10 October 2024

ਅਦੀਬ ਸਮੁੰਦਰੋਂ ਪਾਰ ਦੇ: ਸੰਭਾਵਨਾਵਾਂ ਭਰਪੂਰ ਦਰਵੇਸ਼ ਸ਼ਾਇਰ ਜਸਵੰਤ ਵਾਗਲਾ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (4 ਜੁਲਾਈ 2021 ਨੂੰ) 43ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸੰਭਾਵਨਾਵਾਂ ਭਰਪੂਰ ਦਰਵੇਸ਼ ਸ਼ਾਇਰ ਜਸਵੰਤ ਵਾਗਲਾ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ਸ਼ਾਇਰ ਜਸਵੰਤ ਵਾਗਲਾ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***

ਅਦੀਬ ਸਮੁੰਦਰੋਂ ਪਾਰ ਦੇ ਸੰਭਾਵਨਾਵਾਂ ਭਰਪੂਰ ਦਰਵੇਸ਼ ਸ਼ਾਇਰ ਜਸਵੰਤ ਵਾਗਲਾ—ਹਰਮੀਤ ਸਿੰਘ ਅਟਵਾਲ

ਜਸਵੰਤ ਵਾਗਲਾ ਆਸਟ੍ਰੇੇਲੀਆ ਦੇ ਬ੍ਰਿਸਵੇਨ ਸ਼ਹਿਰ ਦਾ ਵਾਸੀ ਹੈ। ਉਸ ਦੀਆਂ ਗ਼ਜ਼ਲਾਂ ਦੀਆਂ ਹੁਣ ਤਕ ਦੋ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਪੁਜੀਆਂ ਹਨ। ਇਨ੍ਹਾਂ ਪੁਸਤਕਾਂ ਦਾ ਅਧਿਐਨ ਮੇਰੀ ਅੰਤਰੀਵਤਾ ਨਾਲ ਸਹਿਜੇ ਹੀ ਸਾਂਝ ਪਾ ਗਿਆ। ਇਨ੍ਹਾਂ ਸ਼ਿਅਰਾਂ ਵਿਚਲਾ ਲੋਕ ਰੰਗ, ਸਾਦਗੀ ਤੇ ਸੰਜੀਦਗੀ ਇਨ੍ਹਾਂ ਦੀ ਸਾਰਥਿਕਤਾ ਨੂੰ ਚਾਰ ਚੰਨ ਲਾਉਂਦੀ ਪ੍ਰਤੀਤ ਹੋਈ। ਕੁਝ ਸ਼ਿਅਰ ਸੁੱਹਿਰਦ ਪਾਠਕਾਂ ਨਾਲ ਸਾਂਝੇ ਕਰਕੇ ਗੱਲ ਅੱਗੇ ਕਰਦੇ ਹਾਂ:-

ਅਸੀਂ ਆਪਣੇ ਪਿਆਰਿਆਂ ਦੀ ਜਾਨ ਬਣ ਜਾਈਏ।
ਏਨਾ ਬਹੁਤ ਹੈ ਕਿ ਅਸੀਂ ਇਨਸਾਨ ਬਣ ਜਾਈਏ।
ਕਦੀ ਕੱਢੀਏ ਨਾ ਦਿਲ ਵਿੱਚੋਂ ਆਪਣੇ ਹਲੀਮੀ
ਭਾਵੇਂ ਵੱਡੇ ਵੱਡੇ ਅਸੀਂ ਵਿਦਵਾਨ ਬਣ ਜਾਈਏ।
ਬੁੱਢੀ ਉਮਰੇ ਇਹ ਸੋਚਦੇ ਨੇ ਲੋਕ ਕਦੀ ਕਦੀ
ਪਿੱਛੇ ਮੁੜ ਜਾਈਏ, ਫੇਰ ਤੋਂ ਜਵਾਨ ਬਣ ਜਾਈਏ।
***
ਸਭ ਖ਼ੁਸ਼ੀਆਂ ਤੇ ਚਾਵਾਂ ਨੂੰ ਸੁਆਹ ਕਰਕੇ।
ਬੜੇ ਖ਼ੁਸ਼ ਹੋਏ ਸਾਨੂੰ ਉਹ ਤਬਾਹ ਕਰਕੇ।
ਉਹਦੀ ਜ਼ਿੰਦਗੀ ਹੈ ਕੱਟੇ ਵੱਢੇ ਰੁੱਖ ਵਰਗੀ।
ਜਿਹੜਾ ਜਿਊਂਦਾ ਹੈ ਕਿਸੇ ਦੀ ਪਰਵਾਹ ਕਰਕੇ।
***
ਹੁਣ ਉਨ੍ਹਾਂ ਦਿਆਂ ਲਾਰਿਆਂ ਨੂੰ ਸੁਣੋ ਦਿਨ ਰਾਤ
ਕਿਉਂ ਸੀ ਤਾੜੀਆਂ ਵਜਾਈਆਂ ਵਾਹ ਵਾਹ ਕਰਕੇ।

Jaswant Wagla
+61 432 224 327

ਦਾਲ਼ ’ਚੋਂ ਦਾਣੇ ਦੇ ਤੌਰ ’ਤੇ ਲਿਖੇ ਉਪਰੋਕਤ ਸ਼ਿਅਰਾਂ ’ਚੋਂ ਜਸਵੰਤ ਵਾਗਲਾ ਦੀ ਸਿਰਜਣਾਤਮਕ ਸਮਰੱਥਾ ਤੇ ਸੰਭਾਵਨਾ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਜਸਵੰਤ ਵਾਗਲਾ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਦਾ ਸ਼ਾਗਿਰਦ ਹੈ। ਗੁਰਦਿਆਲ ਰੌਸ਼ਨ ਨੇ ਜਸਵੰਤ ਵਾਗਲਾ ਨੂੰ ਸੰਭਾਵਨਾਵਾਂ ਭਰਪੂਰ ਵਧੀਆ ਤੇ ਪੰਜਾਬੀ ਦਾ ਦਰਵੇਸ਼ ਸ਼ਾਇਰ ਆਖਿਆ ਹੈ। ਗੁਰਦਿਆਲ ਰੌਸ਼ਨ ਨੇ ਜਸਵੰਤ ਵਾਗਲਾ ਦੀਆਂ ਦੋਵਾਂ ਪੁਸਤਕਾਂ ਦੇ ਆਰੰਭ ’ਚ ਆਪਣੇ ਵਿਚਾਰ ਪ੍ਰਗਟਾਏ ਹਨ। ਪਹਿਲੀ ਪੁਸਤਕ ਦਾ ਨਾਂ ਹੈ ‘ਹਾਦਸਿਆਂ ਦਾ ਜੰਗਲ’ ਤੇ ਦੂਜੀ ਦਾ ਨਾਂ ਹੈ ‘ਝਾਂਜਰ’। ਇਨ੍ਹਾਂ ਦੋਵਾਂ ਪੁਸਤਕਾਂ ਵਿਚ ਡੇਢ ਸੌ ਤੋਂ ਵੱਧ ਗ਼ਜ਼ਲਾਂ ਹਨ। ‘ਝਾਂਜਰ’ ਤਾਂ ਸਾਰੀ ਪੁਸਤਕ ਹੀ ਰੰਗਦਾਰ ਵਧੀਆ ਕਾਗਜ਼ ’ਤੇ ਛਪੀ ਹੈ ਤੇ ਹਰ ਗ਼ਜ਼ਲ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਵੀ ਹੋਈ ਹੈ। ਦੋਵਾਂ ਪੁਸਤਕਾਂ ਅੰਦਰਲੀਆਂ ਗ਼ਜ਼ਲਾਂ ਬਾਰੇ ਗੱਲ ਕਰਦਿਆਂ ਗੁਰਦਿਆਲ ਰੌਸ਼ਨ ਨੇ ਲਿਖਿਆ ਹੈ ਕਿ ਉਸਤਾਦ ਜਨਾਬ ਦੀਪਕ ਜੈਤੋਈ ਸਾਹਿਬ ਨੇ ਪੰਜਾਬੀ ਗ਼ਜ਼ਲ ਨੂੰ ਪ੍ਰਫੁਲਤ ਕਰਨ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਆਪਣੇ ਜਿਉਂਦੇ ਜੀਅ ਇਹ ਜ਼ਿੰਮੇਵਾਰੀ ਉਨ੍ਹਾਂ ਮੈਨੂੰ ਸੌਂਪ ਦਿੱਤੀ ਸੀ। ਇਹ ਪੰਜਾਬੀ ਗ਼ਜ਼ਲ ਦੀ ਮਕਬੂਲੀਅਤ ਹੈ ਕਿ ਇਸ ਨਾਲ ਹੋਰ ਵੀ ਨਵੇਂ-ਨਵੇਂ ਗ਼ਜ਼ਲਕਾਰ ਜੁੜ ਰਹੇ ਹਨ ਤੇ ਕਈ ਨਾਮ ਤਾਂ ਬਹੁਤ ਸੰਭਾਵਨਾਵਾਂ ਭਰਪੂਰ ਹਨ। ਇਨ੍ਹਾਂ ਸੰਭਾਵਨਾਵਾਂ ਭਰਪੂਰ ਗ਼ਜ਼ਲਕਾਰਾਂ ’ਚੋਂ ਇੱਕ ਨਾਮ ਜਸਵੰਤ ਵਾਗਲਾ ਦਾ ਵੀ ਹੈ। ਵਾਗਲਾ ਦੀਪਕ ਗ਼ਜ਼ਲ ਸਕੂਲ ਦੀ ਅਗਲੀ ਫਸਲ ਹੈ। …ਉਹ ਇੱਕ ਜ਼ਿੰਮੇਵਾਰ ਸ਼ਾਇਰ ਬਣ ਗਿਆ ਹੈ। …ਉਹ ਅੰਤਾਂ ਦਾ ਸਾਊ ਹੈ ਤੇ ਆਪਣੇ ਅੰਦਰ ਬਹੁਤ ਹੀ ਕੋਮਲ ਦਿਲ ਰੱਖਦਾ ਹੈ। …ਹੁਣ ਉਸ ਦੀ ਗਿਣਤੀ ਪੰਜਾਬੀ ਦੇ ਵਧੀਆ ਗ਼ਜ਼ਲਕਾਰਾਂ ਵਿਚ ਹੋਣ ਲੱਗ ਪਈ ਹੈ। …ਜਸਵੰਤ ਵਾਗਲਾ ਸਹੀ ਮਾਅਨਿਆਂ ਵਿਚ ਦਰਵੇਸ਼ ਕਲਮਕਾਰ ਹੈ।

ਜਸਵੰਤ ਵਾਗਲਾ ਬਾਰੇ ਕਹੀਆਂ ਗੱਲਾਂ ਦੀ ਪੁਸ਼ਟੀ ਜਸਵੰਤ ਦੀਆਂ ਗ਼ਜ਼ਲਾਂ ਪੜ੍ਹਕੇ ਹੋ ਜਾਂਦੀ ਹੈ।

ਜਸਵੰਤ ਵਾਗਲਾ ਦਾ ਜਨਮ 15 ਮਾਰਚ 1980 ਨੂੰ ਪਿਤਾ ਮੇਹਰ ਚੰਦ ਵਾਗਲਾ ਤੇ ਮਾਤਾ ਸੁਰਜੀਤ ਕੌਰ ਵਾਗਲਾ ਦੇ ਘਰ ਪਿੰਡ ਰਟੈਂਡਾ ਜ਼ਿਲ੍ਹਾ ਨਵਾਂ ਸ਼ਹਿਰ (ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਜਸਵੰਤ ਨੇ ਆਪਣੀ ਬਹੁਤੀ ਵਿੱਦਿਆ ਚੰਡੀਗੜ੍ਹ ਵਿਖੇ ਹਾਸਲ ਕੀਤੀ ਤੇ ਸਾਲ 2003 ਵਿਚ ਆਸਟ੍ਰੇਲੀਆ ਵਿਚ ਵਾਸਾ ਕਰ ਲਿਆ।

