(ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (6 ਜੂਨ 2021 ਨੂੰ) 39ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ਕਹਾਣੀਕਾਰ ਸੁਰਜੀਤ ਕੌਰ ਕਲਪਨਾ ਜੀ ਬਾਰੇ ਲਿਖਿਆ ਗਿਆ ਹੈ। ਲਿਖਾਰੀ ਦੇ ਪਾਠਕਾਂ ਦੀ ਨਜ਼ਰ ਹੈ।
**
ਅਦੀਬ ਸਮੁੰਦਰੋਂ ਪਾਰ ਦੇ : ਕਮਾਲ ਦੀ ਕਹਾਣੀਕਾਰ ਸੁਰਜੀਤ ਕੌਰ ਕਲਪਨਾ—- ਹਰਮੀਤ ਸਿੰਘ ਅਟਵਾਲ

ਕਮਾਲ ਸ਼ਬਦ ਦੇ ਕੋਸ਼ਗਤ ਅਰਥ ਹਨ ਪੂਰਾਪਨ, ਕਾਰੀਗਰੀ, ਅਨੋਖਾ ਕੰਮ, ਸੰਪੂਰਨ, ਸਭ ਤੋਂ ਸ੍ਰੇਸ਼ਠ ਜਾਂ ਸੰੁਦਰ। ਦਰਅਸਲ ਅਜਿਹੀ ਸੁੰਦਰਤਾ, ਸੰਪੂਰਨਤਾ, ਸ੍ਰੇਸ਼ਠਤਾ ਜਾਂ ਕਾਰੀਗਰੀ ਇਕ ਵਿਸ਼ੇਸ਼ ਕਿਸਮ ਦੀ ਮੁਹਾਰਤ ਵਿਚੋਂ ਨਿਕਲਦੀ ਹੈ ਜਿਹੜੀ ਕਈ ਵਰ੍ਹਿਆਂ ਦੇ ਵਸੀਹ ਅਨੁਭਵ ਤੇ ਨਿਰੀਖਣੀ ਤੇ ਸਮਰਪਿਤ ਸੁਭਾਅ ਦਾ ਸਾਰਥਕ ਸਿੱਟਾ ਹੁੰਦੀ ਹੈ। ਵਰਨਾ ਕਿਸੇ ਵੀ ਰਾਹਸੰਜ ਲਈ ਜਾਰਗੰਗ ’ਤੇ ਤੁਰਨਾ ਸੌਖਾ ਨਹੀਂ ਹੁੰਦਾ। ਸਿਰਫ਼ ਗੂਨਾਬ ਨਾਲ ਹੀ ਸਹੀ ਸੁੰਦਰਤਾ ਪੈਦਾ ਨਹੀਂ ਕੀਤੀ ਜਾ ਸਕਦੀ।
ਜਿੱਥੋਂ ਤਕ ਅਦਬੀ ਆਲਮ ਦਾ ਤਾਅਲੁਕ ਹੈ, ਇਸ ਵਿਚ ਕਈ ਤਰ੍ਹਾਂ ਦੇ ਵਿਰੋਧਾਭਾਸਾਂ, ਦਵੰਦਾਂ, ਜਕੋਤੱਕੀਆਂ, ਜਜ਼ਬਿਆਂ, ਜ਼ੋਖ਼ਮਾਂ ਤੇ ਜੰਨਤੀ ਜਲੌਆਂ ਨੂੰ ਇਕ ਗੁਣਾਤਮਕ ਤੇ ਸੂਤਰਬੱਧ ਨੁਹਾਰ ਦੇਣੀ ਪੈਂਦੀ ਹੈ ਤੇ ਰਚਨਾ ਪ੍ਰਯੋਜਨ ਦੇ ਮੱਦੇਨਜ਼ਰ ਰਚਨਾ ਸੰਗਠਨ ਨੂੰ ਵੀ ਪਾਏਦਾਰ ਬਣਾਉਣਾ ਪੈਂਦਾ ਹੈ।
