13 June 2024

ਸਿਫ਼ਤਯੋਗ ਨਾਵਲ-ਨਿਗਾਰ ਮਲੂਕ ਚੰਦ ਕਲੇਰ—-ਹਰਮੀਤ ਸਿੰਘ ਅਟਵਾਲ

“ਅਦੀਬ ਸਮੁੰਦਰੋਂ ਪਾਰ ਦੇ”

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਨੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਵਿੱਚ ‘ਸਿਫ਼ਤਯੋਗ ਨਾਵਲ-ਨਿਗਾਰ ਪ੍ਰਿੰਸੀਪਲ ਮਲੂਕ ਚੰਦ ਕਲੇਰ ਜੀ’ ਬਾਰੇ ਬਹੁਤ ਹੀ ਮਿਹਨਤ ਨਾਲ, ਉਹਨਾਂ ਦੇ ਸੰਘਰਸ਼ਮਈ ਜੀਵਨ ਅਤੇ ਸਾਹਿਤਕ ਰਚਨਾਵਾਂ ਦਾ ਗਹਿਰ-ਗੰਭੀਰ ਅਧਿਐਨ ਕਰਨ ਉਪਰੰਤ ਖੁਭ੍ਹ ਕੇ ਆਪਣੀ ਵਿਲਖਣ ਤੇ ਲਾਜਵਾਬ ਸ਼ੈਲੀ ਵਿੱਚ ਲਿਖਿਆ ਹੈ। ਇਹ ਅਦੁਤੀ ਰਚਨਾ ਜਿੱਥੇ ਸਾਨੂੰ ਨਾਮਵਰ ਅਦੀਬ ਪ੍ਰਿੰਸੀਪਲ ਕਲੇਰ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਹੈ।—ਲਿਖਾਰੀ
***

ਸਿਫ਼ਤਯੋਗ ਨਾਵਲ-ਨਿਗਾਰ ਮਲੂਕ ਚੰਦ ਕਲੇਰ—-ਹਰਮੀਤ ਸਿੰਘ ਅਟਵਾਲ

ਨਾਵਲ ਇੱਕ ਯਥਾਰਥ ਧਰਮੀ ਵਿਧਾ ਮੰਨੀ ਗਈ ਹੈ। ਬਾਖਤਿਕ ਨਾਂ ਦਾ ਸੋਵੀਅਤ ਯੂਨੀਅਨ ਦਾ ਇੱਕ ਚਿੰਤਕ ਤਾਂ ਸਮਾਜ ਦੀ ਹਰ ਪਰਤ ਅਤੇ ਪਾਸਾਰ ਨੂੰ ਨਾਵਲੀ ਪਰਤ ਦਾ ਆਧਾਰ ਮਿੱਥਦਾ ਹੈ। ਦਰਅਸਲ ਨਾਵਲੀ ਵਿਧਾ ਤੇ ਹੋਂਦ ਦੀ ਸਿਧਾਂਤਕਾਰੀ ਨੂੰ ਸਮਝਣਾ ਸੂਖਮ ਭਾਵ ਹੰਸ-ਬੁੱਧ ਬੌਧਿਕਤਾ ਦੇ ਵੱਸ ਦੀ ਗੱਲ ਹੁੰਦੀ ਹੈ। ਭਰਪੂਰ ਬੁੱਧੀ ਅੰਕ ਸੰਪੰਨ ਇਹ ਉਹੀ ਬੌਧਿਕਤਾ ਹੁੰਦੀ ਹੈ ਜਿਸ ਵਿੱਚੋਂ ਪਰਪੱਕਤਾ ਡੁੱਲ-ਡੁੱਲ ਪੈਂਦੀ ਹੈ। ਇਸੇ ਬੌਧਿਕਤਾ ਨੂੰ ਹੀ ਨਾਵਲੀ ਵਿਧਾ ਸ਼ਾਸਤਰ ਦੀ ਪੁੱਖਤਗੀ ਦਾ ਪੂਰਾ ਪਤਾ ਹੁੰਦਾ ਹੈ। ਇਸੇ ਨੂੰ ਹੀ ਮਾਨਵੀ ਸਮਾਜ ਦੇ ਮੂੰਹ-ਮੱਥੇ ਤੋਂ ਥੋਥੇ ਪ੍ਰਤੀਮਾਨਾਂ ਦੀ ਮਿੱਟੀ ਝਾੜਨੀ ਆਉਂਦੀ ਹੁੰਦੀ ਹੈ। ਇਸੇ ਨੂੰ ਹੀ ਦੁੱਧ-ਪਾਣੀ ਵੱਖਰਾ ਕਰਨ ਦੀ ਜਾਚ ਆਉਂਦੀ ਹੁੰਦੀ ਹੈ, ਇਸੇ ਨੂੰ ਹੀ ਮਿਠਾਸ ਤੇ ਕੁੜੱਤਣ ਦੇ ਸਹੀ ਮਿਸ਼ਰਣ ਦਾ ਗੂੜ੍ਹ-ਗਿਆਨ ਹੁੰਦਾ ਹੈ। ਇਹੀ ਸੱਜਰੀ ਸਵੇਰ ਜਹੀ ਸੁਹਜਾਤਮਿਕਤਾ ਦੀ ਸਮਝ ਰੱਖਦੀ ਹੈ ਤੇ ਮਹਿਜ ਬਾਹਰਲੀ ਸਿਧਾਂਤਕ ਪੋਚਾ ਪਾਚੀ ਨਾਲ ਹੀ ਚਿਤ ਪਰਚਾਉਣ ਵਾਲੀ ਡੰਗ-ਟਪਾਊ ਬਿਰਤੀ ਤੋਂ ਪਰ੍ਹਾਂ ਰਹਿੰਦੀ ਹੈ ਤੇ ਅੰਤ ਨੂੰ ਇਸੇ ਬੌਧਿਕਤਾ ਦੇ ਸਿਰ ’ਤੇ ਹੀ ਕੋਈ ਮਸੀਲ ਭਾਵ ਵਿਦਵਾਨ ਪੁਰਸ਼ ਕਿਹਾ ਜਾ ਸਕਦਾ ਹੈ।

ਨਿਰਸੰਦੇਹ ਕਿਸੇ ਵੀ ਖੇਤਰ ਵਿਚਲੀ ਪੁਖਤਗੀ, ਪਰਪੱਕਤਾ, ਨਿੱਗਰਤਾ ਜਾਂ ਮੁਹਾਰਤ ਸੰਬੰਧਿਤ ਖੇਤਰ ਦੀ ਗੁਣਾਤਮਿਕਤਾ ਦੀ ਪ੍ਰਮਾਣਿਕਤਾ ਹੀ ਹੁੰਦੀ ਹੈ। ਸਾਹਿਤ ਅੰਦਰ ਨਾਵਲ-ਨਿਗਾਰੀ ਦਾ ਮਾਰਗ ਚੱਲਣ ਵਾਲੇ ਲਈ ਖਾਸੀ ਮਿਹਨਤ ਦੀ ਮੰਗ ਕਰਦਾ ਹੈ। ਜਿਸ ਬੁੱਧੀਮਾਨ ਨੂੰ ਇਸ ਮਿਹਨਤ ਦਾ ਮਾਰਗ ਸਮਝ ਆ ਜਾਏ। ਉਸ ਦੀ ਕਲਮ ਵਿਚ ਪਕਿਆਈ ਜਾਂ ਪਰਪੱਕਤਾ ਆ ਹੀ ਜਾਂਦੀ ਹੈ। ਉਸ ਨੂੰ ਆਪਣਾ ਮਨ-ਮਸਤਕ ਮਮਲੂ ਜਿਹਾ ਲਗਦਾ ਹੈ। ਉਹ ਕਦੇ ਵੀ ਕੋਤਾਹ-ਦਸਤ ਨਹੀਂ ਹੁੰਦਾ ਤੇ ਕਲਮ ਦਾ ਕੋਰਕਾ ਵਜਾ ਕੇ ਅੱਗੇ ਵੱਧਦਾ ਹੈ। ਸਹੀ ਮਾਅਨਿਆਂ ਵਿਚ ਇਹੀ ਪਰਪੱਕਤਾ ਅੱਗੇ ਚੱਲਕੇ ਲਿਖਣਹਾਰ ਨੂੰ ਸਿਫ਼ਤ ਦਾ ਹੱਕਦਾਰ ਬਣਾਉਂਦੀ ਹੈ। ਸਾਡਾ ਸਰੀ (ਕੈਨੇਡਾ) ਵੱਸਦਾ ਨਾਵਲ-ਨਿਗਾਰੀ ਦਾ ਧਨੀ ਮਲੂਕ ਚੰਦ ਕਲੇਰ ਇਸ ਸਿਫ਼ਤ ਦਾ ਅਸਲੋਂ ਹੱਕਦਾਰ ਹੈ ਜਾਂ ਕਹਿ ਲਓ ਸਿਫ਼ਤਯੋਗ ਨਾਵਲ-ਨਿਗਾਰ ਨਾਵਲਕਾਰ ਹੈ।

+91 98155-05287

ਮਲੂਕ ਚੰਦ ਕਲੇਰ ਦਾ ਜਨਮ 15 ਅਕਤੂਬਰ 1954 ਈ: ਨੂੰ ਪਿਤਾ ਚੌਧਰੀ ਜਗਤ ਰਾਮ ਅਤੇ ਮਾਤਾ ਈਸਰੀ ਦੇ ਘਰ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਕਲੇਰ ਨੇ ਗਿਆਨੀ, ਓ.ਟੀ., ਐੱਮ.ਏ ਤੇ ਬੀ.ਐੱਡ ਤੱਕ ਅਕਾਦਮਿਕ ਯੋਗਤਾ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਵਿਚ ਅਧਿਆਪਨ ਦੀ ਸੇਵਾ ਕੀਤੀ। ਵੱਖ-ਵੱਖ ਅਹੁਦਿਆਂ ਅਰਥਾਤ ਪੰਜਾਬੀ ਮਾਸਟਰ, ਲੈਕਚਰਾਰ ਤੇ ਪ੍ਰਿੰਸੀਪਲ ਬਣਕੇ ਸੇਵਾ ਨਿਭਾਈ। 2008 ਵਿਚ ਮਲੂਕ ਚੰਦ ਕਲੇਰ ਨੇ ਦੁਨੀਆ ਦੇ ਇੱਕ ਸ਼ਾਨਦਾਰ ਮੁਲਕ ਕੈਨੇਡਾ ਵਿਚ ਪਰਵਾਸ ਕੀਤਾ। ਉਥੇ ਜਾ ਕੇ ਵੀ ਮਿਹਨਤ ਜਾਰੀ ਰੱਖੀ। ਸਾਹਿਤਕ ਸਰਗਰਮੀਆਂ ਮਘਦੀਆਂ ਰੱਖੀਆਂ। ਕਈ ਰੇਡੀਓ ਤੇ ਟੀਵੀ ਪ੍ਰੋਗਰਾਮ ਦਿੱਤੇ। ਵੱਡੀਆਂ (ਉਥੋਂ ਦੀਆਂ) ਅਖ਼ਬਾਰਾਂ ਵਿਚ ਕਾਲਮ ਲਿਖਣੇ ਜਾਰੀ ਰੱਖੇ। ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਦੀ 21 ਅਕਤੂਬਰ 2018 ਨੂੰ ਸਥਾਪਨਾ ਵੀ ਕੀਤੀ। ਅਜਿਹੀਆਂ ਸਾਹਿਤਕ ਸਰਗਰਮੀਆਂ ਆਪਣੇ ਆਪ ਵਿਚ ਹੀ ਸੰਬੰਧਿਤ ਸਾਹਿਤਕਾਰ ਦੀ ਸਿਫ਼ਤ ਕਰਨ ਲਈ ਸਰੋਤੇ ਜਾਂ ਪਾਠਕ ਨੂੰ ਪ੍ਰੇਰਦੀਆਂ ਹਨ।

ਆਪਣੇ ਘਰ ਦੇ ਸਾਹਿਤਕ ਮਾਹੌਲ ਦਾ ਇੱਕ ਰੰਗ ਦੱਸਦਿਆਂ ਕਲੇਰ ਦਾ ਆਖਣਾ ਹੈ ਕਿ ਕੋਈ ਵੀ ਲੇਖਕ ਗਿਣ-ਮਿੱਥ ਕੇ ਇਸ ਪਾਸੇ ਨਹੀਂ ਆਉਂਦਾ। ਮਲੂਕ ਚੰਦ ਕਲੇਰ ਦਾ ਆਰੰਭਕ ਸਾਹਿਤਕ ਘਰੇਲੂ ਮਾਹੌਲ ਕੁਝ ਉਸ ਦੀ ਆਪਣੀ ਜਬਾਨੀ ਇਉਂ ਸੀ :-

