ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (29 ਅਗਸਤ 2021 ਨੂੰ) 51ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਜ਼ਹੀਨ ਕਵੀ ਤੇ ਗੁਣੀ ਗਲਪਕਾਰ ਗੁਰਚਰਨ ਸੱਗੂ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਜ਼ਹੀਨ ਕਵੀ ਤੇ ਗੁਣੀ ਗਲਪਕਾਰ ਗੁਰਚਰਨ ਸੱਗੂ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
ਜ਼ਹੀਨ ਕਵੀ ਤੇ ਗੁਣੀ ਗਲਪਕਾਰ ਗੁਰਚਰਨ ਸੱਗੂਬਰਤਾਨੀਆ ਵਾਸੀ ਗੁਰਚਰਨ ਸੱਗੂ ਰਚਿਤ ਸਾਹਿਤ ਪੜ੍ਹਕੇ ਕੋਈ ਸਾਹਿਤ ਦਾ ਪੱਕਾ ਪਾਠਕ ਬਣ ਸਕਦਾ ਹੈ। ਇਸ ਦਾ ਕਾਰਣ ਉਸ ਦੇ ਜ਼ਹੀਨ ਤੇ ਗੁਣੀ ਹੋਣ ਕਰਕੇ ਉਸ ਦੀਆਂ ਲਿਖਤਾਂ ਵਿਚ ਆਈ ਪੁਖਤਗੀ ਤੇ ਪਰਪੱਕਤਾ ਤੇ ਖ਼ਿਆਲਾਂ ਦੀ ਰੌਚਿਕਤਾ ਭਰਪੂਰ ਨਿੱਗਰਤਾ ਤੇ ਸੁਭਾਵਿਕਤਾ ਹੈ। ਕਲਮ ਦੇ ਇਸ ਕੁਦਰਤੀਪਨ ਸਦਕਾ ਸੱਗੂ ਦੀ ਲਿਖੀ ਕੋਈ ਵੀ ਸਾਹਿਤ ਸਿਨਫ/ਵਿਧਾ ਪਾਠਕ ਨੂੰ ਖ਼ੁਦ ਲਿਖੀ ਲਗਦੀ ਹੈ। ਪੜ੍ਹਦਿਆਂ-ਪੜ੍ਹਦਿਆਂ ਰਚਨਾ ਰੂਹ ’ਤੇ ਰਾਜ ਕਰਨ ਲਗਦੀ ਹੈ। ਇਸ ਗੱਲ ਨੂੰ ਅਮਲੀ ਰੂਪ ਵਿਚ ਜਾਨਣ ਲਈ ਗੁਰਚਰਨ ਸੱਗੂ ਦਾ 242 ਪੰਨਿਆਂ ਦਾ ਨਾਵਲ ‘ਸੱਚੇ ਮਾਰਗ ਚਲਦਿਆਂ’ ਜ਼ਰੂਰ ਪੜਿ੍ਹਆ ਜਾਣਾ ਚਾਹੀਦਾ ਹੈ। ਜ਼ਹੀਨ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ ਸਮਝਦਾਰ, ਸਿਆਣਾ ਜਾਂ ਤੀਖਣ ਬੁੱਧੀ ਵਾਲਾ। ਆਮ ਤੌਰ ’ਤੇ ਜ਼ਹੀਨ ਬੁੱਧ ਹੀ ਗੁਣਵਾਨ ਹੁੰਦੀ ਹੈ। ਇੰਝ ਇਹ ਦੋਵੇਂ ਸ਼ਬਦ ਅਰਥਾਤਮਕ ਪੱਧਰ ’ਤੇ ਅੰਤਰ ਸੰਬੰਧਿਤ ਹਨ ਤੇ ਸ਼ਬਦਕੋਸ਼ੀ ਪੱਧਰ ’ਤੇ ਆਪਣੇ ਵੱਖਰੇ ਅਰਥ ਵੀ ਰੱਖਦੇ ਹਨ। ਸਾਡਾ ਬਹੁਪੱਖੀ ਸਾਹਿਤਕ ਪ੍ਰਤਿਭਾ ਦਾ ਅਧਿਕਾਰੀ ਅਦੀਬ ਗੁਰਚਰਨ ਸੱਗੂ ਜ਼ਹੀਨ ਕਵੀ ਤੇ ਗੁਣੀ ਗਲਪਕਾਰ ਤਾਂ ਹੈ ਹੀ, ਉਹ ਇੱਕ ਵਧੀਆ ਵਾਰਤਕਕਾਰ ਤੇ ਸਫ਼ਰਨਾਮਾ ਲੇਖਕ ਵੀ ਹੈ। ਪਹਿਲਾਂ ਉਪਰੋਕਤ ਵਰਣਿਤ ਨਾਵਲ ਦੇ ਥੀਮਕ ਸਰੂਪ ਦੀ ਅੰਤਰਝਾਤ ਹਿੱਤ ਇਸ ਦੇ ਪਰਵਾਸੀ ਪਰਸੰਗ ਨੂੰ ਧਿਆਨ ਵਿਚ ਰੱਖਣਾ ਅਨਿਵਾਰੀ ਹੈ। ਪਰਵਾਸੀ ਪੰਜਾਬੀ ਨਾਵਲ ਦਾ ਇਤਿਹਾਸ ਲਿਖਦਿਆਂ ਵਿਦਵਾਨ ਸੱਜਣ ਗੁਰਪਾਲ ਸਿੰਘ ਸੰਧੂ ਨੇ ਲਿਖਿਆ ਹੈ ਕਿ ਭਾਵੇਂ ਪਰਵਾਸੀ ਪੰਜਾਬੀ ਨਾਵਲ ਦਾ ਆਰੰਭ ਦੂਜੇ ਸਾਹਿਤਕ ਰੂਪਾਂ ਨਾਲੋਂ ਬਾਅਦ ਵਿਚ ਹੋਇਆ ਪਰ ਇਸ ਵਿਧਾ ਦੇ ਨਾਲ ਹੀ ਪਰਵਾਸੀ ਸਾਹਿਤ ਸਿਰਜਣਾ ਦੀ ਸਥਿਤੀ ਸੰਪੂਰਨ ਅਤੇ ਸਮੁੱਚਤਾ ਸਹਿਤ ਪੇਸ਼ ਹੋ ਸਕੀ ਹੈ। ਪਰਵਾਸੀ ਅਨੁਭਵ ਅਤੇ ਪਰਵਾਸ ਨਾਲ ਜੁੜੇ ਸੰਦਰਭਮੂਲਕ ਸੰਕਲਪ ਜਿਵੇਂ ਭੂ-ਹੇਰਵਾ, ਉਦਰੇਵਾਂ, ਪਿਛਲਮੋਹ, ਨਸਲੀ ਵਿਤਕਰਾ, ਸੱਭਿਆਚਾਰਕ ਸੰਕਟ ਅਤੇ ਖ਼ਾਸ ਕਰਕੇ ਪੂਰਬ ਅਤੇ ਪੱਛਮ ਦਾ ਅੰਤਰਵਿਰੋਧ ਆਦਿ ਵਰਤਾਰੇ ਭਾਵੇਂ ਸਮੁੱਚੇ ਪਰਵਾਸੀ ਸਾਹਿਤ ਵਿਚ ਪੇਸ਼ ਹੋਏ ਹਨ ਪਰ ਇਨ੍ਹਾਂ ਨੂੰ ਪਰਵਾਸੀ ਪੰਜਾਬੀ ਨਾਵਲ ਵਿਚ ਬੜੀ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਇਥੇ ਇਸੇ ਧਾਰਾ ਵਿਚ ਜੇ ਗੁਰਚਰਨ ਸੱਗੂ ਦੇ ਨਾਵਲ ‘ਸਚੇ ਮਾਰਗ ਚਲਦਿਆਂ’ ਦੇ ਅੰਤਰਵਸਤੂ ਨੂੰ ਵਾਚੀਏ ਤਾਂ ਇੱਕ ਬਹੁਤ ਗੰਭੀਰ ਸੁਭਾਅ ਦਾ ਨਾਵਲੀ ਬਿਰਤਾਂਤ ਬੜੇ ਟੁੰਬਵੇਂ ਅੰਦਾਜ਼ ’ਚ ਬੜੀ ਬਰੀਕੀ ਨਾਲ ਗੁੰਦਿਆਂ ਮਿਲਦਾ ਹੈ। ਨਾਵਲ ਵਿਚਲੀ ਕਹਾਣੀ ਇੱਕ ਨੀਲਮ ਨਾਂ ਦੀ ਅਭਾਗਣ ਨੌਜਵਾਨ ਕੁੜੀ ਦੁਆਲੇ ਘੁੰਮਦੀ ਹੈ ਜਿਸ ਨੂੰ ਪੈਰ-ਪੈਰ ’ਤੇ ਮਿਲਦੇ ਧੋਖਿਆਂ ਤੇ ਪਿੱਠ ’ਤੇ ਹੁੰਦੇ ਵਾਰਾਂ ਨੇ ਕੱਖੋਂ ਹੌਲੀ ਕਰ ਦਿੱਤਾ। ਵਿਦੇਸ਼ ਜਾਣ ਦੀ ਖ਼ਾਤਰ ਕੋਈ ਕਿੰਨਾ ਕੁ ਹੇਠਾਂ ਗਿਰ ਸਕਦਾ ਹੈ ਜਾਂ ਕਿਸੇ ਦੇ ਜਜ਼ਬਾਤ ਜਾਂ ਜ਼ਿੰਦਗੀ ਨਾਲ ਕਿੰਨੀ ਕੁ ਘਿਨਾਉਣੀ ਖੇਡ-ਖੇਡ ਸਕਦਾ ਹੈ, ਉਹ ਇੱਕ ਸੱਚੀ ਕਹਾਣੀ ’ਤੇ ਆਧਾਰਤ ਤੇ 51 ਚੈਪਟਰਾਂ ਵਿਚ ਸੰਪੂਰਨ ਹੋਏ ਇਸ ਨਾਵਲ ਵਿੱਚੋਂ ਜਾਣਿਆ ਜਾ ਸਕਦਾ ਹੈ। ਦਰਅਸਲ ਪੱਛਮੀ ਜ਼ਿੰਦਗੀ ਦੀ ਆਭਾ ਦੇ ਨਾਲ-ਨਾਲ ਪ੍ਰਾਣੀ ਮਾਤਰ ਲਈ ਕਈ ਹੋਰ ਔਕੜਾਂ ਵੀ ਆਉਂਦੀਆਂ ਹਨ। ਕਈ ਵਾਰੀ ਸਥਿਤੀ ਧੁੱਪ ’ਚ ਵਰ੍ਹਦੇ ਮੀਂਹ ਵਰਗੀ ਹੀ ਹੋ ਜਾਂਦੀ ਹੈ। ਭਾਵ, ਨਾ ਗਿੱਲਿਆਂ ਵਿਚ ਤੇ ਨਾ ਸੁੱਕਿਆਂ ਵਿਚ। ਇਹ ਵਿਚਕਾਰਲੀ ਸਥਿਤੀ ਆਪਣੇ ਆਪ ’ਚ ਬੜੀ ਵਚਿੱਤਰ ਹੁੰਦੀ ਹੈ ਜਿਸ ਵਿਚ ਅੱਗੋਂ ਬੇਅੰਤ ਵਿਸੰਗਤੀਆਂ ਜਨਮ ਲੈਂਦੀਆਂ ਹਨ। ‘ਮੁਹੱਬਤ’, ‘ਜਦੋਂ ਰਾਤ ਜਾਗਦੀ ਹੈ’ ਤੇ ‘ਤਾਰਿਆਂ ਦੇ ਅੰਗ ਸੰਗ’ ਗੁਰਚਰਨ ਸੱਗੂ ਦੇ ਹੁਣ ਤਕ ਤਿੰਨ ਕਾਵਿ-ਸੰਗ੍ਰਹਿ ਪਾਠਕਾਂ ਨੇ ਪੜ੍ਹੇ ਹਨ। ਇਨ੍ਹਾਂ ਅੰਦਰਲੀਆਂ ਕਾਵਿ-ਰਚਨਾਵਾਂ ਵਿਚ ਚਲਦੇ ਖ਼ਿਆਲਾਂ ਦੇ ਪ੍ਰਵਾਹ ਨੂੰ ਜਾਨਣ ਲਈ ਗੁਰਚਰਨ ਸੱਗੂ ਦੇ ਇਨ੍ਹਾਂ ਵਿਚਾਰਾਂ ਨੂੰ ਗੌਲਣਾ ਬਣਦਾ ਹੈ :- * ‘‘ਕਵਿਤਾ ਮੇਰੇ ਸਮੁੰਦਰੀ ਦਿਲ ਦਿਮਾਗ਼ ਵਿਚ ਧੁਰ ਅੰਦਰ ਵਸੀ ਹੋਈ ਹੈ। ਜਦ ਵੀ ਤੁਰਦਿਆਂ ਫਿਰਦਿਆਂ ਕੋਈ ਲਹਿਰ ਉਠਦੀ ਹੈ ਤਾਂ ਉਸ ਨੂੰ ਕਾਗ਼ਜ਼ ’ਤੇ ਉਤਾਰ ਲੈਂਦਾ ਹਾਂ। ਜਦ ਵੀ ਕੋਈ ਦ੍ਰਿਸ਼ ਸੰਗੀਤਕ ਸਿਤਾਰ ਦੀ ਤਾਰ ਨੂੰ ਟੁੰਬਦਾ ਹੈ ਤਾਂ ਸਾਰੀਆਂ ਤਾਰਾਂ ਵਿੱਚੋਂ ਨਿਕਲ ਰਿਹਾ ਮਧੁਰ ਸੰਗੀਤ ਕਵਿਤਾ ਬਣ ਜਾਂਦਾ ਹੈ।’’ ਸੱਗੂ ਦੀਆਂ ਸਰੋਦ ਸੰਪੰਨ ਕਵਿਤਾਵਾਂ ’ਚੋਂ ਜੇ ਸਿਰਫ਼ ‘ਤੀਸਰਾ ਪੈੱਗ’, ‘ਕਵਿਤਾ’, ‘ਉਡਣੇ ਪੰਛੀ’, ‘ਹੋਟਲ ਦਾ ਕਮਰਾ’ ਤੇ ‘ਚੌਥਾ ਪਾਵਾ’ ਹੀ ਪੜ੍ਹ ਲਈਆਂ ਜਾਣ ਤਾਂ ਉਸਦੀ ਮਿਆਰੀ ਕਾਵਿ-ਕੌਸ਼ਲਤਾ ਦਾ ਅਨੁਮਾਨ ਸਹਿਜੇ ਹੀ ਲੱਗ ਜਾਂਦਾ ਹੈ। ਆਪਣੀ ਦਸ ਦਿਨਾਂ ਦੀ ਯਾਤਰਾ ’ਤੇ ਆਧਾਰਿਤ ਗੁਰਚਰਨ ਸੱਗੂ ਨੇ ‘ਜੜ੍ਹਾਂ ਦੀ ਪਰਿਕਰਮਾ’ ਨਾਂ ਦਾ ਇੱਕ ਪਾਕਿਸਤਾਨੀ ਸਫ਼ਰਨਾਮਾ ਵੀ ਲਿਖਿਆ ਹੈ ਜਿਸ ਬਾਰੇ ਪੰਜਾਬੀ ਦੇ ਨਾਮਵਰ ਨਾਵਲਕਾਰ ਕਰਨਲ ਨਰਿੰਦਰਪਾਲ ਸਿੰਘ ਨੇ ਲਿਖਿਆ ਹੈ ਕਿ ਗੁਰਚਰਨ ਸੱਗੂ ਦਾ ਇਹ ਸਫ਼ਰਨਾਮਾ ਰੌਚਿਕ ਵੀ ਹੈ ਤੇ ਯਥਾਰਥਕ ਵੀ, ਤਲਖ ਤੇ ਸ਼ੀਰੀ ਵੀ, ਸਾਹਿਤਕ ਤੇ ਧਾਰਮਿਕ ਵੀ ਤੇ ਸੰਜੀਦਾ ਤੇ ਬੇਬਾਕ ਵੀ। ਇਹਦੇ ਵਿਚ ਨਵਜੋਬਨ ਦੀ ਮਹਿਕ ਤੇ ਬੌਧਿਕਤਾ ਦੇ ਝਲਕਾਰੇ ਹਨ। ਉਪਲਬਧ ਹੋਣ ’ਤੇ ਇਸ ਸਫ਼ਰਨਾਮੇ ਨੂੰ ਪੜ੍ਹਨਾ ਵੀ ਸਾਡਾ ਸੁਭਾਗ ਹੋਵੇਗਾ। ਗੁਰਚਰਨ ਸੱਗੂ ਦਾ ਫਿਲਮੀ ਸ਼ੌਕ ਕਦੇ ਉਸਨੂੰ ਮੁੰਬਈ ਲੈ ਗਿਆ ਸੀ। ਆਪਣੇ ਇਸ ਫਿਲਮੀ ਸਫ਼ਰ ਬਾਰੇ ਵੀ ਸੱਗੂ ਦੀ ਇੱਕ ਭਾਵਪੂਰਤ ਪੁਸਤਕ ਬਹੁਤ ਜਲਦ ਪਾਠਕਾਂ ਦੇ ਹੱਥਾਂ ਵਿਚ ਪੁਜ ਰਹੀ ਹੈ ਜਿਸ ਦਾ ਨਾਂ ਹੈ ‘ਵੇਖਿਆ ਸ਼ਹਿਰ ਬੰਬਈ’। ਕਈ ਵਾਰ ਹੋਏ ਸਾਹਿਤਕ ਵਿਚਾਰ ਵਟਾਂਦਰੇ ਦੇ ਆਧਾਰ ’ਤੇ ਗੁਰਚਰਨ ਸੱਗੂ ਦੇ ਬਚਪਨ ਤੇ ਸਾਹਿਤਕ ਦੁਨੀਆ ਬਾਰੇ ਕੁਝ ਅੰਸ਼ ਉਸ ਵੱਲੋਂ ਇਥੇ ਆਪ ਨਾਲ ਸਾਂਝੇ ਕੀਤੇ ਜਾਂਦੇ ਹਨ :- * ਮੇਰਾ ਜਨਮ ਅੱਜ ਦੇ ਪਾਕਿਸਤਾਨ ਵਿਚ 20 ਜਨਵਰੀ 1944 ਨੂੰ ਪਿਤਾ ਸ਼ਾਮ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਚੱਕ ਨੰਬਰ 58 ਤਹਿਸੀਲ ਜੜ੍ਹਾਂਵਾਲਾ ਤੇ ਜ਼ਿਲ੍ਹਾ ਲਾਇਲਪੁਰ ਵਿਚ ਹੋਇਆ। ਪਿਤਾ ਸ਼ਾਮ ਸਿੰਘ ਦੇਸ਼ ਦੀ ਆਜ਼ਾਦੀ ਲਈ ਮਰ ਮਿਣਣ ਵਾਲੇ ਘੁਲਾਟੀਏ ਸਨ। ਬਹੁਤ ਅੱਛੇ ਕਵੀ ਸਨ ਤੇ ਆਪਣਾ ਨਾਂ ਤਖੱਲੁਸ ਸ਼ਾਮ ਸਿੰਘ ਸ਼ਾਮ ਲਿਖਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਪਰਿਵਾਰ ਆਪਣੇ ਜੱਦੀ ਪਿੰਡ ਕਰ੍ਹਾ ਸਾਬੂਵਾਲ ਨਜ਼ਦੀਕ ਲੋਹੀਆਂ ਸ਼ਾਹਕੋਟ ਆ ਕੇ ਵੱਸ ਗਿਆ। ਸਾਡਾ ਦੂਸਰਾ ਘਰ ਨਕੋਦਰ ਸੀ। ਪਿਤਾ ਜੀ ਸਟੇਜੀ ਕਵੀ ਸਨ। ਪਿਤਾ ਜੀ ਦੀਆਂ ਕਵਿਤਾਵਾਂ ਸੁਣ-ਸੁਣ ਮੇਰੀ ਵੀ ਇਸ ਪਾਸੇ ਰੁਚੀ ਵਧਣ ਲੱਗੀ। ਪਹਿਲਾਂ ਜਲੰਧਰ ਦੇ ਇੱਕ ਅਖ਼ਬਾਰ ਵਿਚ ਵੀ ਕੰਮ ਕੀਤਾ। ਫਿਰ ਮੈਂ ਨਕੋਦਰ ਦੇ ਇੱਕ ਟ੍ਰੈਵਲ ਏਜੰਟ ਕੋਲ ਨੌਕਰੀ ਕਰ ਲਈ। ਬ੍ਰਿਟਿਸ਼ ਸਰਕਾਰ ਨੇ 1962 ਦੇ ਇਮੀਗ੍ਰੇਸ਼ਨ ਐਕਟ ਅਧੀਨ ਵਾਊਚਰ ਸਿਸਟਮ ਸ਼ੁਰੂ ਕੀਤਾ। ਇਸ ਤਰ੍ਹਾਂ ਮੇਰਾ ਨੰਬਰ ਵੀ ਲੱਗ ਗਿਆ। ਜੁਲਾਈ 1963 ਨੂੰ ਹਰੇ ਰੰਗ ਦਾ ਬਿਸਤਰਾ ਬੰਨ੍ਹ ਕੇ ਆਖਿਰ ਮੈਂ ਵਲੈਤ ਆ ਪਹੁੰਚਿਆ। * ਮੇਰਾ ਜੋ ਅਗਲਾ ਨਾਵਲ ਆ ਰਿਹਾ ਹੈ, ਉਹ ਵੀ ਇੱਕ ਸੱਚੀ ਹੱਡਬੀਤੀ ਜ਼ਿੰਦਗੀ ਉੱਪਰ ਹੈ। ਇੱਕ ਐਸੀ ਔਰਤ ਜਿਹੜੀ ਆਪਣੇ ਪਤੀ ਦੀ 20-25 ਸਾਲ ਕੁੱਟਮਾਰ ਸਹਿੰਦੀ ਰਹੀ ਤੇ ਆਪਣੇ ਇੱਕ ਪੁੱਤਰ ਤੋਂ ਵਿਛੜੀ ਰਹੀ। ਇਸ ਆ ਰਹੇ ਨਾਵਲ ਦਾ ਨਾਂ ਹੈ ‘ਕਰਮਾਂ ਵਾਲੀ ਧੀ’। * ਮੇਰੀ ਛੰਦ-ਬੱਧ ਕਵਿਤਾ ਤੇ ਖੁੱਲ੍ਹੀ ਕਵਿਤਾ ਵਿਚ ਇੱਕੋ ਜਿਹੀ ਰੁਚੀ ਹਮੇਸ਼ਾ ਰਹੀ ਹੈ। ਖੁੱਲ੍ਹੀ ਕਵਿਤਾ ਵਿਚ ਤੁਸੀਂ ਆਪਣੇ ਦਿਲ ਦੀ ਗੱਲ ਅੱਛੀ ਤਰ੍ਹਾਂ ਕਹਿ ਸਕਦੇ ਹੋ। ਗ਼ਜ਼ਲ ਦੀ ਵਿਧੀ ਤੇ ਪਾਬੰਦੀਆਂ ਤੋਂ ਮੈਂ ਬਿਲਕੁਲ ਅਣਜਾਣ ਹਾਂ। ਪਰ ਮੈਂ ਛੰਦਾਂ-ਬੰਦੀ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ ਪਰ ਉਨ੍ਹਾਂ ਨੂੰ ਗ਼ਜ਼ਲ ਕਹਿਣ ਤੋਂ ਡਰਦਾ ਹਾਂ ਕਿਉਂਕਿ ਆਲੋਚਕਾਂ ਦੀਆਂ ਨਜ਼ਰਾਂ ਵਿਚ ਸ਼ਾਇਦ ਉਹ ਗ਼ਜ਼ਲਾਂ ਨਹੀਂ ਹੋ ਸਕਣਗੀਆਂ ਪਰ ਮੇਰੀ ਨਜ਼ਰ ਵਿਚ ਉਹ ਗ਼ਜ਼ਲਾਂ ਹੀ ਹਨ। * ਪੰਜਾਬੀ ਸਾਹਿਤ ਦੇ ਪਾਠਕਾਂ ਦੀ ਸਿਰਫ਼ ਕਮੀ ਹੀ ਨਹੀਂ, ਸਗੋਂ ਬਹੁਤ ਹੀ ਕਮੀ ਹੈ। * ਇੰਗਲੈਂਡ ਵਿਚ ਇਸ ਵਕਤ ਬਹੁਤ ਸਾਰੀਆਂ ਨਵੀਆਂ ਸਾਹਿਤ ਸਭਾਵਾਂ ਚੱਲ ਰਹੀਆਂ ਹਨ ਪਰ ਕਿਸੇ ਦਾ ਵੀ ਆਪਸ ਵਿਚ ਜ਼ਿਆਦਾ ਮੇਲ ਮਿਲਾਪ ਨਹੀਂ। ਕਾਸ਼! ਇਨ੍ਹਾਂ ਵੱਖ-ਵੱਖ ਸ਼ਹਿਰਾਂ ਦੀਆਂ ਸਾਹਿਤ ਸਭਾਵਾਂ ਵਿਚ ਤਾਲਮੇਲ ਹੋ ਸਕੇ ਤੇ ਇਸ ਤਰ੍ਹਾਂ ਇੱਕ ‘ਕੇਂਦਰੀ ਸਾਹਿਤ ਸਭਾ ਯੂਕੇ ਬਣਾਈ ਜਾ ਸਕੇ। ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਨਵੀਂ ਪੀੜ੍ਹੀ ਇਸ ਵਿਚ ਉਪਰਾਲਾ ਕਰੇ। * ਮੈਂ ਇਨਾਮਾਂ ਸਨਮਾਨਾਂ ਵਿਚ ਯਕੀਨ ਨਹੀਂ ਰੱਖਦਾ ਕਿਉਂਕਿ ਬਹੁਤ ਸਾਰੇ ਸਨਮਾਨ ਖ਼ਰੀਦੇ ਜਾਂਦੇ ਹਨ। * ਮੇਰਾ ਸਭ ਤੋਂ ਵੱਡਾ ਸ਼ੌਕ ਦੁਨੀਆ ਦੇ ਵੱਖ-ਵੱਖ ਮੁਲਕਾਂ ਦੂਰ-ਦੁਰਾਡੇ ਪਹਾਡ, ਸੈਰਗਾਹਾਂ, ਪ੍ਰਕਿਰਤੀ ਦੀਆਂ ਕਿਰਤਾਂ, ਸਮੁੰਦਰੀ ਪਾਣੀਆਂ ਥੱਲੇ ਵਸ ਰਹੇ ਸੰਸਾਰ, ਬ੍ਰਹਿਮੰਡ-ਆਕਾਸ਼ ਵਿਚ ਲਗਾਤਾਰ ਘੁੰਮ ਰਹੇ ਗ੍ਰਹਿਆਂ ਬਾਰੇ ਜਾਣਕਾਰੀ ਲੈਣੀ, ਜੁਗਨੂੰਆਂ ਦੀ ਟਿਮ-ਟਿਮ ਕਰਦੀ ਰੌਸ਼ਨੀ ਤੇ ਸਤਰੰਗੀ ਪੀਂਘ ਨੂੰ ਮਾਨਣਾ ਹੈ। ਨਿਰਸੰਦੇਹ ਗੁਰਚਰਨ ਸੱਗੂ ਦੀਆਂ ਗੱਲਾਂ ਵੀ ਜ਼ਹੀਨ ਤੇ ਗੁਣੀ ਹਨ। ਸੱਗੂ ਦਾ ਬਹੁ-ਵਿਧਾਵੀ ਸਾਹਿਤ ਅਸਲੋਂ ਵਡਿਆਈ ਦਾ ਹੱਕਦਾਰ ਹੈ। ਉਸ ਦੀ ਕਲਮ ਪੰਜਾਬੀ ਸਾਹਿਤ ਦੇ ਪਾਠਕਾਂ ਦੀਆਂ ਆਸਾਂ ’ਤੇ ਸਦਾ ਪੂਰੀ ਉਤਰਦੀ ਰਹੇਗੀ। ਅਜਿਹਾ ਮੇਰਾ ਵਿਸ਼ਵਾਸ ਹੈ। ਹਰਮੀਤ ਸਿੰਘ ਅਟਵਾਲ |