![]() ਇਸ ਗ਼ਜ਼ਲ ਸੰਗ੍ਰਹਿ ਵਿੱਚ 69 ਗ਼ਜ਼ਲਾਂ ਸ਼ਾਮਲ ਹਨ। ਇਹ ਗ਼ਜ਼ਲਾਂ ਸਮਾਜਿਕ ਸਰੋਕਾਰਾਂ ਅਤੇ ਪਿਆਰ ਮੁਹੱਬਤ ਵਾਲੀਆਂ ਹਨ। ਗ਼ਜ਼ਲਗੋ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਗ਼ਜ਼ਲਾਂ ਵਿੱਚ ਪ੍ਰੋਸਿਆ ਹੈ। ਮੁੱਖ ਤੌਰ ‘ਤੇ ਭਾਵੇਂ ਉਹ ਰੁਮਾਂਸਵਾਦੀ ਗ਼ਜ਼ਲਾਂ ਲਿਖਦਾ ਹੈ ਪ੍ਰੰਤੂ ਉਸਦੀ ਕਮਾਲ ਇਹ ਹੈ ਕਿ ਰੁਮਾਂਸਵਾਦੀ ਗ਼ਜ਼ਲਾਂ ਵਿੱਚ ਵੀ ਸਮਾਜਿਕਤਾ ਦੀ ਪਿਉਂਦ ਦੇ ਦਿੰਦਾ ਹੈ। ਇਸ ਕਰਕੇ ਹੀ ਇਸ ਗ਼ਜ਼ਲ ਸੰਗ੍ਰਹਿ ਨੂੰ ਸਮਾਜਿਕਤਾ ਅਤੇ ਮੁਹੱਬਤ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸਮਾਜਕ ਤਾਣੇ-ਬਾਣੇ ਵਿੱਚ ਜਿਹੜੀ ਵੀ ਘਟਨਾ ਜਾਂ ਪ੍ਰਕ੍ਰਿਆ ਸਮਾਜ ਵਿਰੋਧੀ ਹੈ, ਉਸ ਬਾਰੇ ਤੇਜਿੰਦਰ ਚੰਡਿਹੋਕ ਦੀ ਕਲਮ ਆਪ ਮੁਹਾਰੇ ਪ੍ਰਤੀਕ੍ਰਿਆ ਦਿੰਦੀ ਹੈ। ਸਮਾਜਿਕ ਸਰੋਕਾਰ ਉਸ ਦੀਆਂ ਬਹੁਤੀਆਂ ਗ਼ਜ਼ਲਾਂ ਦਾ ਵਿਸ਼ਾ ਬਣੇ ਹਨ, ਜਿਵੇਂ ਆਰਥਿਕ, ਸਮਾਜਿਕ, ਸਭਿਅਚਾਰਿਕ, ਵਾਤਾਵਰਨ, ਕਿਸਾਨੀ ਅਤੇ ਮਾਂ ਬੋਲੀ ਵਰਗੇ ਮਹੱਤਵਪੂਰਨ ਮੁੱਦੇ ਹਨ। ਧੋਖ਼ੇ, ਫ਼ਰੇਬ, ਲਾਲਚ, ਆਰਥਿਕ ਨਾ ਬਰਾਬਰੀ, ਖੁਦਗਰਜ਼ੀ, ਬੇਵਿਸ਼ਵਾਸੀ ਅਤੇ ਮਾਨਸਿਕ ਖੋਟਾਂ ਬਾਰੇ ਵੀ ਬਹੁਤ ਸਾਰੀਆਂ ਗ਼ਜ਼ਲਾਂ ਵਿੱਚ ਟਕੋਰਾਂ ਮਾਰਦਾ ਹੈ। ਕਿਸਾਨਾ, ਮਿਹਨਤਕਸ਼ਾਂ ਅਤੇ ਕਰੋਨਾ ਸੰਬੰਧੀ ਵੀ ਉਸਨੇ ਗ਼ਜ਼ਲਾਂ ਲਿਖੀਆਂ ਹਨ। ਸ਼ਾਇਰ ਨੂੰ ਮਾਨਵਤਾ ਦਾ ਦਰਦ ਮਹਿਸੂਸ ਹੁੰਦਾ ਹੈ, ਇਸ ਕਰਕੇ ਉਨ੍ਹਾਂ ਦੇ ਹਿੰਤਾਂ ‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਦਾ ਹੈ। ਰਾਜਨੀਤਕ ਲੋਕਾਂ ਦੀਆਂ ਗ਼ਲਤ ਬਿਆਨੀਆਂ ਅਤੇ ਵਾਅਦਿਆਂ ਤੋਂ ਮੁਕਰਨ ਵਰਗੀਆਂ ਗ਼ਲਤ ਹਰਕਤਾਂ ਸ਼ਾਇਰ ਦੀ ਕਲਮ ਲੋਕਾਈ ਨੂੰ ਵਿਦਰੋਹ ਕਰਨ ਲਈ ਪ੍ਰੇਰਤ ਕਰਦੀਆਂ ਹਨ। ਉਸ ਦੀਆਂ ਗ਼ਜ਼ਲਾਂ ਵਿੱਚ ਸੁਰ, ਤਾਲ ਅਤੇ ਲੈ ਬਾਕਾਇਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਵਿੱਚ ਕਾਫ਼ੀਆ, ਰਦੀਫ਼ ਅਤੇ ਸੰਗੀਤ ਦੀ ਖ਼ੁਸ਼ਬੋ ਵੀ ਆਉਂਦੀ ਹੈ। ਭਾਵ ਗ਼ਜ਼ਲ ਉਸਨੂੰ ਲਿਖਣੀ ਆਉਂਦੀ ਹੈ। ਇਸ ਤੋਂ ਇਲਾਵਾ ਲੋਕਾਈ ਦੀ ਮਨ-ਮਸਤਿਕ ਵਿੱਚ ਜਿਹੜੀਆਂ ਲਹਿਰਾਂ ਚਲਦੀਆਂ ਹਨ, ਉਨ੍ਹਾਂ ਲਹਿਰਾਂ ਕਰਕੇ ਲੋਕਾਈ ਭਰਮ-ਭੁਲੇਖਿਆਂ ਦੇ ਚਕਰ ਵਿੱਚ ਉਲਝੀ ਰਹਿੰਦੀ ਹੈ, ਗ਼ਜ਼ਲਗੋ ਨੇ ਆਪਣੀਆਂ ਗ਼ਜ਼ਲਾਂ ਉਨ੍ਹਾਂ ਲਹਿਰਾਂ ਦੇ ਕੁਪ੍ਰਭਾਵ ਦਰਸਾਏ ਹਨ। ਇਸ ਗ਼ਜ਼ਲ ਸੰਗ੍ਰਹਿ ਦੀ ਪਹਿਲੀ ਗ਼ਜ਼ਲ ‘ਤਮਾ ਆਦਮੀ ਦੀ. . ..’ ਵਿੱਚ ਸ਼ਾਇਰ ਨੇ ਦਰਸਾਇਆ ਹੈ ਕਿ ਮਨੁੱਖ ਦੀ ਲਾਲਸਾ ਕਦੇ ਵੀ ਪੂਰੀ ਨਹੀਂ ਹੁੰਦੀ, ਹਰ ਸਮੇਂ ਵਧਦੀ ਹੀ ਜਾਂਦੀ ਹੈ। ਉਹ ਤਮਾ ਨਾ ਪੂਰੀ ਹੁੰਦੀ ਹੈ ਅਤੇ ਨਾ ਹੀ ਮਰਦੀ ਹੈ, ਸਗੋਂ ਆਸ ਬਣੀ ਰਹਿੰਦੀ ਹੈ। ਇਸ ਲਈ ਉਸਨੂੰ ਆਸਾਵਾਦੀ ਸ਼ਾਇਰ ਕਿਹਾ ਜਾ ਸਕਦਾ ਹੈ। ਤੇਜਿੰਦਰ ਚੰਡਿਹੋਕ ਦੇ ਆਸ਼ਾਵਾਦੀ ਹੋਣ ਲਈ ਕੁਝ ਸ਼ਿਅਰਾਂ ਤੋਂ ਪਤਾ ਲੱਗਦਾ ਹੈ: ਹਸਰਤਾਂ ਨੂੰ ਦਿਲ ‘ਚ ਰੱਖਣਾ, ਤੇ ਤੁਰੀ ਜਾਣਾ, ਤੇਜਿੰਦਰ ਚੰਡਿਹੋਕ ਨਸੀਅਤ ਦਿੰਦਾ ਹੈ ਕਿ ਹਮੇਸ਼ਾ ਆਪਣੀ ਮੰਜ਼ਲ ਨੂੰ ਸਰ ਕਰਨ ਲਈ ਜਦੋਜਹਿਦ ਕਰਨੀ ਚਾਹੀਦੀ ਹੈ। ਇਕ-ਨਾ-ਇਕ ਦਿਨ ਸਫਲਤਾ ਜ਼ਰੂਰ ਮਿਲੇਗੀ। ਸ਼ਾਇਰ ਆਪਣੀ ਗ਼ਜ਼ਲ ਵਿੱਚ ਗੱਲ ਭਾਵੇਂ ਸੋਹਣੀ ਦੀ ਕਰਦਾ ਹੈ ਪ੍ਰੰਤੂ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਰਦਾ ਹੈ। ਸਿਆਸਤਦਾਨਾ ਦੀਆਂ ਕੋਝੀਆਂ ਕਾਰਵਾਈਆਂ ਬਾਰੇ ਗ਼ਜ਼ਲਗੋ ਨੇ ਆਪਣੀਆਂ 10 ਗ਼ਜ਼ਲਾਂ ਵਿੱਚ ਦਰਸਾਇਆ ਹੈ ਕਿ ਉਹ ਸਿਰਫ ਵੋਟਾਂ ਵਟੋਰਨ ਲਈ ਹੀ ਵਾਅਦੇ ਕਰਦੇ ਹਨ ਪ੍ਰੰਤੂ ਉਨ੍ਹਾਂ ਦੇ ਵਾਅਦੇ ਕਦੇ ਵੀ ਵਫ਼ਾ ਨਹੀਂ ਹੁੰਦੇ। ਲੋਕਾਂ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੁੰਦੀ। ਸ਼ਾਇਰ ‘ਸਾਲ, ਮਹੀਨੇ, ਦਿਨ ਤਾਂ. . .’ ਸਿਰਲੇਖ ਵਾਲੀ ਗ਼ਜ਼ਲ ਵਿੱਚ ਲਿਖਦਾ ਹੈ: ਬੇਗ਼ੈਰਤ ਲੋਕਾਂ ਦਾ ਮੈਂ ਕੀ ਆਖਾਂ, ਲੋਕਾਂ ਦੇ ਮਸਲੇ ਕਦ ਸੁਲਝਾਵਣਗੇ। ‘ ਰੁੱਤ ਵੋਟਾਂ ਦੀ. . .’ ਸਿਰਲੇਖ ਵਾਲੀ ਗ਼ਜ਼ਲ ਦੇ ਸ਼ਿਅਰ ਹਨ: ਰੁੱਤ ਵੋਟਾਂ ਦੀ ਆਈ ਹੈ, ਖ਼ਲਕਤ ਮਗਰੇ ਲਾਈ ਹੈ। ਸਮਾਜ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋ ਰਹੀਆਂ ਹਨ, ਜਿਹੜੀਆਂ ਇਨਸਾਨ ਦੇ ਇਨਸਾਨੀਅਤ ਤੋਂ ਦੂਰ ਹੋਣ ਨਾਲ ਸੰਬੰਧਤ ਹਨ। ਲੋਕ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਹਨ। ਗ਼ਜ਼ਲਗ਼ੋ ਨੂੰ ਇਸ ਜ਼ਮਾਨੇ ਦੀਆਂ ਹਰਕਤਾਂ ਅਸੰਜਮ ਵਿੱਚ ਪਹੁੰਚਾ ਰਹੀਆਂ ਹਨ। ਉਸਦਾ ਮਨ ਬੇਚੈਨ ਹੋ ਜਾਂਦਾ ਹੈ ਕਿਉਂਕਿ ਦੁਨੀਆਂ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ ਤੇ ਅਜਿਹੀ ਸਥਿਤੀ ਬਾਰੇ ਫਿਰ ਉਹ ਲਿਖਦਾ ਹੈ: ਇਹ ਕੇਹਾ ਜ਼ਮਾਨਾ ਆਇਆ ਹੈ, ਕੁੱਲ ਦੁਨੀਆਂ ਰੂਪ ਵਟਾਇਆ ਹੈ। ਵਾਤਵਰਨ ਦੇ ਪ੍ਰਦੂਸ਼ਤ ਹੋਣ ਸੰਬੰਧੀ ਤੇਜਿੰਦਰ ਚੰਡਿਹੋਕ ਲਿਖਦਾ ਹੈ: ਨਾ ਕਰ ਗੰਗਾ ਮੈਲੀ, ਕੁਝ ਹੋਸ਼ ਕਰ, ਸੰਸਾਰ ਵਿੱਚ ਆਪੋ-ਧਾਪੀ ਪਈ ਹੈ। ਇਨਸਾਨ ਆਪਣੇ ਨੈਤਿਕਤਾ ਦੇ ਰਸਤੇ ਤੋਂ ਭਟਕਦਾ ਜਾਂਦਾ ਹੈ। ਕਿਸੇ ਤੇ ਇਤਬਾਰ ਕਰਨ ਤੋਂ ਡਰ ਲਗਦਾ ਹੈ। ਰਈਸ ਲੋਕਾਂ ‘ਤੇ ਦੁਨੀਆਂਦਾਰੀ ਦਾ ਕੋਈ ਅਸਰ ਨਹੀਂ ਪੈਂਦਾ। ਉਹ ਆਪਣੀ ਹੈਸੀਅਤ ਨੂੰ ਵੱਡਾ ਸਮਝਦੇ ਹਨ। ਸੰਸਾਰ ਨਾਸ਼ਵਾਨ ਹੈ ਪ੍ਰੰਤੂ ਲੋਕ ਫਿਰ ਵੀ ਸਮਝਦੇ ਨਹੀਂ। ਉਹ ਲੋਕ ਹਓਮੈ ਦਾ ਸ਼ਿਕਾਰ ਹਨ। ਸ਼ਾਇਰ ਲਿਖਦਾ ਹੈ: ਵਫ਼ਾ ਤਾਂ ਉਡ ਗਈ ਕਫ਼ੂਰ ਵਾਂਗ, ਬੇ ਵਫ਼ਾਈ ਤਾਂ ਬਹਾਨਾ ਹੋ ਗਿਆ। ਲੋਕਾਂ ਦੇ ਦਿਲ ਪੱਥਰ ਹੁੰਦੇ ਜਾ ਰਹੇ ਹਨ। ਨੈਤਿਕਤਾ ਖੰਭ ਲਾ ਕੇ ਉਡ ਗਈ ਹੈ। ਇਨਸਾਨ ਨੂੰ ਸੱਚੇ ਸੁੱਚੇ ਦੋਸਤ ਬਣਾਉਣੇ ਚਾਹੀਦੇ ਹਨ। ਦੋਸਤ ਹੀ ਦੁੱਖ-ਸੁੱਖ ਵਿੱਚ ਖੜ੍ਹਦੇ ਹਨ। ਸਮਾਜਿਕ ਹਵਾ ਦਾ ਰੁਖ ਬਦਲ ਰਿਹਾ ਹੈ। ਲੋਕ ਇੱਕ ਦੂਜੇ ਨੂੰ ਮੋਹ ਕਰਨ ਦੀ ਥਾਂ ਦੁਰਕਾਰ ਰਹੇ ਹਨ। ਲੋਕਾਂ ਦੇ ਮਨਾ ਵਿੱਚ ਖੋਟਾਂ ਹਨ। ਨਫ਼ਰਤਾਂ ਤੇ ਜ਼ਾਤ ਪਾਤ ਦੇ ਬੀਜ ਬੋਏ ਜਾ ਰਹੇ ਹਨ। ਇਸ ਲਈ ਗ਼ਜ਼ਲਗ਼ੋ ‘ਚੇਤਨਾ ਦੀਪ ਜਗਾਓ. . .’ ਸਿਰਲੇਖ ਵਾਲੀ ਗ਼ਜ਼ਲ ਵਿੱਚ ਜ਼ਾਤ ਪਾਤ ਤੇ ਲਫ਼ਰਤਾਂ ਤੋਂ ਖਹਿੜਾ ਛੁਡਾਉਣ ਦੀ ਗੱਲ ਕਰਦਾ ਹੈ: ਸਭ ਨੇ ਕੁਦਰਤ ਦੇ ਹੀ ਬੰਦੇ, ਜਾਤਾਂ ਸਭ ਮਿਟਾਓ ਮਿੱਤਰੋ।
ਕੀਮਤ ਬੰਦੇ ਦੀ ਹੈ ਜੀਰੋ ਅੱਜ, ਪਰ ਕਿਸੇ ‘ਤੇ ਇਤਬਾਰ ਨਹੀਂ ਹੈ। ਤੇਜਿੰਦਰ ਚੰਡਿਹੋਕ ਨੇ ਪਿਆਰ, ਮੁਹੱਬਤ ਅਤੇ ਇਸ਼ਕ ਨਾਲ ਸੰਬੰਧਤ ਰੁਮਾਂਟਿਕ ਗ਼ਜ਼ਲਾਂ ਲਿਖੀਆਂ ਪ੍ਰੰਤੂ ਉਸ ਦੀਆਂ ਗ਼ਜ਼ਲਾਂ ਵਿੱਚ ਇਸ਼ਕ ਦਾ ਰੰਗ ਵੀ ਵੱਖਰਾ ਤੇ ਨਿਵੇਕਲਾ ਹੈ ਜਿਵੇਂ: ਆਸ਼ਕ ਗਾਉਣ ਗੀਤ ਇਸ਼ਕ ਦੇ ਮਹਿਬੂਬਾ ਖ਼ਾਤਿਰ, 88 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਗ਼ਜ਼ਲ ਸੰਗ੍ਰਹਿ ਤਾਲਿਫ਼ ਪ੍ਰਕਾਸ਼ਨਾ, ਅਗਰਸੈਨ ਚੌਕ ਬਰਨਾਲਾ ਨੇ ਪ੍ਰਕਾਸ਼ਤ ਕੀਤਾ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |