25 July 2024
ਹਰਮੀਤ ਸਿੰਘ ਅਟਵਾਲ

ਮਾਨਵੀ ਹੋਂਦ-ਹਸਤੀ ਨੂੰ ਮਹੱਤਵ ਦਿੰਦੀ ਸ਼ਾਇਰਾ- ਸੁਰਿੰਦਰਜੀਤ ਕੌਰ (ਡਾ.)—ਹਰਮੀਤ ਸਿੰਘ ਅਟਵਾਲ

ਪੰਜਾਬੀ ਜਾਗਰਣ ਦੇ ਐਤਵਾਰਤਾ ਅੰਕ ਵਿਚ ਹਰ ਹਫਤੇ ‘ਅਦੀਬ ਸਮੁੰਦਰੋਂ ਪਾਰ ਦੇ’ ਨਾਂ ਹੇਠ, ਅਦੀਬਾਂ ਦਾ ਇਤਿਹਾਸ ਰਚਦਾ, ਹਰ ਮਨ ਪਿਅਾਰਾ ਕਾਲਮ ਛੱਪ ਰਿਹਾ ਹੈ। ਇਸ ਕਾਲਮ ਰਾਹੀਂ ਵਿਦਵਾਨ ਲਿਖਾਰੀ/ਆਲੋਚਕ ਸ. ਹਰਮੀਤ ਸਿੰਘ ਅਟਵਾਲ, ਚੁਣੇ ਹੋਏ ਸਾਹਿਤਕਾਰਾਂ/ਲੇਖਕਾਂ/ਲੇਖਿਕਾਵਾਂ ਦੀ ਸਮੁੱਚੀ  ਸਿਰਜਣਾ ਨੂੰ ਨਿੱਠ ਕੇ ਪੜ੍ਹਦੇ ਹਨ ਅਤੇ ਵਿਚਾਰਨ ਉਪਰੰਤ ਬੜੀ ਹੀ ਸੂਝ ਅਤੇ ਤਿੱਖੀ ਨਜ਼ਰ ਨਾਲ ਘੋਖਦਿਅਾਂ ਬਾਦਲੀਲ ਸਿੱਟਿਅਾਂ ਤੇ ਪੁੱਜਦਿਅਾਂ ਸਾਹਿਤਕਾਰ ਅਤੇ ਉਸਦੀ ਦੀ ਰਚਨਾ ਦੇ ਰੁ-ਬਰੂ ਕਰਦੇ ਹਨ। ਅਟਵਾਲ ਜੀ ਇਸ ਸ਼ਲਾਘਾ ਯੋਗ ੳੁੱਦਮ ਲਈ ਵਧਾਈ ਦੇ ਪਾਤਰ ਹਨ। ‘ਲਿਖਾਰੀ’ ਦੇ ਪਾਠਕਾਂ ਲਈ ਇਸ ਹਫਤੇ ਹਾਜ਼ਰ ਹੈ: ‘ਮਾਨਵੀ ਹੋਂਦ-ਹਸਤੀ ਨੂੰ ਮਹੱਤਵ ਦਿੰਦੀ ਸ਼ਾਇਰਾ ‘ਸੁਰਿੰਦਰਜੀਤ ਕੌਰ(ਡਾ.)

ਡਾ. ਸੁਰੰਦਰਜੀਤ ਕੌਰ
ਡਾ. ਸੁਰੰਦਰਜੀਤ ਕੌਰ

ਦੇਖਣ ਵਾਲੀ ਅੱਖ ਨੂੰ ਸੁਰਿੰਦਰਜੀਤ ਕੌਰ ਦੇ ਮੱਥੇ ’ਚ ਅਣਖ ਦਾ ਜਗਦਾ ਦੀਵਾ ਪਹਿਲੀ ਨਜ਼ਰੇ ਹੀ ਦਿਸ ਪੈਂਦਾ ਹੈ। ਇਸ ਅਣਖ ਦੇ ਪਿੱਛੇ ਸਵੈਮਾਣ ਦੀ ਭਾਵਨਾ ਕੰਮ ਕਰਦੀ ਹੈ। ਇਹ ਸਵੈਮਾਣ ਤੇ ਅਣਖ ਹੀ ਸਾਂਝੇ ਰੂਪ ’ਚ ਮਾਨਵੀ ਹੋਂਦ-ਹਸਤੀ ਦੇ ਮਹੱਤਵ ਨੂੰ ਵਿਅਕਤੀ ਵਿਸ਼ੇਸ਼ ਦੇ ਮਨ-ਮਸਤਕ ’ਚ ਦ੍ਰਿੜ ਕਰਵਾਉਣ ਦਾ ਕਾਰਜ ਕਰਦੇ ਹਨ। ਜੇ ਅਜਿਹਾ ਪ੍ਰਾਣੀ ਸਾਹਿਤ ਜਿਹੀ ਕੋਮਲ ਕਲਾ ਨਾਲ ਜੁੜਿਆ ਹੋਵੇ ਤਾਂ ਉਸ ਦੇ ਰਚੇ ਸਾਹਿਤ ਵਿਚ ਵੀ ਮਨੁੱਖੀ ਅਸਤਿਤਵ ਦੀ ਅਹਿਮੀਅਤ ਆਪਣਾ ਥਾਂ ਸਹਿਜ ਤੋਰੇ ਹੀ ਹਾਸਲ ਕਰ ਲੈਂਦੀ ਹੈ।

ਬਰੈਂਪਟਨ (ਕੈਨੇਡਾ) ਵੱਸਦੀ ਪੰਜਾਬੀ ਦੀ ਪਰਪੱਕ ਸ਼ਾਇਰਾ ਸੁਰਿੰਦਰਜੀਤ ਕੌਰ (ਡਾ.) ਵੀ ਇਸ ਦਿਸਦੇ ਜਗਤ ਅੰਦਰ ਬੰਦੇ ਦੀ ਵੁੱਕਤ ਬਰਕਰਾਰ ਰੱਖਣ ਦੇ ਹੱਕ ਵਿਚ ਹੈ। ਆਪਣੀ ਸਵੈਜੀਵਨੀ ਵਿਚ ਤਾਂ ਉਸ ਨੇ ਸਪੱਸ਼ਟ ਲਿਖ ਦਿੱਤਾ ਹੈ ਕਿ ‘ਝੁਕਣ ਜਾਂ ਆਪਣੇ ਸਵੈਮਾਣ ਨੂੰ ਮਾਰਨ ਤੋਂ ਪਹਿਲਾਂ ਮਰਨਾ ਕਬੂਲ ਹੈ।’ ਦਰਅਸਲ ਕੋਈ ਵੀ ਸਿਦਕਦਿਲੀ ਵਾਲਾ ਤੇ ਸਮਰਪਣ ਦੀ ਸੋਚ ਸੰਪੰਨ ਬੰਦਾ ਜਦੋਂ ਕਲਮ ਦੇ ਖੇਤਰ ਵਿਚ ਆਉਂਦਾ ਹੈ ਤਾਂ ਉਸ ਦੀਆਂ ਕਿਰਤਾਂ ਵਿੱਚੋਂ ਉਸ ਦੇ ਇਨ੍ਹਾਂ ਗੁਣਾਂ ਸਦਕਾ ਉਸ ਦੀ ਅਦਬੀ ਗੁਣਾਤਮਕਤਾ ਦਾ ਗਰਾਫ਼ ਮੱਲੋਮੱਲੀ ਉੱਪਰ ਜਾਣ ਲਗਦਾ ਹੈ। ਸਿਦਕਦਿਲੀ ਤੇ ਸਮਰਪਣ ਭਾਵਨਾ ਵਾਲੇ ਜਜ਼ਬੇ ਦੀਆਂ ਜੜ੍ਹਾਂ ਵੀ ਘੁੰਮ-ਘੁਮਾ ਕੇ ਇਸ ਮਨੁੱਖੀ ਜੂਨ ਦਾ ਸਹੀ ਮੁੱਲ ਸਮਝਣ ਨਾਲ ਹੀ ਜੁੜੀਆਂ ਹੁੰਦੀਆਂ ਹਨ। ਸਾਡੇ ਪੰਜਾਬੀ ਦੇ ਮਰਹੂਮ ਨਾਮਵਰ ਕਹਾਣੀਕਾਰ ਜਸਵੰਤ ਸਿੰਘ ਵਿਰਦੀ ਨੇ ਤਾਂ ਇੱਕ ਵਾਰ ਇੱਥੋਂ ਤਕ ਕਹਿ ਦਿੱਤਾ ਸੀ ਕਿ ‘ਸਾਹਿਤ ਵੀ ਲੇਖਕ ਪਾਸੋਂ ਪੂਰੀ ਸਿਦਕਦਿਲੀ ਤੇ ਸਮਰਪਣ ਦੀ ਭਾਵਨਾ ਮੰਗਦਾ ਹੈ। ਜਿਹੜੇ ਲੇਖਕ ਇਸ ਕੁਰਬਾਨੀ ਤੋਂ ਤ੍ਰਹਿ ਜਾਂਦੇ ਹਨ, ਉਹ ਖ਼ਾਮੋਸ਼ ਹੋ ਜਾਂਦੇ ਹਨ ਜਾਂ ਸਾਹਿਤ ਦੀ ਰਾਜਨੀਤੀ ਦੇ ਸੰਚਾਲਕ ਬਣ ਜਾਂਦੇ ਹਨ ਪਰ ਜਿਹੜੇ ਸਾਹਿਤ ਵਾਸਤੇ ਜੀਵਨ ਦੀ ਕੁਰਬਾਨੀ ਦੇ ਸਕਦੇ ਹਨ, ਉਹ ਸੰਪੂਰਨ ਲੇਖਕ ਬਣ ਜਾਂਦੇ ਹਨ।’