ਜਿਹਾ ਕਿ ਉੱਪਰ ਜ਼ਿਕਰ ਹੋਇਆ ਹੈ ਕਿ ਜਸਵੰਤ ਵਾਗਲਾ ਦੀਆਂ ਦੋ ਗ਼ਜ਼ਲਾਂ ਦੀਆਂ ਪੁਸਤਕਾਂ ਪਾਠਕਾਂ ਦੇ ਅਧਿਐਨ ਦਾ ਕੇਂਦਰ ਬਣੀਆਂ ਹਨ। ਪਹਿਲੀ ਪੁਸਤਕ ‘ਹਾਦਸਿਆਂ ਦਾ ਜੰਗਲ’ ਉਸਨੇ ਆਪਣੇ ਮਾਤਾ-ਪਿਤਾ ਜੀ ਨੂੰ ਸਮਰਪਿਤ ਕੀਤੀ ਹੈ ਤੇ ਦੂਜੀ ਪੁਸਤਕ ਆਪਣੀ ਸੁਪਤਨੀ ਜਸਵਿੰਦਰ ਕੌਰ ਵਾਗਲਾ ਨੂੰ ਸਮਰਪਿਤ ਕੀਤੀ ਹੈ। ਜਸਵੰਤ ਨੂੰ ਪਿੰਗਲ-ਅਰੂਜ਼ ਦੀ ਕਾਫ਼ੀ ਸਮਝ ਹੈ। ਦੂਜੀ ਪੁਸਤਕ ਭਾਵ ‘ਝਾਂਜਰ’ ਵਿਚ ਤਾਂ ਉਸਨੇ ਜ਼ਿਆਦਾ ਗ਼ਜ਼ਲਾਂ ਛੋਟੀ ਬਹਿਰ ਵਿਚ ਹੀ ਲਿਖੀਆਂ ਹਨ। ਕਲਾ ਦੇ ਪਰਖੂ ਜਾਣਦੇ ਹੀ ਹਨ ਕਿ ਛੋਟੀ ਬਹਿਰ ਵਿਚ ਗ਼ਜ਼ਲ ਕਹਿਣੀ ਵੱਡੀ ਬਹਿਰ ਨਾਲੋਂ ਜ਼ਿਆਦਾ ਕਠਿਨ ਹੈ। ਉਂਝ ਵੀ ਛੋਟੀ ਬਹਿਰ ਵਿਚ ਸ਼ਿਅਰ ਕਹਿਣਾ ਕੁੱਜੇ ਵਿਚ ਸਮੰੁਦਰ ਬੰਦ ਕਰਨ ਬਰਾਬਰ ਹੁੰਦਾ ਹੈ। ਜਸਵੰਤ ਵਾਗਲਾ ਨੇ ਇਹ ਕੰਮ ਸਫ਼ਲਤਾ ਨਾਲ ਕਰ ਵਿਖਾਇਆ ਹੈ।

ਜਸਵੰਤ ਵਾਗਲਾ ਦੀ ਹੁਣ ਤਕ ਦੀ ਸ਼ਾਇਰੀ ਬਾਰੇ ਸੰਖੇਪ ’ਚ ਆਖਿਆ ਜਾ ਸਕਦਾ ਹੈ ਕਿ ਇਹ ਸ਼ਾਇਰੀ ਗ਼ਜ਼ਲ ਦੇ ਰਵਾਇਤੀ ਸੁਭਾਅ ਭਾਵ ਔਰਤਾਂ ਨਾਲ ਪ੍ਰੇਮ-ਪਿਆਰ ਦੀਆਂ ਗੱਲਾਂ ਕਰਨ ਵਾਲੀ ਨਹੀਂ ਹੈ। ਇਹ ਤਾਂ ਸੂਖਮਤਾ, ਸੰਜਮਤਾ ਤੇ ਸਪੱਸ਼ਟਤਾ ਦੀ ਧਾਰਨੀ ਉਹ ਸ਼ਾਇਰੀ ਹੈ ਜਿਸ ਵਿਚ ਮਾਨਵੀ ਅਸਤਿਤਵ ਦਾ ਪਰਿਪੇਖ ਮਾਨਵ ਦੀਆਂ ਸੰਸਾਰਕ ਸਥਿਤੀਆਂ ਤੇ ਮਨੋਸਥਿਤੀਆਂ ਵਿਚਦੀ ਹੁੰਦਾ ਹੋਇਆ ਕੌੜੇ ਸੱਚ ਤੇ ਮਿੱਠੇ ਝੂਠ ਦੀਆਂ ਕੰਧਾਂ ਟੱਪ ਕੇ ਹੱਕ-ਸੱਚ ਦੇ ਵਿਹੜੇ ਵਿਚ ਹਿੱਕ ਤਣਕੇ ਆ ਖੜ੍ਹਦਾ ਨਜ਼ਰ ਆਉਂਦਾ ਹੈ। ਪ੍ਰਗੀਤਾਤਮਿਕਤਾ ਨਾਲ ਕੁੱਟ ਕੁੱਟ ਕੇ ਭਰੀ ਹੋਈ ਇਹ ਸ਼ਾਇਰੀ ਬਦੋਬਦੀ ਪਾਠਕ ਦੀ ਜ਼ਬਾਨ ’ਤੇ ਚੜ੍ਹਦੀ ਜਾਂਦੀ ਹੈ। ਆਉਣ ਵਾਲੇ ਸਮੇਂ ’ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਸਵੰਤ ਵਾਗਲਾ ਲੋਕ ਕਵੀ ਦਾ ਦਰਜਾ ਹਾਸਲ ਕਰ ਜਾਵੇ ਤੇੇ ਉਸ ਦੀ ਸ਼ਾਇਰੀ ਪਾਠਕਾਂ/ਸਰੋਤਿਆਂ ਨਾਲ ਪੱਕੇ ਤੌਰ ’ਤੇ ਪੀਢੀ ਗੰਢ ਪਾ ਜਾਵੇ।

