17 March 2026

ਪੰਜਾਬੀ ਅਨੁਵਾਦ ਸਾਹਿਤ ਵਿਚ ਨਿਘਰ ਵਾਧਾ: ਅਰਤਿੰਦਰ ਸੰਧੂ ਦਾ ਕਹਾਣੀ ਸੰਗ੍ਰਿਹ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’ — ਰਵਿੰਦਰ ਸਿੰਘ ਸੋਢੀ

ਪੁਸਤਕ ਸਮੀਖਿਆ:
ਪੰਜਾਬੀ ਅਨੁਵਾਦ ਸਾਹਿਤ ਵਿਚ ਨਿਘਰ ਵਾਧਾ: ਅਰਤਿੰਦਰ ਸੰਧੂ ਦਾ ਕਹਾਣੀ ਸੰਗ੍ਰਿਹ ‘ਕੁਆਰਨਟਾਈਨ ਅਤੇ ਹੋਰ ਕਹਾਣੀਆਂ’
-ਰਵਿੰਦਰ ਸਿੰਘ ਸੋਢੀ-

 

ਅਨੁਵਾਦ ਸਾਹਿਤਕ ਸਿਰਜਣਾ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਪ੍ਰਕਿਰਿਆ ਹੈ। ਇਹ ਸਿਰਫ਼ ਇੱਕ ਭਾਸ਼ਾ ਦੇ ਸ਼ਬਦਾਂ ਨੂੰ ਦੂਜੀ ਭਾਸ਼ਾ ਵਿੱਚ ਰੂਪਾਂਤਰਿਤ ਕਰਨਾ ਹੀ ਨਹੀਂ ਹੁੰਦਾ, ਸਗੋਂ ਇੱਕ ਸਭਿਆਚਾਰ,  ਸਮਾਜਕ ਅਨੁਭਵ ਅਤੇ ਇੱਕ ਵਿਚਾਰਧਾਰਾ ਨੂੰ ਨਵੀਂ ਭਾਸ਼ਾ ਵਿੱਚ ਪੇਸ਼ ਕਰਨ ਦੀ ਕਲਾ ਹੁੰਦੀ ਹੈ। ਅਸਲ ਵਿੱਚ ਇੱਕ ਚੰਗਾ ਅਨੁਵਾਦਕ ਮੂਲ ਰਚਨਾ ਦੀ ਰੂਹ, ਭਾਵਨਾਤਮਕ  ਗਹਿਰਾਈ ਨੂੰ ਬਰਕਰਾਰ ਰੱਖਦੇ ਹੋਏ ਅਤੇ ਅੰਦਰੂਨੀ ਰਮਜ਼ ਨੂੰ ਸਮਝ ਕੇ ਉਸ ਨੂੰ ਆਪਣੀ ਭਾਸ਼ਾ ਦਾ ਜਾਮਾ ਇਸ ਤਰਾਂ ਪਹਿਣਾਉਂਦਾ ਹੈ ਕਿ ਪਾਠਕ ਨੂੰ ਇਹ ਮਹਿਸੂਸ ਹੋਵੇ ਕਿ ਉਹ ਸੰਬੰਧਤ ਭਾਸ਼ਾ ਦੀ ਹੀ ਕੋਈ ਮੂਲ ਲਿਖਤ ਪੜ੍ਹ ਰਿਹਾ ਹੈ। ਅਜਿਹੇ  ਅਨੁਵਾਦ ਦੀ  ਪ੍ਰਕਿਰਿਆ ਵੀ ਅਸਲ ਵਿਚ ਸਿਰਜਣਾਤਮਕ ਸਾਹਿਤ ਅਧੀਨ ਹੀ ਆਉਂਦੀ ਹੈ। ਭਾਰਤ ਵਰਗੇ ਬਹੁਭਾਸ਼ੀ ਦੇਸ਼ ਵਿੱਚ ਅਨੁਵਾਦ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਵੱਖ-ਵੱਖ ਭਾਸ਼ਾਵਾਂ ਵਿੱਚ ਰਚਿਆ ਗਿਆ ਸਾਹਿਤ ਆਪਣੇ-ਆਪਣੇ ਅਨੁਭਵਾਂ ਅਤੇ ਸੰਵੇਦਨਾਵਾਂ ਦਾ ਅਨਮੋਲ ਖ਼ਜ਼ਾਨਾ ਹੈ। ਜਦੋਂ ਇਹ ਰਚਨਾਵਾਂ ਅਨੁਵਾਦ ਰਾਹੀਂ ਹੋਰ ਭਾਸ਼ਾਵਾਂ ਵਿੱਚ ਪਹੁੰਚਦੀਆਂ ਹਨ ਤਾਂ ਪਾਠਕਾਂ ਲਈ ਇੱਕ ਨਿਵੇਕਲੀ ਸਾਹਿਤਕ ਦੁਨੀਆਂ ਦਾ ਬੂਹਾ ਖੁਲ੍ਹਦਾ ਹੈ। ਇਸ ਸੰਦਰਭ ਵਿੱਚ ਪ੍ਰਸਤੁਤ ਪੁਸਤਕ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਇਸ ਵਿੱਚ ਉਰਦੂ ਅਤੇ ਹਿੰਦੀ ਦੀਆਂ ਕੁਝ ਸਿਰਮੌਰ ਕਹਾਣੀਆਂ ਦਾ ਪੰਜਾਬੀ ਦਰਜ ਹੈ। ਇਹ ਯਤਨ ਪੰਜਾਬੀ ਪਾਠਕਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਮਹੱਤਵਪੂਰਨ ਕਹਾਣੀਕਾਰਾਂ ਨਾਲ ਜਾਣ-ਪਛਾਣ ਹੀ ਨਹੀਂ ਕਰਾਉਂਦਾ ਬਲਕਿ ਉਹਨਾਂ ਦੇ ਸਮਾਜਕ ਅਤੇ ਮਨੁੱਖੀ ਅਨੁਭਵਾਂ ਨਾਲ ਵੀ ਰੂਬਰੂ ਕਰਉਂਦਾ ਹੈ।

ਇਸ ਪੁਸਤਕ ਦੀ ਅਨੁਵਾਦਕ ਅਰਤਿੰਦਰ ਸੰਧੂ ਪੰਜਾਬੀ ਸਾਹਿਤ ਦੇ ਜਾਣੇ-ਪਹਿਚਾਣੇ ਸਿਰਜਣਹਾਰਿਆਂ ਵਿੱਚੋਂ ਇਕ ਹਨ। ਉਨ੍ਹਾ ਦੀ ਪਹਿਚਾਣ ਸਿਰਫ਼ ਲੇਖਕ ਵੱੱਜੋਂ ਹੀ ਨਹੀਂ, ਸਗੋਂ ਇੱਕ ਬਹੁ-ਵਿਧਾਵੀ ਲੇਖਕ, ਸੁਹਿਰਦ ਸੰਪਾਦਕ ਅਤੇ ਸਮਰਪਿਤ ਅਨੁਵਾਦਕ ਵਜੋਂ ਵੀ ਹੈ। ਅਰਤਿੰਦਰ ਸੰਧੂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਅਨੁਵਾਦ ਕਰਦਿਆਂ ਮੂਲ ਰਚਨਾ ਦੀ ਭਾਵਨਾ ਅਤੇ ਅੰਦਰੂਨੀ ਤਾਕਤ ਨੂੰ ਬਰਕਰਾਰ ਰੱਖਦੇ ਹਨ। ਉਨ੍ਹਾਂ ਦੀ ਪੰਜਾਬੀ ਭਾਸ਼ਾ ਸਾਹਿਤਕ ਰੰਗਤ ਨਾਲ ਭਰਪੂਰ ਹੁੰਦੀ ਹੈ। ਉਨ੍ਹਾਂ ਨੇ ਲੰਬੇ ਸਮੇਂ ਤੋਂ ਵੱਖ-ਵੱਖ ਭਾਸ਼ਾਵਾਂ ਦੇ ਮਹੱਤਵਪੂਰਨ ਸਾਹਿਤ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਇਸ ਤਰ੍ਹਾਂ ਪੰਜਾਬੀ ਪਾਠਕਾਂ ਦੇ ਸਾਹਿਤਕ ਦਾਇਰੇ ਨੂੰ ਮੋਕਲਾ ਵੀ ਕੀਤਾ ਹੈ। ਅਨੁਵਾਦਕ ਵਜੋਂ ਉਨ੍ਹਾਂ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਪਾਠਕ ਮੂਲ ਰਚਨਾ  ਦੀ ਡੂੰਘਾਈ ਅਤੇ ਸੁੰਦਰਤਾ ਨੂੰ ਪੂਰੀ ਤਰ੍ਹਾਂ ਮਹਿਸੂਸ ਕਰ ਸਕਣ। ਇਸ ਤਰ੍ਹਾਂ ਉਹ ਪੰਜਾਬੀ ਸਾਹਿਤ ਵਿੱਚ ਅਨੁਵਾਦ ਦੀ ਪਰੰਪਰਾ ਨੂੰ ਮਜ਼ਬੂਤ ਕਰਨ ਵਾਲੇ ਇਕ ਥੰਮ੍ਹ ਵੱਜੋਂ ਵਿਚੱਰ ਰਹੇ ਹਨ।

