ਸੀਨੀਅਰ ਅਧਿਆਪਕ ਸਨ। ਉਹ ਅਕਸਰ ਮੈਨੂੰ ਸਕੂਲ ‘ਚ ਕਰਵਾਏ ਸਾਰੇ ਵਿਸ਼ਿਆਂ ਨੂੰ ਦੇਖਦੇ ਤੇ ਸੁਣਦੇ। ਜਦੋਂ ਉਨ੍ਹਾਂ ਨੇ ਮੇਰੇ ਮੂੰਹੋਂ ‘ਸਕੁਐਂਚਡ’ ਸ਼ਬਦ ਸੁਣਿਆ ਤਾਂ ਦੁਬਾਰਾ ਬੋਲਣ ਨੂੰ ਕਿਹਾ। ਮੈਂ ਫਿਰ ਉਹੀ ਸ਼ਬਦ ਬੋਲਿਆ, ਜੋ ਲਿਖਿਆ ਤੇ ਯਾਦ ਕੀਤਾ ਸੀ। ਫਿਰ ਪਿਤਾ ਜੀ ਨੇ ਮੇਰੀ ਕਾਪੀ ਦੇਖੀ, ਜਿਸ ਉੱਤੇ ਅਧਿਆਪਕ ਨੇ ਇਹ ਸ਼ਬਦ ਲਿਖਾਇਆ ਸੀ ਤੇ ਉਸ ’ਤੇ ਸਹੀ ਪਾਈ ਸੀ। ਪਿਤਾ ਜੀ ਨੇ ਮੈਨੂੰ ਦੱਸਿਆ ਕਿ ‘ਸਕੁਐਂਚਡ’ ਕੋਈ ਸ਼ਬਦ ਨਹੀਂ ਹੁੰਦਾ ਸਗੋਂ ‘ਕੁਐਂਚਡ’ ਹੁੰਦਾ ਹੈ।

ਮੈਂ ਪਿਤਾ ਜੀ ਦੇ ਦੱਸੇ ਅਨੁਸਾਰ ‘ਕੁਐਂਚਡ’ ਯਾਦ ਕਰ ਲਿਆ ਤੇ ਅਗਲੇ ਦਿਨ ਜਮਾਤ-ਟੈਸਟ ‘ਚ ਅਧਿਆਪਕ ਨੂੰ ਆਪਣੇ ਮੁਤਾਬਕ ਠੀਕ ਯਾਦ ਕੀਤਾ (ਕੁਐਂਚਡ) ਲਿਖ ਕੇ ਵਿਖਾ ਦਿੱਤਾ। ਯੋਗਿੰਦਰ ਪਾਲ ਜੀ ਨੇ ਫਿਰ ਮੇਰੇ ਵਾਲਾ ਸ਼ਬਦਜੋੜ ਕੱਟ ਕੇ ਆਪਣੇ ਮੁਤਾਬਕ (ਸਕੁਐਂਚਡ) ਲਿਖ ਦਿੱਤਾ। ਜਦੋਂ ਮੈਂ ਦੱਸਿਆ ਕਿ ਮੇਰੇ ਪਿਤਾ ਜੀ ਨੇ ਇਹ ਠੀਕ ਕਰਵਾਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ, ‘ਸਕੁਐਂਚਡ’ ਹੀ ਹੁੰਦਾ ਹੈ। ਖ਼ੈਰ, ਮੇਰੇ ਪਿਤਾ ਜੀ ਹੈੱਡਮਾਸਟਰ ਕੋਲ ਗਏ, ਜੋ ਅੰਗਰੇਜ਼ੀ ਦੇ ਮਾਹਿਰ ਸਨ। ਉਨ੍ਹਾਂ ਨੇ ਹੈੱਡਮਾਸਟਰ ਨੂੰ ਸਾਰੀ ਗੱਲ ਦੱਸੀ ਤਾਂ ਹੈੱਡਮਾਸਟਰ ਨੇ ਮਾਸਟਰ ਯੋਗਿੰਦਰ ਪਾਲ ਨੂੰ ਸੱਦ ਕੇ ਕਿਹਾ ਕਿ ਤੇਰਾ ਸ਼ਬਦ-ਜੋੜ ਗ਼ਲਤ ਹੈ ਤੇ ਗਿਆਨੀ ਜੀ ਦਾ ਸਹੀ। ਫਿਰ ਕਿਤੇ ਜਾ ਕੇ ਸਾਡੇ ਅੰਗਰੇਜ਼ੀ ਅਧਿਆਪਕ ਨੇ ਸਵੀਕਾਰਿਆ, ਨਹੀਂ ਤਾਂ ਉਹ ਮੇਰੇ ਪਿਤਾ ਜੀ ਨੂੰ ‘ਗਿਆਨੀ ਮਾਸਟਰ’ ਹੀ ਸਮਝੀ ਬੈਠਾ ਸੀ ।

