7 December 2024

ਅਮਰ ਸੂਫ਼ੀ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ—ਉਜਾਗਰ ਸਿੰਘ

ਅਮਰ ਸੂਫ਼ੀ ਨੇ ਦੋਹਿਆਂ ਦੀ ਪੁਸਤਕ ਰਾਜ ਕਰੇਂਦੇ ਰਾਜਿਆ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰ ਰਹੇ ਯੋਧਿਆਂ, ਕਿਰਤੀ ਅਤੇ ਕਿਸਾਨ ਸ਼ਹੀਦਾਂ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਦੀ 127 ਪੰਨਿਆਂ ਅਤੇ 150 ਰੁਪਏ ਕੀਮਤ ਵਾਲੀ ਇਸ ਪੁਸਤਕ ਵਿੱਚ 97 ਪੰਨਿਆਂ ਵਿੱਚ ਕਿਸਾਨੀ ਸਰੋਕਾਰਾਂ ਨਾਲ ਸੰਬੰਧਤ ਦੋਹੇ ਹਨ। ਕਿਸਾਨ ਅੰਦੋਲਨ ਚਰਮ ਸੀਮਾ ਤੇ ਪਹੁੰਚ ਚੁਕਿਆ ਹੈ। ਦੇਸ਼ ਦਾ ਹਰ ਨਾਗਰਿਕ ਇਸ ਅੰਦੋਲਨ ਨਾਲ ਮਾਨਸਿਕ ਤੌਰ ਤੇ ਜੁੜ ਗਿਆ ਹੈ। ਹਰ ਵਰਗ ਇਸ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਆਪਣੀ ਦਿਲਚਸਪੀ ਅਤੇ ਅਕੀਦੇ ਅਨੁਸਾਰ ਪਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਬਦਾਂ ਦੀ ਚੋਟ ਤਲਵਾਰ ਦੀ ਚੋਟ ਨਾਲੋਂ ਗਹਿਰੀ ਅਤੇ ਗੰਭੀਰ ਹੁੰਦੀ ਹੈ। ਇਸ ਕਰਕੇ ਅੱਠ ਮਹੀਨਿਆਂ ਦੇ ਇਸ ਅੰਦੋਲਨ ਦੌਰਾਨ ਦਰਜਨਾਂ ਪੁਸਤਕਾਂ ਸ਼ਾਇਰਾਂ ਨੇ ਕੇਂਦਰ ਸਰਕਾਰ ਦੀ ਬਦਨੀਤੀ ਅਤੇ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਪ੍ਰਕਾਸ਼ਤ ਕਰਵਾਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚੋਂ ਬਹੁਤੀਆਂ ਕਵਿਤਾ ਦੀਆਂ ਪੁਸਤਕਾਂ ਹਨ। ਪੰਜਾਬੀ ਦੇ ਅਖਬਾਰਾਂ ਵਿੱਚ ਵੀ ਬਹੁਤ ਸਾਰੇ ਲੇਖਕਾਂ ਨੇ ਅੰਦੋਲਨ ਦੇ ਹੱਕ ਵਿੱਚ ਲੇਖ ਲਿਖੇ ਹਨ। ਸਥਾਨਕ ਮੀਡੀਆ ਨੇ ਗੋਦੀ ਮੀਡੀਆ ਦੇ ਗ਼ਲਤ ਪ੍ਰਚਾਰ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਅਮਰ ਸੂਫ਼ੀ ਨੇ ਕਿਸਾਨ ਦਾ ਸਪੁੱਤਰ ਹੋਣ ਕਰਕੇ ਆਪਣੇ ਦੋਹਿਆਂ ਨਾਲ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖਾਸ ਤੌਰ ਤੇ ਤਿੰਨ ਕਾਲੇ ਕਾਨੂੰਨਾਂ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਬਹੁਤ ਹੀ ਸਰਲ ਪੰਜਾਬੀ ਭਾਸ਼ਾ ਵਿੱਚ ਕਿਸਾਨੀ ਦੇ ਸਮਝ ਵਿੱਚ ਆਉਣ ਵਾਲੇ ਦੋਹੇ ਲਿਖੇ ਹਨ, ਜਿਹੜੇ ਸਿੱਧਾ ਲੋਕ ਮਨਾਂ ‘ਤੇ ਅਸਰ ਕਰਦੇ ਹਨ। ਅਮਰ ਸੂਫ਼ੀ ਹਰ ਦੋਹੇ ਦੇ ਪਹਿਲੇ ਮਿਸਰੇ ਵਿੱਚ ਰਾਜ ਕਰੇਂਦੇ ਰਾਜਿਆ ਲਿਖਦੇ ਹਨ, ਜਿਸਦਾ ਭਾਵ ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾ ਨੂੰ ਲਾਗੂ ਕਰਨ ਵਿੱਚ ਮੰਦ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਕੁਝ ਦੋਹਿਆਂ ਵਿੱਚ ਸ਼ਾਇਰ ਲਿਖਦਾ ਹੈ ਕਿ ਖੇਤ ਕਿਸਾਨ ਦੀ ਜ਼ਿੰਦ ਜਾਨ ਹੁੰਦੇ ਹਨ। ਖੇਤਾਂ ਵਲ ਝਾਕਣ ਵਾਲੇ ਨਾਲ ਕਿਸਾਨ ਅਤੇ ਮਜ਼ਦੂਰ ਹਰ ਪ੍ਰਕਾਰ ਦਾ ਲੋਹਾ ਲੈਣ ਲਈ ਤਿਆਰ ਹੁੰਦੇ ਹਨ:

