18 October 2025

ਹਾਜ਼ਰ ਹਨ ਸ. ਰਵਿੰਦਰ ਸਿੰਘ ਸੋਢੀ ਦੇ ਨਵੇਂ ਕਾਵਿ-ਸੰਗ੍ਰਹਿ ‘ਰਾਵਣ ਹੀ ਰਾਵਣ’ ਵਿੱਚੋਂ ਕੁਝ ਕਵਿਤਾਵਾਂ

ਕੈਦ ਕਰੋ, ਕੈਦ ਕਰੋ

ਇਹ ਰੁੱਤਾਂ, ਕਿਥੋਂ ਆਈਆਂ ਨੇ, ਜੋ ਆਪਣੀ ਮਰਜ਼ੀ ਬਦਲਦੀਆਂ
ਇਹ ਪੌਣਾਂ ਕਿਹੜੇ ਦੇਸ ਦੀਆਂ, ਜੋ ਬਿਨ ਪੁੱਛੇ ਹੀ ਰੁਮਕ ਦੀਆਂ
ਇਹਨਾਂ ਰੁੱਤਾਂ ਨੂੰ ਵੀ ਕੈਦ ਕਰੋ, ਇਹਨਾਂ ਪੌਣਾਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਇਹ ਰੁੱਖ ਕਿਵੇਂ ਮਸਤੀ ‘ਚ ਖੜੇ, ਸਾਡੇ ਰਾਹਾਂ ‘ਚੋਂ ਨਹੀਂ ਹਟਦੇ
ਇਹ ਬੁੱਤ ਕਿਵੇਂ ਨੋ ਤਣੇ-ਤਣੇ, ਸਾਨੂੰ ਸਲਾਮਾਂ ਨਹੀਂ ਕਰਦੇ
ਇਹਨਾਂ ਰੁੱਖਾਂ ਨੂੰ ਵੀ ਕੈਦ ਕਰੋ, ਇਹਨਾਂ ਬੁੱਤਾ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਸਾਡੀ ਥੋਹਰਾਂ ਦੀ ਬਾੜੀ ਵਿਚ, ਚੌਲਾਂ ਦੀ ਖਿੜੀ ਬਹਾਰ ਕਿਵੇਂ
ਰੰਗ ਬਰੰਗੀਆਂ ਤਿਤਲੀਆਂ ਦੀ, ਫੁੱਲਾਂ ‘ਤੇ ਆਈ ਡਾਰ ਕਿਵੇਂ
ਇਹਨਾਂ ਫੁੱਲਾਂ ਨੂੰ ਵੀ ਕੈਦ ਕਰੋ, ਇਹਨਾਂ ਤਿਤਲੀਆਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਚਮਕੇ ਜਦ ਬਿਜਲੀ ਅਸਮਾਨੀ, ਸਾਨੂੰ ਬੜਾ ਹੈ ਡਰ ਲੱਗਦਾ
ਤੇਜ਼ ਵਹਿੰਦੇ ਦਰਿਆਵਾਂ ਤੋਂ, ਬਗ਼ਾਵਤ ਦਾ ਹੈ ਡਰ ਲੱਗਦਾ
ਇਹਨਾਂ ਬਿਜਲੀਆਂ ਨੂੰ ਵੀ ਕੈਦ ਕਰੋ, ਇਹਨਾਂ ਦਰਿਆਵਾਂ ਨੂੰ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਵਿਹਲੇ ਜੋ ਮੰਗਣ ਨੌਕਰੀਆਂ, ਉਹ ਸਾਨੂੰ ਜਰਾ ਨਾ ਭਾਉਂਦੇ ਨੇ
ਭੁੱਖੇ ਜੋ ਸਦਾ ਰੋਟੀ ਮੰਗਦੇ, ਉਹ ਸਾਡੀ ਨੀਂਦ ਉਡਾਉਂਦੇ ਨੇ
ਇਹਨਾਂ ਵਿਹਲਿਆਂ ਨੂੰ ਵੀ ਕੈਦ ਕਰੋ, ਇਹਨਾਂ ਭੁੱਖਿਆਂ ਨੂੰ ਦੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਉਹ ਕਿਹੜੇ ਨੇ ਕਲਮਾਂ ਵਾਲੇ, ਜੋ ਸਾਡੇ ਤੇ ਤਨਜ਼ਾਂ ਕੱਸਦੇ
ਉਹ ਕਿਹੜੇ ਨੇ ਗੁਸਤਾਖ ਲੋਕ, ਜੋ ਸਾਡੀ ਹਰ ਗੱਲ ਤੇ ਹੱਸਦੇ
ਇਹ ਕਲਮਾਂ ਵਾਲੇ ਕੈਦ ਕਰੋ, ਇਹ ਹਸਣ ਵਾਲੇ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਜੋਬਨ ਮੱਤੀਆਂ ਮੁਟਿਆਰਾਂ ਨੇ, ਜਾਗੋ ਦੀ ਲਾਈ ਹੇਕ ਹੈ ਕਿਉਂ
ਮੁੱਛ ਫੁੱਟ ਗੱਭਰੂ ਜਵਾਨਾਂ ਨੇ, ਨਗਾਰੇ ਤੇ ਲਾਈ ਚੋਟ ਹੈ ਕਿਉਂ
ਇਹਨਾਂ ਮੁਟਿਆਰਾਂ ਨੂੰ ਕੈਦ ਕਰੋ, ਇਹ ਗੱਭਰੂ ਵੀ ਕੈਦ ਕਰੋ
ਕੈਦ ਕਰੋ, ਕੈਦ ਕਰੋ।

ਹੌਸਲਾ ਬੁੱਢੇ ਬਾਬਿਆਂ ਦਾ, ਦੇਖੇ ਕੁੱਲ ਜਹਾਨ ਪਿਆ
ਕੇਸਰੀ ਚੁੰਨੀਆਂ ਵਾਲੀਆਂ ਨੇ ਵੀ, ਕੀਤਾ ਸਾਨੂੰ ਪਰੇਸ਼ਾਨ ਬੜਾ
ਇਹ ਬੁੱਢੇ ਬਾਬੇ ਕੈਦ ਕਰੋ, ਇਹ ਕੇਸਰੀ ਚੁੰਨੀਆਂ ਕੈਦ ਕਰੋ
ਕੈਦ ਕਰੋ, ਕੈਦ ਕਰੋ।
***

ਗ਼ਜ਼ਲ

ਕਦੇ ਮਹਿਮਾਨ ਸੀ ਰੱਥ ਵਰਗੇ, ਹੁਣ ਇਕ ਵੀ ਵਾਧੂ ਲੱਗਦਾ ਹੈ
ਘਰ ਦਾ ਹਰ ਵਿਹਲਾ ਬੰਦਾ, ਹੁਣ ਸਭ ਨੂੰ ਵਾਧੂ ਲੱਗਦਾ ਹੈ।

ਘਰ ਦੇ ਬਜੁਰਗਾਂ ਨੂੰ ਕਦੇ, ਘਰ ਦਾ ਜਿੰਦਰਾ ਕਹਿੰਦੇ ਸੀ
ਹੁਣ ਤਾਂ ਘਰ ਦੇ ਹਰ ਕਮਰੇ ‘ਤੇ, ਵੱਖਰਾ ਜਿੰਦਰਾ ਲੱਗਦਾ ਹੈ।

ਇਕ ਰੂਹ ਦੋ ਜਿਸਮ ਜਿਹਾ, ਕਦੇ ਮੀਆਂ-ਬੀਵੀ ਦਾ ਰਿਸ਼ਤਾ ਸੀ
ਹੁਣ ਤਾਂ ਦਿਨ ਵਿਚ ਕਈ ਬਾਰ, ਦੋਹਾਂ ਦਾ ਅਖਾੜਾ ਲੱਗਦਾ ਹੈ।

ਗਰਮੀ ਸਰਦੀ ਬੁੱਢਾ ਬਾਪੂ, ਵਿਹੜੇ ਦੇ ਵਿਚ ਰੁਲਦਾ ਰਹੇ
ਟੱਲੇ ਵਾਲੇ ਸਾਧ ਦਾ ਆਸਣ, ਘਰ ਦੇ ਅੰਦਰ ਲੱਗਦਾ ਹੈ।

ਰੱਬ ਦੇ ਘਰ ਵਿਚ ਚੋਰ ਉਚੱਕੇ, ਲੰਬੇ ਚੋਲੇ ਪਾਈ ਫਿਰਨ
ਤਾਂ ਹੀ ਦਾਨ ਪਾਤਰਾਂ ‘ਤੇ ਹੁਣ, ਮੋਟਾ ਜਿੰਦਰਾ ਲੱਗਦਾ ਹੈ।

ਚੌਂਕ ‘ਚ ਬੈਠੇ ਮਜ਼ਦੂਰਾਂ ਵਾਂਗੂ, ਨੇਤਾ ਜੀ ਵੀ ਤਿਆਰ ਖੜੇ
ਮਰੀਆਂ ਜ਼ਮੀਰਾਂ ਵਾਲਿਆਂ ਦਾ ਹੁਣ, ਦੇਖੋ ਕਦੋਂ ਮੁੱਲ ਲੱਗਦਾ ਹੈ।

ਤੇਤੇ, ਚਿੜੀਆਂ, ਗੋਲੇ ਕਬੂਤਰ, ਲੰਭਿਆਂ ਵੀ ਹੁਣ ਲੱਭਦੇ ਨਹੀਂ
ਗਊਆਂ, ਵੱਛੀਆਂ ਤੇ ਸਾਹਨਾਂ ਦਾ, ਮੇਲਾ ਸੜਕਾਂ ਤੇ ਲੱਗਦਾ ਹੈ।

ਵਿਦੇਸ਼ਾਂ ਵਿਚ ਪੱਕੇ ਹੋਣ ਲਈ, ਵਿਆਹ ਵੀ ਕੱਚੇ ਹੋ ਗਏ ਨੇ
ਇਸ਼ਤਿਹਾਰ ਕੱਚੇ ਵਿਆਹਵਾਂ ਦਾ, ਅਖ਼ਬਾਰਾਂ ਵਿਚ ਲੱਗਦਾ ਹੈ।

ਸ਼ਰਮ ਹਿਆ ਤਾਂ ਉੱਡ ਹੀ ਗਈ, ਬੇਸ਼ਰਮੀ ਦਾ ਆਲਮ ਹੈ
ਮੇਲਾ ਨੰਗੇ ਜਿਸਮਾਂ ਦਾ, ਹੁਣ ਸ਼ਰੇਆਮ ਹੀ ਲਗਦਾ ਹੈ।

ਮਾਸਾਹਾਰੀ ਲੋਕ ਨੇ ਭੈੜੇ, ਹੋਰਾਂ ਨੂੰ ਨਾ ਜਿਊਣ ਦੇਣ
ਆਪਣੀ ਰਸੋਈ ‘ਚ ਰਿੱਝਦਾ ਕੁੱਕੜ, ਸਭ ਨੂੰ ਚੰਗਾ ਲੱਗਦਾ ਹੈ।

ਏਕੇ ਦੇ ਵਿਚ ਬਰਕਤ ਭਾਰੀ, ਇਸ ਗੱਲ ਦੀ ਹੁਣ ਸਮਝ ਪਈ
ਇਕ ਹੀ ਬੋਤਲ ਦੇ ਵਿਚੋਂ, ਪੈੱਗ ਸਾਰੇ ਟੱਬਰ ਦਾ ਲੱਗਦਾ ਹੈ।
***

ਗ਼ਜ਼ਲ

ਕਦੇ ਜਿੱਤਾਂ ਦੇ ਕਦੇ ਹਾਰਾਂ ਦੇ, ਕਦੇ ਫੁੱਲਾਂ ਦੇ ਕਦੇ ਖਾਰਾਂ ਦੇ
ਚਰਚੇ ਤਾਂ ਹੁੰਦੇ ਰਹਿਣ ਸਦਾ, ਕਦੇ ਵਸਲਾਂ ਦੇ ਕਦੇ ਪਿਆਰਾਂ ਦੇ।

ਇਹ ਬੱਦਲ ਕਾਲੇ-ਕਾਲੇ ਜੋ, ਕਦੇ ਨਾਲ ਕੰਜੂਸੀ ਵਰ੍ਹਦੇ ਨੇ,
ਆਪਣੇ ਕਈ ਰੰਗ ਦਿਖਾ ਜਾਂਦੇ ਕਦੇ ਡੋਬੂ ਬਣਨ ਕਿਆਰਾਂ ਦੇ।

ਲੰਮੀ ਜੋ ਉਡਾਰੀ ਲਾਉਣੀ ਹੈ, ਬੱਸ ਜੁੰਬਸ਼ ਹੋਣੀ ਚਾਹੀਦੀ
ਖੰਭ ਆਪੇ ਸਾਥ ਨਿਭਾਵਣਗੇ, ਅੰਬਰ ਵੱਲ ਤੇਰੀਆਂ ਮਾਰਾਂ ਦੇ।

ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ, ਰਾਹਾਂ ਵਿਚ ਰੁਕਣਾ ਵੀ ਪੈਣਾ
ਟੀਸੀ ਤੇ ਜਦ ਪਰਚਮ ਲਹਿਰਾਏ, ਕਿੱਸੇ ਯਾਦ ਆਉਣ ਫੇਰ ਠਾਹਰਾਂ ਦੇ।

ਕੀ ਹੋਇਆ ਖ਼ਿਜਾਂ ਹੈ ਜੇ ਆਈ, ਇਸ ਨੂੰ ਵੀ ਸਹਿਣਾ ਹੀ ਪੈਣਾ
ਦਿਲ ਦੇ ਵਿਚ ਯਕੀਨ ਇਹ ਰੱਖ, ਇਥੇ ਪੈਰ ਵੀ ਪੈਣੇ ਬਹਾਰਾਂ ਦੇ।

ਲੁਕ-ਛਿਪ ਕੇ ਜੋ ਵਾਰ ਕਰਨ, ਇਹ ਕੰਮ ਨੇ ਧੋਖੇਬਾਜ਼ਾਂ ਦੇ
ਦੁਸ਼ਮਣ ਨੂੰ ਲਲਕਾਰਦੇ ਜੋ, ਇਹ ਹੌਸਲੇ ਹੋਣ ਸਰਦਾਰਾਂ ਦੇ।

ਦੋ ਮੂੰਹਿਆਂ ਦੇ ਸਿਰ ਫੇਹਣ ਲਈ, ਲੋੜ ਨਹੀਂ ਹੈ ਜ਼ੋਰਾਂ ਦੀ
ਢੰਗ ਹੱਥ ਪਾਉਣ ਦਾ ਸਿੱਖ ਲੈ ਤੂੰ, ਵਿਚ ਪਹਾੜਾਂ ਦੀਆਂ ਦਰਾਰਾਂ ਦੇ।
**

ਰਾਵਣ ਹੀ ਰਾਵਣ
ਰਾਵਣ ਦਾ ਪੁਤਲਾ ਫੂਕ ਲਿਆ

ਰਾਜਸੀ ਨੇਤਾਵਾਂ ‘ਚੋਂ
ਕੁਰਸੀ ਮੋਹ
ਪਰਿਵਾਰ ਮੋਹ
ਰਾਜਨੀਤੀ ਨੂੰ ਲਾਹੇਵੰਦਾ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਅਗਨ ਭੇਨਟ ਕਟਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ‘ਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜਾ ਕਰਨ ਦਾ
ਪ੍ਰਬੰਧ ਕਰੋ।

ਥਾਣਿਆਂ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿੱਚ
ਹੱਥ ਅੱਡੀ ਖੜੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ
ਪਾਸ ਕਰਵਾਉਣ ਦਾ ਰੁਝਾਨ
ਨਿੱਜੀ ਸਕੂਲਾਂ ਵਿੱਚ ਫੈਲੀ
‘ਫੀਸਾਂ’, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ
ਦੇ ਨਾਂ ਤੇ ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ‘ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣਾਂ ਲਈ ਵੀ
ਕਿਸੇ ਸਜਾ ਦਾ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ
ਪ੍ਰਬੰਧ ਕਰੋ।

ਅਭੋਲ ਬੱਚੀਆਂ
ਮੁਟਿਆਰਾਂ
ਔਰਤਾਂ ਨੂੰ
ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ
ਆਦਮ ਖੋਰਾਂ ਨੂੰ ਵੀ
ਅਗਨ ਭੇਂਟ ਕਰਨ ਦਾ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਅੱਡੀਆਂ ਚੁੱਕ ਫਾਹਾ ਲੈਣ ਵਾਂਗ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੀ ਡ ਚਾਲ ਦੇ
ਰਾਵਣ ਨੂੰ ਵੀ
ਕਿਸੇ ਲਛਮਣ ਰੇਖਾ ਵਿੱਚ ਕੈਦ ਕਰਨ ਦਾ

ਪ੍ਰਬੰਧ ਕਰੋ।

ਸਾਹਿਤਕ ਮੱਠਾਂ ਵਿਚ
ਚੇਲੇ-ਚਪਟਿਆਂ ‘ਤੇ
ਮਨ ਚਾਹੀ ਕਿਰਪਾ ਲਿਆਉਣ ਦੇ
ਜੁਗਾੜਾਂ ਦੀ
ਮਾਨ-ਸਨਮਾਨ ਦੀ ਕਾਣੀ ਵੰਡ ਵਾਲੀ
ਰਾਵਣੀ ਸੋਚ ਨੂੰ
ਠਲ੍ਹ ਪਾਉਣ ਵਾਲੇ
ਪੁੰਨ ਵਰਗੇ ਕੰਮ ਦਾ ਵੀ ਕੋਈ
ਪ੍ਰਬੰਧ ਕਰੋ।

ਵੋਟਾਂ ਵੇਲੇ
ਧਰਮ ਦੀ ਆੜ ਵਿੱਚ
ਦੰਗੇ ਕਰਵਾਉਣੇ
ਝੂਠ-ਤੂਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਵਿਚਰ ਰਹੇ
ਜੋ
ਮਜ਼ਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਮਾਰ
ਕੁੜੀਆਂ ਨੂੰ
ਹਵਸ ਦਾ ਸ਼ਿਕਾਰ ਬਣਾ

ਮੁੰਡਿਆਂ ਨੂੰ ਨਸ਼ੇ ਵੇਚਣ ਦੇ ਰਾਹ ਪਾ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ
ਉਹਨਾਂ ਲਈ ਵੀ
ਕਿਸੇ ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਫਿਰ ਰਹੇ ਚਾਰ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਾ ਹੋਵੇ
ਇੱਕਲੇ ਇੱਕਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ
ਪ੍ਰਬੰਧ ਕਰੋ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1457
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