-ਸਾਡੀ ਹਵੇਲੀ ਵੱਡੀ ਸੜਕ ’ਤੇ ਸੀ। ਛਾਂਦਾਰ ਰੁੱਖ ਲੱਗੇ ਹੋਏ ਸਨ। ਆਉਂਦੇ-ਜਾਂਦੇ ਰਾਹੀ ਵੀ ਦੋ ਘੜੀਆਂ ਆਰਾਮ ਕਰ ਲੈਂਦੇ। ਜੇਠ-ਹਾੜ ਦੀਆਂ ਰਾਤਾਂ ਨੂੰ ਜਦੋਂ ਸਾਡੇ ਬਜੁਰਗਾਂ ਨੂੰ ਨੀਂਦ ਨਾ ਆਉਂਦੀ ਤਾਂ ਉਹ ਸਾਡੀ ਹਵੇਲੀ ਆਉਣਾ ਸ਼ੁਰੂ ਕਰ ਦਿੰਦੇ। ਇੱਕ ਉਨ੍ਹਾਂ ’ਚੋਂ ਬਤਨਾ ਰਾਮ ਸੀ। ਉਹ ਹੀਰ ਦਾ ਕਿੱਸਾ ਘਰੋਂ ਚੁੱਕ ਲਿਆਉਂਦਾ। ਮੇਰੀ ਡਿਊਟੀ ਦੀਵਾ ਫੜ ਕੇ ਰੱਖਣ ਤੇ ਉਨ੍ਹਾਂ ਨੂੰ ਪਾਣੀ ਪਿਆਉਣ ਦੀ ਸੀ। ਮੇਰੇ ਪਿਤਾ ਚੌਧਰੀ ਜਗਤ ਰਾਮ ਨੂੰ ਗੰਗਾ ਰਾਮ ਦਾ ਲਿਖਿਆ ਕਿੱਸਾ ਰੂਪ ਬਸੰਤ ਜੁਬਾਨੀ ਯਾਦ ਸੀ ਤੇ ਉਹ ਗਾ ਕੇ ਸੁਣਾਇਆ ਕਰਦਾ ਸੀ।

