10 October 2024
ਹਰਮੀਤ ਸਿੰਘ ਅਟਵਾਲ

ਅਦੀਬ ਸਮੁੰਦਰੋਂ ਪਾਰ ਦੇ : ਰਿਸ਼ਤਿਆਂ ਦਾ ਸੁਭਾਅ ਸਿਰਜਦੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ—ਹਰਮੀਤ ਸਿੰਘ ਅਟਵਾਲ

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ ਅੱਜ (27 ਜੂਨ 2021 ਨੂੰ) 42ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਰਿਸ਼ਤਿਆਂ ਦਾ ਸੁਭਾਅ ਸਿਰਜਦੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ’ ਬਾਰੇ ਲਿਖਿਆ ਗਿਆ ਹੈ। ਜਿੱਥੇ ਇਹ ਲਿਖਤ ਪਵਿੱਤਰ ਕੌਰ ਮਾਟੀ ਜੀ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ
***

ਰਿਸ਼ਤਿਆਂ ਦਾ ਸੁਭਾਅ ਸਿਰਜਦੀ ਕਹਾਣੀਕਾਰਾ ਪਵਿੱਤਰ ਕੌਰ ਮਾਟੀ—ਹਰਮੀਤ ਸਿੰਘ ਅਟਵਾਲ

ਪਵਿੱਤਰ ਕੌਰ ਮਾਟੀ
+1 559 493 0319

ਪਵਿੱਤਰ ਕੌਰ ਮਾਟੀ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਦੀ ਵਾਸੀ ਹੈ। ਕਹਾਣੀਆਂ ਦੀਆਂ ਦੋ ਕਿਤਾਬਾਂ ਦੀ ਲਿਖਣਹਾਰ ਹੈ। ਹੋਰ ਵਿਸ਼ਿਆਂ ਦੇ ਨਾਲ-ਨਾਲ ਬਹੁਤਾ ਕਰਕੇ ਮਾਟੀ ਅਜੋਕੇ ਮਾਨਵੀ ਰਿਸ਼ਤਿਆਂ ਦੀ ਬਾਹਰੀ ਤੇ ਅੰਤਰੀਵੀ ਹਾਲਤ ਦੇ ਕਾਰਨਾਂ-ਕਾਰਜਾਂ ਨੂੰ ਬੜੇ ਕਲਾਮਈ ਢੰਗ ਨਾਲ ਕਥਾ-ਬੱਧ ਕਰਦੀ ਹੈ, ਰਿਸ਼ਤਿਆਂ ਦੇ ਸੁਭਾਅ ਤੇ ਸਰੂਪ ਦਾ ਕਹਾਣੀ-ਤਾਣਾ ਬੁਣਦੀ ਹੈ ਤੇ ਰਿਸ਼ਤਿਆਂ ਦੇ ਤਣਾਓ-ਮੂਲਕ ਸੰਦਰਭਾਂ ਦਾ ਵੀ ਇਕ ਵਿਸ਼ੇਸ਼ ਬਿਰਤਾਂਤਕ ਵਿਵੇਕ ਉਸਾਰਨ ਦਾ ਉੱਦਮ ਸਫਲਤਾ ਸਹਿਤ ਕਰਦੀ ਹੈ। ਉਸਨੂੰ ਪਤਾ ਹੈ ਕਿ ਮੂਲਵਾਸ ਛੱਡ ਕੇ ਪਰਵਾਸ ਧਾਰਨ ਕਰਨ ਉਪਰੰਤ ਵੀ ਭਾਵੇਂ ਮਨੁੱਖ ਦਾ ਮੂਲ ਸੁਭਾਅ ਤਾਂ ਨਹੀਂ ਬਦਲਦਾ ਪਰ ਬਾਹਰੀ ਸੱਭਿਆਚਾਰਕ ਅੰਤਰ ਕਈ ਵਾਰੀ ਜ਼ਮੀਨ-ਅਸਮਾਨ ਵਾਲਾ ਹੁੰਦਾ ਹੈ। ਸੱਭਿਆਚਾਰਾਂ ਦੇ ਇਸ ਭੇੜ ਵਿਚ ਜਿੱਥੇ ਬੂਟਿਆਂ ਵਰਗੇ ਰਿਸ਼ਤਿਆਂ ਦੀ ਸੰਭਾਲ ਸੁਚੇਤ ਪੱਧਰ ’ਤੇ ਕਰਨ ਦੀ ਲੋੜ ਹੁੰਦੀ ਹੈ, ਉਥੇ ਕਈ ਕਾਰਨਾਂ ਕਰਕੇ ਅਵੇਸਲੇਪਨ ਜਾਂ ਮਜਬੂਰੀਆਂ ਸਦਕਾ ਰਿਸ਼ਤਿਆਂ ਵਿਚ ਤਰੇੜਾਂ ਆਉਦੀਆਂ ਹਨ, ਦਰਾੜਾਂ ਪੈਂਦੀਆਂ ਹਨ ਤੇ ਫਿਰ ਪਾੜ ਪੈ ਜਾਂਦੇ ਹਨ ਤੇ ਅੰਤ ਨੂੰ ਉਹੋ ਕੁਝ ਹੁੰਦਾ ਹੈ ਜੋ ਕਿਸੇ ਵੀ ਕੀਮਤ ’ਤੇ ਨਹੀਂ ਹੋਣਾ ਚਾਹੀਦਾ। ਪਵਿੱਤਰ ਕੌਰ ਮਾਟੀ ਦੀਆਂ ਕਹਾਣੀਆਂ ਪੜ੍ਹੋ ਤਾਂ ਗੱਲ ਹੋਰ ਵੀ ਵਡੇਰੇ ਪ੍ਰਸੰਗ ਵਿਚ ਤੇ ਪ੍ਰਭਾਵਸ਼ਾਲੀ ਢੰਗ ਨਾਲ ਗ੍ਰਹਿਣ ਕੀਤੀ ਜਾ ਸਕਦੀ ਹੈ।

ਪਵਿੱਤਰ ਕੌਰ ਮਾਟੀ ਦਾ ਜਨਮ 7 ਸਤੰਬਰ 1974 ਨੂੰ ਪਿਤਾ ਅਮਰ ਸਿੰਘ ਤੇ ਮਾਤਾ ਰਣਜੀਤ ਕੌਰ ਦੇ ਘਰ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਵਿਖੇ ਹੋਇਆ। 2018 ਤੋਂ ਪੱਕੇ ਤੌਰ ’ਤੇ ਪਰਿਵਾਰ ਸਮੇਤ ਅਮਰੀਕਾ ਰਹਿ ਰਹੀ ਸਾਡੀ ਇਹ ਕਹਾਣੀਕਾਰ ਹਰ ਲੋੜਵੰਦ ਦੀ ਮਦਦ ਕਰਨਾ ਹੀ ਆਪਣਾ ਧਰਮ ਸਮਝਦੀ ਹੈ। ਸਾਹਿਤ ਪੜ੍ਹਨ ਤੇ ਲਿਖਣ ਦੇ ਰੁਝਾਨ ਬਾਰੇ ਪਵਿੱਤਰ ਕੌਰ ਮਾਟੀ ਦੇ ਆਪਣੇ ਸ਼ਬਦਾਂ ਵਿਚ ਹੀ ਇੰਜ ਜਾਣ ਸਕਦੇ ਹਾਂ :-

