25 April 2024
ਹਰਮੀਤ ਸਿੰਘ ਅਟਵਾਲ

ਅਦੀਬ ਸਮੁੰਦਰੋਂ ਪਾਰ ਦੇ: ਮਿੱਟੀ ਨਾਲ ਜੁੜੇ ਮਨੋਵੇਗਾਂ ਦਾ ਸਿਰਜਣਹਾਰ ਸੰਤੋਖ ਸਿੰਘ ਮਿਨਹਾਸ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (13 ਜੂਨ 2021 ਨੂੰ) 40ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਮਿੱਟੀ ਨਾਲ ਜੁੜੇ ਮਨੋਵੇਗਾਂ ਦਾ ਸਿਰਜਣਹਾਰ ਸੰਤੋਖ ਸਿੰਘ ਮਿਨਹਾਸ ਜੀ’ ਬਾਰੇ ਲਿਖਿਆ ਗਿਆ ਹੈ। ਲਿਖਾਰੀ ਦੇ ਪਾਠਕਾਂ ਦੀ ਨਜ਼ਰ ਹੈ।
**

ਅਦੀਬ ਸਮੁੰਦਰੋਂ ਪਾਰ ਦੇ:
ਮਿੱਟੀ ਨਾਲ ਜੁੜੇ ਮਨੋਵੇਗਾਂ ਦਾ ਸਿਰਜਣਹਾਰ ਸੰਤੋਖ ਸਿੰਘ ਮਿਨਹਾਸ
-ਹਰਮੀਤ ਸਿੰਘ ਅਟਵਾਲ-
santokh singh minhas
ਸੰਤੋਖ ਸਿੰਘ ਮਿਨਹਾਸ
001-559-283-6376

ਵਿਦਵਾਨਾਂ ਮੁਤਾਬਕ ਮਨੋਭਾਵ ਦਾ ਅਰਥ ਹੈ ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਚਾਰ। ਇਹ ਮਾਨਸਿਕ ਵਿਚਾਰ ਜਦੋਂ ਇੱਕ ਖ਼ਾਸ ਕਿਸਮ ਦੀ ਗਤੀ, ਵੇਗ ਜਾਂ ਪ੍ਰਬਲਤਾ ਨਾਲ ਸਿਰਜਣਾਤਮਕ ਰੂਪ ’ਚ ਮਿੱਟੀ ਨਾਲ ਜੁੜਨ ਦੀ ਭਾਵਨਾ ਦੇ ਪ੍ਰੇਰਕ ਦੇ ਪ੍ਰਭਾਵ ਦੇ ਅੰਤਰਗਤ ਸਾਹਮਣੇ ਆਉਂਦਾ ਹੈ ਤਾਂ ਇਸ ਨੂੰ ਮਨੋਵੇਗ ਦੀ ਸੰਗਿਆ ਵੀ ਦਿੱਤੀ ਜਾਦੀ ਹੈ ਭਾਵੇਂ ਹੁੰਦਾ ਇਹ ਮਨੋਭਾਵ ਹੀ ਹੈ। ਅਸੀਰ ਇਹੀ ਹੈ ਕਿ ਬੰਦਾ ਜਿਸ ਧਰਤੀ ’ਤੇ, ਜਿਸ ਮਿੱਟੀ ’ਤੇ ਜੰਮਦਾ, ਪਲਦਾ, ਵਿਚਰਦਾ ਤੇ ਅੰਤ ਨੂੰ ਖਾਕ ਹੁੰਦਾ ਹੈ, ਉਸ ਦੇ ਮਨੋਭਾਵਾਂ/ਮਨੋਵੇਗਾਂ ਦਾ ਉਸ ਮਿੱਟੀ ਨਾਲ ਜੁੜਕੇ ਇੱਕ ਵੱਖਰੀ ਤੇ ਵਿਸ਼ੇਸ਼ ਭਾਂਤ ਦਾ ਸਾਕਾਰਾਤਮਕ ਰੌਂਅ ਅਖਤਿਆਰ ਕਰਨਾ ਕੋਈ ਅਲੋਕਾਰੀ ਗੱਲ ਨਹੀਂ ਹੁੰਦੀ। ਗਾਲਬਿਨ ਇਹ ਪ੍ਰਕਿਰਿਆ ਸੁਭਾਵਿਕ ਹੀ ਹੁੰਦੀ ਹੈ ਕਿਉਂਕਿ ਮਿੱਟੀ ਭਾਵੇਂ ਮੂਲਵਾਸ ਦੀ ਹੋਵੇ ਜਾਂ ਪਰਵਾਸ ਦੀ ਹੋਵੇ ਬੰਦੇ ਦੇ ਅੰਦਰ ਦੇ ਸਦਾ ਅੰਗ-ਸੰਗ ਹੀ ਰਹਿੰਦੀ ਹੈ। ਕੱਲੁੇ ਕਹਿਰੇ ਦੇ ਵੀ ਤੇ ਅਯਾਲਦਾਰ ਦੇ ਵੀ। ਮਿੱਟੀ ਦੇ ਪ੍ਰਥਾਇ ‘‘ਜੀਵਦਿਆ ਪੈਰਾਂ ਤਲੈ ਮੁਇਆ ਉਪਰ ਹੋਇ॥’’ ਵਾਲੇ ਬਾਬਾ ਫ਼ਰੀਦ ਜੀ ਦੇ ਅਨਮੋਲ ਬਚਨ ਵੀ ਸੰਪੂਰਨ ਸੱਚ ਹਨ।