ਸੁਰਿੰਦਰਜੀਤ ਕੌਰ ਨੇ ਵਾਰਤਕ ਵੀ ਬਥੇਰੀ ਲਿਖੀ ਹੈ, ਗਲਪ ਵੀ ਸਿਰਜਿਆ ਹੈ ਤੇ ਬਾਲ ਸਾਹਿਤ ਵੀ ਪਰ ਕਵਿਤਾ ਸ਼ਾਇਰੀ ਦੀ ਸਿਰਜਣਾ ’ਚ ਉਸ ਨੂੰ ਕਮਾਲ ਹਾਸਲ ਹੈ। ਕਾਵਿ ਅੰਦਰਲੀਆਂ ਸੂਖਮ ਜੁਗਤਾਂ, ਵਿਧੀਆਂ ਤੇ ਬਾਰੀਕੀਆਂ ਦਾ ਵੀ ਉਸ ਨੂੰ ਕਾਫ਼ੀ ਗਿਆਨ ਹੈ। ਸਾਡੇ ਬਰਤਾਨੀਆਂ ਵੱਸਦੇ ਵਿਦਵਾਨ ਲੇਖਕ ਡਾ. ਗੁਰਦਿਆਲ ਸਿੰਘ ਰਾਏ ਨੇ ਆਪਣੀ ਪੁਸਤਕ ‘ਲੇਖਕ ਦਾ ਚਿੰਤਨ’ ਦੇ ਪੰਨਾ ਨੰਬਰ 94 ’ਤੇ ਕਾਵਿ ਦੀ ਬੜੀ ਮਹੀਨ ਵਿਆਖਿਆ ਕਰਦਿਆਂ ਕਾਵਿ ਦੇ ਜਿਸ ਸੁਭਾਅ ਨੂੰ ਉਜਾਗਰ ਕੀਤਾ ਹੈ, ਉਸ ਦਾ ਵਿਹਾਰਕ ਰੂਪ ਸੁਰਿੰਦਰਜੀਤ ਕੌਰ ਦੀਆਂ ਕਾਵਿ-ਰਚਨਾਵਾਂ ਵਿਚ ਵੇਖਿਆ-ਵਾਚਿਆ ਜਾ ਸਕਦਾ ਹੈ। ਡਾ. ਗੁਰਦਿਆਲ ਸਿੰਘ ਰਾਏ ਨੇ ਲਿਖਿਆ ਹੈ :-

‘‘ਕਾਵਿ ਦੀ ਬੁਨਿਆਦੀ ਤਹਿ ਵਿਚ ਜ਼ਿੰਦਗੀ ਦੀ ਆਲੋਚਨਾ ਹੈ। ਕਾਵਿ-ਕਲਪਨਾ, ਭਾਵਨਾ ਦੀ ਓਟ ਵਿਚ ਜੀਵਨ ਦੀ ਵਿਆਖਿਆ ਹੈ। ਕਾਵਿ-ਜਜ਼ਬਿਆਂ ਨਾਲ ਰੰਗ-ਰੱਤੜੀ ਬੁੱਧੀ ਹੈ। ਕਾਵਿ ਇੱਕ ਜਿਊਂਦਾ ਜਾਗਦਾ ਖ਼ਿਆਲ ਹੈ, ਤਿੱਖੇ ਜਜ਼ਬਿਆਂ ਦਾ ਸਹਿਜ-ਸੁਭਾਵਿਕ ਉਛਾਲਾ ਹੈ। ਕਾਵਿ ਜਜ਼ਬਾਤੀ ਭਾਸ਼ਾ ਦੀ ਸਰਵੋਤਮ ਵੰਨਗੀ ਹੁੰਦਿਆਂ ਹੋਇਆਂ ਉਹ ਮਨੋਭਾਵ ਹਨ ਜਿਹੜੇ ਸ਼ਾਂਤ-ਖ਼ਾਮੋਸ਼ ਛਿਣਾਂ ਵਿਚ ਯਾਦ ਆਉਂਦੇ ਹਨ।’’ ਸਾਡੀ ਜਾਚੇ ਸੁਰਿੰਦਰਜੀਤ ਜ਼ਿੰਦਗੀ ਦੇ ਯਥਾਰਥਕ ਤਲ ’ਤੇ ਜਿਊਣ ਵਾਲੀ ਔਰਤ ਹੈ। ਉਸ ਦੀ ਸੋਚ ਸੁੱਚੀ ਹੈ, ਆਦਰਸ਼ ਉੱਚੇ ਹਨ, ਇਰਾਦੇ ਨੇਕ ਹਨ, ਵਿਚਾਰ ਕੀਮਤੀ ਹਨ ਅਤੇ ਸਿਹਤ ਚੰਗੀ ਹੈ। ਉਮਰ ਦੇ ਇਸ ਪੜਾਅ ਉੱਤੇ ਵੀ ਉਹ ਕੋਈ ਦਵਾਈ ਨਹੀਂ ਖਾਂਦੀ। ਵੱਡੀ ਗੱਲ ਇਹ ਹੈ ਕਿ ਉਸ ਕੋਲ ਬੇਹੱਦ ਮਾਨਸਿਕ ਅਮੀਰੀ ਹੈ। ਜਦੋਂ ਬੰਦਾ ਮਾਨਸਿਕ ਤੌਰ ’ਤੇ ਲੋੜੀਂਦਾ ਜਾਂ ਲੋੜੋਂ ਵੱਧ ਅਮੀਰ ਹੋਵੇ ਉਦੋਂ ਉਸ ਲਈ ਪਦਾਰਥਕ ਅਮੀਰੀ ਕੋਈ ਬਹੁਤਾ ਮਾਅਨਾ ਨਹੀਂ ਰੱਖਦੀ। ਕੋਲ ਪਈਆਂ ਚੀਜ਼ਾਂ ਵੀ ਉਸ ਨੂੰ ਵਾਧੂ ਲਗਦੀਆਂ ਹਨ।