ਸੱਚ ਇਹੀ ਹੈ ਕਿ ਇਸ ਖੇਤਰ ਵਿਚ ਵੀ ਕਮਾਲ ਕਰਨ ਲਈ ਇਕ ਖ਼ਾਸ ਕਿਸਮ ਦੀ ਤਪੱਸਿਆ ਦੀ ਲੋੜ ਹੁੰਦੀ ਹੈ। ਜਿਹੜਾ ਕਰ ਜਾਂਦਾ ਹੈ ਉਹ ਤਰ ਜਾਂਦਾ ਹੈ ਤੇ ਪਾਠਕਾਂ ਦੀ ਝੋਲੀ ਭਰ ਜਾਂਦਾ ਹੈ। ਅਦਬ ਪ੍ਰਤੀ ਆਪਣੀ ਸਿਰੇ ਦੀ ਕਰਾਬਤ ਸਦਕਾ ਜਿਹੜੇ ਅਦੀਬ ਕਲਮੀ ਕਮਾਲ ਕਰਦੇ ਹਨ, ਉਨ੍ਹਾਂ ਵਿੱਚੋਂ ਇਕ ਹੈ ਸਾਡੀ ਵਲੈਤ ਵੱਸਦੀ ਕਮਾਲ ਦੀ ਕਹਾਣੀਕਾਰ ਸੁਰਜੀਤ ਕੌਰ ਕਲਪਨਾ ਜਿਸ ਦੀਆਂ ਹੁਣ ਤਕ ਆਈਆਂ ਕਹਾਣੀਆਂ ਵਿੱਚੋਂ ਕੋਈ ਕਹਾਣੀ ਪੜ੍ਹ ਲਓ, ਸਾਡੇ ਉਪਰੋਕਤ ਸਾਰੇ ਵਖਿਆਨ ਦੀ ਪੁਸ਼ਟੀ ਆਪਣੇ ਆਪ ਹੋ ਜਾਵੇਗੀ।
ਸੁਰਜੀਤ ਕੌਰ ਕਲਪਨਾ ਦਾ ਜਨਮ 13 ਸਤੰਬਰ 1940 ਈ: ਨੂੰ ਪਿਤਾ ਮੁਣਸ਼ਾ ਸਿੰਘ ਤੇ ਮਾਤਾ ਅਮਰ ਕੌਰ ਦੇ ਘਰ ਪਿੰਡ ਪੰਡੋਰੀ ਨਿੱਝਰਾਂ (ਜਲੰਧਰ) ਵਿਖੇ ਹੋਇਆ। ਸੁਰਜੀਤ ਕੌਰ ਕਲਪਨਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵਿਦਵਾਨੀ ਵੀ ਕੀਤੀ ਹੋਈ ਹੈ। ਡਿਪਲੋਮਾ ਇਨ ਹੋਮੋਪੈਥੀ ਵੀ ਕੀਤਾ ਹੋਇਆ ਹੈ ਤੇ ਕੰਪਿਊਟਰ ਸਬੰਧੀ ਤੇ ਹੋਰ ਵੀ ਕਾਫ਼ੀ ਉੱਚ ਵਿੱਦਿਆ ਵਲੈਤ ਤੋਂ ਪ੍ਰਾਪਤ ਕੀਤੀ ਹੋਈ ਹੈ। 1965 ਤੋਂ ਵਲੈਤ ਵਿਚ ਵੱਸਦੀ ਸੁਰਜੀਤ ਕੌਰ ਕਲਪਨਾ ਨੂੰ ‘ਕਲਪਨਾ’ ਤਖੱਲਸ ਉਸ ਦੇ ਵਿਦਵਾਨ ਪਤੀ ਡਾ. ਗੁਰਦਿਆਲ ਸਿੰਘ ਰਾਏ ਨੇ ਦਿੱਤਾ ਹੈ।
ਆਪਣੀ ਸਾਹਿਤ ਸਿਰਜਣਾ ਵਾਲੇ ਪਾਸੇ ਆਉਣ ਦੀ ਵਿਥਿਆ ਨੂੰ ਸੁਰਜੀਤ ਕੌਰ ਕਲਪਨਾ ਨੇ ਇੰਜ ਦਰਸਾਇਆ ਹੈ :-
ਪੰਜਾਬੀ ਪੜ੍ਹਨ, ਲਿਖਣ, ਜਾਣਨ ਤੇ ਮਾਣਨ ਦੀ ਰੁਚੀ ਆਪਣੇ ਪਿਤਾ ਜੀ ਸਰਦਾਰ ਮੁਣਸ਼ਾ ਸਿੰਘ ਤੋਂ ਮਿਲੀ। ਉਨ੍ਹਾਂ ਪਾਸ ਬਹੁਤ ਸਾਰੀਆਂ ਸਾਹਿਤਕ ਪੁਸਤਕਾਂ ਅਤੇ ਬਹੁਤ ਸਾਰੇ ਪਰਚੇ ਵੀ ਪੁੱਜਦੇ ਸਨ। ਪ੍ਰੀਤਲੜੀ ਵੀ ਲਗਾਤਾਰ ਆਉਦਾ ਸੀ। ਨਾਨਕ ਸਿੰਘ ਦੇ ਨਾਵਲ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਢੇਰ ਸਾਰੀਆਂ ਪੁਸਤਕਾਂ ਪੜ੍ਹਨ-ਵਿਚਾਰਨ ਦਾ ਮੌਕਾ ਮਿਲਿਆ। ਉਨ੍ਹਾਂ ਦੀਆਂ ਲਿਖਤਾਂ ਦੀ ਸੁੰਦਰਤਾ ਅਤੇ ਸਿਖ਼ਰਤਾ ਨੇ ਬਹੁਤ ਕੀਲਿਆ।
