ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (20 ਜੂਨ 2021 ਨੂੰ) 41ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਬੋਲਣਹਾਰ ਕਹਾਣੀਆਂ ਦਾ ਕਰਤਾ ਬਲਦੇਵ ਸਿੰਘ ਗਰੇਵਾਲ’ ਬਾਰੇ ਲਿਖਿਆ ਗਿਆ ਹੈ। ਜਿੱਥੇ ਇਹ ਲਿਖਤ ਬਲਦੇਵ ਸਿੰਘ ਗਰੇਵਾਲ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
**
ਬੋਲਣਹਾਰ ਕਹਾਣੀਆਂ ਦਾ ਕਰਤਾ ਬਲਦੇਵ ਸਿੰਘ ਗਰੇਵਾਲ—ਹਰਮੀਤ ਸਿੰਘ ਅਟਵਾਲ
ਕਹਿੰਦੇ ਨੇ ਜਾਦੂ ਉਹੀ ਹੁੰਦਾ ਹੈ ਜਿਹੜਾ ਸਿਰ ਚੜ੍ਹ ਬੋਲਦਾ ਹੈ। ਸਫਲ ਸਾਹਿਤ ਸਿਰਜਣਾ ਵੀ ਇੱਕ ਤਰ੍ਹਾਂ ਨਾਲ ਜਾਦੂ ਜਿਹੀ ਹੁੰਦੀ ਹੈ ਜਿਹੜੀ ਪਾਠਕ ਦੇ ਮਨ ਮਸਤਕ ’ਤੇ ਆਪਣਾ ਜਾਦੂਈ ਪ੍ਰਭਾਵ ਛੱਡਦੀ ਹੈ। ਨਤੀਜੇ ਵੱਜੋਂ ਪਾਠਕ ਸੰਬੰਧਤ ਲੇਖਕ ਦਾ ਪੱਕਾ ਪਾਠਕ ਬਣ ਜਾਂਦਾ ਹੈ। ਇਹ ਆਪਣੇ ਆਪ ਵਿਚ ਪੜ੍ਹੇ ਜਾਣ ਵਾਲੇ ਲੇਖਕ ਲਈ ਵੀ ਪ੍ਰਾਪਤੀ ਵਾਲੀ ਗੱਲ ਹੁੰਦੀ ਹੈ। ਅਜਿਹੀ ਪ੍ਰਾਪਤੀ ਨਿਊਯਾਰਕ (ਅਮਰੀਕਾ) ਵੱਸਦੇ ਪ੍ਰਸਿੱਧ ਕਹਾਣੀਕਾਰ ਬਲਦੇਵ ਸਿੰਘ ਗਰੇਵਾਲ ਨੂੰ ਵੀ ਹੋਈ ਹੈ ਜਿਸ ਦੀਆਂ ਕਹਾਣੀਆਂ (ਤੇ ਨਾਵਲ ਵੀ) ਬੋਲਣਹਾਰ ਹਨ ਤੇ ਪਾਠਕ ’ਤੇ ਜਾਦੂ ਵਰਗਾ ਅਸਰ ਰੱਖਦੇ ਹਨ। ਦਰਅਸਲ ਜਿਹੜੀ ਰਚਨਾ ਲਿਖੀ ਹੋਈ ਵੀ ਬੋਲਣ ਦਾ ਪ੍ਰਭਾਵ ਛੱਡੇ, ਸਮਝੋ ਕਲਮਕਾਰ ਨੇ ਸਿਰਜਣਾਤਮਕ ਪਰਪੱਕਤਾ ਦੀ ਹੋਰ ਵੀ ਅਗਾਂਹ ਦੀ ਅਵੱਸਥਾ ਪ੍ਰਾਪਤ ਕਰ ਲਈ ਹੈ। ਇਸ ਅਵੱਸਥਾ ਦਾ ਪ੍ਰਤੀਫਲ ਹੀ ਅਸਲ ਵਿਚ ਤਲਿੱਸਮੀ ਪਕੜ ਦਾ ਹਕੀਕੀ ਸਬੱਬ ਬਣਦਾ ਹੈ।