ਸੁਰਿੰਦਰਜੀਤ ਕੌਰ ਦਾ ਜਨਮ ਪਿਤਾ ਚਰਨ ਸਿੰਘ ਰਿਆੜ ਅਤੇ ਮਾਤਾ ਸਵਰਨ ਕੌਰ ਦੇ ਘਰ 28 ਜੁਲਾਈ 1947 ਈ: ਨੂੰ ਪਿੰਡ ਭਾਮ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਸੁਰਿੰਦਰਜੀਤ ਨੇ ਐੱਮਏ (ਪੰਜਾਬੀ) ਦੀ ਵਿੱਦਿਆ ਪ੍ਰਾਪਤ ਕੀਤੀ ਹੈ। ਉਸ ਨੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿੱਚੋਂ ਜ਼ਿਲ੍ਹਾ ਅਧਿਕਾਰੀ ਵੱਜੋਂ ਸੇਵਾ ਮੁਕਤੀ ਹਾਸਲ ਕੀਤੀ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਉਸ ਨੇ ਆਪਣੇ ਦੋਵੇ ਬੱਚਿਆਂ (ਬੇਟੀ ਅਮਨਿਤ ਕੌਰ ਤੇ ਬੇਟਾ ਅਰਜਿਤਪਾਲ ਸਿੰਘ ਗਿੱਲ) ਸਮੇਤ ਕੈਨੇਡਾ ਵਿਚ ਵਾਸਾ ਕੀਤਾ ਹੋਇਆ ਹੈ। ਸਾਹਿਤਕ ਦੁਨੀਆ ਵਿਚ ਉਹਦੇ ਆਪਣੇ ਯੋਗਦਾਨ ਸਦਕਾ ਉਸ ਨੂੰ ਬਹੁਤ ਸਾਰੇ ਇਨਾਮ-ਸਨਮਾਨ ਮਿਲੇ ਹੋਏ ਹਨ।

ਸੁਰਿੰਦਰ ਕੌਰ ਦੀਆਂ ਆਈਆਂ ਕਿਤਾਬਾਂ ਦੀ ਲੰਬੀ ਸੂਚੀ ਹੈ। ‘ਹੰਝੂਆਂ ਦੀ ਲੋਅ’ (ਕਹਾਣੀ ਸੰਗ੍ਰਹਿ)। ‘ਪੁੰਗਰਾਂਦ’ (ਲਲਿਤ ਨਿਬੰਧ), ‘ਹੱਥਾਂ ਦੇ ਬੋਲ’ (ਕਾਵਿ-ਸੰਗ੍ਰਹਿ), ‘ਕਿਣਕੇ ਦੀ ਕਾਇਨਾਤ’ (ਕਾਵਿ-ਸੰਗ੍ਰਹਿ), ‘ਜਦੋਂ ਸੂਰਜ ਚੜ੍ਹਦਾ ਹੈ’ (ਬਾਲ ਕਥਾ ਕਾਵਿ), ‘ਕਤਰਾ ਕਤਰਾ ਰੂਹ (ਕਾਵਿ-ਸੰਗ੍ਰਹਿ), ‘ਨਿੱਕੇ ਨਿੱਕੇ ਮਣਕੇ’ ਤੇ ‘ਬ੍ਰਹਿਮੰਡ ਦੀ ਘਟਨਾ’ (ਬਾਲ ਕਾਵਿ-ਸੰਗ੍ਰਹਿ), ‘ਰਾਜਾ ਜੋ ਬੰਟੇ ਖੇਡਦਾ ਸੀ’ (ਅਨੁਵਾਦਤ ਬਾਲ ਨਾਵਲ), ‘ਤਖ਼ਤੇ ਤੋਂ ਤੂੰਬੀ ਤੱਕ’ (ਕਹਾਣੀ ਪੁਸਤਕ ਨਵ-ਸਾਖਰਾਂ ਲਈ), ‘ਮਿੱਟੀ ਨੂੰ ਫਰੋਲ ਜੋਗੀਆ’ (ਕਾਵਿ-ਸੰਗ੍ਰਹਿ), ‘ਸੱਚ ਸੂਰਜ’ (ਸਵੈ-ਜੀਵਨੀ) ਤੇ ਕੁਝ ਸੰਪਾਦਿਤ ਤੇ ਅਨੁਵਾਦਿਤ ਪੁਸਤਕਾਂ ਵੀ ਸੁਰਿੰਦਰਜੀਤ ਵੱਲੋਂ ਪਾਠਕਾਂ ਕੋਲ ਪੁਜੀਆਂ ਹਨ।