ਇੰਜ ਹੀ ਮੇਰੀ ਬੇਟੀ ਨੂੰ ਸੱਤਵੀਂ ਜਮਾਤ ਦੇ ਅੰਗਰੇਜ਼ੀ ਅਧਿਆਪਕ ਨੇ ਨੋਬਲ ਪੁਰਸਕਾਰਾਂ ਬਾਰੇ ਜਾਣਕਾਰੀ ਲਿਖਾਉਂਦਿਆਂ ਇਸ ਦੇ ਜਨਮਦਾਤਾ ਦਾ ਨਾਂ ‘ਐਲਫਰੈੱਡ ਨੋਬਲ’ ਦੱਸਿਆ, ਜਿਸ ਵਿਚ ‘ਨੋਬਲ’ ਦੇ ਗ਼ਲਤ ਸ਼ਬਦ-ਜੋੜ ‘ਐੱਨ ਓ ਬੀ ਐੱਲ ਈ’ ਲਿਖਵਾਏ। ਮੈਂ (ਆਪਣੇ ਪਿਤਾ ਅਨੁਸਾਰ) ਸ਼ਾਮ ਨੂੰ ਜਦੋਂ ਬੇਟੀ ਦੀ ਨੋਟਬੁੱਕ ਚੈੱਕ ਕੀਤੀ ਤਾਂ ਉਸ ਨੂੰ ਦੱਸਿਆ ਕਿ ਇੱਥੇ ‘ਨੋਬਲ’ ਦੇ ਸ਼ਬਦ-ਜੋੜ ‘ਐੱਨ ਓ ਬੀ ਈ ਐੱਲ’ ਚਾਹੀਦੇ ਹਨ। ਅਗਲੇ ਦਿਨ ਜਦੋਂ ਬੇਟੀ ਨੇ ਅਧਿਆਪਕ ਨੂੰ ਸਹੀ ਸ਼ਬਦ-ਜੋੜ ਵਾਲੀ ਕਾਪੀ ਦਿਖਾਈ ਤਾਂ ਉਸ ਨੇ ਕੱਟ ਕੇ ‘ਐੱਨ ਓ ਬੀ ਐੱਲ ਈ’ ਕਰ ਦਿੱਤੇ।

ਮੈਂ ਸਕੂਲ ਜਾ ਕੇ ਅਧਿਆਪਕ ਨੂੰ ਮਿਲਿਆ ਤੇ ਉਸ ਨੂੰ ਗ਼ਲਤੀ ਠੀਕ ਕਰਨ ਲਈ ਆਖਿਆ, ਪਰ ਓਹਨੇ ਤੈਸ਼ ‘ਚ ਆ ਕੇ ਮੈਨੂੰ ਅੰਗਰੇਜ਼ੀ ਦੇ ਸ਼ਬਦਜੋੜਾਂ ਵਾਲੀ ਡਿਕਸ਼ਨਰੀ ਕੱਢ ਦਿਖਾਈ। ਮੈਂ ਸਮਝਾਇਆ ਕਿ ਇਹ ਖਾਸ ਨਾਂਵ ਹੈ ਤੇ ਖਾਸ ਨਾਂਵ ਡਿਕਸ਼ਨਰੀ ਵਿੱਚ ਨਹੀਂ ਹੁੰਦੇ, ਇਥੇ ‘ਨੋਬਲ’ ਨਹੀਂ ‘ਨੋਬੈੱਲ’ ਹੈ ਪਰ ਉਹ ਨਾ ਮੰਨਿਆ। ਅਖ਼ੀਰ ਮੈਨੂੰ ਪ੍ਰਿੰਸੀਪਲ ਕੋਲ ਸ਼ਿਕਾਇਤ ਕਰਨੀ ਪਈ ਕਿ ਤੁਹਾਡਾ ਅੰਗਰੇਜ਼ੀ ਦਾ ਅਧਿਆਪਕ ਗ਼ਲਤ ਸ਼ਬਦ-ਜੋੜ ਨੂੰ ਸਹੀ ਮੰਨ ਰਿਹਾ ਹੈ। ਪ੍ਰਿੰਸੀਪਲ ਦੇ ਕਹਿਣ ‘ਤੇ ਸਬੰਧਿਤ ਅਧਿਆਪਕ ਨੇ ਆਪਣੀ ਗ਼ਲਤੀ ਪ੍ਰਵਾਨ ਕਰ ਲਈ।