ਅਜੇ ਕੁਝ ਦਿਨ ਪਹਿਲਾਂ ਹੀ ਇਸ ‘ਜੱਗ ਚੰਦਰੇ’ ਨੂੰ ਅਲਵਿਦਾ ਆਖ ਗਏ ਪਰਵਾਸੀ ਸਾਹਿਤ ਦੇ ਵਿਸ਼ੇਸ਼ਗ ਡਾ. ਹਰਚੰਦ ਸਿੰਘ ਬੇਦੀ ਨੇ ਬਲਦੇਵ ਸਿੰਘ ਗਰੇਵਾਲ ਦੀਆਂ ਕਹਾਣੀਆਂ ਨੂੰ ਬੋਲਣਹਾਰ ਕਹਾਣੀਆਂ ਕਿਹਾ ਹੈ। ਬੇਦੀ ਜੀ ਦਾ ਆਖਣਾ ਹੈ ਕਿ:-
‘‘ਬਲਦੇਵ ਸਿੰਘ ਗਰੇਵਾਲ ਦੀਆਂ ਕਹਾਣੀਆਂ ਖ਼ੁਦ ਬੋਲਣਹਾਰ ਹਨ। ਇਨ੍ਹਾਂ ਦਾ ਪਾਠ, ਪਾਠਕ ਨੂੰ ਮਨੁੱਖੀ ਮਨ ਦੀ ਬਾਉਲੀ ਵਿਚ ਪੌੜੀ ਦਰ ਪੌੜੀ ਯਾਤਰਾ ਕਰਵਾਉਂਦਾ ਹੈ ਅਤੇ ਇਨ੍ਹਾਂ ਦੇ ਪਾਠ ਉਪਰੰਤ ਮਾਨਵੀ ਚਿੰਤਨ ਦੀ ਪਰਤਵੀਂ ਅਨੁ-ਗੂੰਜ ਸੁਣਾਈ ਦਿੰਦੀ ਹੈ। ਕਹਾਣੀ ਪਾਠ ਉਪਰੰਤ, ਪਾਠਕ ਦੇ ਅੰਗ ਸੰਗ ਰਹਿਕੇ, ਉਸ ਨੂੰ ਚਿੰਤਨ, ਮਨਨ ਤੇ ਖੰਡਨ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ। ਗਰੇਵਾਲ ਦੀਆਂ ਕਹਾਣੀਆਂ ਨੇ ਮਾਨਵੀ ਮਨ ਦੀ ਵਿਆਕਰਣ ਨੂੰ ਵੱਖੋ ਵੱਖਰੀਆਂ ਪ੍ਰਸਥਿਤੀਆਂ ਵਿਚ ਸਮਝਣ ਲਈ ਬੜੀ ਜ਼ਰਖੇਜ਼ ਜ਼ਮੀਨ ਤਿਆਰ ਕੀਤੀ ਹੈ। ਇਹ ਕਹਾਣੀਆਂ ਪੜ੍ਹਨਯੋਗ, ਸਮਝਣਯੋਗ, ਮਾਨਣਯੋਗ ਤਾਂ ਹਨ ਹੀ, ਇਹ ਆਨੰਦ ਵਿਭੋਰ ਕਰਨ ਦੇ ਵੀ ਸਮਰੱਥ ਹਨ।’
ਬਲਦੇਵ ਸਿੰਘ ਗਰੇਵਾਲ ਦਾ ਜਨਮ 2 ਫਰਵਰੀ 1942 ਨੂੰ ਪਿਤਾ ਬੰਤਾ ਸਿੰਘ ਤੇ ਮਾਤਾ ਸੰਪੂਰਨ ਕੌਰ ਦੇ ਘਰ ਪਿੰਡ ਰਘੂਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਗਰੇਵਾਲ ਦੇ ਆਪਣੇ ਸ਼ਬਦਾਂ ਵਿਚ ਆਰੰਭਿਕ ਸੰਖਿਪਤ ਜੀਵਨ ਬਿਰਤਾਂਤ ਇਉਂ ਹੈ :-