ਸੁਰਿੰਦਰਜੀਤ ਕੌਰ ਦੇ ਹੁਣ ਤਕ ਦੇ ਸਾਹਿਤ ਸੰਸਾਰ ਦੀ ਸੰਖਿਪਤ ਗੱਲ ਵੀ ਕਰੀਏ ਤਾਂ ਉਸ ਦੀ ਹਰ ਵਿਧਾ ਦੀ ਕਿਰਤ ਵਿੱਚੋਂ ਮਾਨਵੀ ਹੋਂਦ ਹਸਤੀ ਦੀ ਕਦਰ ਕਿਸੇ ਨਾ ਕਿਸੇ ਰੂਪ ’ਚ ਸਾਹਮਣੇ ਆਉਂਦੀ ਹੈ। ਉਸ ਦੀ 88 ਪੰਨਿਆਂ ਦੀ ਕਹਾਣੀਆਂ ਦੀ ਕਿਤਾਬ ’ਚ ਕੁਲ 13 ਕਹਾਣੀਆਂ ਹਨ। ‘ਡੰਗ’, ‘ਨਦੀ’, ‘ਸੰਮੀਆਂ’, ‘ਕਤਰਾ ਕਤਰਾ ਰੂਹ’, ‘ਰਾਮਪੁਰ ਜਾਂਦਿਆਂ’, ਜਾਂ ‘ਨਿੱਘੀ ਛਾਂ’ ਭਾਵ ਕੋਈ ਵੀ ਕਹਾਣੀ ਮਨੁੱਖ ਦੇ ਮਹੱਤਵ ਤੋਂ ਮੁਨਕਰ ਨਹੀਂ ਹੈ। ਮੂਲਰੂਪ ਵਿਚ ਸੁਰਿੰਦਰਜੀਤ ਕੌਰ ਕਵਿੱਤਰੀ/ਸ਼ਾਇਰਾ ਹੈ। ਕਵਿਤਾ ਬਾਰੇ ‘ਮਿੱਟੀ ਨੂੰ ਫਰੋਲ ਜੋਗੀਆ’ ਕਾਵਿ ਸੰਗ੍ਰਹਿ ਦੇ ਆਰੰਭ ’ਚ ਲਿਖੀਆਂ ਉਸ ਦੀਆਂ ਇਹ ਗੱਲਾਂ ਕਵਿਤਾ ਨਾਲ ਉਸ ਦੀ ਅੰਤਰੀਵੀ ਸਾਂਝ ਨੂੰ ਬੜੇ ਕਾਵਿਕ ਅੰਦਾਜ਼ ’ਚ ਉਜਾਗਰ ਕਰਦੀਆਂ ਹਨ। ਸਤਰਾਂ ਇਹ ਹਨ :-

‘‘ਮੈਂ ਕਵਿਤਾ ਤੇ ਕਲਾ ਨੂੰ ਪਿਆਰਦੀ ਹਾਂ। ਕਵਿਤਾ ਲਿਖਣਾ ਮੇਰੇ ਲਈ ਸ਼ੌਕ, ਖੇਡ ਜਾਂ ਵਕਤ ਲੰਘਾਉਣਾ ਨਹੀਂ। ਇਹ ਮੇਰੇ ਲਈ ਔਖਾ ਤੇ ਗਹਿਰ-ਗੰਭੀਰ ਵਿਸ਼ਾ ਹੈ। ਕਵਿਤਾ ਲਿਖਣਾ ਮੇਰੇ ਲਈ ਇੱਕ ਜ਼ਿੰਮੇਵਾਰੀ ਹੈ, ਜਨੂਨ ਹੈ, ਇਬਾਦਤ ਹੈ, ਜ਼ਿੰਦਗੀ ਹੈ। ਜਦ ਕਵਿਤਾ ਲਿਖਦੀ ਹਾਂ ਤਾਂ ਕਵਿਤਾ ਮੈਨੂੰ ਲਿਖਦੀ ਜਾਂਦੀ ਹੈ। ਮੈਂ ਕਵਿਤਾ ਦਾ ਓਨਾ ਸਤਿਕਾਰ ਕਰਦੀ ਹਾਂ ਜਿੰਨਾ ਕੋਈ ਆਪਣੇ ਆਪ ਦਾ ਤੇ ਆਪਣੇ ਧਰਮ ਦਾ ਕਰਦਾ ਹੈ।’’

‘ਮਿੱਟੀ ਨੂੰ ਫਰੋਲ ਜੋਗੀਆ’ ਵਿਚਲੀਆਂ ਕਵਿਤਾਵਾਂ ਅੰਦਰਲੀ ਕਾਵਿ-ਸੰਵੇਦਨਾ ਦੀ ਗਹਿਰਾਈ ਏਨੀ ਹੈ ਕਿ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵੱਡੇ ਅਰਥਾਂ ਦੀਆਂ ਧਾਰਨੀ ਹਨ। ਇੰਜ ਜਾਪਦਾ ਹੈ ਜਿਵੇਂ ਇਸ ਜ਼ਿੰਦਗੀ ਨਾਲ ਸੰਬੰਧਿਤ ਇੱਕ ਪੂਰਾ ਫਲਸਫ਼ਾ ਉਸ ਦੀ ਕਾਵਿ-ਸੋਚ ਪਿੱਛੇ ਕਾਰਜਸ਼ੀਲ ਹੋਵੇ। ਮਸਲਨ ਇੱਕ ਨਿੱਕੀ ਜਿਹੀ ਕਵਿਤਾ ਵਿਚ ਉਸ ਨੇ ਚਾਨਣ ਦੇ ਅਰਥ ਇੰਜ ਦਰਸਾਏ ਹਨ :-