ਜਸਵੰਤ ਵਾਗਲਾ ਨਾਲ ਸਮੇਂ-ਸਮੇਂ ਸਾਡੀ ਵਿਚਾਰਧਾਰਕ ਸਾਂਝ ਪੈਂਦੀ ਰਹਿੰਦੀ ਹੈ। ਸਾਹਿਤਕ ਵਿਚਾਰ-ਵਿਮਰਸ਼ ਜਾਰੀ ਰਹਿੰਦਾ ਹੈ। ਹੋਈਆਂ ਵਿਚਾਰਾਂ ’ਚੋਂ ਕੁਝ ਅੰਸ਼ ਵਾਗਲਾ ਵੱਲੋਂ ਇਥੇ ਹਾਜ਼ਰ ਹਨ :-

* ਸ਼ਾਇਰੀ ਪਰਮਾਤਮਾ ਦੀ ਅਣਮੁੱਲੀ ਦਾਤ ਹੈ, ਉਹ ਕਿਸੇ ’ਤੇ ਵੀ ਇਹ ਬਖਸ਼ਿਸ਼ ਕਰ ਸਕਦਾ ਹੈ।

* ਬਚਪਨ ਤੋਂ ਹੀ ਮੈਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਕ ਸੀ। ਪ੍ਰਾਇਮਰੀ ਸਕੂਲ ’ਚ ਪੜ੍ਹਦਿਆਂ ਮੈਨੂੰ ਸਾਰੀਆਂ ਕਵਿਤਾਵਾਂ ਜ਼ਬਾਨੀ ਯਾਦ ਹੋ ਜਾਂਦੀਆਂ ਸਨ। ਫੇਰ ਗੁਰਬਾਣੀ, ਬਾਬਾ ਫ਼ਰੀਦ ਤੇ ਕਬੀਰ ਸਾਹਿਬ ਦੇ ਸਲੋਕ ਪੜ੍ਹਨੇ ਤੇ ਯਾਦ ਹੋ ਜਾਣੇ। ਪੰਜਾਬੀ ਛੰਦ-ਬੱਧ ਕਵਿਤਾ ਮੈਨੂੰ ਆਪਣੇ ਵੱਲ ਖਿੱਚਦੀ ਤੇ ਮੈਂ ਹੌਲੀ-ਹੌਲੀ ਆਪ ਲਿਖਣਾ ਸ਼ੁਰੂ ਕੀਤਾ। ਸ਼ੁਰੂਆਤੀ ਦੌਰ ਵਿਚ ਗੀਤ ਲਿਖਦਾ ਰਿਹਾ ਹਾਂ। ਆਪਣੀ ਭਾਰਤੀ ਫੇਰੀ ਦੌਰਾਨ 2005 ਵਿਚ ਪੰਜਾਬੀ ਗ਼ਜ਼ਲ ਦੇ ਦੋ ਮਹਾਨ ਸ਼ਾਇਰ ਉਸਤਾਦ ਉਲਫ਼ਤ ਬਾਜਵਾ ਜੀ ਤੇ ਉਸਤਾਦ ਗੁਰਦਿਆਲ ਰੌਸ਼ਨ ਜੀ ਦੀਆਂ ਪੁਸਤਕਾਂ ਪੜ੍ਹਨ ਨੂੰ ਮਿਲੀਆਂ। ਉਨ੍ਹਾਂ ਦੀਆਂ ਗ਼ਜ਼ਲਾਂ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਮੈਂ ਬਸ ਉਨ੍ਹਾਂ ਦਾ ਹੀ ਹੋ ਕੇ ਰਹਿ ਗਿਆ। ਬਾਜਵਾ ਜੀ ਦੇ ਚਲਾਣੇ ਤੋਂ ਬਾਅਦ ਮੈਂ ਗ਼ਜ਼ਲ ਦੀ ਵਿਧਾ (ਅਰੂਜ਼) ਤੇ ਸ਼ਾਇਰੀ ਦੀ ਵਿੱਦਿਆ ਉਸਤਾਦ ਗੁਰਦਿਆਲ ਰੌਸ਼ਨ ਜੀ ਤੋਂ ਪ੍ਰਾਪਤ ਕੀਤੀ। ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜੇ ਉਸਤਾਦ ਗੁਰਦਿਆਲ ਰੌਸ਼ਨ ਜੀ ਨਾ ਮਿਲਦੇ ਤਾਂ ਮੈਂ ਗ਼ਜ਼ਲਗੋ ਨਾ ਬਣ ਪਾਉਂਦਾ। ਇਹ ਉਨ੍ਹਾਂ ਦੀ ਹੀ ਰਹਿਮਤ ਹੈ ਜੋ ਮੈਂ ਥੋੜ੍ਹਾ ਬਹੁਤ ਲਿਖ ਰਿਹਾ ਹਾਂ।