ਮਲੂਕ ਚੰਦ ਕਲੇਰ ਦੀਆਂ ਹੁਣ ਤੱਕ ਚਾਰ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਪੁਜੀਆਂ ਹਨ ਜਿਨ੍ਹਾਂ ਵਿਚ ਇੱਕ ਸਵੈ-ਜੀਵਨੀ ਤੇ ਤਿੰਨ ਨਾਵਲ ਹਨ। ਕਲੇਰ ਦੀ ਸਵੈ-ਜੀਵਨੀ ‘ਕੋਰੇ ਘੜੇ ਦਾ ਪਾਣੀ’ ਸੰਨ 2009 ਵਿਚ ਆਈ ਸੀ ਤੇ ਉਦੋਂ ਹੀ ਇਸ ਨੂੰ ਪੜ੍ਹਨ ਤੇ ਇਸ ਬਾਰੇ ਲਿਖਣ ਦਾ ਮੌਕਾ ਮੈਨੂੰ ਮਿਲ ਗਿਆ ਸੀ। 159 ਸਫ਼ਿਆਂ ਦੀ ਇਸ ਸਵੈ-ਜੀਵਨੀ ਬਾਰੇ ਮੈਂ ਲਿਖਿਆ ਸੀ ਕਿ ‘ਕੋਰੇ ਘੜੇ ਦਾ ਪਾਣੀ’ ਦਾ ਲਿਖਾਰੀ ਪ੍ਰਸਿੱਧ ਬੰਦਾ ਨਹੀਂ ਹੈ। ਖ਼ਾਸ ਨਹੀਂ, ਆਮ ਹੈ ਪਰ ਜਿਹੜੀ ਉਸਨੇ ਸਵੈ-ਜੀਵਨੀ ਲਿਖੀ ਹੈ। ਉਹ ਜ਼ਰੂਰ ਖ਼ਾਸ ਹੈ। ਇਸ ਸਵੈ-ਜੀਵਨੀ ਦੀ ਖਾਸੀਅਤ ਇਹ ਹੈ ਕਿ ਇਹ ਇਕ ਐਸੇ ਬੰਦੇ ਦੀ ਦਾਸਤਾਨ ਹੈ ਜਿਹੜਾ ਹੱਡੀ-ਹੰਢਾਏ ਦਰਦਾਂ, ਕੌੜੇ ਮਿੱਠੇ ਤਜਰਬਿਆਂ ਦੀਆਂ ਵੱਟਾਂ ਤੇ ਬੰਨਿਆਂ ’ਤੇ ਤੁਰਦਾ-ਤੁਰਦਾ ਅੰਤ ਨੂੰ ਆਪਣੀ ਜੀਵਨ-ਬੱਤੀ ਦਾ ਪ੍ਰਕਾਸ਼ ਫੈਲਾਉਣ ’ਚ ਕਾਮਯਾਬ ਹੁੰਦਾ ਹੈ। ਅੱਜ ਉਸ ਨੂੰ ਵੀ ਚਾਰ ਬੰਦੇ ਜਾਣਦੇ ਹਨ। ਉਹ ਵੀ ਸੱਜੇ ਹੱਥ ਦੀ ਅੰਗੂਠੇ ਨਾਲ ਦੀ ਉਂਗਲ ਖੜ੍ਹੀ ਕਰਕੇ ਗੱਲ ਕਰਨ ਜੋਗਾ ਹੋ ਗਿਆ ਹੈ। …ਸਮਾਂ ਬੀਤਿਆ ਤੇ ਅੱਜ ਮਲੂਕ ਚੰਦ ਕਲੇਰ ਨੂੰ ਨਰਿੰਜਣ ਤਸਨੀਮ ਵਰਗੇ ਪੰਜਾਬੀ ਦੇ ‘ਸਾਹਿਤ ਰਤਨ’ ਨਾਵਲਕਾਰਾਂ ਦਾ ਥਾਪੜਾ ਪ੍ਰਾਪਤ ਹੋ ਚੁੱਕਾ ਹੈ ਤੇ ਉਮੀਦ ਹੈ ਉਸ ਦੀ ਇਹ ਸਵੈ-ਜੀਵਨੀ ਆਪਣੇ ਵਿਕਸਿਤ ਰੂਪ ਨਾਲ ਛੇਤੀਂ ਹੀ ਮੁੜ ਛਪੇਗੀ ਤੇ ਪਾਠਕਾਂ ਦੀ ਜਾਣਕਾਰੀ ਤੇ ਪ੍ਰੇਰਨਾ ’ਚ ਵਾਧਾ ਕਰੇਗੀ। ਜ਼ਿਕਰਯੋਗ ਹੈ ਕਿ ਇਸ ਸਵੈ-ਜੀਵਨੀ ਬਾਰੇ ਨਾਮਵਰ ਕਹਾਣੀਕਾਰ ਪ੍ਰੇਮ ਗੋਰਖੀ, ਸੁਖਦੇਵ ਮਾਦਪੁਰੀ ਤੇ ਸ਼ਰਨਜੀਤ ਕੌਰ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਸਮੇਂ-ਸਮੇਂ ਵਿਅਕਤ ਕੀਤੇ ਹਨ। ‘ਸੂਰਜ ਉਗ ਪਿਆ’, ‘ਤਲਾਸ਼ ਜਾਰੀ ਹੈ’ ਤੇ ‘ਜੰਗਲ ਵਿੱਚ ਚੋਣ’ ਮਲੂਕ ਚੰਦ ਕਲੇਰ ਦੇ ਤਿੰਨ ਨਾਵਲ ਪਾਠਕਾਂ ਨੇ ਪੜ੍ਹੇ ਹਨ ਜਿਨ੍ਹਾਂ ਵਿੱਚੋਂ ‘ਜੰਗਲ ਵਿੱਚ ਚੋਣ’ ਬਾਲ ਨਾਵਲ ਹੈ।