ਨਾ-ਮਾਤਰ ਲਿਖਣਾ ਭਾਵੇਂ ਪੰਜਾਬ ਰਹਿੰਦਿਆਂ ਆਰੰਭ ਹੋ ਗਿਆ ਸੀ ਪਰ ਨਿਯਮਬੱਧ ਲਿਖਣਾ ਤਾਂ 1965 ਵਿਚ ਪੱਕੇ ਤੌਰ ’ਤੇ ਬਰਤਾਨੀਆ ਵੱਸਣ ਮਗਰੋਂ ਹੀ ਆਰੰਭ ਕੀਤਾ। ਫਿਰ ਲਗਾਤਾਰ ਬਰਤਾਨੀਆ ਤੋਂ ਨਿਕਲਦੇ ਹਫ਼ਤਾਵਾਰੀ ਦੇਸ-ਪ੍ਰਦੇਸ, ਪੰਜਾਬੀ ਦਰਪਣ, ਪੰਜਾਬ ਟਾਈਮਜ਼ ਅਤੇ ਹੋਰ ਕਈ ਭਾਰਤੀ ਪਰਚਿਆਂ ਵਿਚ ਛਪਣਾ ਆਰੰਭ ਹੋ ਗਿਆ।
ਸੁਰਜੀਤ ਕੌਰ ਕਲਪਨਾ ਦੇ ਸਾਹਿਤ ਸੰਸਾਰ ਵੱਲ ਆਈਏ ਤਾਂ ਉਸ ਦੇ ਦੋ ਮੌਲਿਕ ਕਹਾਣੀ ਸੰਗ੍ਰਹਿ ਪੜ੍ਹਨ ਨੂੰ ਮਿਲਦੇ ਹਨ ਜਿਨ੍ਹਾਂ ਦੇ ਨਾਂ ਹਨ ‘ਕੰਧਾਂ ਵਿਲਕਦੀਆਂ’ ਤੇ ‘ਕਸ਼ਮਕਸ਼’। ਇਸ ਤੋਂ ਇਲਾਵਾ ਕੁਝ ਸਾਂਝੇ ਕਹਾਣੀ ਸੰਗ੍ਰਹਿਆਂ ਵਿਚ ਵੀ ਉਸ ਦੀਆਂ ਕਹਾਣੀਆਂ ਛਪੀਆਂ ਹਨ।
ਸੁਰਜੀਤ ਦੇ ਦੋ ਮੌਲਿਕ ਕਹਾਣੀ ਸੰਗ੍ਰਹਿਆਂ ਵਿਚ ਕੁਲ 32 ਕਹਾਣੀਆਂ ਹਨ। ਅਰਕਨੁਮਾ ਅਲਫ਼ਾਜ ਵਿਚ ਵੀ ਅਭਿਵਿਅਕਤ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਕਿਸੇ ਸਮੇਂ ਪਰਦੇਸਾਂ ਨੂੰ ਖੱਟਣ-ਕਮਾਉਣ ਗਏ ਪੰਜਾਬੀਆਂ ਦੀ ਅਜਿਹੀ ਹੋਣੀ ਨੂੰ ਬਿਆਨ ਕਰਦੀਆਂ ਹਨ ਜਿਸ ਹੋਣੀ ਨੇ ਹੁਣ ਆਪਣਾ ਪਾਸਾਰਾ ਏਨਾ ਕੁ ਪਾਸਾਰ ਲਿਆ ਹੈ ਕਿ ਹੁਣ ਕਲਾਵੇ ਵਿਚ ਨਹੀਂ ਆਉਦਾ। ਏਸ ਸਾਰੀ ਪ੍ਰਕਿਰਿਆ ਦੌਰਾਨ ਏਨੀਆਂ ਕੁ ਵਿਸੰਗਤੀਆਂ ਨੇ ਜਨਮ ਲੈ ਲਿਆ ਹੈ ਕਿ ਪਿੱਛੇ ਮੁੜਕੇ ਦੇਖਣਾ ਜਾਂ ਪੱਕੇ ਤੌਰ ’ਤੇ ਆਉਣਾ ਹੁਣ ਔਖਾ ਹੋ ਗਿਆ ਹੈ। ਚਾਅ ਜਾਂ ਮਜਬੂਰੀਵੱਸ ਪਿੰਜਰਾ ਹੀ ਪਸੰਦ ਬਣ ਗਿਆ ਹੈ।