ਅੱਖੀਆਂ ਬੰਦ ਕਰਨਾ
ਚਿੰਤਨ ਦਾ ਚਿਤਵਨ
ਮੱਥੇ ’ਚ ਉੱਗੇ ਚਾਨਣ ਵਿਚ ਨਹਾਉਣਾ
ਤੇ ਅੰਦਰ ਲਹਿ ਜਾਣਾ (ਪੰਨਾ-17)

ਬਾਕੀ ਕਾਵਿ-ਸੰਗ੍ਰਹਿਆਂ ਨੂੰ ਵੀ ਇਸੇ ਕੇਂਦਰੀ ਨੁਕਤੇ ਤੋਂ ਆਤਮ ਸਾਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਲ਼ਦਾਇਕ ਹੋਵੇਗੀ।

ਸੁਰਿੰਦਰਜੀਤ ਕੌਰ ਦੀ ਸਵੈ-ਜੀਵਨੀ ‘ਸੱਚ ਸੂਰਜ’ (ਪੰਨੇ 260) ਦਾ ਵੀ ਇਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ। ਪੰਜਾਬੀ ਦੇ ਜਿਨ੍ਹਾਂ ਲੇਖਕਾਂ ਦੀਆਂ ਸਵੈ-ਜੀਵਨੀਆਂ ਸਮਾਂ ਪਾ ਕੇ ਵਾਰ-ਵਾਰ ਪੜ੍ਹਨ ਨੂੰ ਚਿੱਤ ਕਰਦਾ ਹੈ ਉਨ੍ਹਾਂ ਵਿੱਚੋਂ ਸੁਰਿੰਦਰਜੀਤ ਕੌਰ ਇੱਕ ਹੈ। ਇਹ ਸਾਰੀ ਆਤਮ ਕਥਾ ਸੁਰਿੰਦਰਜੀਤ ਦੇ ਸੰਘਰਸ਼ਮਈ (ਤੇ ਕਿਸੇ ਹੱਦ ਸੰਕਟਮਈ ਵੀ) ਜੀਵਨ ਤੇ ਇਸ ਕਦਰ ਚਾਨਣਾ ਪਾਉਂਦੀ ਹੈ ਕਿ ਪੜ੍ਹਨ ਵਾਲਾ ਆਪ ਵੀ ਇੱਕ ਗੰਭੀਰ ਮਾਨਸਿਕ ਵਾਤਾਵਰਣ ਦੇ ਭੰਵਰ ਵਿਚ ਘੁੰਮਣ ਲਗਦਾ ਹੈ ਤੇ ਸੁਰਿੰਦਰਜੀਤ ਦਾ ਇਹ ਕਿਹਾ ਬਿਲਕੁਲ ਸਹੀ ਲੱਗਣ ਲਗਦਾ ਹੈ ਕਿ ‘ਜ਼ਿੰਦਗੀ ਜੀਣ ਦੇ ਮੁਕਾਬਲੇ ਅੱਕ ਚੱਬਣਾ ਕੋਈ ਔਖਾ ਕੰਮ ਨਹੀਂ ਹੈ।’ ਇਸ ਪੁਸਤਕ ਵਿਚ ਕਈ ਤੱਤਸਾਰ ਵਾਲੀਆਂ ਅਰਕਨੁਮਾ ਗੱਲਾਂ ਹਨ। ਜਿਹਾ ਕਿ:-

* ਹਰ ਵਕਤ ਆਦਮੀ ਔਰਤ ਨੂੰ ਪਰਖਦਾ ਹੀ ਰਹਿੰਦਾ ਹੈ।

* ਸਾਹਿਤਕ ਖੇਤਰ ਵਿਚ ਵੀ ਮਰਦ ਸਿਰਫ਼ ਦਰਮਿਆਨੇ ਦਰਜੇ ਦੀ ਲਿਖਤ ਨੂੰ ਹੀ ਉਤਸ਼ਾਹਿਤ ਕਰਦੇ ਹਨ। ਅਜਿਹੀਆਂ ਔਰਤਾਂ ਜੋ ਉਨ੍ਹਾਂ ਦੇ ਧੜੇ ਦੀਆਂ ਹੋਣ ਤੇ ਉਨ੍ਹਾਂ ਦੇ ਮੁਤਾਬਕ ਚੱਲਣ। …ਹਰ ਜਗ੍ਹਾ ਇਹੋ ਹਾਲ ਹੈ। …ਹਰ ਨਾਮਵਰ ਲੇਖਿਕਾ ਨੂੰ ਚੁਣੌਤੀਆਂ ਤੇ ਬੰਦਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ।

