|
ਪਰਵਾਸ ਦੀ ਜ਼ਿੰਦਗੀ ਵਿੱਚ ਸਿੱਖ ਵਿਚਾਰਧਾਰਾ, ਪੰਜਾਬੀ ਸਭਿਆਚਾਰ, ਪਹਿਰਾਵਾ ਅਤੇ ਪਰੰਪਰਾਵਾਂ ਨਾਲ ਗੜੂੰਦ ਰਹਿਣ ਵਾਲੀ ਜਸਪਾਲ ਕੌਰ ਅਨੰਤ ਦਾ ਜੀਵਨ ਖਾਸ ਤੌਰ ‘ਤੇ ਪਰਵਾਸ ਵਿੱਚ ਵਸਣ ਵਾਲੇ ਨੌਜਵਾਨ ਵਰਗ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ। ਜਸਪਾਲ ਕੌਰ ਅਨੰਤ ਇੱਕ ਪ੍ਰਤਿਭਾਵਾਨ, ਸੁਲਝੀ ਹੋਈ, ਸਿਆਣੀ ਗ੍ਰਹਿਣੀ ਅਤੇ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲੀ ਵਿਲੱਖਣ ਕਿਸਮ ਦੀ ਇਸਤਰੀ ਸੀ। ਉਹ ਕਹਿਣੀ ਤੇ ਕਰਨੀ ਦੀ ਪੱਕੀ ਤੇ ਵਿਖਾਵੇ ਕੋਹਾਂ ਦੂਰ ਸੀ। ਭਾਵ ਪ੍ਰੈਕਟੀਕਲ ਤੌਰ ‘ਤੇ ਵਿਚਰਦੀ ਸੀ। ਸੱਚੋ-ਸੱਚ ਮੂੰਹ ‘ਤੇ ਕਹਿਣ ਦੀ ਜ਼ੁਅਰਤ ਰੱਖਦੀ ਸੀ। ਸਿੱਖ ਵਿਚਾਰਧਾਰਾ ‘ਤੇ ਪਹਿਰਾ ਦਿੰਦੀ ਸੀ। ਸਬਰ ਸੰਤੋਖ ਉਸਦਾ ਗਹਿਣਾ ਸੀ। ਵਾਹਿਗੁਰੂ ਦੀ ਰਜਾ ਵਿੱਚ ਰਹਿੰਦੀ ਸੀ। ਲਾਲਚ ਤੋਂ ਕੋਹਾਂ ਦੂਰ ਸੀ। ਉਹ ਬਿਹਤਰੀਨ ਢੰਗ ਨਾਲ ਜ਼ਿੰਦਗੀ ਨੂੰ ਜਿਉਣ ਲਈ ਪ੍ਰਤੀਬੱਧਤਾ ਨਾਲ ਸਤਿਕਾਰ, ਸਲੀਕਾ, ਸਹਿਜਤਾ, ਸਮਰਪਣ ਅਤੇ ਆਪਸੀ ਸ਼ਹਿਣਸ਼ੀਲਤਾ ਵਰਗੇ ਗੁਣਾਂ ਦੀ ਧਾਰਨੀ ਸੀ। ਜਸਪਾਲ ਕੌਰ ਅਨੰਤ ਜ਼ਿੰਦਗੀ ਨੂੰ ਵਾਹਿਗੁਰੂ ਦਾ ਇੱਕ ਵਾਰ ਦਿੱਤਾ ਗਿਆ ਤੋਹਫ਼ਾ ਸਮਝਦੀ ਹੋਈ, ਇਸਨੂੰ ਜਿਓਣ ਲਈ ਇਨਸਾਨੀਅਤ ਦਾ ਪੱਲਾ ਫੜਕੇ ਬਤੀਤ ਕਰਨ ਵਿੱਚ ਵਿਸ਼ਵਾਸ਼ ਰੱਖਦੀ ਸੀ। 1997 ਵਿੱਚ ਉਹ ਕੈਨੇਡਾ ਆਏ ਸਨ। ਕੈਨੇਡਾ ਆਉਣ ਤੋਂ ਪਹਿਲਾਂ ਉਹ ਨੇਪਾਲ, ਥਾਈਲੈਂਡ, ਮਲੇਸ਼ੀਆ ਅਤੇ ਸਿੰਘਾਪੁਰ ਵੀ ਜਾ ਕੇ ਆਏ ਸਨ। ਕੈਨੇਡਾ ਆ ਕੇ ਉਨ੍ਹਾਂ ਨੂੰ ਵੀ ਸ਼ੁਰੂ ਵਿੱਚ ਜਦੋਜਹਿਦ ਕਰਨੀ ਪਈ, ਸਥਾਨਕ ਵਾਤਾਵਰਨ ਵਿੱਚ ਅਡਜਸਟ ਹੋਣ ਅਤੇ ਆਪਣੇ ਆਪ ਨੂੰ ਸਥਾਪਤ ਕਰਨ ਲਈ ਜਸਪਾਲ ਕੌਰ ਅਨੰਤ ਨੇ ਚਾਰ ਵੱਖ-ਵੱਖ ਖੇਤਰਾਂ ਵਿੱਚ ਪੜ੍ਹਾਈ ਕੀਤੀ। ਅੰਗਰੇਜ਼ੀ ਭਾਸ਼ਾ ਦੀ ਗਿਆਤਾ ਹੋਣ ਕਰਕੇ ਉਸਨੇ 2008 ਵਿੱਚ ਦੋਭਾਸ਼ੀਆ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ, ਜਿਸ ਵਿੱਚ ਉਸਨੇ ਸਫ਼ਲਤਾ ਪ੍ਰਾਪਤ ਕੀਤੀ। ਦੋਭਾਸ਼ੀਆ ਦੀ ਕਈ ਵਾਰ ਤੁਰਤ ਫੁਰਤ ਲੋੜ ਹੁੰਦੀ ਸੀ, ਉਹ ਫੁਰਤੀਲੀ ਵੀ ਬਹੁਤ ਸੀ ਤੁਰੰਤ ਮੌਕੇ ‘ਤੇ ਪਹੁੰਚ ਜਾਂਦੀ ਸੀ। ਉਹ ਵਰਕ ਕਲਚਰ ਨੂੰ ਪ੍ਰਣਾਈ ਹੋਈ ਸੀ। ਉਹ 21 ਸਾਲ ਆਪਣੀ ਡਿਊੁਟੀ ਤਨਦੇਹੀ ਨਾਲ ਕਰਦੀ ਰਹੀ। ਉਸਦੀ ਕਮਾਲ ਸੀ ਕਿ ਉਹ ਨੌਕਰੀ ਦੌਰਾਨ ਆਪਣੇ ਪਰਿਵਾਰ ਦੀ ਵੇਖ-ਭਾਲ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੀ ਰਹੀ। ਆਮ ਤੌਰ ‘ਤੇ ਪਰਵਾਸ ਵਿੱਚ ਜ਼ਿੰਦਗੀ ਜ਼ਿਆਦਾ ਰੁਝੇਵਿਆਂ ਵਿੱਚ ਰਹਿਣ ਕਰਕੇ ਲੋਕ ਬਾਹਰ ਦਾ ਖਾਣਾ ਖਾਣ ਨੂੰ ਤਰਜੀਹ ਦਿੰਦੇ ਹਨ, ਪ੍ਰੰਤੂ ਜਸਪਾਲ ਕੌਰ ਅਨੰਤ ਹਮੇਸ਼ਾ ਆਪਣੇ ਹੱਥੀਂ ਖਾਣਾ ਬਣਾਕੇ ਪਰਿਵਾਰ ਨੂੰ ਪੰਜਾਬੀ ਖਾਣਾ ਪ੍ਰੋਸਦੀ ਰਹੀ। ਜਸਪਾਲ ਕੌਰ ਦਾ ਵਿਆਹ ਸਿੱਖ ਵਿਦਵਾਨ ਤੇ ਨਾਮਵਰ ਸ਼ਖ਼ਸੀਅਤ ਭਾਈ ਜੈਤੇਗ ਸਿੰਘ ਅਨੰਤ ਨਾਲ 15 ਅਕਤੂਬਰ 1972 ਨੂੰ ਹੋਇਆ ਸੀ। ਜੈਤੇਗ ਸਿੰਘ ਅਨੰਤ ਆਪਣੇ ਲਿਖਣ ਪੜ੍ਹਨ ਅਤੇ ਸਾਹਿਤਕ ਸਰਗਰਮੀਆਂ ਵਿੱਚ ਰੁੱਝੇ ਰਹਿੰਦੇ ਸਨ। ਪਰਿਵਾਰ ਦੀ ਹਰ ਲੋੜ ਦਾ ਧਿਆਨ ਜਸਪਾਲ ਕੌਰ ਅਨੰਤ ਹੀ ਰੱਖਦੇ ਸਨ। ਇੱਥੋਂ ਤੱਕ ਕਿ ਭਾਈ ਜੈਤੇਗ ਸਿੰਘ ਅਨੰਤ ਦੀ ਖਾਣ ਪੀਣ ਅਤੇ ਪਹਿਨਣ ਦਾ ਆਪ ਇੰਤਜ਼ਾਮ ਕਰਦੇ ਸਨ। ਪਕਵਾਨ ਵੀ ਪਰਿਵਾਰ ਦੀ ਮਰਜ਼ੀ ਅਨੁਸਾਰ ਬਣਾਉਦੇ ਸਨ। ਉਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਬਤੀਤ ਹੋ ਰਹੀ ਸੀ, ਅਚਾਨਕ ਤਿੰਨ ਮਹੀਨੇ ਪਹਿਲਾਂ ਉਸਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਡਾਕਟਰਾਂ ਨੇ ਆਧੁਨਿਕ ਤਕਨੀਕ ਨਾਲ ਹਰ ਸੰਭਵ ਇਲਾਜ਼ ਕੀਤਾ, ਪ੍ਰੰਤੂ ਬਿਮਾਰੀ ਲਾਇਲਾਜ਼ ਹੋ ਗਈ ਸੀ। ਜਦੋਂ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਬਿਮਾਰੀ ਇਸ ਸਟੇਜ ਤੇ ਪਹੁੰਚ ਚੁੱਕੀ ਹੈ, ਜਿਸਦਾ ਇਲਾਜ਼ ਸੰਭਵ ਨਹੀਂ ਤਾਂ ਜਸਪਾਲ ਕੌਰ ਅਨੰਤ ਨੇ ਸਵੈ-ਮੌਤ ਲੈਣ ਦਾ ਫ਼ੈਸਲਾ ਕਰ ਲਿਆ। ਅਖ਼ੀਰ ਸਮੇਂ ਤੱਕ ਉਹ ਪੂਰੀ ਹੋਸ਼ ਹਵਾਸ ਵਿੱਚ ਸਨ, ਉਨ੍ਹਾਂ ਖੁਦ ਪਾਠ ਕੀਤਾ। ਡਾਕਟਰਾਂ ਨੇ ਮੌਕੇ ਜਸਪਾਲ ਕੌਰ ਅਨੰਤ ਨੂੰ ਆਪਣੀ ਇੱਛਾ ਵਾਪਸ ਲੈਣ ਲਈ ਕਿਹਾ ਤਾਂ ਉਨ੍ਹਾਂ ਪੂਰੇ ਹੌਸਲੇ ਨਾਲ ਕਿਹਾ, ਨਹੀਂ ਉਸਨੇ ਸੋਚ ਸਮਝਕੇ ਫ਼ੈਸਲਾ ਕੀਤਾ ਹੈ। 2 ਨਵੰਬਰ 2025 ਨੂੰ ਉਨ੍ਹਾਂ ਆਖ਼ਰੀ ਸਵਾਸ ਲਏ। ਉਹ ਇੱਕ ਦਲੇਰ ਇਸਤਰੀ ਸੀ, ਜਿਨ੍ਹਾਂ ਬਿਮਾਰੀ ਦਾ ਵੀ ਬਹਾਦਰੀ ਨਾਲ ਮੁਕਾਬਲਾ ਕੀਤਾ। ਜਸਪਾਲ ਕੌਰ ਦਾ ਜਨਮ 24 ਅਕਤੂਬਰ 1952 ਨੂੰ ਲੁਧਿਆਣਾ ਵਿਖੇ ਜਗਤ ਸਿੰਘ ਕੋਹਲੀ ਦੇ ਘਰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਲੁਧਿਆਣਾ ਵਿੱਚ ਹੀ ਕੀਤੀ। ਉਸਤੋਂ ਬਾਅਦ ਗੌਰਮਿੰਟ ਪਾਲੀਟਿਕਨਕਸ ਫਾਰ ਗਰਲਜ਼ ਚੰਡੀਗੜ੍ਹ ਤੋਂ 1971 ਵਿੱਚੋਂ ਡਿਪਲੋਮਾ ਇਨ ਕਮਰਸ਼ੀਅਲ ਪ੍ਰੈਕਟਿਸ ਵਿੱਚ ਕੀਤਾ। ਫਿਰ ਉਨ੍ਹਾਂ ਕਮਰਸ ਦੇ ਖੇਤਰ ਵਿੱਚ ਪੜ੍ਹਾਈ ਕਰਦਿਆਂ ਐਮ.