ਤੀਜੀ ਜਾਂ ਚੌਥੀ ਪੀੜ੍ਹੀ ਦੀ ਆਪਣੇ ਪੰਜਾਬੀ ਪਿਛੋਕੜ ਨਾਲ ਗੱਲ ਟੁੱਟਦੀ ਤੇ ਕਿਸੇ ਹੱਦ ਤਕ ਮੁੱਕਦੀ ਵੀ ਨਜ਼ਰ ਆਉਦੀ ਹੈ। ਇਸ ਤਰ੍ਹਾਂ ਦੀ ਦੁਖ਼ਾਂਤਕ ਵਿੱਥਿਆ ਨਾਲ ਜੁੜਦੀਆਂ ਅਨੇਕ ਤਰ੍ਹਾਂ ਦੀਆਂ ਮਾਇਕ ਤੇ ਮਾਨਸਿਕ ਮਜਬੂਰੀਆਂ ਤੇ ਮੁਸ਼ਕਲਾਂ ਨੂੰ ਸੁਰਜੀਤ ਕੌਰ ਕਲਪਨਾ ਨੇ ਆਪਣੀਆਂ ਕਹਾਣੀਆਂ ਵਿਚ ਕਥਾਬੱਧ ਕੀਤਾ ਹੈ।
ਅੱਜ ਜਦੋਂ ਪੰਜਾਬੀਆਂ ਦੀ ਪਰਦੇਸ ਜਾਣ ਦੀ ਇੱਛਾ ਦੀ ਪ੍ਰਬਲਤਾ ਪਹਿਲਾਂ ਨਾਲੋਂ ਵੱਧ ਦੇਖਦੇ ਹਾਂ ਤਾਂ ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਹੋਰ ਵੀ ਢੁੱਕਵੀਆਂ ਤੇ ਪ੍ਰਸੰਗਿਕ ਨਜ਼ਰ ਆਉਦੀਆਂ ਹਨ। ਸੁਰਜੀਤ ਦੀਆਂ ਕਹਾਣੀਆਂ ਬਾਰੇ ਜੇ ਵਿਦਵਾਨਾਂ ਦੀ ਨਜ਼ਰ ਤੋਂ ਵੀ ਦੇਖੀਏ ਤਾਂ ਅਧਿਐਨ ਦੱਸਦਾ ਹੈ ਕਿ 2006 ਵਿਚ ਪੰਜਾਬੀ ਅਕਾਦਮੀ ਦਿੱਲੀ ਨੇ 14 ਜਿਲਦਾਂ ਵਿਚ ‘ਪੰਜਾਬੀ ਸਾਹਿਤ ਦਾ ਇਤਿਹਾਸ’ ਛਾਪਿਆ ਹੈ। ਇਸ ਵਿਚ ‘ਪੰਜਾਬੀ ਕਹਾਣੀ ਦਾ ਇਤਿਹਾਸ’ ਪ੍ਰਸਿੱਧ ਆਲੋਚਕ ਤੇ ਕਹਾਣੀਕਾਰ ਡਾ. ਬਲਦੇਵ ਸਿੰਘ ਧਾਲੀਵਾਲ ਨੇ ਲਿਖਿਆ ਹੈ। ਉਨ੍ਹਾਂ ਨੇ ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਬਾਰੇ ਬਿਲਕੁਲ ਸਹੀ ਲਿਖਿਆ ਹੈ ਕਿ :-
‘‘ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਵਿਯੋਗੇ ਪਰਵਾਸੀ ਮਨੁੱਖ ਦੀ ਤ੍ਰਾਸਦੀ ਨੂੰ ਸਮਝਣ ਦੀ ਕੋਸ਼ਿਸ਼ ਹਿੱਤ ਬਜ਼ੁਰਗ ਪੀੜ੍ਹੀ, ਪਰਵਾਸੀ ਪੰਜਾਬੀ ਔਰਤਾਂ ਤੇ ਪੀੜ੍ਹੀ-ਪਾੜੇ ਦੀਆਂ ਸਮੱਸਿਆਵਾਂ ਨੂੰ ਆਪਣਾ ਰਚਨਾ-ਵਸਤੂ ਬਣਾਉਦੀਆਂ ਹਨ। ਉਸ ਦੀ ਕਹਾਣੀ-ਕਲਾ ਦੀਆਂ ਪ੍ਰਮੁੱਖ ਜੁਗਤਾਂ ਨਾਰੀ ਸੰਵੇਦਨਾ ਦੀ ਅਭਿਵਿਅਕਤੀ, ਸਰਲ ਬਿਰਤਾਂਤ ਅਤੇ ਸਰੋਦੀਪੁਣਾ ਹੈ।’’