ਅਰਕ-ਅਸੀਰ ਵਾਲੀ ਗੱਲ ਇਹ ਵੀ ਹੈ ਕਿ ਹਰ ਜੀ ਭਿਆਣੇ ਦੇ ਮਨ ਮਸਤਕ ’ਚ ਚਲਦੀਆਂ ਅਸੰਖ ਸੋਚਾਂ-ਖ਼ਿਆਲਾਂ ਦੀਆਂ ਮੂੰਹ ਜ਼ੋਰ ਲਹਿਰਾਂ ਭਾਵੇਂ ਜਿੰਨੀਆਂ ਮਰਜ਼ੀ ਜ਼ੋਰਾਵਰ ਹੋਣ, ਕਦੇ ਵੀ ਆਪਣੀ ਮਿੱਟੀ ਦੀ ਮੁਹੱਬਤ ਤੋਂ ਮੁੱਖ ਨਹੀਂ ਮੋੜਦੀਆਂ, ਪਰ੍ਹਾਂ ਨਹੀਂ ਹੁੰਦੀਆਂ, ਪੱਲਾ ਨਹੀਂ ਛੁਡਾਉਂਦੀਆਂ, ਸਗੋਂ ਮਿੱਟੀ ਦਾ ਹੀ ਮੋਹ ਪਾਲਦੀਆਂ ਹਨ ਤੇ ਸੁਚੇਤ-ਅਚੇਤ ਜੜ੍ਹਾਂ ਨਾਲ ਹੀ ਆ ਜੁੜਦੀਆਂ ਹਨ। ਇਸ ਗੱਲ ਨੂੰ ਵਡੇਰੇ ਸੰਦਰਭ ਵਿਚ ਜ਼ਜ਼ਬ ਕਰਨ ਲਈ ਅੰਮ੍ਰਿਤਾ ਪ੍ਰੀਤਮ ਦੀ 304 ਪੰਨਿਆਂ ਦੀ ਕਹਾਣੀਆਂ ਦੀ ਕਿਤਾਬ ‘ਮਿੱਟੀ ਦੀ ਜਾਤ’ ਵੀ ਪੜ੍ਹੀ ਜਾ ਸਕਦੀ ਹੈ।

ਨਿਰਸੰਦੇਹ ਮਿੱਟੀ ਨਾਲ ਜੁੜੇ ਮਨੋਵੇਗਾਂ ਦਾ ਮਨੁੱਖ ’ਤੇ ਪ੍ਰਭਾਵ ਹੋਣਾ ਕੁਦਰਤੀ ਹੈ। ਅਤਿ-ਸੰਵੇਦਨਸ਼ੀਲ ਤੇ ਸਾਹਿਤਕ ਸੁਭਾਅ ਵਾਲੇ ਪ੍ਰਾਣੀ ਲਈ ਤਾਂ ਇਹ ਹੋਰ ਵੀ ਕੁਦਰਤੀ ਹੋ ਨਿਬੜਦਾ ਹੈ। ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਸ਼ਹਿਰ ਕਲੋਵਿਸ ਵਿਚ ਵੱਸਦਾ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲਾ ਸਾਡਾ ਅਦੀਬ ਸੰਤੋਖ ਸਿੰਘ ਮਿਨਹਾਸ ਵੀ ਬਹੁਤ ਸੰਵੇਦਨਸ਼ੀਲ ਤੇ ਮਿੱਟੀ ਨਾਲ ਜੁੜਦੇ ਮਨੋਵੇਗਾਂ ਦਾ ਚਿਤਰਣਹਾਰ ਹੈ। ਭਾਵੇਂ ਸੰਤੋਖ ਸਿੰਘ ਮਿਨਹਾਸ ਬਾਰੇ ਲਿਖਦਿਆਂ ਡਾ. ਤੇਜਵੰਤ ਮਾਨ ਨੇ ਗੱਲ ਸਿਰਫ਼ ਕਵਿਤਾ ਦੇ ਸੰਦਰਭ ਵਿਚ ਹੀ ਕੀਤੀ ਹੈ ਪਰ ਇਸ ਦੇ ਅਰਥ ਪਾਸਾਰ ਵਿਸ਼ਾਲ ਸੰਦਰਭ ਦੇ ਹਨ। ਡਾ. ਤੇਜਵੰਤ ਮਾਨ ਨੇ ਲਿਖਿਆ ਹੈ:-

* ‘‘ਸੰਤੋਖ ਸਿੰਘ ਮਿਨਹਾਸ ਨੇ ਆਪਣੀ ਮਿੱਟੀ ਨਾਲ ਜੁੜੇ ਮਨੋਵੇਗ ਦਾ ਸੰਚਾਰ ਆਪਣੀ ਕਵਿਤਾ ਰਾਹੀਂ ਕੀਤਾ ਹੈ। ਕਵੀ ਨੂੰ ਜਨ-ਵਾਦ ਦੇ ਸਹੀ ਸੰਦਰਭ ਦੀ ਪਹਿਚਾਣ ਹੈ। ਮਿਨਹਾਸ ਆਪਣੀ ਸੱਭਿਆਚਾਰਕ ਅਤੇ ਭਾਸ਼ਾਈ ਵਿਸ਼ੇਸ਼ਤਾ ਦੀ ਪਹਿਚਾਣ ਕਰ ਚੁੱਕਿਆ ਹੈ। ਇਸ ਲਈ ਉਹ ਆਪਣੀ ਰਚਨਾ ਦੇ ਜਨ-ਆਧਾਰਾਂ ਦਾ ਪਾਸਾਰ ਲੋਕ ਮਾਨਸਿਕਤਾ ਵਿਚ ਪਈਆਂ ਲੋਕ ਧਾਰਾਈ ਮਾਨਤਾਵਾਂ ਅਤੇ ਚਿਹਨਕੀ ਵਿਸ਼ੇਸ਼ਤਾਈਆਂ ਦੁਆਰਾ ਕਰਦਾ ਹੈ।’’

ਬਿਨਾਂ ਸ਼ੱਕ ਜਦੋਂ ਬੰਦਾ ਮਿੱਟੀ ਨਾਲ ਜੁੜਿਆ ਹੋਵੇ ਤਾਂ ਲੋਕਧਾਰਾ, ਲੋਕਯਾਨ, ਲੋਕ ਸੁਭਾਅ ਤੇ ਲੋਕ ਸਾਹਿਤ ਨਾਲ ਸੁਤੇ ਸਿੱਧ ਜੁੜ ਹੀ ਜਾਂਦਾ ਹੈ। ਇਸ ਲਈ ਉਸ ਨੂੰ ਕਿਸੇ ਵੱਖਰੇ ਉਪਰਾਲੇ ਦੀ ਲੋੜ ਨਹੀਂ ਹੁੰਦੀ।
ਸੰਤੋਖ ਸਿੰਘ ਮਿਨਹਾਸ ਦਾ ਜਨਮ 14 ਜੂਨ 1952 ਈ: ਨੂੰ ਪਿਤਾ ਇੰਦਰਜੀਤ ਸਿੰਘ ਮਿਨਹਾਸ ਤੇ ਮਾਤਾ ਹਰਬੰਸ ਕੌਰ ਦੇ ਘਰ ਕੋਟਕਪੂਰਾ (ਫ਼ਰੀਦਕੋਟ) ਵਿਚ ਹੋਇਆ। ਸੰਤੋਖ ਸਿੰਘ ਮਿਨਹਾਸ ਨੇ ਡੀਪੀਈ ਨਾਗਪੁਰ ਯੂਨੀਵਰਸਿਟੀ ਤੋਂ ਕੀਤੀ ਅਤੇ ਐੱਮਏ ਪੰਜਾਬੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਕੀਤੀ। ਆਰੰਭ ਵਿਚ ਕਾਲਜ ਵਿਚ ਪੜ੍ਹਾਇਆ ਪਰ ਬਹੁਤੀ ਸਰਵਿਸ ਸਰਕਾਰੀ ਅਧਿਆਪਕ ਵੱਜੋਂ ਹੀ ਕੀਤੀ। ਪਹਿਲੀ ਵਾਰ 2003 ਵਿਚ ਪਰਿਵਾਰ ਸਮੇਤ ਅਮਰੀਕਾ ਦੀ ਧਰਤੀ ’ਤੇ ਜਾ ਪੈਰ ਧਰਿਆ। 2006 ਵਿਚ ਦੁਆਰਾ ਅਮਰੀਕਾ ਜਾ ਕੇ ਕੁਝ ਸਮਾਂ ਸਟੋਰ ’ਤੇ ਕੰਮ ਕੀਤਾ। 2008 ’ਚ ਬਤੌਰ ਰੇਡੀਉ ਹੋਸਟ ਹੁਣ ਵੀ ਕੰਮ ਜਾਰੀ ਹੈ। ‘ਸਾਡਾ ਚੈਨਲ’ ਟੀਵੀ ਨਾਲ ਕੈਲੇਫੋਰਨੀਆ ਤੋਂ ਬਤੌਰ ਪ੍ਰੋਗਰਾਮ ਕੋਆਰਡੀਨੇਟਰ ਦੋ ਸਾਲ ਕੰਮ ਕੀਤਾ। ਸਿੱਧੂ ਦਮਦਮੀ ਦੇ ਨਾਲ ਪੰਜਾਬੀ ਪ੍ਰੈੱਸ ਯੂਐੱਯਏ ਅਖ਼ਬਾਰ ਵਿਚ ਸਹਿ-ਸੰਪਾਦਕ ਤੌਰ ’ਤੇ ਕਈ ਵਰ੍ਹੇ ਕੰਮ ਕੀਤਾ। ਸੰਤੋਖ ਸਿੰਘ ਮਿਨਹਾਸ ਅਸਲ ਵਿਚ ਮਿਹਨਤੀ ਆਦਮੀ ਹੈ। ਜ਼ਮੀਨੀ ਪੱਧਰ ’ਤੇ ਵਿਚਰਨ ਵਾਲਾ ਗੁਣਵਾਨ ਸ਼ਖ਼ਸ ਹੈ। ਸਾਹਿਤ ਤੇ ਸਾਹਿਤ ਸਿਰਜਣਾ ਵਾਲੇ ਪਾਸੇ ਆਉਣ ਦਾ ਸਬੱਬ ਉਹ ਇੰਝ ਵਿਅਕਤ ਕਰਦਾ ਹੈ :-