‘‘ਨਿੱਕੇ ਹੁੰਦਿਆਂ ਤੋਂ ਹੀ ਜਦ ਕੋਈ ਕਿਤਾਬ ਜਾਂ ਰਸਾਲਾ ਮਿਲਦਾ ਤਾਂ ਮੈਂ ਖ਼ਤਮ ਕਰ ਕੇ ਹੀ ਸਾਹ ਲੈਂਦੀ। ਅਖ਼ਬਾਰਾਂ ਦੀਆਂ ਕਾਤਰਾਂ ਸੰਭਾਲ ਕੇ ਰੱਖਦੀ। ਜੇ ਕੋਈ ਗੱਲ ਚੰਗੀ ਲਗਦੀ ਤਾਂ ਵਾਰ-ਵਾਰ ਪੜ੍ਹਦੀ। ਮੇਰੇ ਅੰਦਰ ਬਹੁਤ ਗੱਲਾਂ ਹੁੰਦੀਆਂ ਜਿਹੜੀਆਂ ਮੈਂ ਕਿਸੇ ਨਾਲ ਵੀ ਸਾਂਝੀਆਂ ਨਾ ਕਰ ਪਾਉਦੀ। ਜਾਂ ਮੈਨੂੰ ਕੋਈ ਸੁਣਦਾ ਹੀ ਨਾ। ਫਿਰ ਮੇਰੀਆਂ ਉਹ ਸਾਰੀਆਂ ਗੱਲਾਂ ਕਾਗਜ਼ਾਂ ਨੇ ਸੁਣੀਆਂ। ਕਦੇ ਕਹਾਣੀ ਤੇ ਕਦੇ ਕਵਿਤਾ ਦੇ ਰੂਪ ਵਿਚ ਮੈਂ ਆਪਣਾ ਮਨ ਕਾਗਜ਼ਾਂ ’ਤੇ ਧਰਦੀ ਰਹੀ। ਕਹਾਣੀ ਲਿਖਣ ਵੱਲ ਧਿਆਨ ਇਸ ਲਈ ਵੱਧ ਗਿਆ ਕਿ ਕਹਾਣੀ ਦੇ ਵਿਸਥਾਰ ਵਿਚ ਤੁਸੀਂ ਪਾਤਰਾਂ ਰਾਹੀਂ ਆਪਣੀ ਗੱਲ ਖੁੱਲ੍ਹਕੇ ਪੇਸ਼ ਕਰ ਸਕਦੇ ਹੋ। ਕਵਿਤਾ ਵੀ ਇਕ ਨਿੱਕੀ ਕਹਾਣੀ ਹੁੰਦੀ ਹੈ ਤੇ ਕਹਾਣੀ ਨਿੱਕੀ ਗੱਲ ਦਾ ਵਿਸਥਾਰ। ਉਂਝ ਤਾਂ ਮੈਨੂੰ ਹਰ ਵਿਧਾ ਹੀ ਚੰਗੀ ਲਗਦੀ ਹੈ ਪਰ ਕਹਾਣੀ ਕਹਿਣਾ ਮੈਨੂੰ ਸਭ ਤੋਂ ਵੱਧ ਪਸੰਦ ਹੈ।’’

‘ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ’ ਤੇ ‘ਸ਼ਾਹ ਰਗ ਤੋਂ ਵੀ ਨੇੜੇ’ ਪਵਿੱਤਰ ਕੌਰ ਮਾਟੀ ਦੇ ਇਹ ਦੋ ਕਹਾਣੀ ਸੰਗ੍ਰਹਿ ਪਾਠਕਾਂ ਕੋਲ ਪੁੱਜ ਚੱੁਕੇ ਹਨ। ਕ੍ਰਮਵਾਰ ਗੱਲ ਕਰੀਏ ਤਾਂ ‘ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ’ ਵਿਚ ਕੁਝ ਵੱਡੀਆਂ ਤੇ ਕੁਝ ਨਿੱਕੀਆਂ ਕੁੱਲ 30 ਕਹਾਣੀਆਂ ਹਨ। ਇਨ੍ਹਾਂ ਦਾ ਮੁੱਖਬੰਦ ਨਾਮਵਰ ਕਹਾਣੀਕਾਰ ਜਸਬੀਰ ਰਾਣਾ ਨੇ ਲਿਖਿਆ ਹੈ। ਇਨ੍ਹਾਂ ਕਹਾਣੀਆਂ ਬਾਰੇ ਕੈਨੇਡਾ (ਸਰੀ) ਦੇ ਪ੍ਰਸਿੱਧ ਕਹਾਣੀਕਾਰ ਜਰਨੈਲ ਸਿੰਘ ਸੇਖਾ ਦਾ ਆਖਣਾ ਹੈ ਕਿ ‘ਰਿਸ਼ਤਿਆਂ ਦੇ ਮਾਰਥੂਲ ਤੋਂ ਪਾਰ’ ਪਵਿੱਤਰ ਕੌਰ ਮਾਟੀ ਨੇ ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ ਲੰਘ ਕੇ ਔਰਤ ਮਰਦ ਦੇ ਰਿਸ਼ਤਿਆਂ ਦੀ ਨਵੇਂ ਜਾਵੀਏ ਤੋਂ ਤਰਜਮਾਨੀ ਕੀਤੀ ਹੈ। ਪਵਿੱਤਰ ਕੌਰ ਮਾਟੀ ਦੀ ਆਪਣੀ ਧਾਰਨਾ ਹੈ ਕਿ ਸਾਡਾ ਸਾਰਾ ਜੀਵਨ ਰਿਸ਼ਤਿਆਂ ਦੀ ਡੋਰ ਵਿਚ ਉਲਝਿਆ ਹੀ ਲੰਘ ਜਾਂਦਾ ਹੈ। ਕਦੇ ਅਸੀਂ ਕਿਸੇ ਤੰਦ ਨੂੰ ਠੀਕ ਕਰਦੇ ਤੇ ਫਿਰ ਦੂਜੀ ਤੰਦ ਉਲਝ ਜਾਂਦੀ ਹੈ। ਰੰਗ ਬਰੰਗੇ ਤੰਦਾਂ ਦਾ ਸੁਮੇਲ ਹੀ ਹੈ ‘ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ’। ਦਰਅਸਲ ਮਾਟੀ ਦੀ ਪਹਿਲੀ ਪੁਸਤਕ ਹੀ ਰਿਸ਼ਤਿਆਂ ਦੀ ਰੂਹ ਨੂੰ ਲੱਗੇ ਰੋਗਾਂ ਦੀ ਬਿਰਤਾਂਤਕ ਬਾਤ ਬਾਖ਼ੂਬੀ ਪਾਉਦੀ ਹੈ।