ਡਾ. ਧਾਲੀਵਾਲ ਤੋਂ ਇਲਾਵਾ ਡਾ. ਬਿਕਰਮ ਸਿੰਘ ਘੁੰਮਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਮਹਿੰਦਰ ਸਿੰਘ ਡਡਵਾਲ, ਡਾ. ਪ੍ਰੀਤਮ ਸਿੰਘ ਕੈਂਬੋ ਤੇ ਗੁਰਦਾਸ ਸਿੰਘ ਪਰਮਾਰ ਨੇ ਵੀ ਸੁਰਜੀਤ ਕੌਰ ਕਲਪਨਾ ਦੀਆਂ ਕਹਾਣੀਆਂ ਬਾਰੇ ਆਪਣੇ ਭਾਵ ਪੂਰਤ ਵਿਚਾਰ ਪ੍ਰਗਟਾਏ ਹਨ। ‘ਕਮਾਂਡ ਤਾਈ ਰਾਜੋ ਦੀ’, ‘ਮਾਣ’, ‘ਵਲੈਤੀ ਰਾਂਝਾ’, ‘ਕਾਣੀ ਕੌਡੀ’, ‘ਕੰਧਾਂ ਵਿਲਕਦੀਆਂ’, ‘ਦੋਸ਼ੀ ਕੌਣ’, ‘ਮਹਿਲ ਮੁਨਾਰੇ’, ‘ਕਸ਼ਮਕਸ਼’, ‘ਹੁਕਮ’ ਆਦਿ ਕਹਾਣੀਆਂ ਦਾ ਇਕਾਗਰਚਿਤ ਅਧਿਐਨ ਜਦੋਂ ਕੀਤਾ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਕਥਾ ਰਚਨਾਵਾਂ ਦਾ ਰਚਨਾਤਮਕ ਵਿਵੇਕ ਏਨਾ ਸੁਗਠਿਤ ਤੇ ਪ੍ਰਭਾਵਸ਼ਾਲੀ ਹੈ ਕਿ ਪਾਠਕ ਸੱਚੀਆਂ ਪੜ੍ਹਦਾ-ਪੜ੍ਹਦਾ ਉਸੇ ਵੇਗ ਵਿਚ ਵਹਿਣ ਲਗਦਾ ਹੈ ਤੇ ਕਿਸੇ ਹੱਦ ਤਕ ਹਕੀਕਤ ਜਾਣਕੇ ਚਿੰਤਾ ਗ੍ਰਸਤ ਵੀ ਹੋ ਜਾਂਦਾ ਹੈ। ਸੁਰਜੀਤ ਕੌਰ ਕਲਪਨਾ ਦੀ ਜੀਵੰਤ ਕਹਾਣੀ ਕਲਾ ਦੇ ਕੁਝ ਅੰਸ਼ ਵੀ ਇਥੇ ਹਾਜ਼ਰ ਹਨ :-
‘‘ਭਾਈਆ ਹੁਣ ਜਰਾ ਆਪਣੇ ਆਪ ਵਿਚ ਸੰਭਲ ਚੱੁਕਾ ਸੀ। ਲੰਬਾ ਹੌਕਾ ਭਰਦਿਆਂ ਬੋਲਿਆ : ‘ਤੇਰੀ ਗੱਲ ਹੀ ਠੀਕ ਲਗਦੀ ਆ। ਉਂਝ ਤਾਂ ਹੁਣ ਲਗਦਾ ਹੈ, ਐਵੇਂ ਆਪਣੀ ਚਰਬੀ ਢਾਲ ਮਹਿਲ ਮਾੜੀਆਂ ਖੜ੍ਹੀਆਂ ਕੀਤੀਆਂ। ਸਾਨੂੰ ਆਪਣੀ ਜੰਮਣ-ਭੌਂ ਨਾਲ ਬਹੁਤ ਤੇਹ ਆਉਦਾ ਹੈ।
ਸਾਨੂੰ ਉਸ ਦਾ ਹੇਰਵਾ ਸਤਾਉਦਾ ਹੈ। ਉਥੇ ਜੰਮੇ ਪਲੇ ਜੁ ਹੋਏ। ਸ਼ਾਇਦ ਕਸੂਰ ਇਨ੍ਹਾਂ ਦਾ ਵੀ ਨਹੀਂ। ਇਨ੍ਹਾਂ ਹੋਸ਼ ਏਥੇ ਹੀ ਸੰਭਾਲੀ, ਇਨ੍ਹਾਂ ਨੂੰ ਉਥੇ ਦਾ ਸਾਡੇ ਵਾਂਗ ਮੋਹ ਕਿਵੇਂ ਜਾਗੇ? ਇਹ ਨਵੀਂ ਪੀੜ੍ਹੀ ਦੇ ਛੋਕਰੇ ਕੀ ਜਾਣਨ ਭੌਂ ਦਾ ਮੋਹ ਕੀ ਹੁੰਦਾ ਹੈ? ਜੱਦੀ ਜਾਇਦਾਦਾਂ ਮਹਿਲ-ਮਾੜੀਆਂ ਕੀ ਹੁੰਦੀਆਂ ਨੇ।’’ -(ਪੰਨਾ ਨੰ: 100, ‘ਕੰਧਾਂ ਵਿਲਕਦੀਆਂ’)