* ‘‘ਸਾਡੇ ਸਕੂਲ ਵਿਚ ਪੰਜਾਬੀ ਅਧਿਆਪਕ ਸਾਹਿਤਕ ਰੁਚੀਆਂ ਵਾਲੇ ਸਨ। ਉਹ ਸਾਹਿਤ ਸਭਾ ਕੋਟਕਪੂਰਾ ਦੇ ਵੀ ਮੈਂਬਰ ਸਨ। ਉਨ੍ਹਾਂ ਕਰਕੇ ਬਿਸਮਿਲ ਫ਼ਰੀਦਕੋਟੀ, ਦੀਪਕ ਜੈਤੋਈ, ਸੰਪੂਰਨ ਸਿੰਘ ਝੱਲਾ, ਜੋਰਾ ਸਿੰਘ ਸੰਧੂ, ਨਿਰਭੈ ਸਿੰਘ, ਕਰਨੈਲ ਬਾਗੀ ਆਦਿ ਲੇਖਕਾਂ ਨਾਲ ਮੇਲ-ਜੋਲ ਕਰਕੇ ਪ੍ਰੇਰਨਾ ਮਿਲੀ। ਮੈਂ 1971 ਵਿਚ ਅਖ਼ਬਾਰਾਂ ਵਿਚ ਛਪਣਾ ਸ਼ੁਰੂ ਕਰ ਦਿੱਤਾ ਸੀ।’’

ਸੰਤੋਖ ਸਿੰਘ ਮਿਨਹਾਸ ਦੇ ਹੁਣ ਤਕ ਦੇ ਸਾਹਿਤ ਸੰਸਾਰ ਵੱਲ ਨਜ਼ਰ ਮਾਰਦੇ ਹਾਂ ਤਾਂ ਉਸ ਦੇ ਦੋ ਮੌਲਿਕ ਕਾਵਿ-ਸੰਗ੍ਰਹਿ ‘ਅੱਖਾਂ ’ਚ ਬਲਦੇ ਸੂਰਜ’ ਤੇ ‘ਫੁੱਲ ਤਿਤਲੀ ਤੇ ਉਹ’ ਪੜ੍ਹਨ ਨੂੰ ਮਿਲਦੇ ਹਨ। ਮਿਨਹਾਸ ਨੇ ਕੁਝ ਕਹਾਣੀਆਂ ਵੀ ਲਿਖੀਆਂ ਹਨ। ਜਿਹੜਾ ‘ਗੂੰਜ’ ਨਾਂ ਦਾ ਸੀਰੀਅਲ 25 ਕਿਸ਼ਤਾਂ ਵਿਚ 2005 ਵਿਚ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੋਇਆ ਸੀ ਉਸ ਦੀ ਕਹਾਣੀ ਤੇ ਸੰਵਾਦ ਵੀ ਸੰਤੋਖ ਸਿੰਘ ਮਿਨਹਾਸ ਦੀ ਹੀ ਰਚਨਾ ਸੀ। 1978 ਤੋਂ 1980 ਤਕ ਮਿਨਹਾਸ ਨੇ ‘ਜਫ਼ਰ’ ਨਾਂ ਦੇ ਸਾਹਿਤਕ ਮੈਗਜ਼ੀਨ ਦਾ ਸੰਪਾਦਨ ਵੀ ਕੀਤਾ ਹੈ। ‘ਆਪਣੀ ਆਪਣੀ ਗਾਥਾ’ ਨਾਂ ਦਾ ਇੱਕ ਕਾਵਿ-ਸੰਗ੍ਰਹਿ ਸੰਪਾਦਿਤ ਵੀ ਕੀਤਾ ਹੈ। ਇਸ ਸਾਲ ਸੰਤੋਖ ਸਿੰਘ ਮਿਨਹਾਸ ਦਾ ‘ਉਕਾਬ ਵਾਲਾ ਪਾਸਪੋਰਟ’ ਨਾਂ ਦਾ ਇੱਕ ਨਿਬੰਧ ਸੰਗ੍ਰਹਿ ਵੀ ਪਾਠਕਾਂ ਦੇ ਹੱਥਾਂ ਵਿਚ ਪੁੱਜਿਆ ਹੈ ਜਿਸ ਵਿਚ ਕੁੱਲ 22 ਭਾਵਪੂਰਤ ਨਿਬੰਧ ਹਨ।