* ਗ਼ਰੀਬ ਮਾਨਸਿਕਤਾ ਵਾਲੇ ਮਰਦ ਨਾਲ ਰਹਿਣ ਦੀ ਬਜਾਏ ਔਰਤ ਨੂੰ ਇਕੱਲਿਆਂ ਰਹਿ ਲੈਣਾ ਚਾਹੀਦਾ ਹੈ।

* ਮੈਂ ਮਹਿਸੂਸ ਕਰਦੀ ਹਾਂ ਕਿ ਬੰਦਾ ਆਪਣੇ ਹੱਥੀਂ ਮਿਹਨਤ ਕਰਕੇ ਭਾਵੇਂ ਘੱਟ ਵਰਤ ਲਵੇ, ਇਹਦੇ ਵਿਚ ਉਹਦੀ ਇੱਜ਼ਤ ਵੀ ਹੈ ਤੇ ਮਹਾਨਤਾ ਵੀ। ਪਰ ਮੰਗਣਾ ਜਿਵੇਂ ਮੌਤ ਹੋਵੇ। ਲਗਦੀ ਵਾਹੇ ਉਧਾਰ ਨਹੀਂ ਲਿਆ। ਹੱਕ ਹਲਾਲ ਦਾ ਥੋੜ੍ਹਾ ਵਰਤ ਕੇ ਤਸੱਲੀ ਹੁੰਦੀ ਹੈ। ਮੈਂ ਆਪਣਾ ਸਵੈਮਾਨ ਜਿੰਦਾ ਰੱਖਿਆ ਹੈ।

* ਜਿਸ ਕੋਲ ਦਲੀਲ ਨਾ ਹੋਵੇ, ਉਹਦੇ ਕੋਲ ਘਸੁੰਨ ਹੁੰਦਾ ਹੈ। ਦੂਜੇ ਨੂੰ ਹਰ ਗੱਲ ਨਾਲ ਨਿੰਦਣ ਵਾਲਾ ਆਪ ਨਿੰਦਣਯੋਗ ਹੁੰਦਾ ਹੈ।

ਇਹ ਸਾਰੀ ਸਵੈ-ਜੀਵਨੀ ਏਨੀ ਅਰਥ ਭਰਪੂਰ, ਗੰਭੀਰ ਤੇ ਦਿਲਚਸਪ ਹੈ ਕਿ ਇਸ ਦੇ ਹੁਣ ਤਕ ਇੱਕ ਤੋਂ ਵੱਧ ਐਡੀਸ਼ਨ ਆ ਚੁੱਕੇ ਹਨ। ਜਿਨ੍ਹਾਂ ਨੇ ਅਜੇ ਤਕ ਨਹੀਂ ਪੜ੍ਹੀ ਉਨ੍ਹਾਂ ਲਈ ਵੀ ਪੜ੍ਹਨੀ ਲਾਹੇਵੰਦ ਹੋਵੇਗੀ।

ਸੁਰਿੰਦਰਜੀਤ ਕੌਰ ਅੱਜਕੱਲ੍ਹ ਪੰਜਾਬ ਵਿਚ ਹੈ। ਪਿਛਲੇ ਦਿਨੀਂ ਉਸ ਨਾਲ ਹੋਈ ਮੁਲਾਕਾਤ ਵਿਚਲੇ ਸਾਹਿਤਕ ਵਿਚਾਰ ਵਟਾਂਦਰੇ ਦੇ ਉਸ ਵੱਲੋਂ ਕੁਝ ਅੰਸ਼ ਇਥੇ ਹਾਜ਼ਰ ਹਨ :-

* ਬਚਪਨ ਤੋਂ ਹੀ ਸਕੂਲ ਸਮੇਂ ਆਪਣੀਆਂ ਲਿਖੀਆਂ ਕਵਿਤਾਵਾਂ ਬੋਲਣ ਲਗ ਪਈ ਸੀ। ਪਰ ਪਤਾ ਕਿਸੇ ਨੂੰ ਨਹੀਂ ਸੀ ਕਿ ਇਹ ਮੇਰੀਆਂ ਆਪਣੀਆਂ ਲਿਖੀਆਂ ਹਨ।

* ਮੇਰੀ ਕਵਿਤਾ ਛੰਦ ਬੰਧ ਕਵਿਤਾ ਹੀ ਹੈ ਤੇ ਇਹੀ ਕਵਿਤਾ ਜ਼ਿਆਦਾ ਪੜ੍ਹੀ ਤੇ ਪਸੰਦ ਕੀਤੀ ਜਾਂਦੀ ਹੈ ਪਰ ਕਿਤੇ-ਕਿਤੇ ਖੁੱਲ੍ਹੀ ਕਵਿਤਾ ਵੀ ਆਪਣੇ ਉੱਚ ਮਿਆਰ ਤੇ ਡੂੰਘੀ ਸੰਵੇਦਨਾ ਨਾਲ ਮਕਬੂਲ ਹੋ ਜਾਂਦੀ ਹੈ।

* ਕੈਨੇਡਾ ਅੰਦਰ ਬਹੁਤ ਸਾਰੀਆਂ ਸਾਹਿਤਕ ਸਭਾਵਾਂ ਤੇ ਸੰਸਥਾਵਾਂ ਬੜੀ ਸ਼ਿੱਦਤ ਨਾਲ ਸਰਗਰਮ ਹਨ। ਮੀਟਿੰਗਾਂ ਦੇ ਦਿਨ ਬੱਝੇ ਹੋਏ ਹਨ। ਆਪਸੀ ਤਾਲਮੇਲ ਪ੍ਰੇਮ-ਪਿਆਰ ਵੀ ਬਣਿਆ ਹੋਇਆ ਹੈ। ਦੂਜੇ ਦੇਸ਼ਾਂ ਤੋਂ ਵੀ ਸਾਹਿਤਕਾਰ ਆਉਂਦੇ ਰਹਿੰਦੇ ਹਨ। ਕਦੀ ਕਦਾਈ ਥੋੜ੍ਹਾ ਬਹੁਤ ਮਨ ਮੁਟਾਵ ਵੀ ਹੋ ਜਾਂਦਾ ਹੈ। ਇਨ੍ਹਾਂ ਸਭਾਵਾਂ ਵਿਚ ‘ਸੰਵਾਦ’ ਮੈਗਜ਼ੀਨ ਜੋ ਸੁਖਿੰਦਰ ਜੀ ਕੱਢਦੇ ਹਨ, ਉਹ ਵੀ ਸਲਾਹੁਣਯੋਗ ਹੈ।