‘ਸੂਰਜ ਉਗ ਪਿਆ’ ਨਾਵਲ ਸਿਰਫ਼ 84 ਪੰਨਿਆਂ ਦਾ ਹੈ ਪਰ ਵੱਡੀ ਵਿਸ਼ੇਸ਼ਤਾ ਵਾਲਾ ਹੈ। ਇਸ ਵੱਡੀ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ ਮਸ਼ਹੂਰ ਕਹਾਣੀਕਾਰ ਮੋਹਨ ਲਾਲ ਫਿਲੌਰੀਆ ਨੇ ਲਿਖਿਆ ਹੈ ਕਿ ਇਹ ਪੁਸਤਕ ਸੋਚਣ ਲਈ ਮਜਬੂਰ ਕਰਦੀ ਹੈ। ਜੰਗਲ ਘਟ ਰਿਹਾ ਹੈ। ਮਨੁੱਖ ਜਾਤੀ ਵੱਲੋਂ ਹਮਲੇ ਹੋ ਰਹੇ ਹਨ। ਨਸਲਾਂ ਖ਼ਤਮ ਹੋ ਰਹੀਆਂ ਹਨ। ਜੰਗਲ ਅੱਗ ਨਾਲ ਸੜ ਰਹੇ ਹਨ। …ਇਹ ਨਾਵਲ ਇੱਕ ਵਿਲੱਖਣ ਤਰ੍ਹਾਂ ਦਾ ਨਾਵਲ ਹੈ ਜਿਸ ਦੇ ਪਾਤਰ ਸਾਡੇ ਜੰਗਲੀ ਜਾਨਵਰ ਹਨ। ਪ੍ਰਸਿੱਧ ਕਹਾਣੀਕਾਰ ਪ੍ਰੇਮ ਗੋਰਖੀ ਨੇ ਕਲੇਰ ਨੂੰ ਅਗਾਂਹਵਧੂ ਸੋਚਣੀ ਵਾਲਾ ਲੇਖਕ ਦੱਸਦਿਆਂ ਇਸ ਨਾਵਲ ਬਾਰੇ ਲਿਖਿਆ ਹੈ ਕਿ ਇਸ ਨਾਵਲ ਵਿੱਚੋਂ ਪਰਿਵਰਤਨ ਜਾਂ ਇਨਕਲਾਬ ਦੀ ਗੱਲ ਸਾਹਮਣੇ ਆਉਂਦੀ ਹੈ।

ਮਲੂਕ ਚੰਦ ਕਲੇਰ ਦਾ ਅਗਲਾ ਨਾਵਲ ‘ਤਲਾਸ਼ ਜਾਰੀ ਹੈ’ ਇੱਕ ਸਵੈ-ਜੀਵਨੀ ਪਰਕ ਨਾਵਲ ਹੈ। ਤਕਨੀਕ ਪੱਖੋਂ ਚੇਤਨਾ ਪ੍ਰਵਾਹ ਦੀ ਵਿਧੀ ਅਪਣਾਈ ਗਈ ਹੈ। ਇਸ ਨਾਵਲ ਦੇ 10 ਚੈਪਟਰ ਆਪਣੇ ਆਪ ਵਿਚ ਇੱਕ ਸੰਕੇਤ ਹਨ ਕਿ ਮਨੁੱਖ ਦੀ ਸੋਚ ਦਾ ਹਰ ਦਸ ਸਾਲ ਬਾਅਦ ਬਦਲਣਾ ਲਾਜ਼ਮੀ ਹੈ। ਇਸ ਨਾਵਲ ਬਾਰੇ ਮਲੂਕ ਚੰਦ ਦਾ ਆਖਣਾ ਹੈ ਕਿ ਇਨਸਾਨ ਬਦਲਾਅ ਵੀ ਚਾਹੁੰਦਾ ਹੈ। ਇਨਸਾਨ ਖੰਡਨ ਵੀ ਕਰਦਾ ਹੈ ਤੇ ਮੰਡਨ ਵੀ ਕਰਦਾ ਹੈ। ਨਾਇਕ ਨੂੰ ਜਦੋਂ-ਜਦੋਂ ਵੀ ਮੰਜ਼ਿਲ ਦਿਸ ਪੈਂਦੀ ਹੈ ਤਾਂ ਫੇਰ ਉਹ ਆਪਣੇ ਨਵੇਂ ਰਾਹ ਤਲਾਸ਼ਦਾ ਹੈ। ਇਹ ਭਾਵੇਂ ਸਵੈ-ਜੀਵਨੀ ਆਧਾਰਤ ਵਿਧਾ ਵਿਚ ਲਿਖਿਆ ਨਾਵਲ ਹੈ ਪਰ ਦਸ ਨਾਵਲ ਨਰਿੰਜਨ ਤਸਨੀਮ ਦੇ ਅਤੇ 56 ਨਾਵਲ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਤੇ ਇਕ ਨਾਵਲ ‘ਨਿਰਵਾਣ’ ਪੜ੍ਹਨ ਉਪਰੰਤ ਹੀ ਇਹ ਨਾਵਲ ਲਿਖਿਆ ਗਿਆ ਹੈ। ਨਿਰਸੰਦੇਹ ਇਹ ਨਾਵਲ ਪੜ੍ਹਦੇ ਪਾਠਕ ਨੂੰ ਬਹੁਤ ਸਾਰੀਆਂ ਉੱਚ ਪਾਏ ਦੀਆਂ ਸਾਹਿਤਕ ਪੁਸਤਕਾਂ ਦੀ ਜਾਣਕਾਰੀ ਵੀ ਇੱਕੋ ਪੁਸਤਕ ਵਿਚ ਮਿਲ ਜਾਂਦੀ ਹੈ।

‘ਜੰਗਲ ਵਿਚ ਚੋਣ’ ਮਲੂਕ ਚੰਦ ਕਲੇਰ ਦਾ ਲਿਖਿਆ ਬਾਲ ਨਾਵਲ ਹੈ। ਇਸ ਵਿਚ ਜਾਨਵਰਾਂ ਦੇ ਚਿੱਤਰ ਵੀ ਹਨ। ਬੱਚਿਆਂ ਦੇ ਅੰਦਰ ਰਾਜਨੀਤਕ ਸੂਝ-ਬੂਝ ਤੇ ਕੂਟਨੀਤੀ ਬਾਰੇ ਰੁਝਾਨ ਪੈਦਾ ਕਰਨ ਲਈ ਇਸ ਨਾਵਲ ਦੀ ਸਿਰਜਣਾ ਕੀਤੀ ਗਈ ਪ੍ਰਤੀਤ ਹੁੰਦੀ ਹੈ।
ਮਲੂਕ ਚੰਦ ਕਲੇਰ ਨੂੰ ਮਿਲਣ ਦਾ ਸੁਭਾਗ ਵੀ ਕੁਝ ਇੱਕ ਵਾਰ ਪ੍ਰਾਪਤ ਹੋਇਆ ਹੈ ਤੇ ਸਾਹਿਤਕ ਵਿਚਾਰ ਵਟਾਂਦਰਾ ਤਾਂ ਅਕਸਰ ਹੁੰਦਾ ਰਹਿੰਦਾ ਹੈ। ਇਸ ਵਿਚਾਰ ਵਿਮਰਸ਼ ਦੇ ਕੁਝ ਅੰਸ਼ ਹੂਬਹੂ ਇਥੇ ਲਿਖੇ ਜਾਂਦੇ ਹਨ :-

* ਪੂਰੇ ਕੈਨੇਡਾ ਦੇ 10 ਪ੍ਰਾਂਤ ਹਨ। ਕਿਤੇ ਪੰਜਾਬੀ ਘੱਟ ਹਨ ਕਿਤੇ ਵੱਧ ਹਨ। ਸਾਰਿਆਂ ਨੇ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਹਿੱਤ ਸਾਹਿਤ ਸਭਾਵਾਂ ਦਾ ਗਠਨ ਕੀਤਾ ਹੋਇਆ ਹੈ। ਹਰ ਹਫ਼ਤੇ ਨਵੀਆਂ ਪੁਸਤਕਾਂ ਲੋਕ ਅਰਪਣ ਹੁੰਦੀਆਂ ਹਨ। ਸਾਲਾਨਾ ਸੰਮੇਲਨ ਵੀ ਕਰਾਏ ਜਾਂਦੇ ਹਨ।