* ਮੇਰਾ ਜਨਮ ਨਾਨਕੇ ਪਿੰਡ ਰਘੂਵਾਲ ਵਿਚ ਹੋਇਆ ਤੇ ਮੈਂ ਪੜਿ੍ਹਆ ਲਿਖਿਆ ਆਪਣੇ ਪਿੰਡ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਵਿਚ ਸੀ। ਪ੍ਰਾਇਮਰੀ ਮੈਂ ਆਪਣੇ ਪਿੰਡ ਹੀ ਕੀਤੀ ਸੀ ਤੇ ਹਾਈ ਸਕੂਲ 3 ਮੀਲ ਦੂਰ ਹਰਿਆਣਾ ਕਸਬੇ ਤੋਂ ਕੀਤੀ ਸੀ ਤੇ ਰੋਜ਼ ਪੈਦਲ ਜਾਂਦਾ ਸੀ। ਰਾਹ ਵਿਚ ਕਈ ਚੋਅ ਪੈਂਦੇ ਸਨ। ਬਰਸਾਤਾਂ ਨੂੰ ਅਕਸਰ ਸਾਈਕਲ ਉੱਪਰ ਚੁੱਕ ਕੇ ਚੋਅ ਪਾਰ ਕਰਨੇ ਪੈਂਦੇ ਸਨ। ਬਾਬਾ ਹਰਨਾਮ ਸਿੰਘ ਟੁੰਡੀਲਾਟ, ਪ੍ਰਸਿੱਧ ਗਦਰੀ ਬਾਬੇ ਮੇਰੇ ਗਵਾਂਢ ਰਹਿੰਦੇ ਸੀ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਜ਼ਦੀਕੀ ਸਾਥੀ ਸਨ। ਉਹ ਬੀਰ ਰਸੀ ਕਵਿਤਾ ਲਿਖਦੇ ਸਨ। ਉਹ ‘ਗਦਰ ਦੀ ਗੂੰਜ’ ਅਖ਼ਬਾਰ ਦੇ ਸੰਪਾਦਕੀ ਮੰਡਲ ਵਿਚ ਵੀ ਕੰਮ ਕਰਿਆ ਕਰਦੇ ਸਨ। ਉਨ੍ਹਾਂ ਦੀਆਂ ਕਵਿਤਾਵਾਂ ਇਸ ਅਖ਼ਬਾਰ ਵਿਚ ਛਪਦੀਆਂ ਸਨ। ਉਨ੍ਹਾਂ ਨੇ ਉਰਦੂ ਵਿਚ ਵੀ ਕਈ ਪੁਸਤਕਾਂ ਲਿਖੀਆਂ ਸਨ ਜਿਨ੍ਹਾਂ ਦੇ ਖਰੜੇ ਉਨ੍ਹਾਂ ਪਾਸ ਮੈਂ ਦੇਖਿਆ ਕਰਦਾ ਸੀ। ਲਿਖਣ-ਪੜ੍ਹਨ ਦੀ ਰੁਚੀ ਉਨ੍ਹਾਂ ਪਾਸੋਂ ਹੀ ਲੱਗੀ ਸੀ। ‘ਪ੍ਰੀਤਲੜੀ’ ਮੈਂ ਉਨ੍ਹਾਂ ਪਾਸੋਂ ਲੈ ਕੇ ਪੜ੍ਹਦਾ ਸੀ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਵੀ ਮੇਰੇ ਉੱਪਰ ਕਾਫ਼ੀ ਪ੍ਰਭਾਵ ਪਿਆ। ਦਰਅਸਲ ਦਸਵੀਂ ਕਰਨ ਤੋਂ ਬਾਅਦ ਹੀ ਮੇਰੇ ਅੰਦਰ ਲਿਖਣ ਦੀ ਚਿਣਗ ਜਾਗ ਪਈ ਸੀ। ਸਭ ਤੋਂ ਪਹਿਲਾਂ ਕਵਿਤਾਵਾਂ ਲਿਖਣ ਲੱਗਾ। ਮੈਂ ਇੱਕ ਲੰਬੀ ਕਵਿਤਾ ਲਿਖਕੇ ‘ਸਨੇਹੀ’ ਨਾਂ ਦੇ ਮਾਸਿਕ ਨੂੰ ਪਹਿਲੀ ਵਾਰ ਭੇਜੀ। ਉਹ ਛਪ ਗਈ। ਮੈਂ ਚਾਅ ਵਿਚ ਹੀ ਉਸ ਪਰਚੇ ਦੇ ਦਫ਼ਤਰ ਹੁਸ਼ਿਆਰਪੁਰ ਪੁੱਜ ਗਿਆ। ਐਡੀਟਰ ਰਾਵਲ ਸਿੰਘ ਧੂਤ ਮੇਰੇ ਵੱਲ ਦੇਖੀ ਜਾਵੇ ਤੇ ਵਾਰ-ਵਾਰ ਪੁੱਛੀ ਜਾਵੇ- ਉਹ ਕਵਿਤਾ ਤੂੰ ਲਿਖੀ ਸੀ? ਉਸ ਨੂੰ ਸ਼ਾਇਦ ਯਕੀਨ ਨਾ ਆਇਆ। ਉਸ ਤੋਂ ਬਾਅਦ ਮੈਂ ਕਈ ਕਵਿਤਾਵਾਂ ਉਨ੍ਹਾਂ ਨੂੰ ਭੇਜੀਆਂ ਪਰ ਉਨ੍ਹਾਂ ਕੋਈ ਵੀ ਨਾ ਛਾਪੀ। ਮੈਂ ਨਿਰਾਸ਼ ਹੋ ਗਿਆ। ਕਾਲਜ ਬੀਏ ਪਾਰਟ ਟੂ ਵਿਚ ਕਾਲਜ ਮੈਗਜ਼ੀਨ ਲਈ ਇੱਕ ਕਹਾਣੀ ਲਿਖਕੇ ਆਪਣੇ ਪੰਜਾਬੀ ਆਨਰਜ਼ ਦੇ ਪ੍ਰੋਫੈਸਰ ਪ੍ਰਿਤਪਾਲ ਸਿੰਘ ਹੋਰਾਂ ਦਿਖਾਈ। ਉਨ੍ਹਾਂ ਉਹ ਕਹਾਣੀ ਆਪ ਹੀ ਲਾਹੌਰ ਬੁੱਕ ਸ਼ਾਪ ਦੇ ‘ਸਾਹਿਤ ਸਮਾਚਾਰ’ ਨੂੰ ਭੇਜ ਦਿੱਤੀ। ਉਹ ਉਥੇ ਛਪ ਗਈ। ਇਸ ਨਾਲ ਮੇਰਾ ਹੌਸਲਾ ਵਧ ਗਿਆ ਤੇ ਮੈਂ ਤੀਸਰੀ ਕਹਾਣੀ ਲਿਖਕੇ ਆਪ ਹੀ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਕੁਝ ਦਿਨਾਂ ਬਾਅਦ ਹੀ ਨਵਤੇਜ ਸਿੰਘ ਦੀ ਸਵੀਕ੍ਰਿਤੀ ਦੀ ਚਿੱਠੀ ਆ ਗਈ। ਮੈਂ ਲਗਾਤਾਰ ‘ਪ੍ਰੀਤਲੜੀ’ ਵਿਚ ਛਪਣ ਲੱਗ ਪਿਆ। ਕਹਾਣੀ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ।
ਬਲਦੇਵ ਸਿੰਘ ਗਰੇਵਾਲ ਪੰਜਾਬੀ ਦਾ ਅਮਰੀਕਾ ਵਿਚ ਵੱਸਦਾ ਐਸਾ ਲੇਖਕ ਹੈ ਜਿਸ ਨੇ ਘੱਟ ਲਿਖਿਆ ਹੈ ਪਰ ਜਿੰਨਾ ਵੀ ਲਿਖਿਆ ਹੈ ਬਹੁਤ ਉੱਚ ਪਾਏ ਦਾ ਲਿਖਿਆ ਹੈ। ਇੱਕ ਨਾਵਲ ‘ਪਰਿਕਰਮਾ’ ਇੱਕ ਓਸਾਮਾ ਬਿਨ ਲਾਦੇਨ ਬਾਰੇ ਕਿਤਾਬ, ‘ਰੋਸ਼ਨੀ ਦੀ ਦਸਤਕ’ (ਕਹਾਣੀ ਸੰਗ੍ਰਹਿ) ਤੇ ਪਿਛਲੇ ਵਰ੍ਹੇ ਆਈ 224 ਪੰਨਿਆਂ ਦੀ ਕਹਾਣੀਆਂ ਦੀ ਕਿਤਾਬ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਪਾਠਕਾਂ ਕੋਲ ਪੁਜੀ ਹੈ।