ਇਕ ਹੋਰ ਘਟਨਾ ਮੇਰੇ ਕਾਲਜ ਦੀ ਹੈ। ਕਾਲਜ-ਪ੍ਰਿੰਸੀਪਲ ਬਾਇਓਲੌਜੀ ਦਾ ਪੀਐੱਚਡੀ ਸੀ ਤੇ ਉਸ ਨੂੰ ਆਪਣੀ ਅੰਗਰੇਜ਼ੀ ‘ਤੇ ਬੜਾ ਮਾਣ ਸੀ। ਇਹ ਵੱਖਰੀ ਗੱਲ ਹੈ ਕਿ ਕਾਲਜ ਦੇ ਸਾਰੇ ਛੋਟੇ-ਵੱਡੇ ਸਮਾਗਮਾਂ ‘ਚ ਉਹ ਮੈਨੂੰ ਹੀ ਮੰਚ-ਸੰਚਾਲਨ ਲਈ ਕਹਿੰਦਾ ਸੀ, ਕਿਉਂਕਿ ਅੰਗਰੇਜ਼ੀ ਦਾ ਅਧਿਆਪਕ ਮੰਚ ‘ਤੇ ਚੜ੍ਹਨ ਤੋਂ ਤ੍ਰਹਿੰਦਾ ਸੀ। ਦੂਜਾ ਉਹਦੀ ਅੰਗਰੇਜ਼ੀ ਸਰੋਤਿਆਂ ਦੇ ਸਿਰਾਂ ਉੱਤੋਂ ਦੀ ਲੰਘ ਜਾਂਦੀ ਸੀ। ਪ੍ਰਿੰਸੀਪਲ ਨੇ ਕਾਲਜ ਦਾ ਪ੍ਰਾਸਪੈਕਟਸ ਛਪਵਾਉਣਾ ਸੀ ਤੇ ਉਹਨੇ ਆਪਣੇ ਵੱਲੋਂ ਕਾਲਜ ਬਾਰੇ ਮੁੱਖ ਪੰਨੇ ‘ਤੇ ਜਾਣਕਾਰੀ ਦੇਣੀ ਸੀ, ਜੋ ਉਸ ਨੇ ਅੰਗਰੇਜ਼ੀ ਦਾ ਮਾਹਿਰ ਹੋਣ ਕਰਕੇ ਅੰਗਰੇਜ਼ੀ ‘ਚ ਹੀ ਲਿਖੀ ਤੇ ਸਿਰਲੇਖ ਬਣਾਇਆ ‘ਅਬਾਊਟ ਕਾਲਜ’।

ਮੈਂ ਅਚਾਨਕ ਉਹਦੇ ਦਫ਼ਤਰ ਗਿਆ ਤਾਂ ਉਹਨੇ ਮੈਨੂੰ ਆਪਣਾ ਲਿਖਿਆ ਨੋਟ ਦਿਖਾਇਆ। ਮੈਂ ਸਿਰਲੇਖ ਪੜ੍ਹਦੇ ਸਾਰ ਉਹਨੂੰ ਵਾਪਸ ਦਿੰਦਿਆਂ ਕਿਹਾ ਕਿ ਇੱਥੇ ‘ਅਬਾਊਟ ਦਿ ਕਾਲਜ’ ਚਾਹੀਦਾ ਹੈ। ਉਹਨੂੰ ਜਾਪਿਆ ਕਿ ਇਹ ਤਾਂ ਪੰਜਾਬੀ ਦਾ ਅਧਿਆਪਕ ਹੈ, ਇਹਨੂੰ ਕਿੱਥੇ ਅੰਗਰੇਜ਼ੀ ਆਉਂਦੀ ਹੋਵੇਗੀ! ਮੇਰੇ ਉੱਥੇ ਬੈਠਿਆਂ ਹੀ ਉਹਨੇ ਅੰਗਰੇਜ਼ੀ ਦੇ ਅਧਿਆਪਕ ਨੂੰ ਸੱਦ ਕੇ ਪੁੱਛਿਆ ਕਿ ਇਸ ਵਿਚ ਕੋਈ ਗ਼ਲਤੀ ਤਾਂ ਨਹੀਂ। ਅੰਗਰੇਜ਼ੀ ਦੇ ਅਧਿਆਪਕ ਨੇ ਦੇਖਦੇ ਸਾਰ ਸਭ ਤੋਂ ਪਹਿਲਾਂ ਇਹੀ ਕਿਹਾ, “ਸਿਰਲੇਖ ਹੀ ਗ਼ਲਤ ਹੈ। ਦੋਵਾਂ ਸ਼ਬਦਾਂ ਵਿਚਾਲੇ ‘ਦਿ’ ਆਏਗਾ।” ਪ੍ਰਿੰਸੀਪਲ ਮੇਰੇ ਮੂਹਰੇ ਛਿੱਥਾ ਜਿਹਾ ਪੈ ਗਿਆ। 

ਆਖਰੀ ਗੱਲ, ਮੇਰੀ ਅਹੁਦੇ ‘ਚ ਤਰੱਕੀ ਦੀ ਇੰਟਰਵਿਊ ਵੀਸੀ ਦਫ਼ਤਰ ‘ਚ ਸੀ, ਜਿੱਥੇ ਖੁਦ ਵੀਸੀ ਤੇ ਤਿੰਨ-ਚਾਰ ਹੋਰ ਵਿਸ਼ਾ ਮਾਹਿਰ ਬਿਰਾਜਮਾਨ ਸਨ। ਵੀਸੀ ਖੁਦ ਅਤੇ ਹੋਰਾਂ ਤੋਂ ਅੰਗਰੇਜ਼ੀ ਬੋਲਣ ਦੀ ਆਸ ਰੱਖਦਾ ਸੀ। ਮੈਨੂੰ ਇਸ ਗੱਲ ਦਾ ਇਲਮ ਸੀ। ਇਸ ਲਈ ਮੈਂ ਉਸ ਵੱਲੋਂ ਪੰਜਾਬੀ ‘ਚ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਅੰਗਰੇਜ਼ੀ ਵਿਚ ਦਿੱਤੇ। ਵੀਸੀ ਨੇ ਨੇੜੇ ਬੈਠੇ ਸਾਡੇ ਕਾਲਜ-ਪ੍ਰਿੰਸੀਪਲ ਸਾਹਵੇਂ ਮੇਰੀ ਖੂਬ ਪ੍ਰਸ਼ੰਸਾ ਕੀਤੀ ਤੇ ਕਿਹਾ, “ਆਪਣੇ ਕਾਲਜ ਦੇ ਹੋਰ ਅਧਿਆਪਕਾਂ ਨੂੰ ਵੀ ਕਹਿ ਕਿ ਇਸ ਪੰਜਾਬੀ ਦੇ ਅਧਿਆਪਕ ਤੋਂ ਹੀ ਅੰਗਰੇਜ਼ੀ ਬੋਲਣੀ ਸਿੱਖ ਲੈਣ।” ਇਸ ਤਰ੍ਹਾਂ ਮੇਰਾ ਮੰਨਣਾ ਹੈ ਕਿ ਜੋ ਅਧਿਆਪਕ ਮਾਤ ਭਾਸ਼ਾ (ਪੰਜਾਬੀ) ‘ਚ ਨਿਪੁੰਨ ਹੋਵੇਗਾ, ਅਸਲ ‘ਚ ਉਹੀ ਹੋਰਨਾਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਸਿੱਖਣ ਵਿਚ ਦਿਲਚਸਪੀ ਲਵੇਗਾ। ਪੰਜਾਬੀ ਦੇ ਅਧਿਆਪਕਾਂ ਨੂੰ ਮਾਮੂਲੀ, ਨਿਗੂਣੇ ਜਾਂ ਐਵੇਂ ਹੀ ਨਹੀਂ ਸਮਝਣਾ ਚਾਹੀਦਾ।
***
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
+91 9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1595
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002

ਪੰਜਾਬ, ਭਾਰਤ
ਫੋਨ:+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ 1, ਲਤਾ ਇਨਕਲੇਵ, ਪਟਿਆਲਾ-147002 ਪੰਜਾਬ, ਭਾਰਤ ਫੋਨ:+91 9417692015

View all posts by ਪ੍ਰੋ. ਨਵ ਸੰਗੀਤ ਸਿੰਘ →