ਚਰਚਾ ਅਧੀਨ ਕਿਤਾਬ ਵਿੱਚ ਉਰਦੂ ਅਤੇ ਹਿੰਦੀ ਦੇ ਕਈ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਕਹਾਣੀਕਾਰਾਂ ਦੀਆਂ 17 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਅਸਗਰ ਵਜਾਹਤ, ਰਾਜਿੰਦਰ ਸਿੰਘ ਬੇਦੀ, ਫਹਮੀਦਾ ਰਿਆਜ਼, ਅਸ਼ੋਕ ਭੌਮਿਕ, ਮੁਕਤੀਬੋਧ, ਸੂਰਯਬਾਲਾ, ਮਨੀਸ਼ ਵੈਦ, ਗਿਆਨ ਪ੍ਰਕਾਸ਼ ਵਿਵੇਕ, ਸ਼ਿਵਾਨੀ, ਸ਼ੇਖਰ ਜੋਸ਼ੀ, ਰਵਿੰਦਰ ਕਾਤਿਆਇਨ ਅਤੇ ਅਨੁਕ੍ਰਿਤੀ ਉਪਾਧਿਆਇ ਵਰਗੇ ਲੇਖਕਾਂ ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਲੇਖਕ ਆਪਣੀ-ਆਪਣੀ ਭਾਸ਼ਾ ਵਿੱਚ ਵਿਲੱਖਣ ਪਹਿਚਾਣ ਰੱਖਦੇ ਹਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਭਾਰਤੀ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਪੇਸ਼ ਕਰਦੀਆਂ ਹਨ। ਇਸ ਪੁਸਤਕ ਵਿੱਚ ਸ਼ਾਮਲ ਕਹਾਣੀਆਂ ਰਾਹੀਂ ਪਾਠਕ ਨੂੰ ਸਮਾਜਕ ਯਥਾਰਥ, ਮਨੁੱਖੀ ਸੰਵੇਦਨਾਵਾਂ, ਜੀਵਨ ਸੰਘਰਸ਼ਾਂ ਅਤੇ ਮਨੋਵਿਗਿਆਨਕ ਗਹਿਰਾਈਆਂ ਦੀ ਝਲਕ ਮਿਲਦੀ ਹੈ।