‘‘ਜਿੰਦਰ ਦੀ ਸੁਚੱਜੀ ਤੇ ਨਵੀਂ ਪੀੜ੍ਹੀ ਦੀ ਅਗਾਂਹਵਧੂ ਸੋਚਣੀ ਨਾਲ ਉਹ ਦਿਲੋਂ ਸਹਿਮਤ ਹੋਇਆ। ਉਸ ਜਿੰਦਰ ਦੀ ਪਿੱਠ ’ਤੇ ਥਾਪੀ ਦਿੱਤੀ। ‘ਮੇਰੇ ਵਰਗੇ ਉਜੱਡ ਮੂੜ ਪਸ਼ੂ ਬਿਰਤੀ ਵਾਲੇ, ਆਪਣੇ ਹੱਥੀਂ ਆਪਣਾ ਸਭ ਕੁਝ ਜਲਾ ਕੇ ਰਾਖ ਕਰ ਲੈਂਦੇ ਹਨ। ਧੀਆਂ ਨੂੰ ਮਾਣ ਬਖ਼ਸ਼ਣ ਵਾਲਿਓ, ਤੁਸੀਂ ਹੀ ਇਸ ਦੁਨੀਆ ਵਿਚ ਜਿਊਣ ਦੇ ਕਾਬਿਲ ਹੋ। ਅਗਾਂਹਵਧੂ ਦੁਨੀਆ ਦੇ ਮਾਲਕੋ, ਸਦਾ ਸਦਾ ਲਈ ਜੀਓ।’’ (ਪੰਨਾ-75, ‘ਕੰਧਾਂ ਵਿਲਕਦੀਆਂ’)
‘ਪਿਆਰੀ ਪਿੰਕੀ, ਯਾਦ ਪੁੱਜੇ। ਮੈਂ ਵਲੈਤ ਪਹੁੰਚੀ ਤਾਂ ਮੇਰੇ ਵੀਰ ਤੇ ਭਾਬੀ ਏਅਰਪੋਰਟ ’ਤੇ ਲੈਣ ਆਏ ਹੋਏ ਨੇ। ਇੰਨਾ ਵੱਡਾ ਹਵਾਈ ਅੱਡਾ ਜ਼ਿੰਦਗੀ ਵਿਚ ਮੈਂ ਪਹਿਲੀ ਵਾਰ ਡਿੱਠਾ। ਆਪਣੇ ਪਿੰਡ ਤਾਂ ਮਸਾਂ ਇਕ ਬਿਜਲੀ ਦਾ ਲਾਟੂ ਹੀ ਜਗਦਾ ਦੇਖਿਆ ਸੀ। ਏਥੇ ਤਾਂ ਬਈ ਕਮਾਲ ਹੀ ਕੀਤੀ ਪਈ ਹੈ ਇਨ੍ਹਾਂ ਚਿੱਟੀ ਚਮੜੀ ਵਾਲਿਆਂ ਨੇ।’’ (ਪੰਨਾ-58 ‘ਕਸ਼ਮਕਸ਼’)
ਸੁਰਜੀਤ ਕੌਰ ਕਲਪਨਾ ਨਾਲ ਹੋਈ ਸਾਹਿਤਕ ਵਿਚਾਰ-ਵਿਮਰਸ਼ ਦੇ ਉਸ ਵੱਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ :-
- ਅੱਜ ਪਿੱਛੇ ਦੀ ਝਾਕ ਸਬੰਧੀ ਸਥਿਤੀ ਥੋੜ੍ਹੀ ਦੁਚਿੱਤੀ ਵਾਲੀ ਹੈ। ਸਰੀਰ ਭਾਵੇਂ ਇਥੇ ਹੈ ਪਰ ਮਨ ਪੰਜਾਬ ਵਿਚ ਵਿਚਰਨਾ ਨਹੀਂ ਛੱਡਦਾ। ਪਰ ਆਮ ਤੌਰ ’ਤੇ ਹਰ ਇਕ, ਪਰ ਵਿਸ਼ੇਸ਼ ਕਰਕੇ ਪ੍ਰੌਢ ਹੋ ਚੱੁਕਿਆ ਅਤੇ ਬਰਤਾਨੀਆ ਨਾਗਰਿਕਤਾ ਪ੍ਰਾਪਤ ਪਰਵਾਸੀ ਸਮਝ ਦੀ ਕਗਾਰ ’ਤੇ ਖੜ੍ਹਾ ਹੈ ਕਿ ਆਪਣੀਆਂ ਪਿੱਛੇ ਰਹਿ ਗਈਆਂ ਜਾਇਦਾਦਾਂ ਨੂੰ ਵੇਚਣ ਲਈ ਕੋਸ਼ਿਸ਼ਾਂ ਵੀ ਕਰਦੇ ਵੇਖੇ-ਸੁਣੇ ਜਾਂਦੇ ਹਨ। ਹੁਣ ਪਿਛਲੀ ਝਾਕ ਨਾ ਚਾਹੁੰਦਿਆਂ ਹੋਇਆਂ ਵੀ ਕੁਝ ਮੱਧਮ ਪੈਂਦੀ ਜਾ ਰਹੀ ਹੈ। ਸੋਚ ਬਦਲ ਰਹੀ ਹੈ।