ਸੰਤੋਖ ਸਿੰਘ ਮਿਨਹਾਸ ਰਚਿਤ ਸਾਹਿਤ ਦੀ ਅੰਤਰੀਵਤਾ ਦੀ ਜੇ ਸੰਖੇਪ ਅੰਤਰਝਾਤ ਦਾ ਵੀ ਇੱਥੇ ਵਰਣਨ ਕਰੀਏ ਤਾਂ ਪਤਾ ਲਗਦਾ ਹੈ ਕਿ ਮਿਨਹਾਸ ਦੀਆਂ ਕਵਿਤਾਵਾਂ ਵਿੱਚੋਂ ਉਜਾਗਰ ਹੁੰਦੇ ਬਹੁਤੇ ਸੰਦਰਭ ਪਰਵਾਸੀ ਜ਼ਿੰਦਗੀ ਦੇ ਕਰਮ-ਪ੍ਰਤੀਕਰਮ ਵਿੱਚੋਂ ਪੈਦਾ ਹੁੰਦੇ ਸੰਤਾਪ ਨੂੰ ਵੀ ਉਜਾਗਰ ਕਰਦੇ ਹਨ ਤੇ ਉਂਜ ਮਾਨਵੀ ਫਿਤਰਤ ਤੇ ਮਾਨਵੀ ਸਮਾਜ ਨਾਲ ਜੁੜਦੇ ਅਨਕ-ਭਾਂਤੀ ਭਾਵਾਂ ਨੂੰ ਵੀ ਆਪਣੀ ਕਾਵਿ-ਰਚਨਾਕਾਰੀ ਵਿਚ ਢੁੱਕਵੀ ਥਾਂ ਦਿੰਦੇ ਹਨ। ਮਿਨਹਾਸ ਦੀ ਕਾਵਿ-ਕੌਸ਼ਲਤਾ ਤੋਂ ਪ੍ਰਭਾਵਤ ਹੋ ਕੇ ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਸੰਤੋਖ ਸਿੰਘ ਮਿਨਹਾਸ ਨੂੰ ‘ਜਨਮ ਜਾਤ ਕਵੀ’ ਆਖਿਆ ਹੈ। ਮਿਨਹਾਸ ਦੀ ਇੱਕ ਨਜ਼ਮ ਵੀ ਇੱਥੇ ਆਪ ਦੀ ਨਜ਼ਰ ਹੈ :-

ਕਦੋਂ ਤੁਰੇ ਸੀ ਕੁਝ ਯਾਦ ਨਹੀਂ
ਕੀ ਸੋਚ ਤੁਰੇ ਸੀ ਇਹ ਵੀ ਯਾਦ ਨਹੀਂ
ਲੰਮੇ ਪੈਂਡੇ
ਜਮ੍ਹਾਂ ਹੋਈ ਧੂੜ ’ਚ ਆਪਣੇ ਨਕਸ਼ ਗਵਾ
ਬੈਠਾ ਹਾਂ
ਤੂੰ ਮੇਰੇ ਨਾਲ ਹੈ ਸ਼ੁਕਰੀਆ!
ਰਾਹ ’ਚ ਗੁਆਚੇ ਬੰਦੇ ਦਾ
ਇਹ ਤੋਹਫ਼ਾ ਕਬੂਲ ਕਰੀਂ।