ਮਾਟੀ ਦੀਅਾਂ ਚਾਰ ਪੁਸਤਕਾਂਮਾਟੀ ਦੀ ਦੂਜੀ ਪੁਸਤਕ ‘ਸ਼ਾਹ ਰਗ ਤੋਂ ਵੀ ਨੇੜੇ’ ਵਿਚ ਕੁੱਲ ਸੱਤ ਲੰਬੀਆਂ ਕਹਾਣੀਆਂ ਹਨ। ਭਾਵੇਂ ਇਨ੍ਹਾਂ ਕਹਾਣੀਆਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਦੇ ਅਨੇਕ ਪੱਖ-ਪਾਸਾਰਾਂ ਦੀ ਗੱਲ ਹੋਈ ਹੈ ਪਰ ਫਿਰ ਵੀ ਬਹੁਤਾ ਕਰਕੇ ਮਰਕਜ਼ੀ ਪੱਧਰ ਆਪਣਾ ਨਾਤਾ ਨਾਤੇਦਾਰੀਆਂ ਨਾਲ ਜੋੜ ਹੀ ਲੈਂਦਾ ਹੈ। ਕਈ ਸਕਿਆਂ ਤੋਂ ਸਕੇ ਰਿਸ਼ਤੇ ਵੀ ਮੋਹ-ਮੁਹੱਬਤੀ ਸੋਕੇ ਦੇ ਸ਼ਿਕਾਰ ਹੋਏ ਦਿਸਦੇ ਹਨ। ਬਹੁਤ ਸੰਖੇਪ ਵਿਚ ਵੀ ਕੱੁਝ ਇਕ ਦੇ ਥੀਮਕ ਪਾਸਾਰ ਦੀ ਗੱਲ ਕਰੀਏ ਤਾਂ ਲਗਦਾ ਹੈ ਕਿ ਕਹਾਣੀ ‘ਸ਼ਾਇਦ ਦਿਨ ਚੜ੍ਹ ਜਾਂਦਾ’ ਔਰਤ-ਮਰਦ ਸਬੰਧਾਂ ਵਿਚ ਪਈਆਂ ਤਰੇੜਾਂ ਸਦਕਾ ਪੈਦਾ ਹੋਏ ਸੰਤਾਪ ਨੂੰ ਪੇਸ਼ ਕਰਦੀ ਹੈ। ਇਹ ਕਹਾਣੀ ਇਕ ਆਤਮ ਹੱਤਿਆ ਕਰ ਚੱੁਕੇ ਨੌਜਵਾਨ ਤੇਜੀ ਦੀ ਮਨਬਚਨੀ ਹੈ। ‘ਅੱਧੇ ਅਧੂਰੇ’ ਵਿਚ ਅਪੂਰਨ ਰਿਸ਼ਤਿਆਂ ਦਾ ਜ਼ਿਕਰ ਹੈ। ‘ਮੈਰਾਥਨ’ ਕਹਾਣੀ ਜ਼ਿੰਦਗੀ ਦੀ ਮੈਰਾਥਨ ਜਾਰੀ ਰੱਖਣ ਦਾ ਹੌਸਲਾ ਬਣਾਉਣ ਦਾ ਉੱਦਮ ਕਰਦੀ ਹੈ। ‘ਸਰਦਲੋਂ ਪਾਰ’ ਕਹਾਣੀ ਅੰਤਰ ਜਾਤੀ ਵਿਆਹਾਂ ਦੀ ਸਮੱਸਿਆ ਨੂੰ ਪੇਸ਼ ਕਰਦੀ ਹੈ। ‘ਧੁਆਂਖੀ ਕਿਰਨ ਵਿਚਲਾ ਨਸ਼ੇੜੀ ਪਤੀ ਮਰਨ ਉਪਰੰਤ ਵੀ ਆਪਣੀ ਪਤਨੀ ਨੂੰ ਲੈ ਬਹਿੰਦਾ ਹੈ ਜਦੋਂ ਉਸ ਵਿਚਾਰੀ ਦਾ ਵਾਹ ਬਲਦੇਵ ਵਰਗਿਆਂ ਨਾਲ ਪੈਂਦਾ ਹੈ। ਦਰਅਸਲ ਜ਼ਿੰਦਗੀ ਦੀ ਗੱਡੀ ਨੂੰ ਸਫਲਤਾ ਨਾਲ ਤੋਰੀ ਰੱਖਣ ਲਈ ਤ੍ਰੀਮਤ-ਖਾਵੰਦ ਨੂੰ ਇਕ ਦੂਜੇ ਦੇ ਮਨ-ਮਸਤਕ ਨੂੰ, ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਪਰ ਕਈ ਵਾਰੀ ਹੋ ਇਸ ਦੇ ਉਲਟ ਜਾਂਦਾ ਹੈ। ਇਹੋ ਜਿਹੀ ਹੀ ਅਸੰਤੁਲਿਤ ਸਥਿਤੀ ਦਾ ਸ਼ਿਕਾਰ ‘ਸੈਕਿੰਡ ਲਵ’ ਕਹਾਣੀ ਵਿਚਲਾ ਹਰਮੇਲ ਹੁੰਦਾ ਹੈ।