ਕਾਮ ਦੀ ਪੋਸਟ ਗ੍ਰੈਜੂਏਸ਼ਨ ਪਾਸ ਕੀਤੀ। ਉਨ੍ਹਾਂ ਦੇ ਇੱਕ ਸਪੁੱਤਰੀ ਕੁਲਪ੍ਰੀਤ ਕੌਰ ਅਤੇ ਲੜਕਾ ਕੁਲਬੀਰ ਸਿੰਘ ਹਨ। ਜਸਪਾਲ ਕੌਰ ਅਨੰਤ ਨੇ ਆਪਣੇ ਬੱਚਿਆਂ ਨੂੰ ਬਿਹਤਰੀਨ ਪੜ੍ਹਾਈ ਕਰਵਾਈ। ਉਨ੍ਹਾਂ ਦੀ ਲੜਕੀ ਆਰਕੀਟੈਕਟ ਹੈ, ਜੋ ਆਪਣੇ ਆਰਕੀਟੈਕਟ ਪਤੀ ਰਾਜਿੰਦਰ ਸਿੰਘ ਵੜੈਚ ਨਾਲ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਦਾ ਲੜਕਾ ਕੁਲਬੀਰ ਸਿੰਘ ਇੰਜਿਨੀਅਰ ਹੈ ਤੇ ਉਸਦੀ ਪਤਨੀ ਬੰਧਨਾ ਢੀਂਡਸਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰੈਵਨਿਊ ਵਿਭਾਗ ਵਿੱਚ ਕੰਮ ਕਰਦੀ ਹੈ। ਪਰਿਵਾਰ ਦੀ ਸਫ਼ਲਤਾ ਵਿੱਚ ਜਸਪਾਲ ਕੌਰ ਅਨੰਤ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਵੇਗਾ। ਜਸਪਾਲ ਕੌਰ ਅਨੰਤ ਦਾ ਸਸਕਾਰ 9 ਨਵੰਬਰ 2025 ਦਿਨ ਐਤਵਾਰ ਨੂੰ ਰਿਵਰਸਾਈਡ ਫ਼ਿਊਨਰਲ ਹੋਮ 7410 ਹੋਪਕੋਟ ਰੋਡ ਡੈਲਟਾ ਬੀ.ਸੀ. 12 .30 ਵਜੇ ਦੁਪਹਿਰ ਅਤੇ ਅੰਤਮ ਅਰਦਾਸ ਬਾਅਦ ਦੁਪਹਿਰ 2.30 ਵਜੇ ਗੁਰਦੁਆਰਾ ਸਾਹਿਬ ਬਰੁਕਸਾਈਡ ਸਰੀ ਵਿਖੇ ਹੋਵੇਗੀ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਆਮ ਤੌਰ ‘ਤੇ ਮੌਤ ਦੇ ਨਾਮ ਨਾਲ ਹੀ ਇਨਸਾਨ ਡਰ ਜਾਂਦਾ ਹੈ, ਪ੍ਰੰਤੂ ਜਦੋਂ ਮੌਤ ਸਾਹਮਣੇ ਖੜ੍ਹੀ ਲਲਕਾਰ ਰਹੀ ਹੋਵੇ, ਉਸ ਵਕਤ ਤਾਂ ਹਰ ਇਨਸਾਨ ਨੂੰ ਕਾਂਬਾ ਛਿੜ ਜਾਂਦਾ ਹੈ। ਕਈ ਲੋਕ ਤਾਂ ਮੌਤ ਦਾ ਨਾਮ ਸੁਣਕੇ ਹੀ ਸਵਰਗਵਾਸ ਹੋ ਜਾਂਦੇ ਹਨ, ਪ੍ਰੰਤੂ ਮੈਂ ਏਥੇ ਤੁਹਾਨੂੰ ਇੱਕ ਅਜਿਹੀ ਬਹਾਦਰ ਇਸਤਰੀ ਜਸਪਾਲ ਕੌਰ ਅਨੰਤ ਦੀ ਦਲੇਰੀ ਬਾਰੇ ਦੱਸਣਾ ਚਾਹੁੰਦਾ, ਜੋ ਮੌਤ ਤੋਂ ਡਰੇ ਨਹੀਂ। ਜਸਪਾਲ ਕੌਰ ਅਨੰਤ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਬਾਰੇ ਡਾਕਟਰਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਹ ਬਿਮਾਰੀ ਆਖ਼ਰੀ ਸਟੇਜ ‘ਤੇ ਪਹੁੰਚ ਚੁੱਕੀ ਸੀ। ਕੈਨੇਡਾ ਦੇ ਸਰੀ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਹੁਣ ਇਸਦਾ ਕੋਈ ਇਲਾਜ਼ ਨਹੀਂ ਹੋ ਸਕਦਾ। ਇਸ ਬਿਮਾਰੀ ਦਾ ਦਰਦ ਸਹਿਣਯੋਗ ਨਹੀਂ ਹੁੰਦਾ। ਕੈਨੇਡਾ ਵਿੱਚ ਕਾਨੂੰਨ ਹੈ ਕਿ ਜਦੋਂ ਕਿਸੇ ਬਿਮਾਰੀ ਦਾ ਇਲਾਜ਼ ਨਾ ਹੋ ਸਕੇ ਤਾਂ ਮਰੀਜ਼ ਸਵੈ-ਮੌਤ ਦੀ ਡੈਕਲੇਰੇਸ਼ਨ ਭਰਕੇ ਮੌਤ ਲੈ ਸਕਦਾ ਹੈ। ਜਸਪਾਲ ਕੌਰ ਅਨੰਤ ਨੇ ਤੁਰੰਤ ਸਵੈ-ਮੌਤ ਲਈ ਡੈਕਲੇਰੇਸ਼ਨ ਭਰ ਦਿੱਤੀ। ਡਾਕਟਰਾਂ ਨੇ ਉਸ ਨੂੰ ਫ਼ੈਸਲੇ ਤੇ ਦੁਬਾਰਾ ਵਿਚਾਰ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ। ਜਦੋਂ ਹਫ਼ਤਾ ਬਾਅਦ ਡਾਕਟਰਾਂ ਨੇ ਜਸਪਾਲ ਕੌਰ ਅਨੰਤ ਨੂੰ ਆਪਣਾ ਫ਼ੈਸਲਾ ਬਦਲਣ ਲਈ ਕਿਹਾ ਤਾਂ ਉਸਨੇ ਆਪਣਾ ਫ਼ੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ। ਉਹ ਦਲੇਰੀ ਵਾਲਾ ਫ਼ੈਸਲਾ ਇਸ ਕਰਕੇ ਕਰ ਸਕੀ ਕਿਉਂਕਿ ਜਸਪਾਲ ਕੌਰ ਅਨੰਤ ਗੁਰਮਤਿ ਨੂੰ ਪ੍ਰਣਾਈ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਵਿਸ਼ਵਾਸ਼ ਕਰਦੀ ਸੀ। ਉਸਨੇ ਕਿਹਾ ਕਿ ਗੁਰਬਾਣੀ ਵਿੱਚ ਆਉਂਦਾ ਹੈ ਕਿ ‘ਤੇਰਾ ਭਾਣਾ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕ ਮਾਂਗੇ।।’ ਇਸ ਲਈ ਗੁਰੂ ਦਾ ਹੁਕਮ ਮੰਨਦੀ ਹੋਈ ਇਹ ਕਦਮ ਚੁੱਕ ਰਹੀ ਹਾਂ।