ਅਸਗਰ ਵਜਾਹਤ ਦੀ ਕਹਾਣੀ ‘ਪੜ੍ਹਾਈ ਦੇ ਨੁਕਸਾਨ’ ਵਿਚ ਵਿਅੰਗ ਅਤੇ ਹਾਸੇ ਦੇ ਸ਼ੈਲੀ ਰਾਹੀਂ ਸਿੱਖਿਆ ਪ੍ਰਣਾਲੀ ਅਤੇ ਸਮਾਜਕ ਸੋਚ ਦੀਆਂ ਵਿਸੰਗਤੀਆਂ ਨੂੰ ਬਹੁਤ ਹੀ ਤੀਖ਼ੇ ਅਤੇ ਨਿਵਕਲੇ  ਢੰਗ ਨਾਲ ਉਭਾਰਿਆ ਗਿਆ ਹੈ। ਰਾਜਿੰਦਰ ਸਿੰਘ ਬੇਦੀ ਦੀ ਕਹਾਣੀ ‘ਕੁਆਰਨਟਾਈਨ’ ਮਨੁੱਖੀ ਮਨ ਦੇ ਡਰ, ਸੰਕਟ ਅਤੇ ਮਨੁੱਖਤਾ ਦੀ ਅੰਦਰੂਨੀ ਲੜਾਈ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦੀ ਹੈ। ਅਸਲ ਵਿਚ ਇਹ ਕਹਾਣੀ ਪਾਠਕਾਂ ਦੇ ਨੇੜੇ ਇਸ ਲਈ ਵੀ ਕੇ ਲੇਖਕ ਨੇ ਇਸ ਕਹਾਣੀ ਵਿਚ ਅਜ਼਼ਾਦੀ ਤੋੋਂ ਪਹਿਲਾਂ ਭਾਰਤ ਵਿਚ ਫੈਲੀ  ਪਲੇਗ ਅਤੇ ਉਸਦੇ ਨਤੀਜੇ ਵੱਜੋਂ ਪੈਦਾ ਹੋਏ ਜਿਹਨਾਂ ਹਾਲਾਤ ਨੁੰ ਰੂਪਮਾਨ ਕੀਤਾ ਹੈ ਉਹ ਕੁਝ ਸਾਲ ਪਹਿਲਾਂ ਹੀ ਕਰੋਨਾ ਮਹਾਂਮਾਰੀ ਦੌਰਾਨ ਆਪ ਭੁਗਤ ਚੁੱਕੇ ਹਨ। ਫਹਮੀਦਾ ਰਿਆਜ਼ ਦੀ ਕਹਾਣੀ ‘ਝੰਨੂ ਨੂੰ ਚਿੱਠੀ ਮਿਲੀ’ ਵਿੱਚ ਔਰਤ ਦੀ ਸਥਿਤੀ, ਸਮਾਜਕ ਰੁੜੀਆਂ ਅਤੇ ਮਨੁੱਖੀ ਸੰਵੇਦਨਾਵਾਂ ਦੀ ਇੱਕ ਗਹਿਰੀ ਤਸਵੀਰ ਪੇਸ਼ ਕੀਤੀ ਗਈ ਹੈ। ਮੁਕਤੀਬੋਧ ਦੀ ਕਹਾਣੀ ‘ਬ੍ਰਹਮਰਾਖਸ ਦਾ ਸ਼ਾਗਿਰਦ’ ਵਿਚਾਰਧਾਰਾਤਮਕ ਗਹਿਰਾਈ ਵਾਲੀ ਕਹਾਣੀ ਹੈ ਜੋ ਗਿਆਨ, ਬੁੱਧੀ ਅਤੇ ਨੈਤਿਕਤਾ ਦੇ ਪ੍ਰਸ਼ਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪਾਠਕਾਂ ਦੇ ਸਨਮੁੱਖ ਪੇਸ਼ ਕਰਦੀ ਹੈ। ਮਨੀਸ਼ ਵੈਦ ਦੀ ਕਹਾਣੀ ‘ਘੜੀਸਾਜ਼’ ਬਦਲਦੇ ਸਮੇਂ ਵਿੱਚ ਇੱਕ ਆਮ ਕਾਰੀਗਰ ਦੀ ਜ਼ਿੰਦਗੀ ਅਤੇ ਪਰੰਪਰਾਗਤ ਪੇਸ਼ਿਆਂ ਦੇ ਹੌਲੀ-ਹੌਲੀ ਮਿਟਦੇ ਜਾਣ ਦੀ ਪੀੜ ਨੂੰ ਮਾਰਮਰਿਕ ਢੰਗ ਨਾਲ ਦਰਸਾਉਂਦੀ ਹੈ।