ਕਲਾਤਮਕ ਪੱਖੋਂ ਵੀ ਇਨ੍ਹਾਂ ਕਹਾਣੀਆਂ ਦੀ ਸ਼ੈਲੀ ਕਾਫ਼ੀ ਰੌਚਿਕ, ਕਾਵਿਕਤਾ ਭਰਪੂਰ, ਮਲਵਈ ਆਂਚਲਿਕਤਾ ਦੇ ਰੰਗ ਵਾਲੀ ਬਿਰਤਾਂਤ, ਵਾਰਤਾਲਾਪ, ਮਨ ਬਚਨੀ ਤੇ ਪਿਛਲ ਝਾਤ ਦੀਆਂ ਜੁਗਤਾਂ ਵਾਲੀ ਹੈ। ਮੁਹਾਵਰੇ-ਕਹਾਵਤਾਂ ਦੀ ਵਰਤੋਂ ਵੀ ਸਾਰੀਆਂ ਕਹਾਣੀਆਂ ਵਿਚ ਬੜੇ ਢੁਕਵੇਂ ਢੰਗ ਨਾਲ ਕੀਤੀ ਗਈ ਹੈ। ਪਵਿੱਤਰ ਕੌਰ ਮਾਟੀ ਦੀ ਆਮ ਬੋਲਚਾਲ ਵਿਚ ਵੀ ਇਕ ਸਹਿਜ ਹੈ, ਸਲੀਕਾ ਹੈ ਤੇ ਗੱਲਬਾਤ ਦੀ ਅੰਤਰ ਆਤਮਾ ਸਮਝਣ ਦੀ ਇਕ ਦਿ੍ਰਸ਼ਟੀ ਹੈ। ਉਸ ਨਾਲ ਹੋਏ ਵਿਚਾਰਾਂ ਦੇ ਆਦਾਨ ਪ੍ਰਦਾਨ ’ਚੋਂ ਕੁਝ ਅੰਸ਼ ਉਸ ਵੱਲੋਂ ਇਥੇ ਪੇਸ਼ ਹਨ :-

