ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਵੱਸਦਾ ਦਵਿੰਦਰ ਸਿੰਘ ਮਲਹਾਂਸ ਪੰਜਾਬੀ ਕਹਾਣੀ ਦੇ ਨਵੇਂ ਪੋਚ ਦਾ ਸਮਰੱਥ ਕਹਾਣੀਕਾਰ ਹੈ। ਆਮ ਤੌਰ ’ਤੇ ਪੰਜਾਬੀ ਕਹਾਣੀਕਾਰਾਂ ਦੀ ਚੌਥੀ ਤੇ ਪੰਜਵੀਂ ਪੀੜ੍ਹੀ ਨਵੇਂ ਪੋਚ ਵਿਚ ਗਿਣੀ ਜਾਂਦੀ ਹੈ। ਉਂਜ ਹਰ ਨਵੀਂ ਪੀੜ੍ਹੀ ਆਪਣੇ ਆਪ ਵਿਚ ਇੱਕ ਨਵਾਂ ਪੋਚ ਹੀ ਹੁੰਦੀ ਹੈ। ਦਵਿੰਦਰ ਸਿੰਘ ਮਲਹਾਂਸ ਬਾਰੇ ਇਹ ਗੱਲ ਉਸ ਦੇ ਵੱਡੇ ਭਾਈ ਤੇ ਪੰਜਾਬੀ ਦੇ ਨਾਮਵਰ ਕਹਾਣੀਕਾਰ ਜਤਿੰਦਰ ਹਾਂਸ ਨੇ ਕਹੀ ਹੈ ਜੋ ਸੌ ਪ੍ਰਤੀਸ਼ਤ ਸਹੀ ਹੈ। ਦਵਿੰਦਰ ਸਿੰਘ ਮਲਹਾਂਸ ਦਾ ਜਨਮ 26 ਫਰਵਰੀ 1979 ਨੂੰ ਮਾਤਾ ਰਣਜੀਤ ਕੌਰ ਅਤੇ ਪਿਤਾ ਜਥੇਦਾਰ ਲਾਭ ਸਿੰਘ ਦੇ ਘਰ ਪਿੰਡ ਅਲੂਣਾ ਤੋਲਾ (ਲੁਧਿਆਣਾ) ਵਿਖੇ ਹੋਇਆ। ਮਲਹਾਂਸ ਨੇ ਐੱਮਏ ਪੰਜਾਬੀ ਕੀਤੀ। ਰੁਜ਼ਗਾਰ ਲੱਭਣ ਲਈ ਕਾਫ਼ੀ ਭੱਜ ਨੱਠ ਕੀਤੀ ਪਰ ਰੁਜ਼ਗਾਰ ਨਾ ਮਿਲਣ ਕਰਕੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਤੇ ਕਾਫ਼ੀ ਜੱਦੋ-ਜਹਿਦ ਬਾਅਦ ਵੱਖ-ਵੱਖ ਦੇਸ਼ਾਂ ਵਿੱਚੋਂ ਹੁੰਦਾ ਹੋਇਆ ਮਲਹਾਂਸ ਕੈਨੇਡਾ ਪਹੁੰਚ ਗਿਆ ਤੇ 2002 ਤੋਂ ਕੈਲਗਰੀ ਵਿੱਚ ਨਿਵਾਸ ਹੈ। ਦਵਿੰਦਰ ਸਿੰਘ ਮਲਹਾਂਸ ਦੇ ਸਾਹਿਤ ਵਾਲੇ ਪਾਸੇ ਆਉਣ ਦੀ ਵਿਥਿਆ ਉਸ ਦੀ ਆਪਣੀ ਜ਼ੁਬਾਨੀ ਇਉਂ ਹੈ :- ਦਵਿੰਦਰ ਸਿੰਘ ਮਲਹਾਂਸ ਦੇ ਹੁਣ ਤਕ ਦੋ ਕਹਾਣੀ ਸੰਗ੍ਰਹਿ ‘ਬੇਗਮ ਅਤੇ ਗ਼ੁਲਾਮ’ ਅਤੇ ‘ਗੋਰੀ ਸਰਕਾਰ’ ਪਾਠਕਾਂ ਨੇ ਪੜ੍ਹੇ ਹਨ ਜਿਨ੍ਹਾਂ ਵਿਚ ਕੁਲ 23 ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੀ ਅੰਤਰਾਤਮਾ ਪਾਠਕਾਂ ਦੇ ਅੰਤਹਕਰਣ ਨੂੰ ਹਲੂਣਾ ਦੇਣ ਦਾ ਕਾਰਜ ਸਫ਼ਲਤਾ ਨਾਲ ਕਰਦੀ ਹੈ। ਇਨ੍ਹਾਂ ਦੇ ਦੀਰਘ ਅਧਿਐਨ ’ਚੋਂ ਉੱਭਰਕੇ ਆਉਂਦਾ ਇਹ ਨੁਕਤਾ ਕਾਬਲਿ ਗੌਰ ਹੈ ਕਿ ਸੱਭਿਆਚਾਰਕ ਸੰਸ਼ਲੇਸ਼ਣ ਜਦੋਂ ਆਪਣੀ ਹੋਂਦ-ਹਸਤੀ ਸੰਪੂਰਨ ਨਹੀਂ ਰੱਖ ਪਾਉਂਦਾ ਤਾਂ ਹਾਲਾਤਿ-ਮੰਜ਼ਰ ਦਾ ਰੁਖ ਬਹੁਤ ਸੁਖਾਵਾਂ ਨਹੀਂ ਰਹਿ ਸਕਦਾ। ਜਿੰਨਾ ਚਿਰ ਨਵਾਂ, ਪੁਰਾਣੇ ਦੀ ਥਾਂ ਨਹੀਂ ਲੈਂਦਾ, ਸਮਾਨੰਤਰ ਸੱਭਿਆਚਾਰਕ ਅਵਚੇਤਨ, ਪੂਰਬਲੇ ਸੱਭਿਆਚਾਰਕ ਅਵਚੇਤਨ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦਾ। ਉਨਾ ਚਿਰ ਕਈ ਸੱਭਿਆਚਾਰਾਂ/ਸੰਸਕ੍ਰਿਤੀਆਂ ਜਾਂ ਰਹਿਤਲਾਂ ਵਿਚ ਵਿਚਰਦੇ ਪੰਜਾਬੀ ਬੰਦੇ ਦਾ ਵਰਤਾਰਾ ਵੀ ਬਹੁ ਭਾਂਤੀ ਹੋਵੇਗਾ। ਇੰਜ ਹੀ ਆਵਾਸ ’ਤੇ ਪਰਵਾਸ ਅਤੇ ਪਰਵਾਸ ’ਤੇ ਆਵਾਸ ਕਿਸੇ ਨਾ ਕਿਸੇ ਅਨੁਪਾਤਕ ਰੂਪ ਵਿਚ ਇੱਕ ਦੂਜੇ ’ਤੇ ਅਸਰਅੰਦਾਜ਼ ਹੁੰਦਾ ਰਹੇਗਾ। ਇਹ ਸਭ ਕੁਝ ਸਾਹਿਤ ਵਿਚ ਵੀ ਆਵੇਗਾ। ਇਹ ਸਭ ਕੁਝ ਦਵਿੰਦਰ ਸਿੰਘ ਮਲਹਾਂਸ ਦੀਆਂ ਕਹਾਣੀਆਂ ਵਿਚ ਵੀ ਆਇਆ ਹੈ। ਗੱਲ ਕਿੱਥੋਂ ਕਿੱਥੇ ਪੁਜ ਜਾਵੇਗੀ, ਇਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ। ਵਕਤ ਦੀ ਵਿਡੰਬਨਾ, ਵਕਤ ਦਾ ਮਜ਼ਾਕ ਕਿਸ ਪੱਧਰ ਤਕ ਜਾਵੇਗਾ, ਕੁਝ ਕਿਹਾ ਨਹੀਂ ਜਾ ਸਕਦਾ ਪਰ ਫਿਰ ਵੀ ਜਦੋਂ ਮਲਹਾਂਸ ਦੀ ਕਹਾਣੀ ‘ਸਰਕਾਰੀ ਨਲਕਾ’ ਵਿੱਚੋਂ ਇਹ ਸਤਰ੍ਹਾਂ ਪੜ੍ਹਦੇ ਹਾਂ ਤਾਂ ਸਥਿਤੀਆ ਦੀ ਕੁੜੱਤਣ ਦਾ ਕੁਝ ਨਾ ਕੁਝ ਆਭਾਸ ਜ਼ਰੂਰ ਹੋ ਜਾਂਦਾ ਹੈ। ਸਤਰਾਂ ਹਨ :- * ‘‘ਲੈ ਪਹਿਲਾਂ ਕਿਉਂ ਨੀ ਦੱਸਿਆ ਆਪਾਂ ਉਹਨੂੰ ਕੱਢ ਲੈਂਦੇ।’’ ਕਹਿ ਕੇ ਉਸਦਾ ਹਾਸਾ ਨਿਕਲਿਆ ਤੇ ਫੇਰ ਸੀਰੀਅਸ ਹੋ ਕੇ ਇਕਦਮ ਬੋਲਿਆ ‘‘ਹੇ ਸੱਚਿਆ ਪਾਤਸ਼ਾਹ, ਕਲਯੁਗ ਸੱਚੀਂ ਮੁੱਚੀ ਆ ਗਿਆ, ਕਦੇ ਕਿਸੇ ਦੀ ਧੀ-ਭੈਣ ਕੱਢਣਾ ਸਿਰੇ ਦੀ ਗਾਲ਼ ਹੁੰਦੀ ਸੀ ਤੇ ਅੱਜ ਲੋਕ ਇੰਨੇ ਗਿਰ ਗਏ ਕਿ ਖ਼ੁਦ ਕਹਿ ਰਹੇ ਨੇ ਮੇਰੀ ਧੀ ਕੱਢੋ। ਮੇਰੀ ਭੈਣ ਕੱਢੋ। ਮੇਰੀ ਮਾਸੀ ਕੱਢੋ। ਕੀ ਬਣੂ ਇਸ ਦੁਨੀਆ ਦਾ। ਅੱਗੇ ਕਤਲ ਹੋ ਜਾਂਦੇ ਸੀ ਕੱਢਣ ਕਢਾਉਣ ਉੱਤੇ ਤੇ ਹੁਣ ਅਹਿਸਾਨ ਮੰਨਦੇ ਨੇ।’’ ਦਵਿੰਦਰ ਸਿੰਘ ਮਲਹਾਂਸ ਦੀ ਖ਼ਾਸੀਅਤ ਹੈ ਕਿ ਉਹ ਨਵੇਂ ਨੁਕਤਾ ਨਿਗਾਹ ਤੋਂ ਵਸਤੂ ਯਥਾਰਥ ਨੂੰ ਘੋਖਦਾ ਹੈ। ਖੋਲਮੁਖੀ ਬਿਰਤੀ ਤੋਂ ਉਸਦੀ ਕਲਮ ਬਹੁਤ ਦੂਰੀ ਰੱਖਦੀ ਹੈ। ਉਸ ਨੂੰ ਪਤਾ ਹੈ ਕਿ ਮਹਿਜ ਰੁਮਾਨੀ ਸੋਚ ਕੋਈ ਮਾਅਰਕਾ ਨਹੀਂ ਮਾਰ ਸਕਦੀ। ਹਾਲਾਤ ਦੇ ਬਦਲਦੇ ਪ੍ਰਸੰਗ ਉਸਦੀ ਕਲਮ ਦਾ ਕੇਂਦਰ ਬਣਦੇ ਹਨ। ਸਮੁੰਦਰ ਵਿਚ ਸੁੱਖ ਦਾ ਸਾਹ ਲੈਣ ਗਈ ਲੂਣ ਦੀ ਡਲੀ ਕਿਵੇਂ ਸਮੁੰਦਰ ਵਿਚ ਖਪਤ ਹੋ ਜਾਂਦੀ ਹੈ। ਇਸ ਦੀ ਬਾਖ਼ੂਬੀ ਅਨੁਭੂਤੀ ਹੈ ਮਲਹਾਂਸ ਕੋਲ। ਏਸੇ ਲਈ ਉਹ ਸਹਿਜਤਾ ਨਾਲ ਡੂੰਘੀਆਂ ਰਮਜ਼ਾਂ ਛੇੜਨ ਦੀ ਯੋਗਤਾ ਰੱਖਦਾ ਹੈ। ਵਾਸਤਵਿਕਤਾ ਇਹ ਵੀ ਹੈ ਕਿ ਪਰਵਾਸ ਦੀ ਧਰਤੀ ਉਤੇ ਜੰਮੀ ਆਪਣੀ ਅਗਲੀ ਪੀੜ੍ਹੀ ਲਈ ਉਹ ਧਰਤੀ ਮੂਲ ਭੂਮੀ ਹੈ ਤੇ ਰਹੇਗੀ ਵੀ। ਉਸ ਪੀੜ੍ਹੀ ਲਈ ਉਹ ਪਰਵਾਸੀ ਧਰਤੀ ਨਹੀਂ ਹੋਵੇਗੀ। ਸਗੋਂ ਉਸ ਲਈ ਤਾਂ ਮਾਪਿਆਂ ਵਾਲਾ ਦੇਸ਼ ਪਰਵਾਸ ਬਣ ਜਾਵੇਗਾ। ਜਦੋਂ ਇੱਕ ਦਿਨ ਸੰਬੰਧਿਤ ਧਿਰਾਂ ਲਈ ਪਰਵਾਸ ਦੇ ਅਰਥ ਹੀ ਬਦਲ ਜਾਣਗੇ ਤਾਂ ਸਹਿਜੇ ਸਹਿਜੇ ਬਾਕੀ ਸਭ ਕੁਝ ਵੀ ਆਪਣੇ ਪਹਿਲੇ ਅਰਥ ਗਵਾ ਬੈਠੇਗਾ। ਉਦੋਂ ਆਵਾਸੀ-ਪਰਵਾਸੀ ਦ੍ਰਿਸ਼ ਵਿਚ ਇੱਕ ਖ਼ਾਸ ਕਿਸਮ ਦੀ ਕਸ਼ਮਕਸ਼ ਤੇਜੀ ਨਾਲ ਪੈਦਾ ਹੋਵੇਗੀ ਜਿਸ ਦਾ ਨਾ ਹੋਣ ਵਾਲਾ ਅੰਤ ਉਡੀਕਦਿਆਂ ਹੀ ਉਮਰਾਂ ਬੀਤ ਜਾਣਗੀਆਂ। ਹੋਣੀਆਂ-ਅਣਹੋਣੀਆਂ ਦੀ ਜੂੜਵੀਂ ਚਾਲ ਨਸੀਬਾਂ ਦੇ ਵੀ ਨਸੀਬ ਬਦਲ ਦੇਵੇਗੀ। ਕਿਆਸ ਆਰਾਈਆਂ ਕਾਫ਼ੂਰ ਹੋਣਗੀਆਂ ਤੇ ਕੌੜਾ ਸੱਚ ਅੱਕ ਚੱਬਣ ਬਰਾਬਰ ਹੋ ਨਿਬੜੇਗਾ। ਦਵਿੰਦਰ ਸਿੰਘ ਮਲਹਾਂਸ ਦੀਆਂ ਕਹਾਣੀਆਂ ਵਿਚ ਵਰਤਮਾਨ ਦੀ ਵਾਸਤਵਿਕਤਾ ਹੀ ਨਹੀਂ ਸਗੋਂ ਭਵਿੱਖ ਦਾ ਮੂੰਹ-ਮੁਹਾਂਦਰਾ ਵੀ ਕਾਫ਼ੀ ਹੱਦ ਤਕ ਨਜ਼ਰ ਆਉਂਦਾ ਹੈ। ਏਥੋਂ ਓਥੇ ਜਾ ਕੇ ਦੇਸੀ ਭਾਈਆਂ ਦੀ ਅਮੀਰੀ ਉਪਰੰਤ ਪੂੰਜੀਵਾਦੀ ਸ਼ਰੀਕੇਬਾਜ਼ੀ, ਆਰਥਿਕ ਰਿਸ਼ਤਿਆਂ ਦਾ ਆਤਮਿਕ ਰਿਸ਼ਤਿਆਂ ਉੱਪਰ ਬੇਲੋੜਾ ਭਾਰ, ਦੇਹਵਾਦੀ ਰੁਚੀਆਂ ਦਾ ਦੁਖਾਂਤ, ਬੰਦ ਸਮਾਜ ਤੇ ਖੁੱਲ੍ਹੇ ਸਮਾਜ ਦਾ ਟਕਰਾਅ ਆਦਿ ਹੋਰ ਐਸੇ ਪੱਖ ਹਨ ਜਿਨ੍ਹਾਂ ਵਿੱਚੋਂ ਵਿਦੇਸ਼ੀ ਧਰਤੀ ’ਤੇ ਵਿਚਰਦੇ ਬੰਦੇ ਦੀ ਵਾਸਤਵਿਕਤਾ ਇਨ੍ਹਾਂ ਕਹਾਣੀਆਂ ਰਾਹੀਂ ਜਾਣੀ ਜਾ ਸਕਦੀ ਹੈ। ਦਵਿੰਦਰ ਸਿੰਘ ਮਲਹਾਂਸ ਅਸਲ ਮੁੱਦਿਆਂ ਨੂੰ ਹਾਸ਼ੀਏ ’ਤੇ ਕਰਕੇ ਭਰਮ ਦਾ ਯਥਾਰਥ ਸਿਰਜਣ ਦੇ ਵਿਰੁੱਧ ਹੈ। ‘ਡੌਕਰ ਦੀ ਉਡੀਕ’, ‘ਵਿਸ਼ਵਾਮਿੱਤਰ’, ‘ਸ਼ਨਾਖ਼ਤ’, ‘ਬੇਗਮ ਤੇ ਗ਼ੁਲਾਮ’, ‘ਕਾਲਾ ਸੱਪ ਤੇ ਕਿਰਲੀਆਂ’, ‘ਮਾਈਂਡ ਨਾ ਕਰੀਂ’, ‘ਸਰਕਾਰੀ ਨਲਕਾ’, ‘ਗੋਰੀ ਸਰਕਾਰ’, ‘ਸੂਜਨ-ਪਾਮਿਲਾ’, ‘ਤੇ ਉਸ ਤੋਂ ਬਾਅਦ’, ‘ਮੁੰਡਾ’ ਆਦਿ ਉਸ ਦੀ ਕੋਈ ਵੀ ਕਹਾਣੀ ਪੜ੍ਹ ਲਓ, ਕਹਾਣੀ ਮਨ-ਮਸਤਕ ਵਿਚ ਲਹਿ ਜਾਂਦੀ ਹੈ ਤੇ ਬਹੁਤ ਕੁਝ ਕਹਿ ਜਾਂਦੀ ਹੈ। ਜਿਨ੍ਹਾਂ ਅਜੇ ਨਹੀਂ ਪੜ੍ਹੀਆਂ, ਪੰਜਾਬੀ ਕਹਾਣੀ ਦੇ ਪਾਠਕਾਂ ਨੂੰ ਦਵਿੰਦਰ ਸਿੰਘ ਮਲਹਾਂਸ ਦੀਆਂ ਦੋਵੇੇਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਪ੍ਰੇਮ ਪ੍ਰਕਾਸ਼, ਡਾ. ਸਰਘੀ, ਡਾ. ਬਲਜਿੰਦਰ ਨਸਰਾਲੀ ਤੇ ਜਸਬੀਰ ਸਿੰਘ ਰਾਣਾ ਨੇ ਵੀ ਮਲਹਾਂਸ ਦੀਆਂ ਕਹਾਣੀਆਂ ਬਾਰੇ ਆਪਣੇ ਭਾਵਪੂਰਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਦਵਿੰਦਰ ਸਿੰਘ ਮਲਹਾਂਸ ਨਾਲ ਹੋਏ ਸਾਹਿਤਕ ਵਿਚਾਰ ਵਟਾਂਦਰੇ ’ਚੋਂ ਉਸ ਵੱਲੋਂ ਕੁਝ ਅੰਸ਼ ਆਪਦੀ ਨਜ਼ਰ ਹਨ :- * ਮੇਰੀ ਜਾਚੇ ਕਹਾਣੀ ਵਿਧਾ ਬਾਕੀ ਦੂਜੀਆਂ ਵਿਧਾਵਾਂ ਨਾਲੋਂ ਵੱਧ ਪੜ੍ਹੀ ਜਾਂਦੀ ਹੈ। ਪੰਜਾਬੀ ਵਿਚ ਵਧੀਆ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ ਜੋ ਰਾਸ਼ਟਰ ਪੱਧਰ ਦੀਆਂ ਕਹਾਣੀਆਂ ਦੇ ਮੁਕਾਬਲਤਨ ਖੜ੍ਹੀਆਂ ਹਨ। * ਕੈਨੇਡਾ ਦੇ ਕਹਾਣੀਕਾਰਾਂ ਕੋਲ ਦੂਹਰੇ ਅਨੁਭਵ ਹੋਣ ਕਰਕੇ ਉਨ੍ਹਾਂ ਦਾ ਲਿਖਣ ਦਾ ਦਾਇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਪਰਵਾਸੀ ਕਹਾਣੀ ਵਿੱਚੋਂ ਕੈਨੇਡਾ ਦੀ ਪੰਜਾਬੀ ਕਹਾਣੀ ਅਜੋਕੇ ਸਮੇਂ ਵਿਚ ਮੁੱਢਲੀ ਕਤਾਰ ਵਿਚ ਖੜ੍ਹੀ ਦਿਖਾਈ ਦਿੰਦੀ ਹੈ, ਜੋ ਪਹਿਲਾਂ ਇੰਗਲੈਂਡ ਦੀ ਪੰਜਾਬੀ ਕਹਾਣੀ ਹੁੰਦੀ ਸੀ। ਕੈਨੇਡਾ ਵਿਚ ਕਾਫ਼ੀ ਕਹਾਣੀਕਾਰ ਸਰਗਰਮ ਹਨ ਜਿਵੇਂ ਕਿ ਜਰਨੈਲ ਸਿੰਘ, ਬਲਬੀਰ ਕੌਰ ਸੰਘੇੜਾ, ਮੇਜਰ ਮਾਂਗਟ, ਹਰਕੀਕਤ ਚਹਿਲ, ਹਰਪ੍ਰੀਤ ਸੇਖਾ ਤੇ ਜੋਰਾਵਰ ਸਿੰਘ ਬਾਂਸਲ। * ਮੈਂ ਕਾਫ਼ੀ ਸਮਾਂ ਪਹਿਲਾਂ ਜਰਮਨ ਬਾਰੇ ਇੱਕ ਨਾਵਲ ਸ਼ੁਰੂ ਕੀਤਾ ਸੀ। ਕਾਫ਼ੀ ਲਿਖ ਵੀ ਲਿਆ ਸੀ, ਪਰ ਮੇਰੀ ਸੰਤੁਸ਼ਟੀ ਨਹੀਂ ਹੋਈ। ਕੋਰੋਨਾ ਕਾਲ ਦੌਰਾਨ ਕਾਫ਼ੀ ਖੁੱਲ੍ਹਾ ਵਕਤ ਮਿਲਿਆ। ਮੈਂ ਉਹੀ ਨਾਵਲ ਦੁਆਰਾ ਸ਼ੁਰੂ ਕੀਤਾ। ਹੁਣ ਮੇਰਾ ਨਵਾਂ ਨਾਵਲ ‘ਜੰਗਲੀ ਗੁਲਾਬ’ ਜੋ ਛਪਾਈ ਅਧੀਨ ਹੈ, ਜਲਦੀ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ। * ਪੰਜਾਬੀਆਂ ਵਿਚ ਭੂ ਹੇਰਵਾ ਦੂਜੇ ਪਰਵਾਸੀਆਂ ਦੇ ਮੁਕਾਬਲੇ ਹੋਰ ਵਧੇਰੇ ਹੈ। ਉਦਾਹਰਣ ਦੇ ਤੌਰ ’ਤੇ ਪੰਜਾਬੀ ਦੁਨੀਆ ਦੇ ਜਿਸ ਸ਼ਹਿਰ ਵਿਚ ਵੀ ਗਏ, ਉਨ੍ਹਾਂ ਦੀ ਕੋਸ਼ਿਸ਼ ਰਹੀ ਕਿ ਏਅਰਪੋਰਟ ਦੇ ਨਜ਼ਦੀਕ ਵਾਸਾ ਕੀਤਾ ਜਾਵੇ। ਮੈਂ ਸਮਝਦਾ ਹਾਂ, ਉਹ ਕਿਤੇ ਨਾ ਕਿਤੇ ਮਨ ਨੂੰ ਧਰਵਾਸ ਜਾਂ ਤਸੱਲੀ ਦੇਣ ਲਈ ਬਾਹਰ ਜਾ ਕੇ ਵੀ ਜਿੰਨਾ ਪੰਜਾਬ ਦੇ ਨੇੜੇ ਰਹਿ ਸਕਦੇ ਸੀ ਰਹੇ। ਵਿਦੇਸ਼ ਵਿਚ ਏਅਰਪੋਰਟ ਹੀ ਪੰਜਾਬ ਦੇ ਨੇੜੇ ਹੁੰਦਾ ਹੈ। ਉਥੋਂ ਜਦ ਮਰਜ਼ੀ ਜਹਾਜ਼ੇ ਚੜ੍ਹਕੇ ਇੰਡੀਆ ਆ-ਜਾ ਸਕਦੇ ਹਨ। * ਆਮ ਪੰਜਾਬੀਆਂ ਦੀ ਰਾਜਨੀਤੀ ਵਿਚ ਬਹੁਤ ਦਿਲਚਸਪੀ ਹੁੰਦੀ ਹੈ। ਪਰ ਪਰਵਾਸੀ ਪੰਜਾਬੀ ਜਿੰਨੀ ਪੰਜਾਬ ਤੇ ਇੰਡੀਆ ਦੀ ਰਾਜਨੀਤੀ ਵਿਚ ਦਿਲਚਸਪੀ ਲੈਂਦੇ ਨੇ, ਉਨੀ ਕੈਨੇਡਾ ਦੀ ਰਾਜਨੀਤੀ ਵਿਚ ਨਹੀਂ। ਬਹੁਤੀ ਵਾਰ ਬਹੁਤਿਆਂ ਨੂੰ ਆਪਣੇ ਹਲਕੇ ਦੇ ਐੱਮਪੀ, ਕੌਂਸਲਰ ਵਗੈਰਾ ਦੇ ਨਾਮ ਤਕ ਵੀ ਨਹੀਂ ਪਤਾ ਹੁੰਦੇ। * ਸਆਦਤ ਹਸਨ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਮੇਰੇ ਮਨਪਸੰਦ ਸਾਹਿਤਕਾਰ ਹਨ। ਕੁਲਵੰਤ ਸਿੰਘ ਵਿਰਕ ਤੇ ਪ੍ਰੇਮ ਪ੍ਰਕਾਸ਼ ਵੀ ਮਨਪਸੰਦ ਹਨ। ਚੌਥੀ ਪੀੜ੍ਹੀ ਦੇ ਸਾਹਿਤਕਾਰਾਂ ’ਚੋਂ ਜਤਿੰਦਰ ਹਾਂਸ, ਬਲਵਿੰਦਰ ਗਰੇਵਾਲ, ਸਾਂਵਲ ਧਾਮੀ, ਬਲਜਿੰਦਰ ਨਸਰਾਲੀ, ਸੁਖਜੀਤ ਅਤੇ ਜਸਬੀਰ ਸਿੰਘ ਰਾਣਾ ਆਦਿ। * ਅੱਜ ਦੇ ਸਮੇਂ ’ਚ ਪੰਜਾਬੀ ਸਾਹਿਤ ਅੰਦਰ ਸ਼ਾਹਕਾਰ ਰਚਨਾਵਾਂ ਦੀ ਘਾਟ ਦਾ ਵੱਡਾ ਕਾਰਨ ਇਹ ਹੈ ਕਿ ਲੇਖਕ ਬਹੁਤੀ ਮਿਹਨਤ ਕਰਕੇ ਰਾਜ਼ੀ ਨਹੀਂ। * ਕੈਨੇਡਾ ਵਿਚ ਪੰਜਾਬੀ ਸਾਹਿਤ ਸਭਾਵਾਂ ਤੇ ਸੰਚਾਰ ਦੇ ਸਾਧਨਾਂ ਦਾ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਵੱਡਮੁੱਲਾ ਯੋਗਦਾਨ ਹੈ। ਮੈਂ ਖ਼ੁਦ ਪੰਜਾਬੀ ਲਿਖਾਰੀ ਸਭਾ ਕੈਲਗਰੀ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹਾਂ। ਮੈਂ 2020 ਤੋਂ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਦੇ ਅਹੁਦੇ ਦੀ ਸੇਵਾ ਨਿਭਾਅ ਰਿਹਾ ਹਾਂ। * ਮੈਂ ਸਮਝਦਾ ਹਾਂ ਰਚਨਾ ਪਾਠਕ ਮੁੱਖ ਹੋਣੀ ਚਾਹੀਦੀ ਹੈ। ਨਿਰਸੰਦੇਹ ਨਵੇਂ ਪੋਚ ਦੇ ਸਮਰੱਥ ਕਹਾਣੀਕਾਰ ਦਵਿੰਦਰ ਸਿੰਘ ਮਲਹਾਂਸ ਦੀ ਹਰ ਗੱਲ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਜ਼ਹੀਨ ਕਹਾਣੀਕਾਰ ਦੀ ਕਲਮ ਪੰਜਾਬੀ ਕਹਾਣੀ ਦੀ ਅਮੀਰੀ ਵਿਚ ਨਿਰੰਤਰ ਵਾਧਾ ਕਰਦੀ ਰਹੇਗੀ। |