ਬਲਦੇਵ ਸਿੰਘ ਗਰੇਵਾਲ ਦਾ ਨਾਵਲ ‘ਪਰਿਕਰਮਾ’ ਮੈਂ ਬਹੁਤ ਵਰ੍ਹੇ ਪਹਿਲਾਂ ਦਾ ਪੜ੍ਹਿਆ ਹੋਇਆ ਹੈ ਪਰ ਇਹ ਅੱਜ ਵੀ ਮੇਰੇ ਚੇਤਿਆਂ ਵਿਚ ਤਾਜ਼ਾ ਹੈ। ਇਸ ਅੰਦਰਲੀ ਬੋਲਣਹਾਰੀ ਬਿੰਬਾਤਮਕ ਟੁੰਬਣ ਸ਼ਕਤੀ ਤੋਂ ਅਸਰਅੰਦਾਜ਼ ਹੋਏ ਬਿਨਾਂ ਕੋਈ ਪਾਠਕ ਰਹਿ ਹੀ ਨਹੀਂ ਸਕਦਾ। ਆਪਣੇ ਘਰ ਤੇ ਪਿੰਡ ਦੀ ਤੇ ਹੋਏ ਬੀਤੇ ਦੀ ਮਾਨਸਿਕ ਤਲ ’ਤੇ ਪਰਿਕਰਮਾ ਕਰਦਾ ਕੇਂਦਰੀ ਪਾਤਰ ਪਾਠਕ ਨੂੰ ਆਪਣਾ ਆਪ ਹੀ ਜਾਪਦਾ ਹੈ। ‘ਚੇਤਨਾ ਪ੍ਰਵਾਹ’ ਦੀ ਸ਼ੈਲੀ ’ਚ ਲਿਖਿਆ ਗਿਆ ਇਹ ਨਾਵਲ ਬਹੁਤ ਕੁਝ ਕਹਿ ਕੇ ਵੀ ਕਈ ਕੁਝ ਅਣਕਿਹਾ ਛੱਡ ਜਾਂਦਾ ਹੈ। ਪਾਠਕ ਨੂੰ ਲਗਦਾ ਹੈ ਕਿ ਸ਼ਾਇਦ ਇਸ ਦਾ ਕਦੇ ਦੂਜਾ ਭਾਗ ਵੀ ਆਵੇਗਾ ਤੇ ਗੱਲ ਸਿਰੇ ਲੱਗੇਗੀ ਜਾਂ ਪੂਰੀ ਹੋਵੇਗੀ। ਓਸਾਮਾ ਬਿਨ ਲਾਦੇਨ ਬਾਰੇ ਆਈ ਕਿਤਾਬ ਬਾਰੇ ਤਾਂ ਗਰੇਵਾਲ ਦੇ ਆਪਣੇ ਵਿਚਾਰ ਹੀ ਤੁਹਾਡੀ ਨਜ਼ਰ ਹਨ :-
‘‘ਨਾਈਨ ਇਲੈਵਨ ਦੀ ਤ੍ਰਾਸਦੀ ਮੈਂ ਅੱਖੀਂ ਦੇਖੀ ਸੀ। ‘ਸ਼ੇਰ-ਏ-ਪੰਜਾਬ’ ਦਾ ਦਫ਼ਤਰ ਕੁਝ ਕੂ ਫੁਰਲਾਂਗ ਹੀ ਦੂਰ ਸੀ। ਬਹੁਤ ਲੋਕਾਂ ਨੂੰ ਉੱਪਰੋਂ ਛਾਲਾਂ ਮਾਰਦੇ ਦੇਖਿਆ ਸੀ। ਉਸ ਦੁਖਾਂਤ ਦਾ ਸੱਚ ਅੱਜ ਤਕ ਵੀ ਘਟਿਆ ਨਹੀਂ। ਜਦ ਇਸ ਨੂੰ ਅੰਜਾਮ ਦੇਣ ਵਾਲੇ ਜ਼ਾਲਮ ਦਾ ਅੰਤ ਹੋਇਆ ਤਦ ਉਸ ਦੇ ਅੰਤ ਦੀ ਕਹਾਣੀ ਮੈਂ ਆਪਣੇ ਪਾਠਕਾਂ ਨੂੰ ਇੰਜ ਦੇਣੀ ਚਾਹੁੰਦਾ ਸੀ ਜਿਵੇਂ ਇਹ ਸਭ ਉਨ੍ਹਾਂ ਦੀਆਂ ਅੱਖਾਂ ਅੱਗੇ ਹੋਇਆ ਹੋਵੇ।’’
