ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (30 ਜਨਵਰੀ 2022 ਨੂੰ) 72ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਕਹਾਣੀਆਂ ਵਰਗੇ ਨਿਬੰਧਾਂ ਦੀ ਰਚਣਹਾਰ ਕਿਰਪਾਲ ਕੌਰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਿਰਪਾਲ ਕੌਰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ਨਿਬੰਧਾਂ ਦੀ ਰਚਨਹਾਰ ਲੇਖਿਕਾ ਕਿਰਪਾਲ ਕੌਰ ਨੂੰ ਹਾਰਦਿਕ ਵਧਾਈ ਹੋਵੇ। ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ |
ਅਦੀਬ ਸਮੁੰਦਰੋਂ ਪਾਰ ਦੇ: ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਵਸਦੀ ਕਿਰਪਾਲ ਕੌਰ ਪੰਜਾਬੀ ਦੀ ਇਕ ਵਧੀਆ ਵਾਰਤਕ ਲੇਖਕ ਹੈ। ਉਸ ਦੀਆਂ ਉੱਪਰੋਂ ਸਿੱਧ ਪੱਧਰੀਆਂ ਲਗਦੀਆਂ ਲਿਖਤਾਂ ਸਮੇਂ ਦੇ ਅਨੇਕ ਪ੍ਰਸੰਗਾਂ ਨੂੰ ਬੜੀ ਗਹਿਰਾਈ ਨਾਲ ਪਾਠਕਾਂ ਸਨਮੁਖ ਰੱਖਦੀਆਂ ਹਨ। ਉਸ ਨੂੰ ਭਾਰਤੀ ਇਤਿਹਾਸ-ਮਿਥਿਹਾਸ ਦੀ ਖ਼ਾਸੀ ਸਮਝ ਹੈ। ਕਿਰਪਾਲ ਕੌਰ ਨੇ ਕਵਿਤਾਵਾਂ ਵੀ ਲਿਖੀਆਂ ਹਨ ਤੇ ਕਹਾਣੀਆਂ ਵੀ। ਪਰ ਕਿਤਾਬੀ ਰੂਪ ’ਚ ਅਜੇ ਉਸ ਦੀਆਂ ਦੋ ਵਾਰਤਕ ਦੀਆਂ ਪੁਸਤਕਾਂ ਹੀ ਪਾਠਕਾਂ ਕੋਲ ਪੁੱਜੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਯਾਦਾਂ ਦੇ ਪਰਛਾਵੇਂ’ ਤੇ ‘ਢਲਦੇ ਪਰਛਾਵੇਂ’। ਕਿਰਪਾਲ ਕੌਰ ਦਾ ਜਨਮ ਪਿਤਾ ਇੰਜੀਨੀਅਰ ਬਖਸ਼ੀਸ਼ ਸਿੰਘ ਤੇ ਮਾਤਾ ਸਤਵੰਤ ਕੌਰ ਦੇ ਘਰ 5 ਅਕਤੂਬਰ 1934 ਨੂੰ ਪਿੰਡ ‘ਬੜਾ ਪਿੰਡ’ ਨਵਾਂ ਸ਼ਹਿਰ (ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ) ਪੱਤੀ ਮਸੰਦਪੁਰਾ ਵਿਚ ਹੋਇਆ। ਕਿਰਪਾਲ ਕੌਰ ਨੇ ਹੰਸ ਰਾਜ ਮਹਿਲਾ ਕਾਲਜ ਤੋਂ 1954 ਵਿਚ ਬੀਏ ਕੀਤੀ। ਕਾਲਜ ਮੈਗਜ਼ੀਨ ਵਿਚ ਕਵਿਤਾਵਾਂ-ਕਹਾਣੀਆਂ ਵੀ ਲਿਖੀਆਂ। ਐੱਮ.ਏ. ਡੀਏਵੀ ਕਾਲਜ ਜਲੰਧਰ ਤੋਂ ‘ਨਾਗਰਿਕ ਸ਼ਾਸਤਰ’ ਵਿਚ ਕੀਤੀ। 1957 ਵਿਚ ਬੀਐੱਡ ਵੀ ਕੀਤੀ। ਬੀਐੱਡ ਦੌਰਾਨ ਵੀ ਕਾਲਜ ਮੈਗਜ਼ੀਨ ਵਿਚ ਹਿੰਦੀ-ਪੰਜਾਬੀ ਦੋਵਾਂ ’ਚ ਲਿਖਿਆ। ਕਿਰਪਾਲ ਕੌਰ ਨੂੰ ਹਿੰਦੀ ਤੇ ਪੰਜਾਬੀ ਭਾਵ ਦੋਵੇਂ ਭਾਸ਼ਾਵਾਂ ਬੋਲਣ ਵਿਚ ਵੀ ਇੱਕੋ ਜਿਹੀ ਮੁਹਾਰਤ ਹੈ। ਉਸ ਨੇ 18 ਸਾਲ ਸਰਕਾਰੀ ਨੌਕਰੀ ਕਰਨ ਉਪਰੰਤ ਪ੍ਰਿੰਸੀਪਲ ਵਜੋਂ ਸੇਵਾ ਮੁਕਤੀ ਹਾਸਲ ਕੀਤੀ ਤੇ 21ਵੀਂ ਸਦੀ ਦੇ ਪਹਿਲੇ ਦਹਾਕੇ ਹੀ ਅਮਰੀਕਾ ਪੱਕੇ ਤੌਰ ’ਤੇ ਜਾ ਵਸੀ। ਕਿਰਪਾਲ ਕੌਰ ਦੀਆਂ ਉਪਰੋਕਤ ਵਰਣਿਤ ਦੋਵੇਂ ਪੁਸਤਕਾਂ ਨੂੰ ਪੜ੍ਹਦਿਆਂ-ਵਾਚਦਿਆਂ ਉਸ ਦੀ ਪੀੜ੍ਹੀ ਦੇ ਬਹੁ-ਪੱਖੀ ਸਰੋਕਾਰਾਂ/ਪਾਸਾਰਾਂ ਦਾ ਕਾਫ਼ੀ ਗਿਆਨ ਹੁੰਦਾ ਹੈ। ਨਿਬੰਧਾਂ ਦੇ ਰੂਪ ਵਿਚ ਲਿਖੀਆਂ ਇਨ੍ਹਾਂ ਯਾਦਾਂ ਵਿਚ ਇਕ ਵਿਸ਼ੇਸ਼ ਕਿਸਮ ਦਾ ਕਥਾ ਰਸ ਵੀ ਹੈ ਜਿਹੜਾ ਪਾਠਕ ਦੀ ਸੋਚ ਦੀ ਉਂਗਲੀ ਫੜ ਕੇ ਉਸ ਨੂੰ ਨਿਰੰਤਰ ਆਪਣੇ ਨਾਲ ਤੋਰੀ ਰੱਖਦਾ ਹੈ। ਪਹਿਲੀ ਪੁਸਤਕ ‘ਯਾਦਾਂ ਦੇ ਪਰਛਾਵੇਂ’ ਦੇ ‘ਮੁੱਖ ਬੰਦ’ ਵਿਚ ਕਿਰਪਾਲ ਕੌਰ ਨੇ ਲਿਖਿਆ ਹੈ ਕਿ ਕਾਲਜ ਦੇ ਦਿਨਾਂ ਵਿਚ ਹੀ: ਮੈਂ ਲਿਖਦੀ ਸੀ ਕਹਾਣੀਆਂ ਤੇ ਕਵਿਤਾਵਾਂ। ਪਰ ਉਹ ਸਹੇਲੀਆਂ ਤਕ ਹੀ ਰਹਿੰਦੀਆਂ ਸਨ ਬਹੁਤਾ ਕਰਕੇ। ਪਰ ਬੀਏ ਵਿਚ ਪੜ੍ਹਦਿਆਂ ਮੈਂ ਆਪਣੀਆਂ ਕਹਾਣੀਆਂ ‘ਅਮਰ ਕਹਾਣੀਆਂ’ ਜੋ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਪਬਲੀਕੇਸ਼ਨ ਸੀ ਤੇ ਨਵਤੇਜ ਸਿੰਘ ਜਿਸ ਦੇ ਸੰਪਾਦਕ ਸਨ, ਵਿਚ ਭੇਜੀਆਂ ਤੇ ਦਸ-ਬਾਰਾਂ ਕਹਾਣੀਆਂ ਉਸ ਵਿਚ ਛਪੀਆਂ। ਮੈਨੂੰ ਹਿੰਦੀ ਦਾ ਸ਼ੌਕ ਜ਼ਿਆਦਾ ਸੀ। ਮੈਂ ਹਿੰਦੀ ਵਿਚ ਕਵਿਤਾ ਲਿਖਦੀ। ਕੁਝ ਕਵਿਤਾਵਾਂ ਹਿੰਦੀ ਵੀਕਲੀ ‘ਵੀਰ ਅਰਜਨ’ ਵਿਚ ਵੀ ਛਪੀਆਂ ਜਿਸ ਦੇ ਉਦੋਂ ਸੰਪਾਦਕ ਅਟੱਲ ਬਿਹਾਰੀ ਵਾਜਪਾਈ ਸਨ। ਕਿਰਪਾਲ ਕੌਰ ਨੇ ਆਪਣੀ ਪਹਿਲੀ ਪੁਸਤਕ ‘ਯਾਦਾਂ ਦੇ ਪਰਛਾਵੇਂ’ ਛਪਣ ਦਾ ਸਿਹਰਾ ਆਪਣੇ ਪੁੱਤਰ ਨਵਪ੍ਰੀਤ ਸਿੰਘ ਨੂੰ ਦਿੱਤਾ ਹੈ ਤੇ ਇਹ ਪੁਸਤਕ ਆਪਣੇ ਪਿੰਡ ਦੇ ਪੌਣ-ਪਾਣੀ, ਧਰਤ ਤੇ ਰੁੱਖਾਂ, ਜਿਨ੍ਹਾਂ ਵਿਚ ਉਸ ਦੇ ਮਾਤਾ-ਪਿਤਾ ਦੇ ਸਾਹਾਂ ਦੀ ਸੁਗੰਧ ਤੇ ਉਨ੍ਹਾਂ ਦੇ ਪੰਜ ਭੂਤਕ ਸਰੀਰਾਂ ਦੀ ਰਾਖ ਰਲ਼ੀ ਹੋਈ ਹੈ, ਨੂੰ ਸਮਰਪਿਤ ਕੀਤੀ ਹੈ। ‘ਸਭ ਜਗ ਹਰਿਆ ਹੋਇ’, ‘ਸੰਤ ਦਾ ਸੱਚ’, ‘ਸੱਚਾ ਰਿਸ਼ਤਾ’, ‘ਰੂਹ ਦੇ ਖੰਭਾਂ ਦੀ ਉਡਾਣ’, ‘ਮੰਦਰ ਵਰਗੀ ਹੱਟੀ’, ‘ਖ਼ਾਲੀ ਫ਼ਰੇਮ’, ‘ਕਾਂਗ ਹਾਰੀ’, ‘ਜਿਸ ਮਿਲਿਆ ਮਨ ਹੋਇ ਅਨੰਦ’, ‘ਇਕ ਝਾਤ ਪਿਛਾਂਹ ਵੱਲ’, ‘ਚਿੱਟੀ ਪੱਗ’ ਤੇ ‘ਭੂਤ ਦਾ ਭੁਲੇਖਾ’ ਸਿਰਲੇਖਾਂ ਤਹਿਤ ਕਿਰਪਾਲ ਕੌਰ ਨੇ ਆਪਣੀ ਕਲਮ ਦਾ ਕਮਾਲ ਦਿਖਾਇਆ ਹੈ। ਕਥਾ ਰਸ ਨਾਲ ਭਰੇ ਇਹ ਯਾਦਾਂ ਚਿਤਰਦੇ ਨਿਬੰਧ ਪੜ੍ਹਨ ਵਾਲੇ ਨੂੰ ਸੌਖਾ ਰੱਖਦਿਆਂ ਬੜੀ ਭਾਵਪੂਰਤ ਜਾਣਕਾਰੀ ਦਿੰਦੇ ਹਨ। ਕਿਰਪਾਲ ਕੌਰ ਦੀ ਵਾਰਤਕ ਸ਼ੈਲੀ ਦਾ ਇਕ ਅੰਸ਼ ਇਥੇ ਸਾਂਝਾ ਕੀਤਾ ਜਾਂਦਾ ਹੈ:- * ਅੱਜ ਮੈਂ ਇਕ ਰਾਜੇ ਦੀ ਕਹਾਣੀ ਲਿਖ ਰਹੀ ਹਾਂ। ਰਾਜੇ ਰਾਣੀਆਂ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਪੜ੍ਹੀਆਂ-ਸੁਣੀਆਂ ਹਨ। ਮੇਰਾ ਰਾਜਾ ਉਨ੍ਹਾਂ ਤਾਜ ਪਹਿਨਣ ਵਾਲੇ ਰਾਜਿਆਂ ਤੋਂ ਵੱਖ ਹੈ। ਅਮਰੀਕਾ ਵਿਚ ਆਏ ਮੇਰੇ ਬਹੁਤ ਭੈਣ ਭਰਾ ਉਸ ਦੇ ਚੰਗੇ ਵਾਕਫ਼ਕਾਰ ਵੀ ਹੋਣਗੇ। ਮੇਰੇ ਇਸ ਰਾਜੇ ਦੇ ਸਿਰ ’ਤੇ ਤਾਜ ਨਹੀਂ ਤੇ ਨਾ ਹੀ ਉਸ ਕੋਲ ਰਾਜ ਸਿੰਘਾਸਨ ਹੈ। ਉਸ ਦੇ ਸਿਰ ’ਤੇ ਮੈਲ਼ੀ ਪੁਰਾਣੀ ਪੱਗ ਹੀ ਹੁੰਦੀ ਸੀ। ਗਲ਼ ਖੱਦਰ ਦਾ ਕੁੜਤਾ ਤੇ ਤੇੜ ਖੱਦਰ ਦੀ ਲੰਬੀ ਗੋਡਿਆਂ ਤਕ ਆਉਦੀ ਕੱਛ ਜਾਂ ਪਜਾਮਾ। ਠੰਢ ਵੇਲੇ ਜਾਂ ਬਰਸਾਤ ਵੇਲੇ ਖੇਸ ਦਾ ਝੁੰਡ। ਦੇਖ ਲਿਆ ਨਾ ਰਾਜਾ ਤੁਸੀਂ। ਪੰਜਾਬ ਦਿਆਂ ਖੇਤਾਂ ਵਿਚ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਜਾਂ ਤਾਂ ਖੂਹ ’ਤੇ ਚਰਸ ਨਾਲ ਪਾਣੀ ਦਾ ਬੜਾ ਬੈਗ ਫੜਦਾ ਬੋਲੇ ਲਾਉਦਾ ਸੁਣਦਾ। ਜਾਂ ਖੇਤਾਂ ਵਿਚ ਹਲ਼ ਵਾਹੁੰਦਾ ਦਿਸਦਾ। ਬੈਲਾਂ ਨਾਲ ਉਸ ਦਾ ਰਿਸ਼ਤਾ ਪੁੱਤਰ-ਪਿਤਾ ਵਾਲਾ ਸੀ। ਹਰ ਵੇਲੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਉਸ ਦੀ ਰਾਣੀ ਵੀ ਉਸ ਵਰਗੀ ਮਿਹਨਤ ਕਰਨ ਵਾਲੀ ਸੁਚੱਜੀ, ਸੁਗੜ, ਸੁਆਣੀ। ਅਗਰ ਤੁਸੀਂ ਪੁੱਛੋ ਕਿ ਮਿੱਟੀ ਨਾਲ ਲੱਥ ਪੱਥ ਰਾਜਾ ਕਿਵੇਂ ਹੋਇਆ। ਪਹਿਲੀ ਗੱਲ ਰਾਜਾ ਉਹ ਹੁੰਦਾ ਹੈ ਜੋ ਰੱਜਿਆ ਹੋਇਆ ਹੋਵੇ। ਰੱਜਦਾ ਉਹ ਹੈ ਜਿਸ ਅੰਦਰ ਸੰਤੋਖ ਹੋਵੇ ਨਹੀਂ ਤਾਂ ਅਰਬਾਂ-ਕਰੋੜਾਂ ਪਾ ਕੇ ਵੀ ਭੁੱਖ ਨਹੀਂ ਮਿਟਦੀ। ‘‘ਬਿਨ ਸੰਤੋਖ ਨਹੀਂ ਕੋਊ ਰਾਜੈ॥’ (ਪੰਨਾ-51) ਕਿਰਪਾਲ ਕੌਰ ਦੀ ਦੂਜੀ ਪੁਸਤਕ ਹੈ ‘ਢਲਦੇ ਪਰਛਾਵੇਂ’। ਇਸ ਵਿਚ ਕੁਲ 15 ਯਾਦਾਂ ਆਧਾਰਤ ਕਹਾਣੀ ਵਿਧੀ ’ਚ ਰਚੇ ਨਿਬੰਧ ਸ਼ਾਮਲ ਹਨ ਜਿਨ੍ਹਾਂ ਬਾਰੇ ਪੰਜਾਬੀ ਦੇ ਨਾਮਵਰ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਨੇ ਲਿਖਿਆ ਹੈ ਕਿ ਇਸ ਛੋਟੀ ਜਿਹੀ ਪੁਸਤਕ ਵਿਚ ਕਿਰਪਾਲ ਕੌਰ ਨੇ ਜੋ ਕੁਝ ਸਮੋ ਕੇ ਪੇਸ਼ ਕਰ ਦਿੱਤਾ ਹੈ ਉਹ ਅੱਜ ਕੱਲ੍ਹ ਦੀਆਂ ਸੈਂਕੜੇ ਪੰਨਿਆਂ ਦੀਆਂ ਪੁਸਤਕਾਂ ਵਿੱਚੋਂ ਵੀ ਲੱਭਿਆ ਨਹੀਂ ਮਿਲਦਾ। …(ਕਿਰਪਾਲ ਕੌਰ ਨੇ) ਉਸ ਸਮੇਂ ਦੇ ਬਹੁਤ ਕਦਰਯੋਗ ਟੋਟੇ ਇਸ ਪੁਸਤਕ ਰਾਹੀਂ ਇਤਿਹਾਸ ਦੇ ਗ੍ਰੰਥ ਵਿਚ ਜੋੜ ਦਿੱਤੇ ਹਨ। ਹੁਣ ਨਾ ਉਹ ਸਮੇਂ ਰਹੇ ਹਨ, ਨਾ ਉਹ ਬੰਦੇ, ਨਾ ਉਹ ਮਿੱਠੇ ਮਾਨਵੀ ਰਿਸ਼ਤੇ ਤੇ ਨਾ ਉਹ ਨਿਰਮਲ ਸੁੱਚੇ ਵਿਚਾਰ। ਉਮੀਦ ਹੈ ਕਿਰਪਾਲ ਕੌਰ ਦੀ ਇਕ ਕਹਾਣੀਆਂ ਦੀ ਤੇ ਇਕ ਕਵਿਤਾ ਦੀ ਕਿਤਾਬ ਇਸੇ ਸਾਲ ਪਾਠਕਾਂ ਦੇ ਹੱਥਾਂ ’ਚ ਜ਼ਰੂਰ ਆਏਗੀ। ਕਿਰਪਾਲ ਕੌਰ ਨਾਲ ਸਮੇਂ-ਸਮੇਂ ਸਾਡਾ ਸਾਹਿਤਕ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਉਸ ਵੱਲੋਂ ਕੁਝ ਅੰਸ਼ ਇਥੇ ਲਿਖੇ ਜਾਂਦੇ ਹਨ:- * ਅਮਰੀਕਾ ਵਿਚ ਨਿਊਯਾਰਕ ਤੇ ਸੈਕਰਾਮੈਂਟੋ ਦੀਆਂ ਸਾਹਿਤ ਸਭਾਵਾਂ ਕਾਫ਼ੀ ਕੰਮ ਕਰਦੀਆਂ ਹਨ। ਜੋ ਮੈਨੂੰ ਸਮਝ ਆਉਂਦਾ ਹੈ ਕਿ ਇਹ ਇਕ ’ਤੇ ਉਹ ਵਿਦਵਾਨ ਹਨ ਜੋ ਰਿਟਾਇਰ ਹੋ ਕੇ ਆਪਣੇ ਬੱਚਿਆਂ ਕੋਲ ਆਏ ਹਨ। ਲਿਖਾਰੀ ਹਨ। ਪ੍ਰੋਫੈਸਰ ਹਨ। ਦੂਜੇ ਜਿਹੜੇ ਉਥੋਂ ਪੜ੍ਹਕੇ ਆਏ ਹਨ। ਇਥੇ ਕੰਮਾਂ-ਕਾਰਾਂ ਵਿਚ ਉਲਝਿਆਂ ਮਾਂ ਬੋਲੀ ਦੀ ਯਾਦ ਆਉਦੀ ਹੈ। ਜਾਂ ਜਿਨ੍ਹਾਂ ਨੂੰ ਇਥੇ ਆ ਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੀਆਂ ਕੁੜੀਆਂ ਨਾਲ ਲਿਆਉਣ ਵਾਲੇ ਹੀ ਬੇਵਫ਼ਾਈ ਕਰ ਜਾਂਦੇ ਹਨ। ਉਨ੍ਹਾਂ ਦੀ ‘ਆਹ’ ਵੀ ਸਾਹਿਤ ਰੂਪ ਲੈਂਦੀ ਹੈ। * ਮੇਰੇ ਵਿਚਾਰ ਵਿਚ ਪਾਠਕ ਤੇ ਪੁਸਤਕਾਂ ਦੋਹਾਂ ਦੀ ਕਮੀ ਹੈ। ਜ਼ਿਆਦਾ ਪਾਠਕਾਂ ਦੀ, ਨੌਜਵਾਨ ਲੇਖਕਾਂ ਦੀ ਘਾਟ ਤਾਂ ਰਹੇਗੀ। ਹੁਣ ਤਾਂ ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਪੰਜਾਬੀ ਬਹੁਤ ਪਿੱਛੇ ਹੈ। ਪੰਜਾਬ ਵਿਚ ਅੰਗਰੇਜ਼ੀ ਤੇ ਹਿੰਦੀ ਵਾਲੇ ਸਕੂਲਾਂ ਨੂੰ ਚੰਗੇ ਸਮਝਿਆ ਜਾਂਦਾ ਹੈ। ਜਿੰਨਾ ਚਿਰ ਭਾਸ਼ਾ ਦਾ ਪੂਰਾ ਗਿਆਨ ਨਹੀਂ ਹੋਵੇਗਾ, ਆਪ ਪੁਸਤਕਾਂ ਨਹੀਂ ਪੜ੍ਹਨਗੇ ਤਾਂ ਚੰਗੇ ਲਿਖਾਰੀ ਨਹੀਂ ਬਣਨਗੇ। ਇਹੀ ਕਾਰਨ ਹੈ ਕਿ ਅੱਜ ਸ਼ਾਹਕਾਰ ਰਚਨਾਵਾਂ ਸਾਹਮਣੇ ਨਹੀਂ ਆਉਦੀਆਂ। * ਮੈਨੂੰ ਲਗਦਾ ਹੈ ਕਿ ਸਾਹਿਤ ਆਲੋਚਨਾ ਧਨ ਦੀ ਗ਼ੁੁਲਾਮ ਹੋ ਗਈ ਹੈ। ਨਿਰਪੱਖ ਆਲੋਚਨਾ ਹੁਣ ਕਿੱਥੇ ਹੋਵੇਗੀ। ਹੁਣ ਤਾਂ ਤੇਰੀ-ਮੇਰੀ ਪਲੋਸੀ ਹੈ। ਸੱਚੀ ਆਲੋਚਨਾ ਭਾਵੇਂ ਕਿਸੇ ਲੇਖਕ ਦੀ ਹੋਵੇ ਜਾਂ ਉਸ ਦੀ ਲਿਖਤ ਦੀ, ਉਸ ਨੂੰ ਅੱਗੇ ਲਈ ਜ਼ਿਆਦਾ ਚਮਕਣ ਦਾ ਮੌਕਾ ਦਿੰਦੀ ਹੈ। * ਪੰਜਾਬੀ ਸਾਹਿਤ ਦਾ ਭਵਿੱਖ ਅਮਰੀਕਾ ਵਿਚ ਉਜਵਲ ਹੀ ਹੋਵੇਗਾ। ਨਿਰਸੰਦੇਹ ਆਸ਼ਾਵਾਦੀ ਨਜ਼ਰੀਏ ਦੀ ਧਾਰਨੀ ਤੇ ਕਹਾਣੀਆਂ ਜਿਹੇ ਨਿਬੰਧ ਲਿਖਣ ਵਾਲੀ ਕਿਰਪਾਲ ਕੌਰ ਦੀ ਹਰ ਗੱਲ ਗੌਲਣ ਵਾਲੀ ਹੈ। ਸਾਡੀ ਜਾਚੇ ਉਹ ਮੂਲ ਰੂਪ ਵਿਚ ਕਹਾਣੀਕਾਰ ਹੈ ਜਿਸ ਦਾ ਵਿਧਾਗਤ ਪ੍ਰਭਾਵ ਉਸ ਦੇ ਨਿਬੰਧਾਂ ’ਚੋਂ ਸਪੱਸ਼ਟ ਝਲਕਦਾ ਹੈ। ਰੱਬ ਕਰੇ! ਉਹ ਪੂਰੀ ਸਰਗਰਮੀ ਨਾਲ ਅਗਾਂਹ ਵੀ ਸਾਹਿਤ ਸਿਰਜਣਾ ਕਰਦੀ ਰਹੇ। |
*** 566 *** |