21 September 2024

ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ—ਉਜਾਗਰ ਸਿੰਘ

ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ। ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ਤੇ ਪਹੁੰਚ ਗਿਆ ਹੈ। ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ। ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ। ਉਹ ਪੰਜਾਬੀ ਅਣਡਿਠ ਹੋ ਰਹੇ ਹਨ, ਜਿਨ੍ਹਾਂ ਨੇ ਆਪਣੇ ਨੇਤਾਵਾਂ ‘ਤੇ ਭਰੋਸਾ ਕਰਕੇ ਉਨ੍ਹਾਂ ਨੂੰ ਤਖ਼ਤੇ ਤਾਊਸ ‘ਤੇ ਬਿਠਾਇਆ ਸੀ। ਹੁਣ ਉਹ ਦੋਵੇਂ ਧੜੇ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਹਨ। ਪੂਰੀ ਜ਼ੋਰ ਅਜ਼ਮਾਈ ਹੋ ਰਹੀ ਹੈ। ਇਹ ਨਾ ਹੋਵੇ ਕਿ ਕੁਰਸੀ ਹੀ ਟੁੱਟ ਜਾਵੇ ਤੇ ਤੁਹਾਡੇ ਦੋਹਾਂ ਦੇ ਹੱਥ ਛੁਣਛੁਣਾ ਅਰਥਾਤ ਰਾਸ਼ਟਰਪਤੀ ਰਾਜ ਲੱਗ ਜਾਵੇ? ਦੋਹਾਂ ਧੜਿਆਂ ਦੇ ਪੱਲੇ ਕੁਝ ਵੀ ਨਾ ਪਵੇ। ਇਸ ਤੋਂ ਤਾਂ ਲੱਗਦਾ ਹੈ ਕਿ ਉਹ ਇਸ ਨੀਤੀ ਤੇ ਚਲ ਰਹੇ ਹਨ ਕਿ ‘‘ਨਾ ਖੇਡਣਾ ਅਤੇ ਨਾ ਖੇਡਣ ਦੇਣਾ ਖੁੱਤੀ ਵਿੱਚ—-ਹੈ?’’ ਜੇਕਰ ਪੰਜਾਬ ਕਾਂਗਰਸ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਧੜੇਬੰਦੀ ਕਰਕੇ ਕੁਰਸੀ ਯੁੱਧ ਹਮੇਸ਼ਾ ਹਰ ਕਾਂਗਰਸ ਦੀ ਸਰਕਾਰ ਸਮੇਂ ਹੁੰਦਾ ਰਿਹਾ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਦੋਂ ਵੀ ਇਨ੍ਹਾਂ ਨੇ ਆਪਣੇ ਮੁੱਖ ਮੰਤਰੀ ਤੋਂ ਕੁਰਸੀ ਹਥਿਆਉਣ ਲਈ ਲੜਾਈ ਲੜੀ ਹੈ, ਉਸਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੂਧੇ ਮੂੰਹ ਗਿਰਦੀ ਰਹੀ ਹੈ, ਭਾਵ ਜਿੱਤ ਦੁਬਾਰਾ ਨਸੀਬ ਨਹੀਂ ਹੋਈ। ਹੈਰਾਨੀ ਇਸ ਗੱਲ ਦੀ ਹੈ ਕਿ ਫਿਰ ਵੀ ਇਹ ਬਿੱਲੀਆਂ ਦੀ ਤਰ੍ਹਾਂ ਲੜਦੇ ਰਹਿੰਦੇ ਹਨ।

ਪ੍ਰਤਾਪ ਸਿੰਘ ਕੈਰੋਂ ਦੇ ਵਿਰੁਧ ਬਗਾਵਤ ਹੋਈ, ਪਹਿਲਾਂ ਗੋਪੀ ਚੰਦ ਭਾਰਗੋ ਅਤੇ ਫਿਰ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ। ਅਖ਼ੀਰ ਰਾਸ਼ਟਰਪਤੀ ਰਾਜ ਲਾਉਣਾ ਪਿਆ। ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਖੁੰਦਕ ਦੇ ਸਿੱਟੇ ਵਜੋਂ ਰਾਸ਼ਟਰਪਤੀ ਰਾਜ, ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਦੀ ਲੜਾਈ ਤੋਂ ਬਾਅਦ ਫਿਰ 1983 ਵਿੱਚ ਰਾਸ਼ਟਰਪਤੀ ਰਾਜ ਲਾਉਣਾ ਪਿਆ। ਉਸਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਪੱਲੇ ਪਈ। ਬੇਅੰਤ ਸਿੰਘ ਅਤੇ ਹਰਚਰਨ ਬਰਾੜ ਦਾ ਛੱਤੀ ਦਾ ਅੰਕੜਾ ਰਿਹਾ। ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਾਈ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਪ੍ਰੰਤੂ ਫਰਵਰੀ 1997 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਹਾਰ ਗਏ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਈ ਵਿੱਚੋਂ ਭੱਠਲ ਉਪ ਮੁੱਖ ਮੰਤਰੀ ਬਣੀ ਪ੍ਰੰਤੂ 1 ਮਾਰਚ 2007 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਦਾ ਮੂੰਹ ਵੇਖਣਾ ਪਿਆ। ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਚੱਲ ਰਿਹਾ ਹੈ, ਜਿਸਦੇ ਮੋਹਰੇ ਕੁਝ ਮੰਤਰੀ ਅਤੇ ਵਿਧਾਇਕ ਹਨ, ਜਿਸਦਾ ਨਤੀਜਾ ਵੀ ਕਾਂਗਰਸ ਨੂੰ 2022 ਦੀਆਂ ਚੋਣਾ ਵਿੱਚ ਭੁਗਤਣਾ ਪੈ ਸਕਦਾ ਹੈ। ਸਭ ਕੁਝ ਪਤਾ ਹੋਣ ਦੇ ਬਾਵਜੂਦ, ਫਿਰ ਵੀ ਲੜਾਈ ਜ਼ਾਰੀ ਹੈ। ਏਥੇ ਕੌਣ ਗ਼ਲਤ ਅਤੇ ਕੌਣ ਸਹੀ ਹੈ, ਇਸ ਗੱਲ ਦਾ ਸਵਾਲ ਨਹੀਂ। ਸਵਾਲ ਤਾਂ ਪੰਜਾਬੀਆਂ ਦੇ ਹਿੱਤਾਂ ਦਾ ਹੈ। ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਸਹੀ ਰਸਤੇ ‘ਤੇ ਲਿਆਂਦਾ ਜਾ ਸਕਦਾ ਹੈ। ਇਨ੍ਹਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੀ ਥਾਂ ਤੋਹਮਤਾਂ ਲਾਉਣ ਦੀ ਜ਼ੰਗ ਚਲ ਰਹੀ ਹੈ। ਪ੍ਰੋ. ਪੂਰਨ ਸਿੰਘ ਵਾਲਾ ਪੰਜਾਬ ਜਿਹੜਾ ਗੁਰਾਂ ਦੇ ਨਾਮ ‘ਤੇ ਵੱਸਦਾ ਸੀ, ਉਸਨੂੰ ਦਾਗਦਾਰ ਕੀਤਾ ਜਾ ਰਿਹਾ ਹੈ। ਜਿਸਦੀ ਭਰਪਾਈ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਪੰਜਾਬੀ ਕਰ ਸਕਣਗੇ। ਕਾਂਗਰਸੀਆਂ ਦੀ ਲੜਾਈ ਜਿਸ ਸਟੇਜ ਤੇ ਪਹੁੰਚ ਗਈ ਹੈ, ਇਸਨੇ ਕਾਂਗਰਸ ਪਾਰਟੀ ਦੇ ਅਸਤਿਤਵ ‘ਤੇ ਹੀ ਨਹੀਂ ਸਗੋਂ ਪੰਜਾਬ ਦੇ ਭਵਿਖ ‘ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਕਿਉਂਕਿ ਪੰਜਾਬ ਦੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਮੁੱਦੇ ਅਤੇ ਵਿਕਾਸ ਅਣਗੌਲੇ ਹੋ ਰਹੇ ਹਨ। ਇਉਂ ਲਗਦਾ ਹੈ ਕਿ ਸਿਆਸਤਦਾਨਾਂ ਨੂੰ ਪੰਜਾਬ ਦੀ ਬਿਹਤਰੀ ਦਾ ਕੋਈ ਫ਼ਿਕਰ ਹੀ ਨਹੀਂ। ਉਨ੍ਹਾਂ ਨੂੰ ਤਾਂ ਕੁਰਸੀ ਹੀ ਵਿਖਾਈ ਦਿੰਦੀ ਹੈ। ਦੋਵੇਂ ਧੜੇ ਰਾਤ ਨੂੰ ਸੁੱਤੇ ਪਏ ਵੀ ਸੁਪਨੇ ਵਿਚ ਕੁਰਸੀ ਹਾਸਲ ਕਰਨ ਲਈ ਢੰਗ ਤਰੀਕੇ ਲੱਭਦੇ ਰਹਿੰਦੇ ਹਨ।