ਬਲਦੇਵ ਸਿੰਘ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਸੀਤੇ ਬੁੱਲ੍ਹਾਂ ਦਾ ਸੁਨੇਹਾ’ ਵਿਚ ਕੁੱਲ 28 ਕਹਾਣੀਆਂ ਹਨ। ਇਹ ਗਰੇਵਾਲ ਦੀਆਂ ਹੁਣ ਤਕ ਲਿਖੀਆਂ ਚੋਣਵੀਆਂ ਮੌਲਿਕ ਕਹਾਣੀਆਂ ਦਾ ਸੰਗ੍ਰਹਿ ਹੈ। ਇਨ੍ਹਾਂ ਕਹਾਣੀਆਂ ਦਾ ਸਮਾਂ 1966 ਤੋਂ ਲੈ ਕੇ ਹੁਣ ਤਕ ਦਾ ਕਿਹਾ ਜਾ ਸਕਦਾ ਹੈ। ਸੋ ਇਨ੍ਹਾਂ ਕਹਾਣੀਆਂ ਦਾ ਮਿਆਰ ਤੇ ਮੁੱਲ ਸਮੇਂ ਦੇ ਸੰਦਰਭ ’ਚ ਹੋਰ ਵੀ ਬਿਹਤਰ ਸਮਝਿਆ ਜਾ ਸਕਦਾ ਹੈ। ਇਹ ਕਹਾਣੀਆਂ ਪਿਆਰ, ਕਾਮ, ਪੈਸਾ, ਧੋਖਾ, ਲਾਲਸਾ ਤੋਂ ਪ੍ਰਭਾਵਤ ਮੂਲਵਾਸੀ ਜਾਂ ਪਰਵਾਸੀ ਬੰਦੇ ਦੀ ਫਿਤਰਤ ਨੂੰ ਜਿਥੇ ਕਲਮਬੱਧ ਕਰਦੀਆਂ ਹਨ ਉਥੇ ਰਿਸ਼ਤਿਆਂ ਦੇ ਗਰਜ਼ਾਂ ਹੇਠ ਆ ਕੇ ਖੋਖਲੇਪਨ ਦਾ ਸ਼ਿਕਾਰ ਹੋਣ ਦਾ ਦੁਖਾਂਤ ਵੀ ਸਿਰਜਦੀਆਂ ਹਨ। ਗਰੇਵਾਲ ਨੇ ਭਾਵੇਂ ਇਹ ਕਹਾਣੀਆਂ ਲਿਖੀਆਂ ਹਨ ਪਰ ਪਾਠਕ ਲਈ ਇਹ ਬੋਲਦੀਆਂ ਹਨ ਤੇ ਬੋਲਦੀਆਂ-ਬੋਲਦੀਆਂ ਬਹੁਤ ਕੁਝ ਐਸਾ ਕਹਿੰਦੀਆਂ ਹਨ ਜਿਹੜਾ ਪੱਕੇ ਤੌਰ ’ਤੇ ਪਾਠਕ ਦੀ ਸੋਚ ਵਿਚ ਸਜ ਜਾਂਦਾ ਹੈ। ਸੀਤੇ ਬੁੱਲ੍ਹਾਂ ਦੇ ਸੁਨੇਹੇ ਵਾਲੇ ਵਿਚਾਰ ਨੂੰ ਗਰੇਵਾਲ ਨੇ ਇਸ ਕਦਰ ਬਿੰਬ ਵਿਚ ਉਤਾਰਿਆ ਹੈ ਕਿ ਕਮਾਲ ਹੀ ਕਰ ਦਿੱਤੀ ਹੈ। ਇਨ੍ਹਾਂ 28 ਕਹਾਣੀਆਂ ’ਚੋਂ ‘ਖੱਟੀ ਕਮਾਈ’, ‘ਸੀਤੇ ਬੁੱਲ੍ਹਾਂ ਦਾ ਸੁਨੇਹਾ’, ‘ਉਨਾਭੀ ਕੋਟ’, ‘ਮੂਰਖਤਾ’, ‘ਮੁੱਲ ਦੀ ਤੀਵੀਂ’, ‘ਯੈਲੋਕੈਬ’ ਜਾਂ ਕੋਈ ਵੀ ਕਹਾਣੀ ਪਾਠਕ ਪੜ੍ਹ ਲਵੇ ਤਾਂ ਉਸ ਨੂੰ ਨਿਸ਼ਚੇ ਹੀ ਗਰੇਵਾਲ ਦੀ ਕਲਮ ’ਤੇ ਮਾਣ ਮਹਿਸੂਸ ਹੋਵੇਗਾ। ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਵੀ ਇਨ੍ਹਾਂ ਕਹਾਣੀਆਂ ਬਾਰੇ ਬਹੁਤ ਭਾਵਪੂਰਤ ਲਿਖਿਆ ਹੈ।
ਅੰਗਰੇਜ਼ੀ ਐੱਮਏ ਦੀ ਵਿੱਦਿਆ ਪ੍ਰਾਪਤ ਬਲਦੇਵ ਸਿੰਘ ਗਰੇਵਾਲ ਕੋਲ ਪੱਤਰਕਾਰੀ ਦਾ ਵੀ ਦਹਾਕਿਆਂ ਬੱਧੀ ਵਸੀਹ ਅਨੁਭਵ ਹੈ। ਉਸ ਨੇ ਪਹਿਲਾਂ ‘ਅਜੀਤ’ ਅਖ਼ਬਾਰ ਵਿਚ ਵੀ ਕਈ ਵਰ੍ਹੇ ਕੰਮ ਕੀਤਾ ਤੇ ਅਮਰੀਕਾ ਜਾ ਕੇ ਵੀ ‘ਸ਼ੇਰ-ਏ-ਪੰਜਾਬ’ ਨਾਂ ਦਾ ਅਖ਼ਬਾਰ ਕਈ ਵਰਿ੍ਹਆਂ ਤੋਂ ਪਾਠਕਾਂ ਕੋਲ ਪੁਜਦਾ ਕੀਤਾ ਹੈ। ਇੰਜ ਬਲਦੇਵ ਸਿੰਘ ਗਰੇਵਾਲ ਸਾਹਿਤਕਾਰੀ ਦੇ ਨਾਲ-ਨਾਲ ਪੱਤਰਕਾਰੀ ਦੇ ਵਿਚ ਵੀ ਇੱਕ ਵੱਡਾ ਨਾਂ ਹੈ।
ਬਲਦੇਵ ਸਿੰਘ ਗਰੇਵਾਲ ਨਾਲ ਸਾਡੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ। ਹੋਏ ਵਿਚਾਰ ਵਟਾਂਦਰੇ ’ਚੋਂ ਕੁਝ ਅੰਸ਼ ਗਰੇਵਾਲ ਵੱਲੋਂ ਇੱਥੇ ਹਾਜ਼ਿਰ ਹਨ :-
* ਕਹਾਣੀ ਲੇਖਨ ਹੀ ਮੈਨੂੰ ਪੰਜਾਬੀ ਪੱਤਰਕਾਰੀ ਵੱਲ ਲਿਜਾਣ ਦਾ ਕਾਰਣ ਬਣਿਆ। ਜਦ ਮੇਰੀ ਕਹਾਣੀ ‘ਤੋਚੀ’ ਪ੍ਰੀਤਲੜੀ ਵਿਚ ਛਪੀ ਤਾਂ ਪ੍ਰਸਿੱਧ ਕਹਾਣੀ ਲੇਖਕ ਸੰਤੋਖ ਸਿੰਘ ਧੀਰ ਦਾ ਇਸ ਦੀ ਸਿਫ਼ਤ ਬਾਰੇ ਖ਼ਤ ਪ੍ਰੀਤਲੜੀ ਰਾਹੀਂ ਹੋ ਕੇ ਮੈਨੂੰ ਮਿਲਿਆ। ਉਦੋਂ ਮੈਂ ਐੱਮ.ਏ. ਵਿਚ ਸਾਂ। ਧੀਰ ਦੀ ਚਿੱਠੀ ਤੋਂ ਹੋਈ ਅਪਾਰ ਖ਼ੁਸ਼ੀ ਇੱਕ ਈਰਖਾਲੂ ਸਹਿਪਾਠੀ ਦੀ ਤਨਜ਼ ਨਾਲ ਬਿੰਨ੍ਹੀ ਗਈ। ਉਹ ਅਮੀਰ ਘਰ ਦਾ ਸ਼ਹਿਰੀ ਸੀ ਤੇ ਮੈਂ ਗ਼ਰੀਬ ਕਿਸਾਨ ਦਾ ਪੁੱਤਰ। ਅਸੀਂ ਦੋਵੇਂ ਬੀ.ਏ. ਆਨਰਜ਼ ਵਿਚ ਬਰੈਕਟਿਡ ਫਸਟ ਆਏ ਸਾਂ। ਇਸ ਦਾ ਉਸ ਨੂੰ ਬਹੁਤ ਸਾੜਾ ਹੋਇਆ ਸੀ। ਉਸ ਨੇ ਮੈਨੂੰ ਨੀਚਾ ਦਿਖਾਉਣ ਲਈ ਆਖ ਦਿੱਤਾ ਪੰਜਾਬੀ ਵਿਚ ਹੀ ਲਿਖਦੈਂ, ਇਸ ਵਿਚ ਕੀ ਖ਼ਾਸ ਗੱਲ ਹੈ। ਉਸ ਦਾ ਇਹ ਬਾਣ ਮੈਨੂੰ ਪੰਜਾਬੀ ਵੱਲ ਹੋਰ ਵੀ ਪੱਕਾ ਕਰ ਗਿਆ। ਉਂਜ ਵੀ ਉਨ੍ਹਾਂ ਦਿਨਾਂ ਵਿਚ ਪੰਜਾਬੀ ਮਾਂ-ਬੋਲੀ ਪੜ੍ਹਨ ਲਿਖਣ ਦਾ ਪਰਚਾਰ ਜ਼ੋਰਾਂ ’ਤੇ ਸੀ। ਮੈਂ ਪੰਜਾਬੀ ਪੱਤਰਕਾਰੀ ਵਿਚ ਆ ਗਿਆ।
* ਪੱਤਰਕਾਰੀ ਨੂੰ ਕਾਹਲੀ ਵਿਚ ਰਚਿਆ ਸਾਹਿਤ ਕਿਹਾ ਜਾਂਦਾ ਹੈ। ਮੇਰੀ ਨਜ਼ਰ ਵਿਚ ਪੱਤਰਕਾਰੀ ਤੇ ਸਾਹਿਤਕਾਰੀ ਦਾ ਚੋਲੀ ਦਾਮਨ ਦਾ ਸਾਥ ਹੈ।
* ਅਮਰੀਕਾ ਦਾ ਮਾਹੌਲ ਭਾਰਤ ਨਾਲੋਂ ਬਹੁਤ ਖੁੱਲ੍ਹ ਵਾਲਾ ਹੈ। ਇਥੇ ਆਏ ਪੰਜਾਬੀਆਂ ਦਾ ਬਹੁਮਤ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਹੈ।
* ਅੱਜਕੱਲ੍ਹ ਪੰਜਾਬੀ ਵਿਚ ਲਿਖਣ ਵਾਲੇ ਬਹੁਤ ਹਨ ਪਰ ਪਾਠਕ ਘੱਟ ਗਏ ਹਨ। ਇਸ ਦਾ ਕਾਰਣ ਵੀ ਲੇਖਕ ਹੀ ਹਨ। ਪੰਜਾਬੀ ਵਿਚ ਬਹੁਤਾ ਲਿਖਣ ਦੀ ਖ਼ਾਤਰ ਹੀ ਲਿਖਿਆ ਜਾ ਰਿਹਾ ਹੈ।
* ਪੰਜਾਬੀ ਵਿਚ ਕੁਝ ਹੀ ਸਹੀ ਆਲੋਚਕ ਹਨ ਜੋ ਨਿਰਪੱਖਤਾ ’ਤੇ ਨਿਰਲੇਪਤਾ ਨਾਲ ਰਚਨਾ ਦਾ ਅਧਿਐਨ ਕਰਦੇ ਤੇ ਉਸ ਦਾ ਮੁਲਾਂਕਣ ਕਰਦੇ ਹਨ। ਪਰ ਠੇਕੇਦਾਰਾਂ ਦੀ ਕਮੀ ਨਹੀਂ ਹੈ।
* ਪੰਜਾਬੀ ਬੋਲੀ ਵਿਸ਼ਵ ਦੀਆਂ ਬੋਲੀਆਂ ਵਿਚ ਸਪੈਨਿਸ਼ ਤੋਂ ਅਗਲੇ ਨੰਬਰ ’ਤੇ ਆਉਂਦੀ ਹੈ।
ਨਿਰਸੰਦੇਹ ਬਲਦੇਵ ਸਿੰਘ ਗਰੇਵਾਲ ਦੀਆਂ ਸਾਰੀਆਂ ਗੱਲਾਂ ਕਾਬਿਲ-ਗ਼ੌਰ ਹਨ। ਪੰਜਾਬੀ ਕਹਾਣੀ ਜਗਤ ਦਾ ਇਹ ਸੁਭਾਗ ਹੀ ਹੈ ਕਿ ਇਸ ਕੋਲ ਬਲਦੇਵ ਸਿੰਘ ਗਰੇਵਾਲ ਵਰਗੇ ਗੁਣਵਾਨ ਤੇ ਕਲਾ ਕੌਸ਼ਲਤਾ ਸੰਪੰਨ ਕਹਾਣੀਕਾਰ ਹਨ ਜਿਨ੍ਹਾਂ ਦੀਆਂ ਕਹਾਣੀਆਂ ਦਾ ਜਾਦੂ ਪਾਠਕਾਂ ਦੇ ਮਨਾਂ ਤੇ ਮਸਤਕਾਂ ’ਤੇ ਗਹਿਰਾ ਅਸਰ ਕਰਦਾ ਹੈ। ਰੱਬ ਕਰੇ! ਇਹ ਅਸਰ ਜਾਰੀ ਰਹੇ।
***
222
***
ਹਰਮੀਤ ਸਿੰਘ ਅਟਵਾਲ
98155-05287