* ਸਾਹਿਤ ਦੀ ਦੁਨੀਆ ਵਿਚ ਵੀ ਸਿਆਸੀ ਪਾਰਟੀਆਂ ਵਾਂਗੂੰ ਵੱਖ-ਵੱਖ ਧੜੇ ਬਣੇ ਹੋਏ ਹਨ ਤੇ ਹਰ ਲੇਖਕ ਆਪਣੇ ਧੜੇ ਨੂੰ ਚਮਕਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਰਨ ਕਈ ਵਧੀਆ ਲਿਖਣ ਵਾਲੇ ਲੇਖਕ ਜਿਨ੍ਹਾਂ ਦੀ ਪਹੁੰਚ ਨਹੀਂ ਹੁੰਦੀ ਪਿੱਛੇ ਰਹਿ ਜਾਂਦੇ ਹਨ ਤੇ ਪਹੁੰਚ ਵਾਲੇ ਮਾਨ ਸਨਮਾਨ ਵੀ ਲੈ ਜਾਂਦੇ ਹਨ।

* ਮੈਂ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਦਾ ਸਮਰਥਕ ਹਾਂ। ਖ਼ਾਸ ਕਰ ਪੰਜਾਬੀ ਗ਼ਜ਼ਲ ਦੀ ਵਿਧਾ ਵਿਚ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।

* ਮੈਂ ਬ੍ਰਿਸਬੇਨ ਤੋਂ ਹਾਂ। ਇਥੇ ਗ਼ਜ਼ਲ ਲਿਖਣ ਵਾਲੇ ਅਸੀਂ ਤਿੰਨ ਸ਼ਾਇਰ ਹਾਂ। ਪੂਰੇ ਆਸਟ੍ਰੇਲੀਆ ਵਿਚ ਗ਼ਜ਼ਲ ਲਿਖਣ ਵਾਲੇ ਪੰਜਾਬੀ ਸ਼ਾਇਰ ਅੰਦਾਜ਼ਨ 7-8 ਹੋਣਗੇ। ਬਾਕੀ ਹੋਰ ਵਿਧਾ ਵਿਚ ਲਿਖਣ ਵਾਲੇ ਸ਼ਾਇਰ ਹਨ ਜੋ ਬਹੁਤ ਵਧੀਆ ਲਿਖ ਰਹੇ ਹਨ।

* ਮੈਂ ਪੂਰਾ ਪੰਜਾਬੀ ਗ਼ਜ਼ਲ ਨੂੰ ਹੀ ਸਮਰਪਿਤ ਹਾਂ। ਕਦੇ ਕਦੇ ਗੀਤ ਲਿਖ ਲੈਂਦਾ ਹਾਂ। ਮੇਰੀ ਪਹਿਚਾਣ ਪੰਜਾਬੀ ਗ਼ਜ਼ਲਗੋ ਦੀ ਹੈ ਤੇ ਮੈਂ ਚਾਹੁੰਦਾ ਵੀ ਇਹੋ ਹੀ ਹਾਂ।

