ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (3 ਅਕਤੂਬਰ 2021 ਨੂੰ) 56ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਪੰਜਾਬੀਅਤ ਨੂੰ ਸਮਰਪਿਤ ਮਨਜੀਤ ਕੌਰ ਗਿੱਲ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਮਨਜੀਤ ਕੌਰ ਗਿੱਲ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਜੇ ਕੋਈ ਪੰਜਾਬੀ ਪੰਜਾਬ ਤੋਂ ਦੂਰ ਭਾਵ ਵਿਦੇਸ਼ ਵਿਚ ਰਹਿ ਕੇ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਦਾ ਹੈ ਤਾਂ ਇਹ ਆਪਣੇ ਆਪ ਵਿਚ ਸੁਭਾਗੀ ਗੱਲ ਹੈ। ਮਨਜੀਤ ਕੌਰ ਗਿੱਲ ਅਜਿਹੇ ਵੱਡੇ ਭਾਗਾਂ ਵਾਲਿਆਂ ’ਚੋਂ ਇਕ ਹੈ ਜਿਹੜੀ ਅਮਰੀਕਾ ਦੀ ਵਾਸ਼ਿੰਗਟਨ ਸਟੇਟ ’ਚ ਕਈ ਵਰਿੵਆਂ ਤੋਂ ਵਸ ਰਹੀ ਹੈ ਤੇ ਆਪਣੇ ਅਮੀਰ ਵਿਰਸੇ ਨਾਲ ਵੀ ਆਂਤ੍ਰਿਕ ਤੌਰ ’ਤੇ ਜੁੜੀ ਹੋਈ ਹੈ। ਡਾ. ਮੋਹਨ ਤਿਆਗੀ ਨੇ ਅਜੀਤ ਕੌਰ ਗਿੱਲ ਨੂੰ ਸ਼ਬਦ, ਸੰਗੀਤ ਤੇ ਕਲਾ ਦੀ ਤ੍ਰੈ ਮੂਰਤੀ ਆਖਦਿਆਂ ਲਿਖਿਆ ਹੈ ਕਿ ਮਨਜੀਤ ਕੌਰ ਗਿੱਲ ਅਮਰੀਕੀ ਪੰਜਾਬੀ ਸਾਹਿਤ ਦੀ ਇਕ ਬਹੁਪੱਖੀ ਸ਼ਖ਼ਸੀਅਤ ਹੈ। ਪੰਜਾਬੀ ਵਿਚ ਉਸ ਨੇ ਬੜੀ ਮੁੱਲਵਾਨ ਕਾਵਿ-ਸਿਰਜਣਾ ਕੀਤੀ ਹੈ। ਉਸ ਨੇ ਆਪਣੀ ਸ਼ਬਦ-ਸਾਧਨਾ ਰਾਹੀਂ ਜਿੱਥੇ ਸਾਹਿਤ ਸਿਰਜਣਾ ਦੇ ਖੇਤਰ ਵਿਚ ਆਪਣਾ ਜ਼ਿਕਰਯੋਗ ਯੋਗਦਾਨ ਪਾਇਆ ਹੈ ਉਸ ਦੇ ਨਾਲ ਹੀ ਆਪਣੀ ਸਮਾਜਿਕ ਗਤੀਸ਼ੀਲਤਾ ਅਤੇ ਵਿਹਾਰਕ ਜੀਵਨ ਸ਼ੈਲੀ ਰਾਹੀਂ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਮਾਣ ਵੀ ਦਿੱਤਾ ਹੈ।
ਇੰਜ ਹੀ ਅਮਰੀਕਾ ਤੋਂ ਅਵਤਾਰ ਸਿੰਘ ਆਦਮਪੁਰੀ ਨੇ ਮਨਜੀਤ ਕੌਰ ਗਿੱਲ ਬਾਰੇ ਆਖਿਆ ਹੈ ਕਿ ਉਹਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਅਥਾਹ ਪਿਆਰ ਹੈ। ਉਹ ਨਿੱਜੀ ਅਤੇ ਪਰਿਵਾਰਕ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਕੌਮੀ ਹਿੱਤਾਂ ਪ੍ਰਤੀ ਵੀ ਆਪਣੇ ਫ਼ਰਜ਼ ਨਿਭਾਉਂਦੀ ਹੈ। ਅਜਿਹੀ ਸੋਚ ਚੰਗੇ ਆਦਰਸ਼ਕ ਜੀਵਨ ਵਿੱਚੋਂ ਹੀ ਉਤਪਨ ਹੁੰਦੀ ਹੈ। ਮਨਜੀਤ ਨੇਕੀ ਅਤੇ ਸੱਚ ਨੂੰ ਪ੍ਰੇਰਦੀ ਹੈ। ਉਹ ਆਪਣੇ ਵਿਰਸੇ ਨੂੰ ਬਚਾਉਣ ਅਤੇ ਸਾਂਭਣ ਲਈ ਯਤਨਸ਼ੀਲ ਹੈ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤੀਲ੍ਹਾ-ਤੀਲ੍ਹਾ ਚੁਗਦੀ ਫਿਰਦੀ ਹੋਕਾ ਵੀ ਦਿੰਦੀ ਹੋਵੇ ਕਿ ਹੈ ਕੋਈ ਪੰਜਾਬੀਅਤ ਦਾ ਮੁੱਦਈ? ਡਾ. ਮੋਹਨ ਤਿਆਗੀ ਤੇ ਅਵਤਾਰ ਸਿੰਘ ਆਦਮਪੁਰੀ ਦੀਆਂ ਉਪਰੋਕਤ ਸਾਰੀਆਂ ਗੱਲਾਂ ਮਨਜੀਤ ਕੌਰ ਗਿੱਲ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਸਮਰਪਿਤ ਭਾਵਨਾ ਤੇ ਹੁਣ ਤਕ ਕੀਤੇ ਕਲਮੀ ਕਾਰਜ ਦੀ ਨਿੱਠ ਕੇ ਪ੍ਰੋੜਤਾ ਕਰਦੀਆਂ ਹਨ। ਮਨਜੀਤ ਕੌਰ ਗਿੱਲ ਦਾ ਜਨਮ ਅਪ੍ਰੈਲ 1963 ਨੂੰ ਪਿਤਾ ਗਿਆਨ ਸਿੰਘ ਬੈਂਸ ਤੇ ਮਾਤਾ ਰਣਜੀਤ ਕੌਰ ਬੈਂਸ ਦੇ ਘਰ ਨਾਨਕੇ ਪਿੰਡ ਬੰਬੇਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਮਨਜੀਤ ਦਾ ਪੇਕਾ ਪਿੰਡ ਬਾਹੋਵਾਲ (ਹੁਸ਼ਿਆਰਪੁਰ) ਹੈ। ਆਪਣੀ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ 1983 ਵਿਚ ਵਿਆਹ ਉਪਰੰਤ ਉਹ 1985 ਵਿਚ ਇੰਗਲੈਂਡ ਪੁੱਜੀ ਤੇ ਫਿਰ ਅਮਰੀਕਾ ਪਹੁੰਚ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਮਨਜੀਤ ਕੌਰ ਗਿੱਲ ਨੂੰ ਆਪਣੀ ਪਰਵਾਸੀ ਜ਼ਿੰਦਗੀ ਦੇ ਆਰੰਭਕ ਦੌਰ ’ਚ ਸਮਾਜਿਕ ਤੇ ਘਰੇਲੂ ਪੱਧਰ ’ਤੇ ਬਹੁਤ ਸੰਘਰਸ਼ ਕਰਨਾ ਪਿਆ ਹੈ। ਇਸ ਸੰਘਰਸ਼ ਦੀ ਵਿਸਤ੍ਰਿਤ ਵਿਥਿਆ ਉਸ ਦੇ ਸਵੈ ਜੀਵਨੀ ਮੂਲਕ ਨਾਵਲ ‘ਆਤਮ ਯਾਤਰਾ’ ’ਚੋਂ ਜਾਣੀ ਜਾ ਸਕਦੀ ਹੈ। ਕਾਵਿ-ਸਿਰਜਣਾ ਨਾਲ ਜੁੜਨ ਬਾਰੇ ਉਸ ਦਾ ਆਖਣਾ ਹੈ ਕਿ ਘਰ ਵਿਚ ਬਿਮਾਰੀ ਆ ਜਾਣ ਕਰਕੇ ਜ਼ਿੰਦਗੀ ਦਾ ਰੁਖ ਸੰਨਾਟੇ ਵਿਚ ਬਦਲ ਗਿਆ ਜਿਸ ਕਾਰਨ ਮਨ ਵਿਚ ਦੁੱਖਾਂ ਦੇ ਬਲਬਲੇ ਉੱਠਣ ਲੱਗੇ ਅਤੇ ਆਪਣੇ ਵਤਨ ਦਾ ਵਿਛੋੜਾ ਮਹਿਸੂਸ ਹੋਇਆ। ਮੇਰੇ ਇਕੱਲੇਪਨ ਨੇ ਹੀ ਮੈਥੋਂ ਸ਼ਾਇਰੀ ਲਿਖਾਈ ਅਤੇ ਮਨ ਵਿਚ ਫੁਰਿਆ ਇਕ-ਇਕ ਫੁਰਨਾ ਮੈਂ ਕਾਗ਼ਜ਼ ’ਤੇ ਉਤਾਰਨਾ ਸ਼ੁਰੂ ਕਰ ਦਿੱਤਾ। ਗੌਰਤਲਬ ਹੈ ਕਿ ਮਨਜੀਤ ਕੌਰ ਗਿੱਲ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦੀ ਮਾਲਕ ਹੈ। ਉਸ ਨੇ ਜਿੱਥੇ ਕਵਿਤਾ ਲਿਖੀ ਹੈ ਉੱਥੇ ਕਹਾਣੀਆਂ ਵੀ ਲਿਖੀਆਂ ਹਨ ਤੇ ਨਾਵਲ ਵੀ ਲਿਖਿਆ ਹੈ। ਉਹ ਗਾ ਵੀ ਵਧੀਆ ਲੈਂਦੀ ਹੈ। ਉਸ ਦੀ ਆਵਾਜ਼ ਵੀ ਸੁਰੀਲੀ ਹੈ। ਕੁਦਰਤ ਵੱਲੋਂ ਦਿੱਤੇ ਅਨੇਕ ਗੁਣ ਸੰਪੰਨ ਮਨਜੀਤ ਕੌਰ ਗਿੱਲ ਦੇ 4 ਕਾਵਿ-ਸੰਗ੍ਰਹਿ ‘ਰੂਹ ਦੀਆਂ ਗੱਲਾਂ’, ‘ਰੂਹ ਦੇ ਰਿਸ਼ਤੇ’, ‘ਰੂਹ ਦੀ ਅੱਖ ਵਿੱਚੋਂ’ ਅਤੇ ‘ਚਰਖਾ’ ਪਾਠਕਾਂ ਕੋਲ ਪੁੱਜ ਚੱੁਕੇ ਹਨ। ਉਸ ਦੀਆਂ 9 ਕਹਾਣੀਆਂ ਦਾ ਸੰਗ੍ਰਹਿ ‘ਰਿਸ਼ਤਿਆਂ ਦੇ ਜ਼ਖ਼ਮ’ ਵੀ ਪਾਠਕਾਂ ਨੇ ਪੜ੍ਹਿਆ ਹੈ। ਸਵੈ ਜੀਵਨੀ ਮੂਲਕ ਨਾਵਲ ‘ਆਤਮ ਯਾਤਰਾ’ ਦਾ ਜ਼ਿਕਰ ਉੱਪਰ ਆ ਹੀ ਚੱੁਕਿਆ ਹੈ। ਇਨ੍ਹਾਂ ਸਾਰੀਆਂ ਰਚਨਾਵਾਂ ਬਾਰੇ ਮਨਜੀਤ ਦਾ ਕਹਿਣਾ ਹੈ ਕਿ ‘ਇਨ੍ਹਾਂ ਸਾਰੀਆਂ ਲਿਖਤਾਂ ਵਿਚ ਮੇਰੀ ਆਪਣੇ ਪੰਜਾਬ ਅਤੇ ਪੰਜਾਬੀਅਤ ਵਾਸਤੇ ਅਤੇ ਪੰਜਾਬੀ ਮਾਂ ਬੋਲੀ ਦੀ ਹੋਂਦ ਵਾਸਤੇ ਅਰਦਾਸ ਬੇਨਤੀ ਹੈ। ਮਨਜੀਤ ਕੌਰ ਦੇ ਚਾਰੇ ਕਾਵਿ-ਸੰਗ੍ਰਹਿ ਵਿਸ਼ਾਗਤ ਦ੍ਰਿਸ਼ਟੀ ਤੋਂ ਵਿਚਾਰਧਾਰਕ ਤੌਰ ’ਤੇ ਅੰਤਰਮੁਖਤਾ ਤੋਂ ਬਾਹਰਮੁਖਤਾ ਦੀ ਯਾਤਰਾ ਕਰਦੇ ਹੋਏ ਸੰਯੁਕਤ ਸਿਖਰ ’ਤੇ ਪੁੱਜਦੇ ਹਨ। ਰੂਹ ਨਾਲ ਜੁੜੀਆਂ ਗੱਲਾਂ ਜਦੋਂ ਰਚਨਾ ਦੇ ਰਸ ਨਾਲ ਰਸੀਆਂ ਜਾਂਦੀਆਂ ਹਨ ਤਾਂ ਪੜ੍ਹਨ ਵਾਲੇ ਦੀ ਰੂਹ ’ਤੇ ਰਸੂਖਦਾਰਾਂ ਵਾਲਾ ਅਸਰ ਹੁੰਦਾ ਹੈ। ਦਰਅਸਲ ਸਾਹਿਤ ਇਕ ਸ਼ਕਤੀਸ਼ਾਲੀ ਸ਼ਾਬਦਿਕ ਕਲਾ ਹੈ ਤੇ ਇਸ ਦਾ ਸਰੂਪ ਵੀ ਬਿੰਬਾਤਮਕ ਹੁੰਦਾ ਹੈ। ਮਨਜੀਤ ਕੌਰ ਗਿੱਲ ਇਹ ਸਰੂਪ ਸਿਰਜਣ ਵਿਚ ਪੂਰੀ ਤਰ੍ਹਾਂ ਸਫਲ ਹੈ। ਇਸ ਸਰੂਪ ਦੀ ਸਫਲਤਾ ਉਸ ਦੀਆਂ ਕਹਾਣੀਆਂ ਤੇ ਨਾਵਲ ਵਿਚ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਉਸ ਨੇ ਇਕ ਆਨ ਲਾਈਨ ਕਿਤਾਬ ‘ਸ਼ੇਅਰ ਅਰਜ਼ ਹੈ’ ਵੀ ਲਿਖੀ ਹੈ। ਮਨਜੀਤ ਦੀ ਇਕ ਕਵਿਤਾ ‘ਜ਼ਿੰਦਗੀ ਦੀਆਂ’ ਵੀ ਆਪ ਦੀ ਨਜ਼ਰ ਹੈ:- ਜ਼ਿੰਦਗੀ ਦੀਆਂ ਚਿਲਮਾਂ ਭਰਦਾ ਏ ਮਨਜੀਤ ਕੌਰ ਗਿੱਲ ਨਾਲ ਹੋਏ ਬਹੁਪੱਖੀ ਸਾਰਥਿਕ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਲਿਖੇ ਜਾਂਦੇ ਹਨ :- * 2002 ਵਿਚ ਮੈਂ ਸਿਆਟਲ ਸ਼ਹਿਰ ਦੇ ਕੋਲ ਵੱਸਦੇ ਕੈਂਟ ਨਾਮ ਦੇ ਸ਼ਹਿਰ ਵਿਚ ਆ ਵਸੀ ਤੇ ਇਥੇ ਮੇਰੀ ਜਾਣ ਪਛਾਣ ‘ਪੰਜਾਬੀ ਲਿਖਾਰੀ ਸਭਾ ਸਿਆਟਲ’ ਨਾਲ ਹੋਈ ਜਿਸ ਦੇ ਮੋਢੀ ਮਸ਼ਹੂਰ ਗ਼ਜ਼ਲਗੋ ਹਰਭਜਨ ਸਿੰਘ ਬੈਂਸ, ਅਵਤਾਰ ਸਿੰਘ ਆਦਮਪੁਰੀ, ਬੀਬੀ ਸਵਰਾਜ ਕੌਰ ਅਤੇ ਵਾਸਦੇਵ ਸਿੰਘ ਪਰਿਹਾਰ ਹਨ। ਸਭਾ ਦੀ ਮੈਂਬਰ ਬਣ ਕੇ ਮੈਂ ਬਹੁਤ ਕੁਝ ਸਿੱਖਿਆ ਤੇ ਜਾਣਿਆ। ਬਹੁਤ ਸਾਰੇ ਲੇਖਕਾਂ ਨੂੰ ਮਿਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਅੱਜਕਲ੍ਹ ਦੇ ਸਭਾ ਦੇ ਸਰਗਰਮ ਮੈਂਬਰਾਂ ਵਿਚ ਹਰਦਿਆਲ ਸਿੰਘ ਚੀਮਾ, ਹਰਪਾਲ ਸਿੰਘ ਸਿੱਧੂ ਅਤੇ ਬੀਬੀ ਸਵਰਾਜ ਕੌਰ ਹਨ। ਬਾਕੀ ਮੈਂਬਰ ਵੀ ਅਕਸਰ ਲਿਖਦੇ ਰਹਿੰਦੇ ਹਨ। * ਇਸ ਮੁਲਕ (ਅਮਰੀਕਾ) ਵਿਚ ਪੈਸਾ ਹੈ, ਆਜ਼ਾਦੀ ਹੈ, ਸਫ਼ਾਈ ਹੈ, ਸਭ ਕੁਝ ਹੈ ਪਰ ਮਾਂ ਮਿੱਟੀ ਦੀ ਮਹਿਕ ਨਹੀਂ, ਉਹ ਫ਼ਸਲਾਂ, ਉਹ ਵਿਆਹਾਂ ਦੇ ਇਕੱਠ ਮੇਲੇ ਅਤੇ ਗਲੀ ਮੁਹੱਲੇ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਸਭ ਕੁਝ ਹੈ ਪਰ ਫਿਰ ਵੀ ਅਸੀਂ ਖ਼ਾਲੀ ਹਾਂ। ਸਭ ਤੋਂ ਜ਼ਿਆਦਾ ਤਕਲੀਫ਼ ਉਦੋੋਂ ਹੁੰਦੀ ਹੈ ਜਦੋਂ ਕੋਈ ਪੁੱਛਦਾ ਹੈ ਕਿ ‘ਵੇਅਰ ਫਰੌਮ।’ ਅਸੀਂ ਜਿੰਨੇ ਮਰਜ਼ੀ ਗੋਰਿਆਂ ਵਾਲੇ ਪਹਿਰਾਵੇ ਪਾ ਲਈਏ, ਅੰਗਰੇਜ਼ੀ ਬੋਲੀ ਜਾਈਏ ਪਰ ਸਾਡੇ ਸਰੀਰਾਂ ਦੀ ਬਣਤਰ ਅਤੇ ਨੈਣ ਨਕਸ਼ ਸਾਡਾ ਪਿਛੋਕੜ ਆਪਣੇ ਆਪ ਦੱਸ ਦਿੰਦੇ ਹਨ। ਸਿਟੀਜ਼ਨਸ਼ਿਪ ਲੈਣ ਨਾਲ ਅਸੀਂ ਬਾਹਰਲੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਾਂ ਪਰ ਆਪਣੀਆਂ ਜੜ੍ਹਾਂ ਨਹੀਂ ਬਦਲ ਸਕਦੇ। * ਮੇਰੇ ਖ਼ਿਆਲ ਮੁਤਾਬਕ ਜੋ ਕੁਝ ਅਸੀਂ ਅਮਰੀਕਾ-ਕੈਨੇਡਾ ਵਿਚ ਕਰਦੇ ਹਾਂ, ਉਹ ਜੇ ਪੰਜਾਬ ਜਾ ਕੇ ਕਰੀਏ ਤਾਂ ਆਪਣੇ ਵਿਰਸੇ ਨੂੰ ਸੰਭਾਲ ਸਕਦੇ ਹਾਂ। * ਸਾਹਿਤ ਸਭਾਵਾਂ, ਕਾਨਫਰੰਸਾਂ ਤੇ ਇਕੱਠ ਬਹੁਤ ਦੇਖੇ ਪਰ ਅਕਸਰ ਆਪੋ ਆਪਣੀ ਮਸ਼ਹੂਰੀ ਨਾਲ ਹੀ ਮਤਲਬ ਹੁੰਦਾ ਹੈ। ਇਸ ਤਰ੍ਹਾਂ ਲਗਦਾ ਹੈ ਜਿਵੇਂ ਮਾਂ-ਬੋਲੀ ਦੇ ਨਾਂ ’ਤੇ ਆਪਣਾ ਨਾਂ ਲਿਖਣ ਲੱਗੇ ਹੋਏ ਹਾਂ। ਕਾਸ਼! ਇਨ੍ਹਾਂ ਮੁਲਕਾਂ ਵਿਚ ਵੱਸਦੀਆਂ ਸਾਹਿਤ ਸਭਾਵਾਂ ਵਿੱਚੋਂ ਮੈਂ-ਮੈਂ ਮੁੱਕ ਜਾਵੇ ਤਾਂ ਸ਼ਾਇਦ ਮਾਂ-ਬੋਲੀ ਦਾ ਕੋਈ ਭਲਾ ਹੋ ਜਾਵੇ। * ਸਨਮਾਨਾਂ ਅਤੇ ਪੁਰਸਕਾਰਾਂ ਦਾ ਲੈਣ ਦੇਣ ਵੀ ਕਾਫ਼ੀ ਵੱਧ ਰਿਹਾ ਹੈ ਪਰ ਮੇਰੀ ਸੋਚ ਮੁਤਾਬਕ ਇਹ ਉਹੀ ਲੈਣ ਦੇਣ ਹੈ ਜੋ ਆਪਣੇ ਵਿਆਹਾਂ-ਸ਼ਾਦੀਆਂ ਵਿਚ ਹੁੰਦਾ ਹੈ। …ਕਾਸ਼! ਵੱਡੇ-ਵੱਡੇ ਸਨਮਾਨ ਲੈਣ ਜਾਂ ਦੇਣ ਵਾਲਿਆਂ ਨੂੰ ਵੀ ਮਾਂ-ਬੋਲੀ ਅਤੇ ਵਿਰਸਾ ਬਚਾਉਣ ਦਾ ਫ਼ਿਕਰ ਹੁੰਦਾ ਤਾਂ ਅਸੀਂ ਦੂਰ ਬੈਠੇ ਫ਼ਿਕਰਮੰਦ ਨਾ ਹੁੰਦੇ। ਨਿਰਸੰਦੇਹ ਮਨਜੀਤ ਕੌਰ ਗਿੱਲ ਦੇ ਖ਼ਿਆਲ/ਵਿਚਾਰ ਇਕਾਗਰਤਾ ਸਹਿਤ ਵਿਚਾਰੇ ਜਾਣ ਦੀ ਮੰਗ ਕਰਦੇ ਹਨ। ਉਸ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸਮਰਪਣ ਭਾਵਨਾ ਬੜੀ ਮੁੱਲਵਾਨ ਹੈ। ਉਸ ਦੀਆਂ ਸੰਵੇਦਨਾ ਸੰਪੰਨ ਲਿਖਤਾਂ ਵੀ ਵਿਲੱਖਣਤਾ ਦੀਆਂ ਧਾਰਨੀ ਹਨ। ਉਸ ਦੀ ਕਲਮ ਦੀ ਕਦਰ ਕਰਨੀ ਬਣਦੀ ਹੈ। |