ਸ਼ਿਵਾਨੀ ਦੀ ਕਹਾਣੀ “ਲਾਲ ਹਵੇਲੀ” ਵਿੱਚ ਤਾਹਿਰਾ ਅਤੇ ਰਹਿਮਾਨ ਅਲੀ ਵਰਗੇ ਪਾਤਰਾਂ ਰਾਹੀਂ ਰਿਸ਼ਤਿਆਂ ਦੀ ਨਜ਼ਾਕਤ ਅਤੇ ਅਤੀਤ ਦੀਆਂ ਯਾਦਾਂ ਨਾਲ ਜੁੜੇ ਮਨੋਵਿਗਿਆਨਕ ਪੱਖ ਨੂੰ  ਸੰਵੇਦਨਸ਼ੀਲ ਢੰਗ ਨਾਲ ਦਰਸਾਇਆ ਗਿਆ ਹੈ। ਸ਼ੇਖਰ ਜੋਸ਼ੀ ਦੀ ਕਹਾਣੀ “ਦਾਜੂ” ਆਮ ਮਨੁੱਖ ਦੀ ਜ਼ਿੰਦਗੀ, ਉਸ ਦੀ ਅੰਦਰੂਨੀ ਇਕਲੇਪਨ ਅਤੇ ਪਹਾੜੀ ਸਮਾਜ ਦੀ ਸੰਵੇਦਨਾ ਨੂੰ ਪ੍ਰਗਟ ਕਰਦੀ ਹੈ। ਕਮਲ ਦੀ ਕਹਾਣੀ “ਜਹਿਰਥਾਨ” ਸਮਾਜਕ ਧਾਰਣਾਵਾਂ ਅਤੇ ਮਨੁੱਖੀ ਮਨ ਵਿਚ ਵਸੇ ਡਰ ਦੀ ਇੱਕ ਪ੍ਰਤੀਕਾਤਮਕ ਤਸਵੀਰ ਉਲੀਕਦੀ  ਹੈ। ਇਸੇ ਲੜੀ ਵਿੱਚ ਰਵਿੰਦਰ ਕਾਤਿਆਇਨ ਦੀ ਕਹਾਣੀ “ਪਾਣੀ ਬਾਈ” ਪਿੰਡ ਦੇ ਜੀਵਨ, ਔਰਤ ਦੀ ਮਿਹਨਤ ਅਤੇ ਜੀਵਨ ਦੀਆਂ ਕਠਿਨਾਈਆਂ ਨੂੰ ਬਹੁਤ ਹੀ ਯਥਾਰਥਕ ਢੰਗ ਨਾਲ ਦਰਸਾਉਂਦੀ ਹੈ। ਪੁਸਤਕ ਦੀ ਅਖੀਰਲੀ ਕਹਾਣੀ ਅਨੁਕ੍ਰਿਤੀ ਉਪਾਧਿਆਇ ਦੀ “ਰੈਸਟ ਰੂਮ” ਆਧੁਨਿਕ ਜੀਵਨ ਦੀ ਇਕਲਾਪੀ ਸਥਿਤੀ ਅਤੇ ਮਨੁੱਖੀ ਸੰਬੰਧਾਂ ਦੀ ਬਦਲਦੀ ਪ੍ਰਕਿਰਤੀ ਵੱਲ ਇਸ਼ਾਰਾ ਕਰਦੀ ਹੈ।

ਇਨ੍ਹਾਂ ਕਹਾਣੀਆਂ ਦੇ ਕੁਝ ਮਹੱਤਵਪੂਰਨ ਪਾਤਰ ਵੀ ਪਾਠਕਾਂ ਦੇ ਮਨਾ ‘ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਉਦਾਹਰਨ ਲਈ ਫਹਮੀਦਾ ਰਿਆਜ਼ ਦੀ ਕਹਾਣੀ ਵਿੱਚ ਝੰਨੂ ਦਾ ਪਾਤਰ ਇੱਕ ਸਧਾਰਣ ਪਰ ਅੰਦਰੋਂ ਮਜ਼ਬੂਤ ਔਰਤ ਦੀ ਤਸਵੀਰ ਪੇਸ਼ ਕਰਦਾ ਹੈ, ਜੋ ਸਮਾਜ ਦੇ ਨਕਾਰਾਤਮਕ ਰਵਈਏ ਦੇ ਬਾਵਜੂਦ ਆਪਣੀ ਵੱਖਰੀ ਪਹਿਚਾਣ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਰਾਜਿੰਦਰ ਸਿੰਘ ਬੇਦੀ ਦੀ ਕਹਾਣੀ “ਕੁਆਰਨਟਾਈਨ” ਵਿੱਚ ਡਾਕਟਰ ਅਤੇ ਮਰੀਜ਼ਾਂ ਨਾਲ ਜੁੜੇ ਪਾਤਰਾਂ ਰਾਹੀਂ ਮਨੁੱਖੀ ਡਰ, ਸੰਦੇਹ ਅਤੇ ਮਨੁੱਖਤਾ ਦੇ ਅੰਦਰੂਨੀ ਟਕਰਾਅ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ। ਮੁਕਤੀਬੋਧ ਦੀ ਕਹਾਣੀ “ਬ੍ਰਹਮਰਾਖਸ ਦਾ ਸ਼ਾਗਿਰਦ” ਵਿੱਚ ਬ੍ਰਹਮਰਾਖਸ ਅਤੇ ਉਸਦਾ ਸ਼ਾਗਿਰਦ ਇੱਕ ਪ੍ਰਤੀਕਾਤਮਕ ਰੂਪ ਧਾਰ ਲੈਂਦੇ ਹਨ ਜੋ ਗਿਆਨ ਦੀ ਤਾਕਤ ਅਤੇ ਉਸ ਦੀ ਜ਼ਿੰਮੇਵਾਰੀ ਬਾਰੇ ਡੂੰਘੀ ਵਿਚਾਰਧਾਰਾ ਨੂੰ ਜਨਮ ਦਿੰਦੇ ਹਨ। “ਘੜੀਸਾਜ਼” ਕਹਾਣੀ ਦਾ ਮੁੱਖ ਪਾਤਰ ਇੱਕ ਅਜਿਹਾ ਸਧਾਰਣ ਕਾਰੀਗਰ ਹੈ ਜੋ ਬਦਲਦੇ ਸਮੇਂ ਦੇ ਸਾਹਮਣੇ ਖੜ੍ਹਾ ਹੋ ਕੇ ਆਪਣੀ ਕਲਾ ਅਤੇ ਆਪਣੀ ਪਹਿਚਾਣ ਨੂੰ ਬਚਾਉਣ ਦੀ ਕਸ਼ਮਕਸ਼ ਕਰ ਰਿਹਾ ਹੈ। ਇਹ ਪਾਤਰ ਕਹਾਣੀਆਂ ਨੂੰ ਸਿਰਫ਼ ਘਟਨਾਵਾਂ ਦਾ ਵਰਣਨ ਨਹੀਂ ਬਣਾਉਂਦੇ, ਸਗੋਂ ਉਹਨਾਂ ਨੂੰ ਮਨੁੱਖੀ ਸੰਵੇਦਨਾਵਾਂ ਅਤੇ ਅਨੁਭਵਾਂ ਨਾਲ ਭਰਪੂਰ ਕਰ ਦਿੰਦੇ ਹਨ।

ਸਮੁੱਚੇ ਤੌਰ ‘ਤੇ ਇਹ ਪੁਸਤਕ ਇੱਕ ਮਹੱਤਵਪੂਰਨ ਸਾਹਿਤਕ ਯਤਨ ਹੈ ਜੋ ਪੰਜਾਬੀ ਪਾਠਕਾਂ ਨੂੰ ਉਰਦੂ ਅਤੇ ਹਿੰਦੀ ਦੇ ਕੁਝ ਪ੍ਰਮੁੱਖ ਕਹਾਣੀਕਾਰਾਂ ਨਾਲ ਜਾਣ-ਪਛਾਣ ਕਰਾਉਂਦੀ ਹੈ। ਕਹਾਣੀਆਂ ਦੇ ਵਿਸ਼ੇ ਵੱਖ-ਵੱਖ ਹਨ, ਪਰ ਉਨ੍ਹਾਂ ਦੇ ਕੇਂਦਰ ਵਿੱਚ ਮਨੁੱਖੀ ਜੀਵਨ ਦੀਆਂ ਸੰਵੇਦਨਾਵਾਂ ਅਤੇ ਸਮਾਜਕ ਹਕੀਕਤਾਂ ਸਰਵ ਵਿਆਪਕ ਹਨ। ਇਹ ਕਹਾਣੀਆਂ ਪਾਠਕ ਨੂੰ ਸੋਚਣ ਲਈ ਮਜ਼ਬੂਰ ਵੀ ਕਰਦੀਆਂ ਹਨ ਅਤੇ ਪ੍ਰੇਰਿਤ ਵੀ। ਇਨ੍ਹਾਂ ਦੁਆਰਾ ਮਨੁੱਖੀ ਜੀਵਨ ਦੇ ਕਈ ਅਣਛੁਹੇ ਪੱਖਾਂ ਨੂੰ ਪ੍ਰਗਟ ਕੀਤਾ ਗਿਆ ਹੈ।