* ਉਂਝ ਤਾਂ ਪਸੰਦ ਆਪੋ-ਆਪਣੀ ਹੁੰਦੀ ਹੈ ਪਰ ਮੇਰੇ ਪਸੰਦੀਦਾ ਸਾਹਿਤਕਾਰ ਹਨ ਗੁਰਚਰਨ ਰਾਮਪੁਰੀ, ਨਦੀਮ ਪਰਮਾਰ, ਕਵਿੰਦਰ ਚਾਂਦ ਤੇ ਜਿਲ੍ਹੇ ਸਿੰਘ।

* ਨਵੇਂ ਲੇਖਕਾਂ ਭਾਵ ਨੌਜਵਾਨ ਲੇਖਕਾਂ ਨੂੰ ਵੱਧ ਤੋਂ ਵੱਧ ਪੜ੍ਹਨਾ ਤੇ ਘੱਟ ਤੋਂ ਘੱਟ ਲਿਖਣਾ ਚਾਹੀਦਾ ਹੈ। ਉਦੋਂ ਹੀ ਲਿਖਣਾ ਚਾਹੀਦਾ ਹੈ ਜਦੋਂ ਪਾਠਕ ਦੇ ਅੰਦਰੋਂ ਲੇਖਕ ਪੈਦਾ ਹੋ ਜਾਵੇ।

* ਅਨੁਭਵ-ਮਹਿਸੂਸ-ਅਹਿਸਾਸ, ਇਨ੍ਹਾਂ ਤਿੰਨ ਸ਼ਬਦਾਂ ਦਾ ਜਦੋਂ ਗਿਆਨ ਹੋ ਜਾਵੇ ਤਾਂ ਫੇਰ ਆਪੇ ਹੀ ਵਿਚਾਰਧਾਰਾ ਬਣ ਜਾਂਦੀ ਹੈ। ਇਹ ਸਾਰਾ ਕੁਝ ਪੜ੍ਹਨ-ਪੜ੍ਹਾਉਣ ਨਾਲ ਹੀ ਹੁੰਦਾ ਹੈ।

*ਮੇਰੀ ਜਾਚੇ ਕੈਨੇਡੀਅਨ ਪੰਜਾਬੀ ਸਾਹਿਤ ਦਾ ਇਤਿਹਾਸ ਵੱਖਰੇ ਤੌਰ ’ਤੇ ਲਿਖਿਆ ਜਾਣਾ ਚਾਹੀਦਾ ਹੈ। ਪੰਜਾਬੀ ਸਾਹਿਤ ਦਾ ਇਤਿਹਾਸ ਪੰਜਾਬੀਆਂ ਦੀ ਰੂਹ ਦੀ ਖ਼ੁਰਾਕ ਬਣ ਗਈ ਹੈ। ਹਰਮੀਤ ਸਿੰਘ ਅਟਵਾਲ ਵੱਲੋਂ ‘ਪੰਜਾਬੀ ਜਾਗਰਣ’ ਵਿਚ ‘ਅਦੀਬ ਸਮੁੰਦਰੋਂ ਪਾਰ ਦੇ’ ਕਾਲਮ ਨੂੰ ਵੀ ਇਸੇ ਲੜੀ ਵਿਚ ਮੈਂ ਇਕ ਸ਼ੁਭਸ਼ਗਨ ਸਮਝਦਾ ਹਾਂ। ਨਿੱਕੇ-ਨਿੱਕੇ ਉਪਰਾਲੇ ਹੀ ਵੱਡਿਆਂ ਨੂੰ ਜਨਮ ਦਿੰਦੇ ਹਨ। ਜਾਰੀ ਰਹਿਣੇ ਚਾਹੀਦੇ ਹਨ।

ਬਿਨਾਂ ਸ਼ੱਕ ਮਲੂਕ ਚੰਦ ਕਲੇਰ ਦੀ ਨਾਵਲ-ਨਿਗਾਰੀ ਤੇ ਸੁਝਾਅਤਮਕ ਵਿਚਾਰ ਤਹਿ-ਦਿਲੋਂ ਸਿਫ਼ਤਯੋਗ ਹਨ।

***
217
***

ਹਰਮੀਤ ਸਿੰਘ ਅਟਵਾਲ
98155-05287

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