ਰਾਜ ਕਰੇਂਦੇ ਰਾਜਿਆ, ਇਹ ਗੱਲ ਚੇਤੇ ਰੱਖ।
ਖੇਤਾਂ ਵੱਲ ਜੋ ਝਾਕਿਆ, ਕੱਢ ਦੇਵਾਂਗੇ ਅੱਖ।

ਰਾਜ ਕਰੇਂਦੇ ਰਾਜਿਆ, ਲੋਕੀਂ ਪੁੱਛਣ ਯਾਰ।
ਦੱਸ ਤਿਰੇ ਕੀ ਲਗਦੇ, ਜੋ ਸਰਮਾਏਦਾਰ।

ਰਾਜ ਕਰੇਂਦੇ ਰਾਜਿਆ, ਡਿੱਗੇ ਕੂੜ ਧੜੰਮ।
ਦੱਸ ਛਪੰਜਾ ਇੰਚ ਦੀ, ਛਾਤੀ ਕਿਹੜੇ ਕੰਮ।

ਰਾਜ ਕਰੇਂਦੇ ਰਾਜਿਆ, ਕੁੱਕੜ ਦੀ ਸੁਣ ਬਾਂਗ।
ਝਾਕੇ ਖੇਤਾਂ ਵੱਲ ਜੋ, ਗਿੱਟੇ ਦੇਣੇ ਛਾਂਗ।

ਦੇਸ਼ ਦੇ ਨਾਗਰਿਕ ਮਹਿਸੂਸ ਕਰਦੇ ਹਨ ਕਿ ਕੇਂਦਰ ਸਰਕਾਰ ਹੰਕਾਰ ਵਿੱਚ ਆ ਕੇ ਆਪਣੀ ਪਰਜਾ ਦੇ ਹਿਤਾਂ ਨੂੰ ਅੱਖੋਂ ਪ੍ਰੋਖੇ ਕਰ ਰਹੀ ਹੈ। ਅਮਰ ਸੂਫ਼ੀ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਹੰਕਾਰ ਕਰਨ ਵਾਲਾ ਇਨਸਾਨ ਇਕ ਨਾ ਇਕ ਦਿਨ ਮੂੰਹ ਦੇ ਭਾਰ ਡਿਗਦਾ ਹੈ:

ਰਾਜ ਕਰੇਂਦੇ ਰਾਜਿਆ, ਨਾ ਕਰ ਤੂੰ ਹੰਕਾਰ।
ਪੈਂਦੀ ਹੈ ਹੰਕਾਰ ਨੂੰ, ਕੁਦਰਤ ਵੱਲੋਂ ਮਾਰ।

ਰਾਜ ਕਰੇਂਦੇ ਰਾਜਿਆ, ਸਭ ਦੀ ਇਕ ਪੁਕਾਰ।
ਆਓ ਰਲ ਮਿਲ ਤੋੜੀਏ, ਜ਼ਾਲਮ ਦਾ ਹੰਕਾਰ।

ਸ਼ਾਇਰ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਕੇਂਦਰ ਸਰਕਾਰ ਧਰਮ, ਫਿਰਕਿਆਂ ਅਤੇ ਜ਼ਾਤ ਪਾਤ ਦੇ ਨਾਵਾਂ ਤੇ ਨਫ਼ਰਤ ਫੈਲਾ ਕੇ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਧ ਦੇ ਭੇਖ ਵਿੱਚ ਅਪਰਾਧਿਕ ਕੰਮ ਕੀਤੇ ਜਾ ਰਹੇ ਹਨ। ਜਿਸ ਤੋਂ ਕੇਂਦਰ ਸਰਕਾਰ ਦੀ ਬਦਨੀਤੀ ਦਾ ਪਰਦਾ ਫਾਸ਼ ਹੁੰਦਾ ਹੈ:

ਰਾਜ ਕਰੇਂਦੇ ਰਾਜਿਆ, ਆਖਾਂ ਸਿੱਧੀ ਗੱਲ।
ਤੇਰੇ ਧਰਮੀ ਸੇਵਕਾਂ, ਪਾ ਦਿੱਤਾ ਤਰਥੱਲ।

ਰਾਜ ਕਰੇਂਦੇ ਰਾਜਿਆ, ਸਮਝ ਜਰਾ ਇਹ ਬਾਤ।
ਮੱਠ ਬਣਾ ਕੇ ਵੰਡ ਨਾ, ਨਫ਼ਰਤ ਵਾਲੀ ਦਾਤ।

ਰਾਜ ਕਰੇਂਦੇ ਰਾਜਿਆ, ਤੂੰ ਹੋ ਨਾ ਬਦਨੀਤ।
ਭਾਈਚਾਰਾ ਤੋੜਦੈਂ, ਖ਼ਲਕਤ ਹੈ ਭੈ ਭੀਤ।

ਰਾਜ ਕਰੇਂਦੇ ਰਾਜਿਆ, ਸ਼ੁੱਧ ਨਾ ਹੋਵੇ ਕਾਜ਼।
ਤੀਲੀ ਬਾਂਦਰ ਹੱਥ ਤੇ, ਮੂਰਖ ਹੱਥੀਂ ਰਾਜ।

ਰਾਜ ਕਰੇਂਦੇ ਰਾਜਿਆ, ਬਾਹਰੋਂ ਦਿਸਦੇ ਸਾਧ।
ਸੁਣ ਕੇ ਕੰਬੇ ਆਦਮੀ, ਕਰਦੇ ਜੋ ਅਪਰਾਧ।

ਰਾਜ ਕਰੇਂਦੇ ਰਾਜਿਆ, ਤੇਰੇ ਰਾਜ ‘ਚ ਸਾਧ।
ਬਦਮਾਸ਼ਾਂ ਤੋਂ ਵੱਧ ਹੁਣ, ਕਰਦੇ ਨੇ ਅਪਰਾਧ।

ਲੋਕ ਰਾਜ ਵਿੱਚ ਪਰਜਾ ਆਪਣੇ ਹੱਕਾਂ ਦੀ ਪੂਰਤੀ ਲਈ ਜਦੋਜਹਿਦ ਕਰ ਸਕਦੀ ਹੈ ਪ੍ਰੰਤੂ ਜਿਹੜੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ ਹਨ, ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ:

ਰਾਜ ਕਰੇਂਦੇ ਰਾਜਿਆ, ਲੋਕੀ ਮੰਗਣ ਹੱਕ।
ਹੱਕ ਜੋ ਮੰਗਣ ਆਪਣਾ, ਜੇਲ੍ਹੀਂ ਦੇਵੇਂ ਧੱਕ।

ਰਾਜ ਕਰੇਂਦੇ ਰਾਜਿਆ, ਕੁਝ ਤਾਂ ਮੂੰਹੋਂ ਬੋਲ।
ਤੂੰ ਕਿਰਤੀ-ਕਿਰਸਾਨ ਨਾ, ਪੈਰਾਂ ਹੇਠ ਮਧੋਲ।

ਅਮਰ ਸੂਫ਼ੀ ਨੇ ਇਕ ਸਾਹਿਤਕਾਰ ਦੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਆਪਣੇ ਆਪ ਨੂੰ ਵੱਡੇ ਸਾਹਿਤਕਾਰ ਸਮਝਣ ਵਾਲੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਕਿਸਾਨ ਅੰਦੋਲਨ ਨੂੰ ਅੱਖੋਂ ਪ੍ਰੋਖੇ ਨਹੀਂ ਕਰਨਾ ਚਾਹੀਦਾ। ਸਗੋਂ ਗੋਦੀ ਮੀਡੀਆ ਨੂੰ ਕਾਟ ਕਰਨ ਲਈ ਆਪਣਾ ਯੋਗਦਾਨ ਪਾ ਕੇ ਆਮ ਜਨਤਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਅਮਰ ਸੂਫ਼ੀ ਨੇ ਪੰਜਾਬ ਸਰਕਾਰ ਨੂੰ ਉਸ ਦੀਆਂ ਗ਼ਲਤੀਆਂ ਕਰਕੇ ਦੋਹਿਆਂ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਮਰ ਸੂਫ਼ੀ ਦੇ ਦੋਹੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਪਰਦਾ ਫਾਸ਼ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।

ਅਮਰ ਸੂਫੀ ਨਾਲ ਸੰਪਰਕ 9855543660 ਇਸ ਨੰਬਰ ਤੇ ਕੀਤਾ ਜਾ ਸਕਦਾ ਹੈ।
***
310

***
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-9417813072
ujagarsingh48@yahoo.com

ੳੁਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