* ਮੇਰੀ ਕਿਤਾਬ ‘ਸ਼ਾਹ ਰਗ ਤੋਂ ਵੀ ਨੇੜੇ’ ਦਾ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਵਿਚ ਅਨੁਵਾਦ ਹੋਇਆ ਤੇ ਸਾਰੀ ਕਿਤਾਬ ਦੀਆਂ ਕਹਾਣੀਆਂ ਪਾਕਿਸਤਾਨ ਦੀਆਂ ਅਖ਼ਬਾਰਾਂ ਵਿਚ ਛਪੀਆਂ ਹਨ। ਇਸ ਕਿਤਾਬ ਦੀ ਹਰ ਕਹਾਣੀ ਮੈਨੂੰ ਲਗਦਾ ਹੈ ਕਿ ਮੈਂ ਆਪ ਜਿਊਂਕੇ ਵੇਖੀ ਹੈ। ਜੇ ਮੇਰੀ ਕੋਈ ਕਹਾਣੀ ਪੜ੍ਹਕੇ ਕਿਸੇ ਦੀ ਜ਼ਿੰਦਗੀ ਵਿਚ ਕੋਈ ਵੱਡਾ ਬਦਲਾਓ ਆਉਦਾ ਹੈ ਤਾਂ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਮੈਂ ਸਮਝ ਲਵਾਂਗੀ ਕਿ ਮੇਰਾ ਲਿਖਣਾ ਸਫਲ ਹੋ ਗਿਆ।

* ਅਮਰੀਕਾ ਆ ਕੇ ਜ਼ਿੰਦਗੀ ਥੋੜ੍ਹੀ ਵਿਅਸਤ ਹੋ ਗਈ ਹੈ। ਸੱਭਿਆਚਾਰਕ ਬਦਲਾਵੇ ਦੀ ਤਾਂ ਮੈਨੂੰ ਕੋਈ ਬਹੁਤੀ ਪਰੇਸ਼ਾਨੀ ਨਹੀਂ ਹੋਈ। ਸਗੋਂ ਮੈਂ ਤਾਂ ਹੋਰ ਸੱਭਿਆਚਾਰਾਂ ਦੇ ਲੋਕਾਂ ਤੋਂ ਵੀ ਬਹੁਤ ਕੁਝ ਸਿੱਖਦੀ ਹਾਂ। ਦੋਨੋਂ ਪੱਖ ਹੀ ਵਧੀਆ ਲਗਦੇ ਨੇ। ਪੰਜਾਬ ਵੀ ਤੇ ਅਮਰੀਕਾ ਵੀ। ਬਸ ਕੁਝ ਆਪਣਿਆਂ ਦੀ ਘਾਟ ਜ਼ਰੂਰ ਰੜਕਦੀ ਹੈ ਜੋ ਉਥੇ ਰਹਿ ਗਏ। ਏਥੇ ਆਉਦੇ ਜਾਂਦੇ ਨੂੰ ਕੋਈ ਆਵਾਜ਼ ਮਾਰ ਕੇ ਚਾਹ ਪੀਣ ਲਈ ਵੀ ਨਹੀਂ ਕਹਿੰਦਾ।

* ਪੰਜਾਬੀ ਸਾਹਿਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਛਪ ਰਹੀਆਂ ਹਨ ਪਰ ਪੜ੍ਹਨ ਵਾਲੀਆਂ ਕਿੰਨੀਆ ਕੁ ਨੇ? ਮੇਨ ਸਵਾਲ ਇਹ ਹੈ। ਅਸੀਂ ਕਾਹਲੀ ਕਰਦੇ ਹਾਂ। ਸਾਹਿਤ ਕਾਹਲੀ ਦਾ ਕੰਮ ਨਹੀਂ ਹੈ। ਬਹੁਤ ਸਹਿਜ ਕਿਰਿਆ ਹੈ ਇਹ।