* ਸਾਹਿਤਕ ਸਾਂਝੇ ਆਲੋਚਕਾਂ ਦੀ ਗਿਣਤੀ ਨਾਮਾਤਰ ਹੈ। ਬਾਕੀ ਆਲੋਚਕ ਨਿੱਜੀ ਤੌਰ ’ਤੇ ਲੇਖਕਾਂ ਨਾਲ ਜੁੜੇ ਹੋਏ ਹਨ ਜਿਸ ਕਰਕੇ ਸਮੁੱਚੇ ਸਾਹਿਤ ਦੀ ਆਲੋਚਨਾ ਨਿਰਪੱਖ ਦ੍ਰਿਸ਼ਟੀ ਤੋਂ ਨਹੀਂ ਹੋ ਰਹੀ। ਬਹੁਤੇ ਚੰਗੇ ਲੇਖਕ ਅਜੇ ਵੀ ਅਣਗੌਲੇ ਹੀ ਹਨ।

* ਪੁਰਾਣੇ ਸਾਹਿਤਕਾਰਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ।

* ਕੈਨੇਡਾ ਵਿਚ ਹੁੰਦੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚ ਮੇਰਾ ਵੀ ਭਰਪੂਰ ਯੋਗਦਾਨ ਹੁੰਦਾ ਹੈ। ਮੈਂ ਜੋ ਠੀਕ ਸਮਝਾਂ ਪ੍ਰਬੰਧਕਾਂ ਨੂੰ ਕਹਿ ਦਿੰਦੀ ਹਾਂ ਤੇ ਮੇਰੀ ਰਾਇ ’ਤੇ ਗੌਰ ਵੀ ਹੁੰਦਾ ਹੈ।

* ਪੰਜਾਬੀ ਪਾਠਕਾਂ ਦੀ ਗਿਣਤੀ ਕੈਨੇਡਾ ਵਿਚ ਵਧ ਰਹੀ ਹੈ। ਪਰ ਅਗਲੀ ਪੀੜ੍ਹੀ ਪੰਜਾਬੀ ਬੋਲ ਤਾਂ ਸਕਦੀ ਹੈ ਪਰ ਪੜ੍ਹ ਨਹੀਂ ਸਕਦੀ ਜੋ ਬਹੁਤ ਫ਼ਿਕਰਮੰਦੀ ਵਾਲੀ ਗੱਲ ਹੈ।

ਨਿਰਸੰਦੇਹ ਡਾ. ਸੁਰਿੰਦਰਜੀਤ ਕੌਰ ਦੀਆਂ ਸਾਰੀਆਂ ਗੱਲਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਪੰਜਾਬੀ ਸਾਹਿਤਕ ਦੁਨੀਆ ਵਿਚ ਉਸ ਦਾ ਆਪਣਾ ਵਿਲੱਖਣ ਸਥਾਨ ਹੈ। ਦੇਸ਼ ਤੇ ਪਰਦੇਸ ਵਿਚ ਉਸ ਦੀ ਕਲਮ ਨੇ ਬਰਾਬਰ ਆਪਣੀ ਮੁਹਾਰਤ ਦੇ ਰਚਨਾਤਮਕ ਪ੍ਰਮਾਣ ਦਿੱਤੇ ਹਨ ਜਿਸ ਸਦਕਾ ਪਾਠਕਾਂ ਦੀ ਮੁਹੱਬਤ ਨੇ ਉਸ ਦੇ ਕਲਾਮ ਨੂੰ ਤਹਿ ਦਿਲੋਂ ਪ੍ਰਵਾਨਗੀ ਦਿੱਤੀ ਹੈ ਤੇ ਮਨੁੱਖੀ ਹੋਂਦ-ਹਸਤੀ ਦੀ ਸਲਾਮਤੀ ਹਿੱਤ ਅੜਨ-ਖੜਨ ਲਈ ਉਸ ਨੂੰ ਵਡਿਆਇਆ ਵੀ ਹੈ। ਰੱਬ ਉਸ ਦੀ ਕਲਮ ਨੂੰ ਹੋਰ ਕਾਮਯਾਬੀ ਬਖ਼ਸ਼ੇ।

***
191
***

ਸੁਰਿੰਦਰਜੀਤ ਕੌਰ (ਡਾ.)
94178-24751
**
ਹਰਮੀਤ ਸਿੰਘ ਅਟਵਾਲ
98155-05287

ਹਰਮੀਤ ਸਿੰਘ ਅਟਵਾਲ