ਪੰਜਾਬੀ ਦੇ ਦਰਦ ਭਰੇ ਦਿਨਾਂ ਦੀ ਬਾਤ ਵੀ ਮਿਨਹਾਸ ਦੀ ਸ਼ਾਇਰੀ ਪਾਉਂਦੀ ਹੈ। ਕੁੱਲ ਮਿਲਾ ਕੇ ਕਵੀ ਦੀ ਰਚਨਾਤਮਕ ਦ੍ਰਿਸ਼ਟੀ ਦੂਰ ਅੰਦੇਸ਼ੀ ਵਾਲੀ ਤੇ ਦਾਰਸ਼ਨਿਕ ਵੀ ਹੈ ਤੇ ਚਿੰਤਨ ਤੇ ਚੇਤਨਾ ਮੁਖੀ ਵੀ ਹੈ। ਸ਼ਾਇਰ ਹਸ਼ਰ ਤੇ ਹਾਸਲ ਦੀ ਅਸਲੀਅਤ ਤੋਂ ਵੀ ਬਾਖ਼ੂਬੀ ਵਾਕਿਫ਼ ਹੈ। ਸ਼ਾਇਦ ਏਸੇ ਲਈ ਉਸ ਦੀਆਂ ਕਾਵਿ-ਰਚਨਾਵਾਂ ਵਿੱਚੋਂ ਵਿਦਰੋਹ ਦੀ ਸੁਰ ਵੀ ਉੱਚੀ ਉਠਦੀ ਹੈ। ਸੰਤੋਖ ਸਿੰਘ ਮਿਨਹਾਸ ਨੇ ਹੁਣ ਤਕ 12 ਕਹਾਣੀਆਂ ਵੀ ਲਿਖੀਆਂ ਹਨ ਜੋ ਵੱਖ-ਵੱਖ ਪਰਚਿਆਂ ਤੇ ਅਖ਼ਬਾਰਾਂ ਵਿਚ ਛਪੀਆਂ ਹਨ। ਮਿਨਹਾਸ ਦੀਆਂ ਬਹੁਤੀਆਂ ਕਹਾਣੀਆਂ ਨਿਮਨ ਕਿਸਾਨੀ ਦੀ ਹਰੀ ਕ੍ਰਾਂਤੀ ਤੋਂ ਕੁਝ ਸਮੇਂ ਬਾਅਦ ਆਈ ਮੰਦਹਾਲੀ ਦੇ ਨਿਘਾਰ ਦੇ ਕਾਰਣ ਪਰਿਵਾਰਾਂ ਵਿਚ ਟੁੱਟ-ਭੱਜ ਅਤੇ ਰੁਜ਼ਗਾਰ ਦੇ ਨਵੇਂ ਵਸੀਲਿਆਂ ਦੀ ਭਾਲ ਅਤੇ ਮਾੜੇ ਸਮਿਆਂ ਦੌਰਾਨ ਪੰਜਾਬ ਦੀ ਨਵੀਂ ਭਾਈਚਾਰਕ ਸਫ਼ਬੰਦੀ ਆਦਿ ਵਿਸ਼ਿਆਂ ’ਤੇ ਲਿਖੀਆਂ ਗਈਆਂ ਹਨ। ਮਿਨਹਾਸ ਦੀਆਂ ਕਹਾਣੀਆਂ ਕਥਾ ਰਸ ਨਾਲ ਭਰਪੂਰ ਹਨ ਤੇ ਪਾਠਕ ਦੀ ਸੋਚ ਦੀ ਉਂਗਲੀ ਝੱਟ ਫੜ ਲੈਂਦੀਆਂ ਹਨ।

ਮਿੱਟੀ ਨਾਲ ਜੁੜੇ ਮਨੋਵੇਗਾਂ ਦੇ ਸਿਰਜਣਹਾਰ ਸੰਤੋਖ ਸਿੰਘ ਮਿਨਹਾਸ ਦਾ ਇਸੇ ਸਾਲ ਇੱਕ ਨਿਬੰਧ ਸੰਗ੍ਰਹਿ ਵੀ ਆਇਆ ਹੈ। ਇਸ ਪੁਸਤਕ ਵਿਚ ਵਿਸ਼ਿਆਂ ਦੀ ਵਿਲੱਖਣਤਾ ਤੇ ਨਿਵੇਕਲਾਪਨ ਤਾਂ ਹੈ ਹੀ, ਮਿਨਹਾਸ ਦੀ ਵਾਰਤਕ ਸ਼ੈਲੀ ਵੀ ਕਮਾਲ ਦੀ ਹੈ। ਇਨ੍ਹਾਂ ਨਿਬੰਧਾਂ ਬਾਰੇ ਕੁਲਵੰਤ ਸਿੰਘ ਔਜਲਾ ਨੇ ਲਿਖਿਆ ਹੈ ਕਿ ‘ਨਿਬੰਧ ਪੜ੍ਹਦਿਆਂ ਮਨ ਪਹਿਲਾਂ ਉਤੇਜਿਤ ਹੁੰਦਾ ਹੈ, ਫਿਰ ਉਦਾਸ ਹੁੰਦਾ ਹੈ ਤੇ ਅਖੀਰ ਵਿਚ ਊਰਜਾਵੰਤ ਹੁੰਦਾ ਹੈ। ਡਾ. ਗੁਰੂਮੇਲ ਸਿੱਧੂ ਤੇ ਸਿੱਧੂ ਦਮਦਮੀ ਨੇ ਵੀ ਇਨ੍ਹਾਂ ਨਿਬੰਧਾਂ ਦੀ ਬਾਦਲੀਲ ਸ਼ਲਾਘਾ ਕੀਤੀ ਹੈ। ‘ਉਕਾਬ ਵਾਲਾ ਪਾਸਪੋਰਟ’, ‘ਦਾਲ ਦੇ ਕੋਕੜੂ’, ‘ਤੁਰਦੇ ਪੈਰਾਂ ’ਤੇ ਖੜ੍ਹਾ ਆਦਮੀ’, ‘ਬੰਦੇ ਦੀ ਬੰਦੇ ’ਚੋਂ ਤਲਾਸ਼’ ਆਦਿ ਭਾਵ ਕੋਈ ਵੀ ਨਿਬੰਧ ਪੜ੍ਹ ਲਓ, ਤੁਸੀਂ ਸਾਰੀ ਪੁਸਤਕ ਪੜ੍ਹੇ ਬਿਨਾਂ ਨਹੀਂ ਹਟੋਗੇ। ਲਿਖਾਰੀ ਦੀ ਸਰਲਤਾ, ਸੰਜਮਤਾ ਤੇ ਸੰਜੀਦਗੀ ਉਸ ਦੇ ਨਿਬੰਧਾਂ ਦੀ ਗਲਪ ਵਿਧੀ ਵਿੱਚੋਂ ਡੁਲ੍ਹ-ਡੁਲ੍ਹ ਪੈਂਦੀ ਹੈ। ਉਸ ਦੀ ਲਿਖਤ ਵਿਚ ਕਵਿਤਾ ਵਾਲਾ ਵਹਾਅ ਵੀ ਪੂਰਾ ਕਾਇਮ ਹੈ।