* ਮੇਰਾ ਮੰਨਣਾ ਹੈ ਕਿ ਛੰਦ ਬੱਧ ਕਵਿਤਾ ਨੂੰ ਪਾਠਕ ਜ਼ਿਆਦਾ ਪਸੰਦ ਕਰਦੇ ਹਨ। ਬਾਕੀ ਵਿਧਾ ਕੋਈ ਵੀ ਮਾੜੀ ਨਹੀਂ ਹੁੰਦੀ।

* ਸੋਸ਼ਲ ਮੀਡੀਆ ਦੇ ਚਲਦਿਆਂ ਸਾਹਿਤਕ ਰਸਾਲਿਆਂ ਦਾ ਰੁਝਾਨ ਘਟਿਆ ਹੈ। ਪਰ ਕਈ ਵਧੀਆ ਰਸਾਲੇ ਹਨ ਜੋ ਆਨਲਾਈਨ ਵੀ ਉਪਲਬਧ ਹਨ। ਪਰ ਪ੍ਰਿੰਟਿੰਗ ਕਾਪੀ ਪੜ੍ਹਨ ਦਾ ਆਪਣਾ ਹੀ ਆਨੰਦ ਹੈ।

* ਜਦ ਆਪਣੇ ਮੁਲਕ ਦਾ ਢਾਂਚਾ ਖ਼ਰਾਬ ਹੋਵੇ ਫਿਰ ਪਰਵਾਸ ਧਾਰਨ ਕਰ ਲੈਣਾ ਹੀ ਬਿਹਤਰ ਹੈ।

* ਪੰਜਾਬੀਆਂ ਵਿਚ ਪੁਸਤਕ ਪੜ੍ਹਨ ਦਾ ਰੁਝਾਨ ਬਹੁਤ ਘੱਟ ਹੈ। ਬਾਕੀ ਰਹਿੰਦੀ ਖੁੰਹਦੀ ਮੱਤ ਕੁਝ ਪੰਜਾਬੀ ਗਾਣਿਆਂ ਨੇ ਮਾਰ ਰੱਖੀ ਹੈ। ਨੌਜਵਾਨਾਂ ਕੋਲ ਵਕਤ ਹੀ ਨਹੀਂ ਕਿ ਉਹ ਪੁਸਤਕ ਪੜ੍ਹ ਲੈਣ। ਜੋ ਸਾਹਿਤ ਵਿਚ ਰੁਚੀ ਰੱਖਦੇ ਹਨ, ਉਨ੍ਹਾਂ ਨੂੰ ਦਿਲੋਂ ਸਲਾਮ।

* ਆਸਟ੍ਰੇਲੀਅਨ ਪੰਜਾਬੀ ਸਾਹਿਤ ਸਭਾਵਾਂ ਜੀਅ ਜਾਨ ਨਾਲ ਮਿਹਨਤ ਕਰ ਰਹੀਆਂ ਹਨ।
ਬਿਨਾਂ ਸ਼ੱਕ ਜਸਵੰਤ ਵਾਗਲਾ ਦੀ ਹਰ ਗੱਲ ਕਾਬਲਿ-ਗ਼ੌਰ ਹੈ। ਸੰਭਾਵਨਾਵਾਂ ਭਰਪੂਰ ਇਸ ਦਰਵੇਸ਼ ਸ਼ਾਇਰ ਦੀ ਸ਼ਾਇਰੀ ਪੰਜਾਬੀ ਗ਼ਜ਼ਲ ਦੀ ਆਪਣੇ ਆਪ ਵਿਚ ਇੱਕ ਵੱਡਮੁੱਲੀ ਪ੍ਰਾਪਤੀ ਹੈ।
***
234
***
ਹਰਮੀਤ ਸਿੰਘ ਅਟਵਾਲ
98155-05287

**

ਪ੍ਰਸਿੱਧ ਆਲੋਚਕ/ਲੇਖਕ ਸ: ਹਰਮੀਤ ਸਿੰਘ ਅਟਵਾਲ ਦੇ ‘ਅਦੀਬ ਸਮੁੰਦਰੋਂ ਪਾਰ ਦੇ’ ਕਾਲਮ ਅਧੀਨ ਛਪੇ ਕੁਝ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ:

ਹਰਮੀਤ ਸਿੰਘ ਅਟਵਾਲ