ਕਿਸਾਨ ਅੰਦੋਲਨ ਨੇ ਪੰਜਾਬ ਵਿੱਚ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ‘ਤੇ ਕਰ ਦਿੱਤੀਆਂ ਹਨ। ਉਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ। ਪੰਜਾਬੀਆਂ ਨੂੰ ਥੋੜ੍ਹੀਆਂ ਬਹੁਤੀਆਂ ਆਸਾਂ ਆਮ ਆਦਮੀ ਪਾਰਟੀ ਤੋਂ ਹੀ ਸਨ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਤੀਜੇ ਬਦਲ ਵਜੋਂ ਵੇਖਦੇ ਸਨ ਪ੍ਰੰਤੂ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਹੀ ਲੈ ਡੁੱਬੀਆਂ। ਆਮ ਆਦਮੀ ਪਾਰਟੀ ਖਖੜੀਆਂ ਖਖੜੀਆਂ ਹੋਈ ਪਈ ਹੈ। ਪੰਜਾਬ ਦੇ ਲੋਕਾਂ ਨੂੰ ਇਹ ਵੀ ਉਮੀਦ ਬਣੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਮਿਲਕੇ ਚਲਣਗੇ ਤਾਂ ਸ਼ਾਇਦ ਪੰਜਾਬ ਦਾ ਕੁਝ ਬਣ ਸਕੇਗਾ। ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਕ ਇਮਾਨਦਾਰ ਅਤੇ ਬਾਕਮਾਲ ਬੁਲਾਰਾ ਸਮਝਿਆ ਜਾਂਦਾ ਹੈ। ਪ੍ਰੰਤੂ ਹੋਇਆ ਬਿਲਕੁਲ ਇਸਦੇ ਉਲਟ, ਇਸ ਸਮੇਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਕ ਦੂਜੇ ਦੀਆਂ ਲੱਤਾਂ ਨੂੰ ਪਈ ਹੋਈ ਹੈ। ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖੇਡਣਾ ਚਾਹੁੰਦੇ ਹਨ। ਕਾਂਗਰਸ ਦੀ ਲੀਡਰਸ਼ਿਪ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁਦਿਆਂ ਨੂੰ ਤਰਜ਼ੀਹ ਦੇਣ ਨੂੰ ਪੰਜਾਬ ਦੇ ਲੋਕ ਸ਼ੁਭ ਸ਼ਗਨ ਸਮਝਦੇ ਸਨ। ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਵਿੱਚ ਆਸ ਦੀ ਕਿਰਨ ਜਾਗੀ ਸੀ। ਪ੍ਰੰਤੂ ਕਾਂਗਰਸ ਪਾਰਟੀ ਦੋ ਮਜ਼ਬੂਤ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਕਾਂਗਰਸ ਦੀ ਪੁਰਾਣੀ ਲੀਡਰਸ਼ਿਪ ਜਿਨ੍ਹਾਂ ਵਿਚੋਂ ਮੁੱਖ ਤੌਰ ਤੇ ਪਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਆ ਕੇ ਖੜ੍ਹ ਗਏ ਹਨ, ਜਦੋਂ ਕਿ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦਾ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਸੀ। ਸ਼ਮਸ਼ੇਰ ਸਿੰਘ ਦੂਲੋ ਅਤੇ ਰਾਜਿੰਦਰ ਕੌਰ ਭੱਠਲ ਚੁੱਪ ਕਰਕੇ ਤਮਾਸ਼ਾ ਵੇਖ ਰਹੇ ਹਨ। ਕਾਂਗਰਸੀ ਨੇਤਾ ਖ਼ਾਮਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਮਿਲਣਾ। ਪ੍ਰਧਾਨ ਦਾ ਕੰਮ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ। ਉਸਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ ਪ੍ਰੰਤੂ ਉਸਨੂੰ ਸਰਕਾਰ ਦੀ ਨੁਕਤਾਚੀਨੀ ਕਰਨ ਦੀ ਥਾਂ ਸਲਾਹ ਦੇਣੀ ਬਣਦੀ ਹੈ। ਮੁੱਖ ਮੰਤਰੀ ਨੇ ਉਸ ਦੀ ਸਲਾਹ ਅਨੁਸਾਰ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਨਾ ਹੁੰਦਾ ਹੈ। ਦੋਹਾਂ ਦੇ ਕਾਰਜ ਖੇਤਰ ਵੱਖਰੇ ਹਨ। ਇਸ ਲਈ ਦੋਹਾਂ ਦਾ ਸੁਚਾਰੂ ਤਾਲਮੇਲ ਹੋਣਾ ਅਤਿਅੰਤ ਜ਼ਰੂਰੀ ਹੈ। ਜੇਕਰ ਤਾਲਮੇਲ ਨਹੀਂ ਹੋਵੇਗਾ ਤਾਂ ਇਸੇ ਤਰ੍ਹਾਂ ਹੋਵੇਗਾ ਜਿਵੇਂ ਹੁਣ ਹੋ ਰਿਹਾ ਹੈ। ਇਸ ਤਰ੍ਹਾਂ ਦੁਬਾਰਾ ਕਾਂਗਰਸ ਪਾਰਟੀ ਦਾ ਸਰਕਾਰ ਬਣਾਉਣ ‘ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ। ਵਿਰੋਧੀ ਪਾਰਟੀਆਂ ਨੂੰ ਮੁੱਦਾ ਕਾਂਗਰਸੀ ਖੁੱਦ ਆਪ ਦੇ ਰਹੇ ਹਨ। ਆ ਬੈਲ ਮੁਝੇ ਮਾਰ ਵਾਲੀ ਨੀਤੀ ਅਪਣਾ ਰਹੇ ਹਨ। ਦੋਹਾਂ ਧੜਿਆਂ ਨੂੰ ਪੰਜਾਬ ਦੇ ਹਿਤ ਦਾ ਧਿਆਨ ਰੱਖਣਾ ਚਾਹੀਦਾ ਹੈ।

ਵਰਤਮਾਨ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੀ ਮੁੱਖ ਦੋਸ਼ੀ ਕੇਂਦਰੀ ਕਾਂਗਰਸ ਪਾਰਟੀ ਹੈ। ਉਹ ਦੋਗਲੀ ਨੀਤੀ ਅਪਣਾ ਰਹੀ ਹੈ। ਜਿਹੜੀ ਉਨ੍ਹਾਂ ਨੂੰ ਪੁੱਠੀ ਪੈਂਦੀ ਦਿਸ ਰਹੀ ਹੈ ਕਿਉਂਕਿ ਲਗਪਗ ਪਿਛਲੇ 6 ਮਹੀਨੇ ਤੋਂ ਪੰਜਾਬ ਕਾਂਗਰਸ ਵਿੱਚ ਬਗਾਬਤ ਦੀ ਅੱਗ ਧੁਖ ਰਹੀ ਸੀ, ਜਿਹੜੀ ਹੁਣ ਭਾਂਬੜ ਬਣਕੇ ਮੱਚ ਰਹੀ ਹੈ। ਕੇਂਦਰੀ ਕਾਂਗਰਸ ਨੇ ਇਸ ਲੜਾਈ ਨੂੰ ਸੰਜੀਦਗੀ ਨਾਲ ਨਹੀਂ ਲਿਆ। ਉਹ ਦੋਹਾਂ ਧੜਿਆਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ। ਹਰ ਨੇਤਾ ਪਾਰਟੀ ਦੇ ਅਨੁਸ਼ਾਸ਼ਨ ਦੀਆਂ ਧੱਜੀਆਂ ਉਡਾ ਰਿਹਾ ਹੈ। ਪਾਰਟੀ ਦੇ ਮੰਚ ‘ਤੇ ਗੱਲ ਕਰਨ ਦੀ ਥਾਂ ਅਖ਼ਬਾਰਾਂ ਜਾਂ ਟਵੀਟ ਕਰਕੇ ਇਕ ਦੂਜੇ ‘ਤੇ ਦੋਸ਼ ਲਗਾ ਰਿਹਾ ਹੈ। ਕਾਂਗਰਸ ਗੂੜ੍ਹੀ ਨੀਂਦ ਸੁੱਤੀ ਪਈ ਹੈ। ਕੇਂਦਰੀ ਕਾਂਗਰਸ ਵਿੱਚ ਵੀ ਤਾਕਤ ਦੇ ਦੋ ਧੁਰੇ ਬਣ ਚੁੱਕੇ ਹਨ। ਇਕ ਪਾਸੇ ਸੋਨੀਆਂ ਗਾਂਧੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਹਨ। ਉਹ ਵੀ ਆਪਸ ਵਿੱਚ ਸਹਿਮਤ ਨਹੀਂ ਹਨ। ਜਿਵੇਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਕਾਂਗਰਸ ਦੇ ਗਲ਼ ਵਿੱਚ ਗੂਠਾ ਦੇ ਕੇ ਪਰਤਾਪ ਸਿੰਘ ਬਾਜਵਾ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ, ਬਿਲਕੁਲ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਕੇ ਆਏ ਹਨ। ਇਸ ਲਈ ਦੋਵੇਂ ਆਪਣੇ ਆਪ ਨੂੰ ਤਾਕਤਵਰ ਸਮਝਦੇ ਹਨ। ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੱਗੇ ਹੋਏ ਹਨ। ਇਕ ਗੱਲ ਤਾਂ ਸ਼ਪਸ਼ਟ ਹੈ ਕਿ ਪਹਿਲਾਂ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਸੰਜੀਦਗੀ ਨਾਲ ਮੰਝੇ ਹੋਏ ਸਿਆਸਤਦਾਨ ਦੀ ਤਰ੍ਹਾਂ ਵਿਚਰ ਰਹੇ ਹਨ। ਪ੍ਰੰਤੂ ਨਵਜੋਤ ਸਿੰਘ ਸਿੱਧੂ ਆਪਣੀ ਰੜਕ ਬਰਕਰਾਰ ਰੱਖੀ ਬੈਠੇ ਹਨ। ਕਾਂਗਰਸੀ ਨੇਤਾਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਲੀਡਰਸ਼ਿਪ ਦੇ ਵਿਸ਼ਵਾਸ਼ ਤੋਂ ਬਿਨਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਭਾਵੇਂ ਵਿਧਾਨਕਾਰਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਹੋਵੇ। ਇਹ ਵੀ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਗ਼ੈਰ ਸਫ਼ਲ ਨਹੀਂ ਹੋ ਸਕਦੀ। ਅਨੁਸ਼ਾਸ਼ਨ ਦੋਹਾਂ ਧੜਿਆਂ ਲਈ ਜ਼ਰੂਰੀ ਹੈ। ਬਿਆਨਬਾਜ਼ੀ ਹਮੇਸ਼ਾ ਨੁਕਸਾਨ ਦਾਇਕ ਹੁੰਦੀ ਹੈ। ਧੜੇਬੰਦੀ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਦਾ ਭਵਿਖ ਕੰਧ ‘ਤੇ ਲਿਖਿਆ ਹੋਇਆ ਹੈ, ਜਿਸਨੂੰ ਕਾਂਗਰਸੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰ ਰਹੇ।

ਹੁਣ ਜਿਹੜੀ ਮੰਗ ਬਗਾਵਤੀ ਧੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਕਰ ਰਿਹਾ ਹੈ, ਉਹ ਅਸੰਭਵ ਲਗਦੀ ਹੈ ਕਿਉਂਕਿ ਸੰਵਿਧਾਨਿਕ ਤੌਰ ‘ਤੇ ਹੁਣ ਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ। ਜੇਕਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸੋਚ ਲਿਆ ਤਾਂ ਕੈਪਟਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਬਾਗ਼ੀ ਮੰਤਰੀਆਂ ਨੂੰ ਬਰਖਾਸਤ ਕਰ ਸਕਦੇ ਹਨ ਅਤੇ ਫਿਰ ਨਵੇਂ ਮੰਤਰੀ ਬਣਾਕੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਨੂੰ ਭੰਗ ਕਰਨ ਦਾ ਮਤਾ ਪਾ ਸਕਦੇ ਹਨ? ਰਾਜਪਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਨਕਾਰ ਨਹੀਂ ਕਰ ਸਕਦਾ। ਬਸ਼ਰਤੇ ਕਿ ਕੇਂਦਰ ਸਰਕਾਰ ਬਦਲਵੀਂ ਸਰਕਾਰ ਬਣਾਉਣ ਦੇ ਹੱਕ ਵਿੱਚ ਨਾ ਹੋਵੇ ਕਿਉਂਕਿ ਆਖ਼ਰੀ ਫ਼ੈਸਲਾ ਕੇਂਦਰੀ ਮੰਤਰੀ ਮੰਡਲ ਦੇ ਹੱਥ ਹੁੰਦਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੰਮ ਚਲਾਊ ਮੁੱਖ ਮੰਤਰੀ ਵੀ ਰੱਖ ਸਕਦੇ ਹਨ ਜਾਂ ਰਾਸ਼ਟਰਪਤੀ ਰਾਜ ਵੀ ਲਗਾ ਸਕਦੇ ਹਨ। ਕੇਂਦਰ ਕੋਲ ਤਿੰਨ ਆਪਸ਼ਨਾ ਹਨ। ਬਗ਼ਾਵਤ ਕਰਨ ਵਾਲੇ ਧੜੇ ਨੂੰ ਇਨ੍ਹਾਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
***
294
***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 1307
ujagarsingh48@yahoo.com/td>

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