ਸੰਤੋਖ ਸਿੰਘ ਮਿਨਹਾਸ ਨਾਲ ਹੋਏ ਅਦਬੀ ਵਿਚਾਰ-ਵਿਮਰਸ਼ ਵਿੱਚੋਂ ਉਸ ਵੱਲੋਂ ਕੁਝ ਅੰਸ਼ ਵੀ ਇੱਥੇ ਪਾਠਕਾਂ ਸਨਮੁਖ ਹਨ :-
* ਸੰਵੇਦਨਾ ਤੋਂ ਬਗ਼ੈਰ ਸਾਹਿਤ ਦੀ ਸਿਰਜਣਾ ਹੋ ਹੀ ਨਹੀਂ ਸਕਦੀ। ਭਾਵੇਂ ਸਾਹਿਤ ਦੀ ਕੋਈ ਵੀ ਵਿਧਾ ਹੋਵੇ। ਸੰਵੇਦਨਾਹੀਣ ਬੰਦਾ ਬੰਬ-ਬੰਦੂਕਾਂ ਤਾਂ ਬਣਾ ਸਕਦਾ ਹੈ ਪਰ ਕਾਵਿ ਨਹੀਂ ਰਚ ਸਕਦਾ।

* ਮਨੁੱਖ ਦੇ ਸਰੋਕਾਰਾਂ ਨਾਲ ਓਤਪੋਤ ਅਨੁਭੂਤੀ ਹੀ ਅਜੋਕੀ ਕਵਿਤਾ ਦੀ ਪ੍ਰਸੰਗਿਕਤਾ ਦੀ ਪਛਾਣ ਚਿੰਨ ਹੈ।

* ਅੱਜ ਮੰਡੀ ਦਾ ਯੁੱਗ ਹੈ। ਪੈਸਾ ਪ੍ਰਧਾਨ ਹੈ। ਸਾਰਾ ਆਰਥਿਕ ਢਾਂਚਾ ਕਾਰਪੋਰੇਟ ਜਗਤ ਦੇ ਇਸ਼ਾਰੇ ’ਤੇ ਉਸਰ ਰਿਹਾ ਹੈ। ਆਮ ਆਦਮੀ ਨਪੀੜਿਆ ਜਾ ਰਿਹਾ ਹੈ।

* ਕਵਿਤਾ ਅਤੇ ਨਿਬੰਧ ਵਿਚ ਗੱਲ ਕਹਿ ਕੇ ਮੈਨੂੰ ਵਧੇਰੇ ਸਕੂਨ ਮਿਲਦਾ ਹੈ।

* ਅਮਰੀਕਾ ਵਿਚ ਬਹੁਤੇ ਲੇਖਕ ਪਰਵਾਸ ਕਰਕੇ ਹੀ ਇਥੇ ਪਹੁੰਚੇ ਹਨ। ਇਥੇ ਆ ਕੇ ਵੀ ਉਹ ਸਰਗਰਮੀ ਨਾਲ ਸਾਹਿਤ ਰਚਨਾ ਕਰ ਰਹੇ ਹਨ। ਇਥੇ ਵੀ ਬਹੁਤ ਸਾਰੀਆਂ ਸਾਹਿਤ ਸਭਾਵਾਂ ਬਣੀਆਂ ਹੋਈਆਂ ਹਨ ਤੇ ਸਰਗਰਮ ਵੀ ਹਨ।