* ਸਾਹਿਤ ਦੇ ਪਾਠਕ ਅੱਜ ਵੀ ਬਹੁਤ ਨੇ ਭਾਵੇਂ ਇੰਟਰਨੈੱਟ ਨੇ ਵੱਡਾ ਹਮਲਾ ਕੀਤਾ ਹੈ ਕਿਤਾਬਾਂ ’ਤੇ ਪਰ ਚੰਗੀ ਕਿਤਾਬ ਦੇ ਪਾਠਕ ਅੱਜ ਵੀ ਹੈਗੇ ਨੇ।

* ਅਮਰੀਕਾ ਦੀਆਂ ਸਾਹਿਤ ਸਭਾਵਾਂ ਸਾਡੇ ਵਰਗੇ ਲੇਖਕਾਂ ਲਈ ਐਨਰਜੀ ਦਾ ਕੰਮ ਕਰਦੀਆਂ ਹਨ। ਜਦੋਂ ਵੀ ਕਿਸੇ ਸਭਾ ਵਿਚ ਜਾ ਕੇ ਆਉਂਦੀ ਹਾਂ ਤਾਂ ਉਤਸ਼ਾਹ ਮਿਲਦਾ ਹੈ। ਲਿਖਣ ਪੜ੍ਹਨ ਨੂੰ ਦਿਲ ਕਰਦਾ ਹੈ। ਬਹਾਨੇ ਨਾਲ ਰਲਕੇ ਬੈਠਿਆਂ ਵੀ ਜਾਂਦਾ ਹੈ।

* ਮੈਂ ਮਸ਼ਹੂਰੀ ਲਈ ਨਹੀਂ ਲਿਖਦੀ। ਮੇਰਾ ਮਨ ਕਰਦਾ ਹੈ ਤਾਂ ਲਿਖਦੀ ਹਾਂ ਤੇ ਕੁਝ ਦੋਸਤਾਂ ਦੇ ਸਾਥ ਕਰਕੇ ਕਿਤਾਬ ਪੂਰੀ ਹੋ ਜਾਂਦੀ ਹੈ। ਮਸ਼ਹੂਰ ਹੋਣ ਲਈ ਨਹੀਂ, ਆਪਣੇ ਲਈ ਲਿਖੋ। ਥੋੜ੍ਹਾ ਲਿਖੋ ਪਰ ਚੰਗਾ ਲਿਖੋ।

* ਉਸਾਰੂ ਆਲੋਚਨਾ ਲੇਖਕ ਲਈ ਜ਼ਰੂਰੀ ਹੈ। ਆਲੋਚਕ ਹੀ ਲੇਖਕ ਨੂੰ ਫਰੋਲਦੇ ਤੇ ਨਿਖਾਰਦੇ ਨੇ। ਆਲੋਚਨਾ ਵਿਚ ਨਾ ਈਰਖਾ ਤੇ ਨਾ ਭਾਈਬੰਦੀ ਹੋਣੀ ਚਾਹੀਦੀ ਹੈ। ਕਹਿਕੇ ਪੇਪਰ ਲਿਖਵਾਉਣੇ, ਇਹ ਗੱਲ ਮੈਨੂੰ ਨਹੀਂ ਜਚਦੀ।

* ਮੈਂ ਕਹਾਣੀ ਨਾਲ ਧੱਕਾ ਨਹੀਂ ਕਰਦੀ, ਕਹਾਣੀ ਭਾਵੇਂ ਮੇਰੇ ਨਾਲ ਕਰ ਜਾਵੇ।

* ਲੇਖਕ ਦਾ ਅਸਲੀ ਸਨਮਾਨ ਉਸ ਦੇ ਪਾਠਕ ਹੀ ਹਨ।

* ਲੇਖਕ ਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ ਕਿਤਾਬਾਂ ਨੂੰ, ਲੋਕਾਂ ਨੂੰ, ਚੀਜ਼ਾਂ ਨੂੰ, ਹਰ ਸ਼ੈਅ ਨੂੰ। ਪੜ੍ਹੋ ਤੇ ਮਹਿਸੂਸ ਕਰੋ। ਬਾਕੀ ਮੈਂ ਇਹ ਕਹਿ ਸਕਦੀ ਹਾਂ ਕਿ ਸਾਹਿਤ ਪੜ੍ਹਕੇ ਸਾਹਿਤ ਲਿਖਿਆ ਨਹੀਂ ਜਾ ਸਕਦਾ।