ਜੇ ਪੁਸਤਕ ਦੇ ਅਨੁਵਾਦ ਪੱਖ ਦੀ ਗੱਲ ਕੀਤੀ ਜਾਵੇ ਤਾਂ ਅਰਤਿੰਦਰ ਸੰਧੂ ਨੇ ਇਸ ਕੰਮ ਨੂੰ ਬਹੁਤ ਹੀ ਸੁਚੱਜੇ ਅਤੇ ਜ਼ਿੰਮੇਵਾਰ ਢੰਗ ਨਾਲ ਨਿਭਾਇਆ ਹੈ। ਉਨ੍ਹਾਂ ਦੀ ਭਾਸ਼ਾ ਸਧਾਰਣ ਅਤੇ ਸੁਗਮ ਹੈ ਅਤੇ ਉਹ ਮੂਲ ਕਹਾਣੀਆਂ ਦੀ ਰੂਹ ਨੂੰ ਕਾਇਮ ਰੱਖਣ ਵਿੱਚ ਸਫਲ ਰਹੇ ਹਨ। ਕਈ ਥਾਵਾਂ ਤੇ ਅਨੁਵਾਦ ਇੰਨਾ ਸੁਭਾਵਿਕ ਲੱਗਦਾ ਹੈ ਕਿ ਪਾਠਕ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਅਨੁਵਾਦ ਪੜ੍ਹ ਰਿਹਾ ਹੈ। ਇਹ ਪੁਸਤਕ ਸਿਰਫ਼ ਇੱਕ ਕਹਾਣੀ-ਸੰਗ੍ਰਹਿ ਨਹੀਂ, ਸਗੋਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਵਾਲਾ ਇੱਕ ਮਹੱਤਵਪੂਰਨ ਦਸਤਾਵੇਜ ਹੈ, ਜਿਸ ਲਈ ਅਨੁਵਾਦਿਕਾ ਅਰਤਿੰਦਰ ਸੰਧੂ ਨਿਸ਼ਚੇ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਮੂਲ ਕਹਾਣੀਆਂ ਦੀ ਸੰਵੇਦਨਾ, ਵਿਚਾਰਧਾਰਾ ਅਤੇ ਸਾਹਿਤਕ ਸੁੰਦਰਤਾ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੂੰ ਠੇਠ ਪੰਜਾਬੀ ਵਿੱਚ ਪੇਸ਼ ਕੀਤਾ ਹੈ। ਇਹ ਯਤਨ ਪੰਜਾਬੀ ਸਾਹਿਤ ਵਿੱਚ ਅਨੁਵਾਦ ਦੀ ਪਰੰਪਰਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਲਈ ਅਰਤਿੰਦਰ ਸੰਧੂ ਸੱਚਮੁੱਚ ਪ੍ਰਸ਼ੰਸਾ ਦੇ ਹੱਕਦਾਰ ਹਨ।

ਨਵਯੁੱਗ ਪਬਲੀਸ਼ਰ ਦਿੱਲੀ ਵੱਲੋਂ ਪ੍ਰਕਾਸ਼ਿਤ ਇਸ 157 ਪੰਨਿਆ ਦੀ ਪੁਸਤਕ ਦੀ ਕੀਮਤ 400/- ਰੁਪਏ ਹੈ।
***

 

 

 

 

 

 

ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1779
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