* ਮੈਂ ਕੈਲੀਫੋਰਨੀਆ ਦੇ ਕੁਝ ਸਰਗਰਮ ਲੇਖਕਾਂ ਦੇ ਨਾਂ ਲੈ ਸਕਦਾ ਹਾਂ ਜਿਵੇਂ ਡਾ. ਗੁਰੂਮੇਲ ਸਿੱਧੂ, ਸ਼ਾਇਰ ਹਰਜਿੰਦਰ ਸਿੰਘ ਕੰਗ, ਕਹਾਣੀਕਾਰ ਕਰਮ ਸਿੰਘ ਮਾਨ ਤੇ ਪਰਵੇਜ਼ ਸੰਧੂ, ਪਵਿੱਤਰ ਕੌਰ ਮਾਟੀ, ਰਮਨ ਵਿਰਕ, ਕਵੀ ਸੁੱਖੀ ਧਾਲੀਵਾਲ, ਸੁਖਵਿੰਦਰ ਕੰਬੋਜ, ਰਵਿੰਦਰ ਸਹਿਰਾਅ, ਕੁਲਵਿੰਦਰ, ਨੀਲਮ ਸੈਣੀ ਤੇ ਪ੍ਰੇਮ ਸਿੰਘ ਮਾਨ।

* ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੰਜਾਬੀ ਕਿਤਾਬਾਂ ਘੱਟ ਪੜ੍ਹਦੇ ਹਨ। ਆਪਣੀ ਬੋਲੀ ਪ੍ਰਤੀ ਲੋਕ-ਲਹਿਰ ਦਾ ਨਾਂ ਉੱਠਣਾ, ਸਟੇਟ ਦੀ ਪੰਜਾਬੀ ਬੋਲੀ ਪ੍ਰਤੀ ਬੇਰੁਖ਼ੀ ਹੀ ਹੈ।

* ਸਮਾਜਿਕ ਮਾਨ ਸਨਮਾਨ ਦੇ ਮੱਦੇਨਜ਼ਰ ਲੇਖਕਾਂ ਵਿਚ ਵੀ ਡੇਰਾਵਾਦ ਸ਼ੁਰੂ ਹੋ ਗਿਆ ਹੈ। ਇਹ ਗੁੱਟ ਬੰਦੀ ਆਪਣੇ-ਆਪਣੇ ਘੇਰੇ ਦੇ ਲੇਖਕਾਂ ਨੂੰ ਪਰਮੋਟ ਕਰਦੀ ਹੈ। ਇਸ ਲਈ ਕਈ ਚੰਗੇ ਲੇਖਕਾਂ ਦਾ ਜ਼ਿਕਰ ਤਕ ਨਹੀਂ ਹੰੁਦਾ। ਇਹ ਰੁਝਾਨ ਮਾੜਾ ਹੈ।

* ਚੰਗੇ ਭਵਿੱਖ ਦੀ ਆਸ ਵਿਚ ਇਕੱਲੇ ਪੰਜਾਬੀ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕ ਪਰਵਾਸ ਕਰ ਰਹੇ ਹਨ।

* ਮੈਂ ਅੱਜ ਜੋ ਵੀ ਹਾਂ ਕਿਤਾਬਾਂ ਦੀ ਬਦੌਲਤ ਹਾਂ। ਮਨੁੱਖ ਦੀ ਸ਼ਖ਼ਸੀਅਤ ਘੜਨ ਵਿਚ ਕਿਤਾਬਾਂ ਦਾ ਵੱਡਾ ਰੋਲ ਹੈ। ਅਮਰੀਕਾ ਵਿਚ ਵੀ ਮੇਰੇ ਕੋਲ 200 ਦੇ ਕਰੀਬ ਕਿਤਾਬਾਂ ਹਨ।

* ਕਿਤਾਬ ਛਪਵਾਉਣ ਲਈ ਕਦੇ ਕਾਹਲੀ ਨਹੀਂ ਕਰਨੀ ਚਾਹੀਦੀ।

* ਲੇਖਕ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ।

ਨਿਰਸੰਦੇਹ ਸੰਤੋਖ ਸਿੰਘ ਮਿਨਹਾਸ ਮਿੱਟੀ ਦੀ ਅਹਿਮੀਅਤ ਜਾਣਦਾ ਹੀ ਨਹੀਂ ਸਗੋਂ ਮਿੱਟੀ ਦਾ ਸਾਹਿਤਕ ਮੁੱਲ ਵੀ ਮੋੜਦਾ ਹੈ। ਕਵਿਤਾ, ਕਹਾਣੀ ਤੇ ਨਿਬੰਧ ਨਿਰੰਤਰ ਲਿਖਣ ਵਾਲਾ ਇਹ ਅਦੀਬ ਤਨੋਂ ਮਨੋਂ ਧਨੋਂ ਪੰਜਾਬੀ ਸਾਹਿਤ ਦੀ ਅਮੀਰੀ ਵਿਚ ਆਪਣਾ ਭਰਵਾਂ ਯੋਗਦਾਨ ਪਾ ਰਿਹਾ ਹੈ। ਸੰਤੋਖ ਸਿੰਘ ਮਿਨਹਾਸ ਦੀ ਸਿਫ਼ਤ ਕਰਨ ਵਿਚ ਸਾਨੂੰ ਅੰਦਰੋਂ ਆਨੰਦ ਮਹਿਸੂਸ ਹੁੰਦਾ ਹੈ।
***
212
***
ਹਰਮੀਤ ਸਿੰਘ ਅਟਵਾਲ

+91 98155-05287

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