* ਥੋੜ੍ਹਾ ਲਿਖੋ, ਚੰਗਾ ਲਿਖੋ ਤੇ ਆਪਣੇ ਲਿਖੇ ਨੂੰ ਖ਼ੁਦ ਰਿਜੈਕਟ ਕਰਨਾ ਸਿੱਖੋ।

ਪਵਿੱਤਰ ਕੌਰ ਮਾਟੀ ਦੀ ਹਰ ਗੱਲ ਵਿਚ ਦਮ ਹੈ, ਹਰ ਗੱਲ ਪਾਏਦਾਰ ਹੈ। ਉਲਝੇ ਮਨੁੱਖੀ ਰਿਸ਼ਤੇ ਉਸ ਰਚਿਤ ਕਥਾਵਾਂ ਦਾ ਬਹੁਤਾ ਕਰਕੇ ਕੇਂਦਰ ਹਨ। ਉਹ ਚੇਤੰਨ ਵੀ ਹੈ, ਗੰਭੀਰ ਵੀ ਹੈ ਤੇ ਸਕਾਰਾਤਮਕ ਨਜ਼ਰੀਏ ਵਾਲੀ ਕਹਾਣੀਕਾਰ ਵੀ ਹੈ। ਪਵਿੱਤਰ ਕੌਰ ਮਾਟੀ ਬਾਰੇ ਸਮਰੱਥ ਕਹਾਣੀਕਾਰ ਜਤਿੰਦਰ ਹਾਂਸ ਦੀ ਕਹੀ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਮਾਟੀ ਨਵਾਂ ਅਨੁਭਵ, ਨਵਾਂ ਅੰਦਾਜ਼, ਉਸਾਰੂ ਸੋਚ ਤੇ ਨਵੀਂ ਸਿਰਜਣ ਸਮਰੱਥਾ ਲੈ ਕੇ ਕਹਾਣੀ ਦੇ ਪਿੜ ਵਿਚ ਨਿੱਤਰੀ ਹੈ। ਬਿਨਾਂ ਸ਼ੱਕ ਪਵਿੱਤਰ ਕੌਰ ਮਾਟੀ ਦੀ ਕਲਮ ਵਿਚ ਪੱਕਿਆਈ ਹੈ। ਉਸ ਦੀਆਂ ਕਹਾਣੀਆਂ ਨਿਵੇਕਲੀ ਕਿਸਮ ਦੀਆਂ ਤੇ ਲਕੀਰ ਤੋਂ ਹਟਕੇ ਹਨ। ਨਾਮਵਰ ਕਹਾਣੀਕਾਰ ਗੁਰਮੀਤ ਕੜਿਆਲਵੀ ਦੇ ਮਾਟੀ ਬਾਰੇ ਕਹੇ ਇਨ੍ਹਾਂ ਸ਼ਬਦਾਂ ਨਾਲ ਹੀ ਇਥੇ ਆਗਿਆ ਲਈ ਜਾਂਦੀ ਹੈ :-

‘‘ਪਵਿੱਤਰ ਕੌਰ ਮਾਟੀ ਕੋਲ ਕਹਾਣੀ ਕਹਿਣ ਦਾ ਹੁਨਰ ਹੈ। ਕਿਸਾਨੀ ਜੀਵਨ ਦਾ ਅਨੁਭਵ ਹੈ। ਪੇਂਡੂ ਪਿਛੋਕੜ ਹੋਣ ਕਾਰਨ ਭਾਸ਼ਾ ਦੀ ਅਮੀਰੀ ਵੀ ਕੋਲ ਹੈ। ਕਈ ਵਾਕ ਅਚੰਭਿਤ ਕਰਦੇ ਹਨ। ਠੁੱਕਦਾਰ ਤੇ ਰਸਦਾਇਕ ਬੋਲੀ ਪਾਠਕ ਨੂੰ ਨਾਲ ਜੋੜੀ ਰੱਖਦੀ ਹੈ। ਲਗਾਤਾਰ ਮਿਹਨਤ ਅਤੇ ਅਭਿਆਸ ਉਸ ਦੀ ਕਹਾਣੀ ਕਲਾ ਨੂੰ ਦਿਨੋ ਦਿਨ ਨਿਖਾਰ ਰਿਹਾ ਹੈ।’’
***
229
***

ਹਰਮੀਤ ਸਿੰਘ ਅਟਵਾਲ