- ਪਰਵਾਸੀ ਦੀ ਮੁੜ ਪੰਜਾਬ ਵਾਪਸੀ ਤਾਂ ਨਿਸ਼ਚਿਤ ਨਹੀਂ ਹੈ। ਉਸ ਨੂੰ ਅੱਗੇ ਸਮੇਂ-ਸਮੇਂ ਸਿਰ ਆਉਣ ਵਾਲੇ ਵਰਤਾਰਿਆਂ ਨਾਲ ਦਸਤ ਪੰਜਾ ਲੈਣ ਲਈ ਤਿਆਰ ਰਹਿਣਾ ਪਵੇਗਾ। ਇਸ ਪ੍ਰਥਾਇ ਨਵੀਆਂ ਕਹਾਣੀਆਂ ਵੀ ਲਿਖੀਆਂ ਜਾਣਗੀਆਂ ਤੇ ਲਿਖੀਆਂ ਜਾ ਵੀ ਰਹੀਆਂ ਹਨ।
- ਬਰਤਾਨੀਆ ਵਿਚ ਵੱਸਦੇ ਪੰਜਾਬੀ ਦੇ ਬਹੁਤ ਸਾਰੇ ਪੜ੍ਹੇ ਜਾਂਦੇ ਕਹਾਣੀਕਾਰ ਪਿਛਲੇ ਕੁਝ ਸਮਿਆਂ ’ਚ ਵਿਛੋੜਾ ਦੇ ਗਏ ਹਨ ਜਿਵੇਂ ਕਿ ਰਘੁਬੀਰ ਢੰਡ, ਕੈਲਾਸ਼ ਪੁਰੀ, ਤਰਸੇਮ ਨੀਲਗਿਰੀ, ਡਾ. ਸਵਰਨ ਚੰਦਨ, ਸ਼ਿਵਚਰਨ ਸਿੰਘ ਗਿੱਲ, ਸਾਥੀ ਲੁਧਿਆਣਵੀ, ਅਵਤਾਰ ਸਾਦਕ ਤੇ ਦਰਸ਼ਨ ਧੀਰ।
- ਪੰਜਾਬੀ ਸਾਹਿਤ ਦੇ ਵਿਕਾਸ ਵਿਚ ਪੰਜਾਬੀ ਸਾਹਿਤ ਸਭਾਵਾਂ ਦਾ ਬਿਨਾਂ ਸ਼ੱਕ ਬਹੁਤ ਯੋਗਦਾਨ ਹੈ। ਸਭਾਵਾਂ ਵਿਚ ਲੇਖਕ ਬਹੁਤ ਕੁਝ ਸਿੱਖਦਾ ਹੈ। ਇੰਗਲੈਂਡ ਵਿਚ ਪੰਜਾਬੀ ਸਾਹਿਤਕਾਰ ਵੱਖ-ਵੱਖ ਸ਼ਹਿਰਾਂ ਵਿਚ ਵੱਸੇ ਹੋਏ ਹਨ। ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਹੁਣ ਘੱਟਦੀ ਜਾ ਰਹੀ ਹੈ। ਸਿਹਤ ਕਰਕੇ ਪਿਛਲੇ 20-25 ਸਾਲਾਂ ਤੋਂ ਕਿਸੇ ਵੀ ਸਭਾ ਵਿਚ ਨਹੀਂ ਗਏ। ਫੋਨ ਰਾਹੀਂ ਹੀ ਬਹੁਤਾ ਸੰਪਰਕ ਬਣਿਆ ਹੋਇਆ ਹੈ।
- ਲਿਖਣਾ, ਵੇਖਣ ਨੂੰ ਭਾਵੇਂ ਸੌਖਾ ਲਗਦਾ ਹੋਵੇ ਪਰ ਇਹ ਔਖਾ ਕਾਰਜ ਹੈ। ਮਿਹਨਤ ਮੰਗਦਾ ਹੈ ਅਤੇ ਨਿਰੰਤਰ ਪੜ੍ਹਦਿਆਂ ਲਿਖਣ ਦਾ ਅਭਿਆਸ ਵੀ ਅਤੇ ਹੋਰ ਵੀ ਬਹੁਤ ਸਾਧਨਾ। ਰਾਤੋ ਰਾਤ ਹੀ ਭਾਵ ਯਕਲਖਤ ਹੀ ਕੋਈ ਲਿਖਕੇ ਮਕਬੂਲ ਨਹੀਂ ਹੋ ਸਕਦਾ। ਮਕਬੂਲ ਹੋਣ ਦੀ ਲਾਲਸਾ ਰੱਖਣੀ ਕੋਈ ਅਪਰਾਧ ਤਾਂ ਨਹੀਂ ਹੈ ਪਰ ਇਸ ਲਈ ਨਿਰੰਤਰ ਸਾਰਥਕ ਯਤਨ ਕਰਦੇ ਰਹਿਣਾ ਚਾਹੀਦਾ ਹੈ।
- ਮੈਂ ਇੱਥੋਂ ਦੇ ਲੇਖਕਾਂ ਨੂੰ ਕਿਸੇ ਦੂਜੇ ਲੇਖਕ ਦੀਆਂ ਰਚਨਾਵਾਂ ਪੜ੍ਹਦਿਆਂ ਨਹੀਂ ਵੇਖਿਆ, ਸਿਵਾਇ ਇਕ-ਦੋ ਅਜਿਹੇ ਲੇਖਕਾਂ ਨੂੰ ਜਿਨ੍ਹਾਂ ਨੂੰ ਇਨ੍ਹਾਂ ਰਚਨਾਵਾਂ ਸਬੰਧੀ ਲਿਖਣ ਵਾਸਤੇ ਬੇਨਤੀ ਕੀਤੀ ਗਈ ਹੋਵੇ ਨਹੀਂ ਤਾਂ ਜੇ ਕਿਸੇ ਨੇ ਪੜ੍ਹਿਆ ਹੋਵੇ ਤਾਂ ਘੱਟੋ ਘੱਟ ਕੁਝ ਤਾਂ ਪ੍ਰਤੀਕਰਮ ਮਿਲੇ। ਇਹ ਬਿਰਤੀ ਬਹੁਤ ਘਾਤਕ ਹੈ।
- ਲੇਖਕ ਲਈ ਲਿਖਤ ਵਿਚ ਨਿਖਾਰ ਅਤੇ ਸਾਰਥਕਤਾ ਲਿਆਉਣ ਲਈ ਪੜ੍ਹਨਾ ਬਹੁਤ ਲੋੜੀਂਦਾ ਹੈ। ਜੇ ਤੁਸੀਂ ਸਿੱਖਣ ਲਈ ਕਮਰਕੱਸਾ ਕਰ ਹੀ ਲਿਆ ਹੈ ਤਾਂ ਸਭ ਤੋਂ ਪਹਿਲਾਂ ਲਿਖਣ ਲਈ ਆਪਣੀ ਚੁਣੀ ਵਿਧਾ ਵਿਚ ਨਿਪੁੰਨਤਾ ਹਾਸਲ ਕਰਨ ਹਿੱਤ ਉਸ ਦੀ ਵਿਧੀ ਅਤੇ ਵਿਸ਼ੇ ਦੀ ਭਰਪੂਰ ਜਾਣਕਾਰੀ ਜ਼ਰੂਰ ਹਾਸਲ ਕਰੋ। ਚੰਗੀ ਸੋਚ ਵਾਲਾ ਸਾਹਿਤ ਪੜ੍ਹੋ, ਸੋਚੋ, ਵਿਚਾਰੋ ਤੇ ਫਿਰ ਲਿਖਣ ਪ੍ਰਕਿਰਿਆ ’ਚ ਜੁਟ ਜਾਓ।
ਨਿਰਸੰਦੇਹ ਸੁਰਜੀਤ ਕੌਰ ਕਲਪਨਾ ਦੇ ਵਿਚਾਰਾਂ ਦੀ ਅੰਤਰਧਾਰਾ ਆਪਣੀ ਅਸੀਮ ਅਹਿਮੀਅਤ ਰੱਖਦੀ ਹੈ। ਪੰਜਾਬੀ ਕਹਾਣੀ ਦੀ ਇਸ ਕਮਾਲ ਦੀ ਕਹਾਣੀਕਾਰ ਤੋਂ ਅਸੀਂ ਆਉਂਦੇ ਸਮੇਂ ਵਿਚ ਵੀ ਕਮਾਲ ਦੀਆਂ ਕਹਾਣੀਆਂ ਪਾਠਕਾਂ ਕੋਲ ਪੁਜਦੀਆਂ ਕਰਨ ਦੀ ਤਹਿ ਦਿਲੀ ਕਾਮਨਾ ਕਰਦੇ ਹਾਂ। ਆਪਣੇ ਪਤੀ ਡਾ. ਗੁਰਦਿਆਲ ਸਿੰਘ ਰਾਏ ਦੀ ਸਾਹਿਤਕ ਸੰਗਤ ਵੀ ਸੁਰਜੀਤ ਕੌਰ ਕਲਪਨਾ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਕਰੇਗੀ। ਅਜਿਹਾ ਸਾਡਾ ਵਿਸ਼ਵਾਸ ਹੈ।
***
206
***